Loading Now

ਅਧੂਰੇ ਸਾਏ ਦੀ ਯਾਦ

ਅਧੂਰੇ ਸਾਏ ਦੀ ਯਾਦ

ਤੰਬਰ 2025 ਵਿੱਚ ਬਦਲੀ ਮਗਰੋਂ ਮੈਂ ਇੱਕ ਜਮਾਤ ਦਾ ਇੰਚਾਰਜ ਬਣਿਆ। ਸ਼ੁਰੂਆਤ ਵਿੱਚ ਇਸ ਜਮਾਤ ਵਿਚਲੇ ਇਕੱਤੀ ਚਿਹਰੇ ਮੇਰੇ ਲਈ ਬਿਲਕੁਲ ਓਪਰੇ ਸਨ। ਅਸੀਂ ਕਿਤਾਬਾਂ ਤਾਂ ਛੇਤੀ ਪੜ੍ਹ ਲੈਂਦੇ ਹਾਂ ਪਰ ਮਨ ਅੰਦਰਲੀਆਂ ਗੁੰਝਲਾਂ ਪੜ੍ਹਨ ਵਿੱਚ ਕੁਝ ਸਮਾਂ ਲੱਗਦਾ ਹੈ। ਇੱਕ ਸਾਲ ਲੰਘਿਆ ਤੇ ਮੇਰੀ ਜਮਾਤ ਸੱਤਵੀਂ ਵਿੱਚ ਪਹੁੰਚ ਗਈ। ਹੌਲੀ ਹੌਲੀ ਸਾਡੀ ਸਾਂਝ ਵੀ ਗੂੜੀ ਹੋ ਰਹੀ ਸੀ। ਹੁਣ ਮੈਂ ਉਨ੍ਹਾਂ ਦੀਆਂ ਖੁਸ਼ੀਆਂ ਤੇ ਸ਼ਰਾਰਤਾਂ ਕੁਝ ਕੁਝ ਪਛਾਣਨ ਲੱਗ ਪਿਆ ਸੀ। ਅਗਸਤ 2026 ਦੇ ਇੱਕ ਦਿਨ, ਅੱਠਵੇਂ ਪੀਰੀਅਡ ਦੀ ਥਕਾਵਟ ਭਰੀ ਦੁਪਹਿਰ ਵੇਲੇ ਇੱਕ ਵਿਦਿਆਰਥਣ ਨੇ ਮੇਰੇ ਕੋਲ ਆ ਕੇ ਕਿਹਾ, ‘‘ਸਰ, ਜਲਦੀ ਚੱਲੋ, ਅਮਰਦੀਪ ਬਹੁਤ ਰੋ ਰਹੀ ਹੈ।’’ ਮੈਂ ਤੁਰੰਤ ਕਲਾਸ ਵਿੱਚ ਪਹੁੰਚਿਆ। ਸਭ ਤੋਂ ਪਿਛਲੇ ਬੈਂਚ ’ਤੇ ਬੈਠੀ ਅਮਰਦੀਪ ਭੁੱਬਾਂ ਮਾਰ ਕੇ ਰੋ ਰਹੀ ਸੀ ਤੇ ਹੰਝੂਆਂ ਨਾਲ ਭਿੱਜੀ ਉਹ ਕੰਬ ਰਹੀ ਸੀ। ਮੈਂ ਫਿਕਰਮੰਦੀ ਨਾਲ ਜਦੋਂ ਉਸ ਕੋਲ ਜਾ ਕੇ ਬੈਠਿਆ ਤਾਂ ਉਸ ਦੇ ਨਾਲ ਬੈਠੀ ਵਿਦਿਆਰਥਣ ਨੇ ਕਿਹਾ, ‘‘ਸਰ ਇਹ ਕਹਿ ਰਹੀ ਹੈ ਕਿ ਮੈਂ ਮਰਨਾ ਹੈ।’’ ਇਹ ਸੁਣਦਿਆਂ ਮੈਂ ਅੰਦਰ ਤੱਕ ਕੰਬ ਗਿਆ। ਮੁਸ਼ਕਿਲ ਨਾਲ ਬਾਰਾਂ ਕੁ ਸਾਲਾਂ ਦੀ ਉਹ ਬੱਚੀ ਮਰਨ ਦੀ ਗੱਲ ਕਰ ਰਹੀ ਸੀ। ਜਿਸ ਉਮਰ ਵਿੱਚ ਬੱਚੇ ਆਪਣੇ ਦੋਸਤਾਂ, ਮਿੱਤਰਾਂ ਤੇ ਸਹੇਲੀਆਂ, ਖੇਡਾਂ ਅਤੇ ਖਾਣ-ਪੀਣ ਦੀਆਂ ਗੱਲਾਂ ’ਚ ਮਸਤ ਰਹਿੰਦੇ ਹਨ, ਉਸ ਉਮਰ ਵਿੱਚ ਇਹ ਵਿਚਾਰ ਆਉਣਾ ਗੰਭੀਰ ਵਿਸ਼ਾ ਹੈ।

ਮੈਂ ਉਸ ਨੂੰ ਕਲਾਸ ਵਿੱਚੋਂ ਬਾਹਰ ਲੈ ਆਇਆ ਅਤੇ ਪਿਆਰ ਨਾਲ ਕਲਾਵੇ ਵਿੱਚ ਲੈ ਕੇ ਪੁੱਛਿਆ, “ਪੁੱਤਰ, ਮੈਨੂੰ ਦੱਸ ਕੀ ਹੋਇਆ? ਕਿਉਂ ਰੋ ਰਹੀ ਏਂ?” ਹੁਬਕੀਆਂ ਲੈਂਦਿਆਂ ਉਸ ਦੇ ਅੰਦਰਲਾ ਦਰਦ ਸ਼ਬਦ ਬਣ ਕੇ ਡੁੱਲ੍ਹਿਆ, “ਸਰ, ਮੇਰਾ ਡੈਡੀ ਬਿਨਾਂ ਜੀਅ ਨ੍ਹੀਂ ਲੱਗਦਾ… ਮੇਰਾ ਮਰ ਜਾਣ ਨੂੰ ਦਿਲ ਕਰਦਾ ਹੈ।” ਜਦੋਂ ਉਸ ਦੇ ਪਿਤਾ ਗੁਜ਼ਰੇ ਤਾਂ ਉਹ ਮਹਿਜ਼ ਪੰਜ ਸਾਲਾਂ ਦੀ ਸੀ। ਸੱਤ ਵਰ੍ਹੇ ਬੀਤਣ ਮਗਰੋਂ ਵੀ ਪਿਤਾ ਦੀ ਯਾਦ ਦੀ ਕਮੀ ਦੂਰ ਨਹੀਂ ਸੀ ਹੋਈ। ਭਾਵੇਂ ਉਸ ਨੂੰ ਪਿਤਾ ਦਾ ਚਿਹਰਾ ਪੂਰੀ ਤਰ੍ਹਾਂ ਯਾਦ ਨਾ ਹੋਵੇ, ਪਰ ਬਚਪਨ ਦੀਆਂ ਧੁੰਦਲੀਆਂ ਯਾਦਾਂ ਦਾ ਨਿੱਘ ਹਾਲੇ ਵੀ ਉਸ ਦੇ ਧੁਰ ਅੰਦਰ ਨੂੰ ਗਰਮਾਹਟ ਦੇ ਰਿਹਾ ਸੀ।

ਉਸ ਪਲ ਮੈਨੂੰ ਬਾਲ ਮਨੋਵਿਗਿਆਨ ਦੀਆਂ ਸਾਰੀਆਂ ਥਿਊਰੀਆਂ ਭੁੱਲ ਗਈਆਂ। ਮੈਂ ਬਸ ਉਸ ਬੱਚੀ ਲਈ ਫਿਕਰਮੰਦ ਸਾਂ। ਮੈਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਹ ਸੁਣ ਤਾਂ ਰਹੀ ਸੀ, ਪਰ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਪੂਰੀ ਤਰ੍ਹਾਂ ਨਹੀਂ ਰੁਕੇ। ਛੁੱਟੀ ਦੀ ਘੰਟੀ ਵੱਜਣ ਤੱਕ ਵੀ ਉਸ ਦਾ ਮਨ ਸ਼ਾਂਤ ਨਹੀਂ ਸੀ ਹੋਇਆ। ਅਗਲੇ ਦੋ ਦਿਨ ਉਹ ਬੁਖ਼ਾਰ ਵਿੱਚ ਤਪਦੀ ਰਹੀ। ਸ਼ਾਇਦ ਉਹ ਬੁਖ਼ਾਰ ਸਰੀਰ ਦਾ ਘੱਟ ਤੇ ਮਨ ਦੀ ਤਪਸ਼ ਦਾ ਵੱਧ ਸੀ। ਪਿਛਲੇ ਸਮੇਂ ਦੌਰਾਨ ਮੇਰੇ ਮਨ ਵਿੱਚ ਅੱਜ-ਕੱਲ੍ਹ ਦੀ ਪੀੜ੍ਹੀ ਬਾਰੇ ਇੱਕ ਧਾਰਨਾ ਬਣ ਗਈ ਸੀ ਕਿ ਹੁਣ ਬੱਚੇ ਪਹਿਲਾਂ ਵਾਂਗ ਸੰਵੇਦਨਸ਼ੀਲ ਨਹੀਂ ਰਹੇ। ਉਨ੍ਹਾਂ ਨੂੰ ਮਾਂ-ਬਾਪ ਦੀ ਕਦਰ ਨਹੀਂ, ਵੱਡਿਆਂ ਦਾ ਸਤਿਕਾਰ ਨਹੀਂ। ਮੋਬਾਈਲਾਂ ਅਤੇ ਆਪਣੀ ਨਿੱਜੀ ਦੁਨੀਆ ਵਿੱਚ ਗੁਆਚੀ ਇਸ ਪੀੜ੍ਹੀ ਨੂੰ ਰਿਸ਼ਤਿਆਂ ਦੀ ਗਹਿਰਾਈ ਦਾ ਅਹਿਸਾਸ ਨਹੀਂ। ਪਰ ਉਸ ਦਿਨ ਦੀ ਘਟਨਾ ਨੇ ਮੇਰੀ ਇਹ ਧਾਰਨਾ ਬਦਲ ਦਿੱਤੀ। ਉਸ ਦਿਨ ਮੈਨੂੰ ਮਹਿਸੂਸ ਹੋਇਆ ਕਿ ਬੱਚੇ ਸੰਵੇਦਨਹੀਣ ਨਹੀਂ ਹੋਏ, ਸ਼ਾਇਦ ਅਸੀਂ ਹੀ ਉਨ੍ਹਾਂ ਦੇ ਮਨ ਨੂੰ ਪੜ੍ਹਨਾ ਛੱਡ ਦਿੱਤਾ ਹੈ। ਅਧਿਆਪਕ ਹੋਣਾ ਸਿਰਫ਼ ਕਿਤਾਬੀ ਪਾਠ ਪੜ੍ਹਾਉਣਾ ਨਹੀਂ। ਅਸਲ ਪਾਠ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਅਧਿਆਪਕ ਬੱਚੇ ਦੀਆਂ ਅੱਖਾਂ ਵਿੱਚ ਲੁਕੇ ਹੰਝੂ ਪੜ੍ਹਨ ਦੀ ਕੋਸ਼ਿਸ਼ ਕਰਦਾ ਹੈ।

Share this content:

Post Comment