ਅਧਿਆਪਕਾਂ ਵੱਲੋਂ 27 ਅਗਸਤ ਦੀ ਸਮੂਹਿਕ ਛੁੱਟੀ ਲੈਣ ਦਾ ਸੂਚਨਾ ਪੱਤਰ ਜਿਲਾ ਸਿੱਖਿਆ ਅਫਸਰਾਂ ਨੂੰ ਸੌਂਪਿਆ
ਸੰਗਰੂਰ, 19 ਅਗਸਤ – ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਦੇ ਸੱਦੇ ਤੇ ਸੰਗਰੂਰ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਵਫਦ ਵੱਲੋਂ 27 ਅਗਸਤ ਨੂੰ ਸਮੂਹਿਕ ਛੁੱਟੀ ਤੇ ਜਾਣ ਦੀ ਸੂਚਨਾ ਦਾ ਪੱਤਰ ਜ਼ਿਲਾ ਸਿੱਖਿਆ ਅਫਸਰ (ਸਸ) ਤੇ ਜ਼ਿਲ੍ਹਾ ਸਿੱਖਿਆ ਅਫਸਰ (ਐਸ) ਸੰਗਰੂਰ ਨੂੰ ਸੌਂਪਿਆ। ਵਫਦ ਵਿੱਚ ਸ਼ਾਮਿਲ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਕ੍ਰਿਸ਼ਨ ਸਿੰਘ ਦੁਗਾ, ਗੁਰਜੰਟ ਸਿੰਘ ਵਾਲੀਆ, ਦਾਤਾ ਸਿੰਘ, ਦੇਵੀ ਦਿਆਲ, ਸੁਖਵਿੰਦਰ ਗਿਰ, ਅਵਤਾਰ ਸਿੰਘ ਭਲਵਾਨ ਅਤੇ ਪਰਮਿੰਦਰ ਲੌਂਗੋਵਾਲ ਨੇ ਪੰਜਾਬ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਮੌਜੂਦਾ ਸਰਕਾਰ ਅਧਿਆਪਕਾਂ ਦੀਆਂ ਵਿਭਾਗੀ ਅਤੇ ਵਿੱਤੀ ਮੰਗਾਂ ਦਾ ਨਿਪਟਾਰਾ ਨਹੀਂ ਕਰਦੀ, ਸਗੋਂ ਲਾਰੇ ਲੱਪੇ ਨਾਲ ਸਮਾਂ ਲੰਘਾਇਆ ਜਾ ਰਿਹਾ ਹੈ। ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਾਂ ਤੇ ਧੋਖਾ ਕੀਤਾ ਜਾ ਰਿਹਾ ਹੈ। ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜਾ ਰਹੀ, ਡੀਏ ਪੇਂਡੂ ਭੱਤਾ ਅਤੇ ਹੋਰ ਵਿੱਤੀ ਮੰਗਾਂ ਜਿਉਂ ਦੀਆਂ ਤਿਉਂ ਲਟਕ ਰਹੀਆਂ ਹਨ। ਇਸ ਦੇ ਰੋਸ ਵਜੋਂ ਪੰਜਾਬ ਦੇ ਅਧਿਆਪਕ 27 ਅਗਸਤ ਨੂੰ ਸਮੂਹਿਕ ਛੁੱਟੀ ਤੇ ਰਹਿਣਗੇ। ਇਸ ਮੌਕੇ ਜੋਤਿੰਦਰ ਸਿੰਘ, ਬਲਜੀਤ ਸਿੰਘ ਪਰਮਜੀਤ ਸਿੰਘ, ਬਰਿੰਦਰਜੀਤ ਸਿੰਘ ਬਜਾਜ, ਅਮਰੀਕ ਸਿੰਘ, ਰਣਜੀਤ ਸਿੰਘ, ਬੱਗਾ ਸਿੰਘ, ਸਰਬਜੀਤ ਸਿੰਘ ਪੁੰਨਾਵਾਲ, ਹਰਕੀਰਤ ਸਿੰਘ ਅਤੇ ਹੋਰ ਮੌਜੂਦ ਸਨ।
Share this content:



Post Comment