Loading Now

ਅਡਾਨੀ ਨੇ ਖਰੀਦਿਆ 1000 ਕਰੋੜ ਦਾ ਅਮਰੀਕੀ ਜਹਾਜ਼

ਅਡਾਨੀ ਨੇ ਖਰੀਦਿਆ 1000 ਕਰੋੜ ਦਾ ਅਮਰੀਕੀ ਜਹਾਜ਼

ਨਵੀਂ ਦਿੱਲੀ, 28 ਅਗਸਤ – ਅਰਬਪਤੀ ਉਦਯੋਗਪਤੀ ਗੌਤਮ ਅਡਾਨੀ ਨੇ ਅਮਰੀਕੀ ਜਹਾਜ਼ ਕੰਪਨੀ ਬੋਇੰਗ ਤੋਂ 737-ਮੈਕਸ 8-BBJ ਸੀਰੀਜ਼ ਦਾ ਇੱਕ ਆਲੀਸ਼ਾਨ ਕਮਰਸ਼ੀਅਲ ਜੈੱਟ (VT-RSA) ਖਰੀਦਿਆ ਹੈ। ਇਸ ਦੀ ਕੀਮਤ ਲਗਪਗ 1000 ਕਰੋੜ ਰੁਪਏ ਹੈ। ਇਹ ਲੰਡਨ ਤੱਕ ਬਿਨਾਂ ਰੁਕੇ ਉੱਡ ਸਕਦਾ ਹੈ, ਜਦੋਂ ਕਿ ਇਹ ਇੱਕ ਵਾਰ ਤੇਲ ਭਰਨ ਤੋਂ ਬਾਅਦ ਅਮਰੀਕਾ-ਕੈਨੇਡਾ ਪਹੁੰਚ ਸਕਦਾ ਹੈ। ਅਡਾਨੀ ਦੇ ਨਵੇਂ ਜਹਾਜ਼ ਨੇ ਸਵਿਟਜ਼ਰਲੈਂਡ ਦੇ ਬਾਸੇਲ ਸ਼ਹਿਰ ਤੋਂ 9 ਘੰਟਿਆਂ ਵਿੱਚ 6300 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਤੇ ਗਣੇਸ਼ ਚਤੁਰਥੀ ਦੇ ਮੌਕੇ ਬੁੱਧਵਾਰ ਸਵੇਰੇ 10 ਵਜੇ ਅਹਿਮਦਾਬਾਦ ਹਵਾਈ ਅੱਡੇ ‘ਤੇ ਉਤਰਿਆ। ਇਸ ਦਾ ਸਵਾਗਤ ਵਾਟਰ ਕੈਨਨ ਸੈਲਿਊਟ ਨਾਲ ਕੀਤਾ ਗਿਆ।

ਦੱਸ ਦਈਏ ਕਿ ਰਿਲਾਇੰਸ ਗਰੁੱਪ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਵੀ 24 ਅਗਸਤ 2024 ਨੂੰ ਇਸੇ ਸੀਰੀਜ਼ ਦਾ ਇੱਕ ਜਹਾਜ਼ ਖਰੀਦਿਆ ਸੀ। ਵੈਸੇ ਬੋਇੰਗ 737 ਮੈਕਸ 200-ਸੀਟਰ ਜਹਾਜ਼ ਵੀ ਅਕਾਸਾ, ਏਅਰ ਇੰਡੀਆ ਐਕਸਪ੍ਰੈਸ, ਸਪਾਈਸਜੈੱਟ ਦੁਆਰਾ ਵਰਤੇ ਜਾਂਦੇ ਹਨ। ਹੁਣ ਉਦਯੋਗਪਤੀ ਵੀ ਇਸ ਨੂੰ ਆਪਣੇ ਨਿੱਜੀ ਵਰਤੋਂ ਲਈ ਵਰਤ ਰਹੇ ਹਨ। ਅਡਾਨੀ ਦੇ ਬਿਜ਼ਨਸ ਜੈੱਟ ਦਾ ਇੰਟੀਰੀਅਰ 35 ਕਰੋੜ ਰੁਪਏ ਦੀ ਲਾਗਤ ਨਾਲ ਸਵਿਟਜ਼ਰਲੈਂਡ ਵਿੱਚ ਕੀਤਾ ਗਿਆ ਹੈ। ਇਹ ਅਤਿ-ਲਗਜ਼ਰੀ ਏਅਰਕ੍ਰਾਫਟ ਸੂਟ ਬੈੱਡਰੂਮ, ਬਾਥਰੂਮ, ਪ੍ਰੀਮੀਅਮ ਲਾਉਂਜ, ਕਾਨਫਰੰਸ ਰੂਮ ਵਰਗੀਆਂ ਸਹੂਲਤਾਂ ਨਾਲ ਲੈਸ ਹੈ ਤੇ 35 ਹਜ਼ਾਰ ਫੁੱਟ ਦੀ ਉਚਾਈ ‘ਤੇ ਉੱਡਣ ਵਾਲੇ ਪੰਜ ਤਾਰਾ ਹੋਟਲ ਦੇ ਬਰਾਬਰ ਹੈ। ਜਹਾਜ਼ ਦੇ ਇੰਟੀਰੀਅਰ ਨੂੰ ਪੂਰਾ ਕਰਨ ਵਿੱਚ 2 ਸਾਲ ਲੱਗੇ।

ਅਡਾਨੀ ਕੋਲ ਹੁਣ ਅਮਰੀਕਾ, ਕੈਨੇਡਾ, ਬ੍ਰਾਜ਼ੀਲ, ਸਵਿਸ ਸੀਰੀਜ਼ ਦੇ 10 ਜੈੱਟ

ਸੂਤਰਾਂ ਅਨੁਸਾਰ ਅਡਾਨੀ ਗਰੁੱਪ ਦੀ ਕਰਨਾਵਤੀ ਏਵੀਏਸ਼ਨ ਕੰਪਨੀ ਕੋਲ ਨਵੇਂ ਜਹਾਜ਼ਾਂ ਦੇ ਨਾਲ 10 ਕਮਰਸ਼ੀਅਲ ਜੈੱਟਾਂ ਦਾ ਬੇੜਾ ਹੈ। ਇਨ੍ਹਾਂ ਵਿੱਚੋਂ ਅਮਰੀਕੀ ਬੋਇੰਗ-737 ਸਭ ਤੋਂ ਮਹਿੰਗਾ ਹੈ। ਇਸ ਦੇ ਨਾਲ ਹੀ ਕੈਨੇਡਾ, ਬ੍ਰਾਜ਼ੀਲ ਤੇ ਸਵਿਸ ਸੀਰੀਜ਼ ਦੇ ਜੈੱਟ ਵੀ ਹਨ। ਇਸ ਦੇ ਨਾਲ ਹੀ ਅਡਾਨੀ ਨੇ ਬੀ-200, ਹਾਕਰਸ, ਚੈਲੇਂਜਰ ਸੀਰੀਜ਼ ਦੇ 3 ਪੁਰਾਣੇ ਜੈੱਟ ਵੇਚੇ ਹਨ।

ਅਡਾਨੀ ਭਾਰਤ ਵਿੱਚ ਦੂਜੇ ਸਭ ਤੋਂ ਅਮੀਰ ਵਿਅਕਤੀ

ਬਿਜ਼ਨੈੱਸ ਵੈੱਬਸਾਈਟ ਗੁੱਡ ਈ ਰਿਟਰਨਜ਼ ਦੇ ਅਨੁਸਾਰ ਗੌਤਮ ਅਡਾਨੀ ਇਸ ਸਮੇਂ ਮੁਕੇਸ਼ ਅੰਬਾਨੀ ਤੋਂ ਬਾਅਦ ਭਾਰਤ ਵਿੱਚ ਦੂਜੇ ਸਭ ਤੋਂ ਅਮੀਰ ਵਿਅਕਤੀ ਹਨ। ਉਨ੍ਹਾਂ ਦੀ ਕੁੱਲ ਦੌਲਤ ਲਗਪਗ 60.3 ਬਿਲੀਅਨ ਡਾਲਰ (ਲਗਪਗ 5 ਲੱਖ ਕਰੋੜ ਰੁਪਏ) ਹੈ।

Share this content:

Post Comment