Loading Now

ਅਕਾਲ ਤਖ਼ਤ ਦੇ ਜੱਥੇਦਾਰ ਸਿਆਸੀ ਮੋਹਰੇ ਵਜੋਂ ਕਰ ਰਹੇ ਨੇ ਕੰਮ: ਪੰਨੂ

ਅਕਾਲ ਤਖ਼ਤ ਦੇ ਜੱਥੇਦਾਰ ਸਿਆਸੀ ਮੋਹਰੇ ਵਜੋਂ ਕਰ ਰਹੇ ਨੇ ਕੰਮ: ਪੰਨੂ

ਚੰਡੀਗੜ੍ਹ, 16 ਜੂਨ – ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਖੁੱਲ੍ਹੇਆਮ ਖਾਸ ਸਿਆਸੀ ਪਾਰਟੀ ਦੇ ਪੱਖ ਵਿੱਚ ਖੜ੍ਹੇ ਹੋ ਕੇ ਰਾਜਨੀਤੀ ਕਰ ਰਹੇ ਹਨ। ਸ੍ਰੀ ਪੰਨੂ ਨੇ ਜੱਥੇਦਾਰ ਵੱਲੋਂ ਜਾਰੀ ਕੀਤੀ ਕਥਿਤ ਫੋਰੈਂਸਿਕ ਰਿਪੋਰਟ ’ਤੇ ਗੰਭੀਰ ਸਵਾਲ ਚੁੱਕਦਿਆਂ ਕਿਹਾ ਕਿ ਇਸ ਰਿਪੋਰਟ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਕਿ ਵੀਡੀਓ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਕੌਣ ਹੈ, ਜੇ ਅਸੀਂ ਤੁਹਾਡੀ ਰਿਪੋਰਟ ਮੰਨ ਵੀ ਲਈਏ ਕਿ ਵੀਡੀਓ (ਏ ਆਈ) ਨਾਲ ਨਹੀਂ ਬਣੀ ਤਾਂ ਜੱਥੇਦਾਰ ਇਹ ਦੱਸਣ ਕਿ ਉਸ ਵੀਡੀਓ ਵਿੱਚ ਦਿਖ ਰਹੇ ਵਿਅਕਤੀ ਦਾ ਕੱਦ ਕਿੰਨਾ ਹੈ, ਜਿਸ ਮੁੱਖ ਮੰਤਰੀ ਭਗਵੰਤ ਮਾਨ ’ਤੇ ਤੁਸੀਂ ਉਂਗਲ ਚੁੱਕ ਰਹੇ ਹੋ, ਕੀ ਉਨ੍ਹਾਂ ਦਾ ਕੱਦ ਅਤੇ ਵੀਡੀਓ ਵਾਲੇ ਵਿਅਕਤੀ ਦਾ ਕੱਦ ਮੇਲ ਖਾਂਦਾ ਹੈ। ਉਹ ਕਿਹੜਾ ਹੋਟਲ ਦਾ ਕਮਰਾ ਹੈ, ਜਿੱਥੇ ਗੁਰੂ ਸਾਹਿਬ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ, ਜਿਵੇਂ ਕਿ ਦਾਅਵਾ ਕੀਤਾ ਜਾ ਰਿਹਾ ਹੈ। ਰਿਪੋਰਟ ਇਹ ਦੱਸਣ ਵਿੱਚ ਪੂਰੀ ਤਰ੍ਹਾਂ ਨਾਕਾਮ ਹੈ ਕਿ ਵੀਡੀਓ ਵਿੱਚ ਅਸਲ ਵਿੱਚ ਕੌਣ ਹੈ।

ਉਨ੍ਹਾਂ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਇਸ ਪੂਰੇ ਮਾਮਲੇ ਦਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਜਨਤਾ ਦੇ ਸਾਹਮਣੇ ਕਰਕੇ ਰਹੇਗੀ। ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਧਰਮ ਦੇ ਨਾਮ ’ਤੇ ਸਿਆਸਤ ਕੀਤੀ ਹੈ ਪਰ ‘ਆਪ’ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਲਈ ‘ਸਤਿਕਾਰ ਐਕਟ’ ਵਿੱਚ ਇਤਿਹਾਸਕ ਸੋਧ ਕਰਕੇ ਸਖ਼ਤ ਕਾਨੂੰਨ ਲਾਗੂ ਕਰ ਦਿੱਤਾ ਹੈ। ਇਹ ਬਾਦਲ ਪਰਿਵਾਰ ਨੂੰ ਹਜ਼ਮ ਨਹੀਂ ਹੋ ਰਿਹਾ ਹੈ। ਇਸੇ ਬੌਖਲਾਹਟ ਵਿੱਚ ਅਕਾਲੀ ਦਲ ਨੇ ਹੁਣ ਰਾਜਨੀਤੀ ਦਾ ਆਪਣਾ ਆਖਰੀ ਪੱਤਾ ਖੇਡਦਿਆਂ ਅਕਾਲ ਤਖ਼ਤ ਦੇ ਜੱਥੇਦਾਰ ਨੂੰ ਵੀ ਮੋਹਰਾ ਬਣਾ ਕੇ ਮੈਦਾਨ ਵਿੱਚ ਉਤਾਰ ਦਿੱਤਾ ਹੈ ਪਰ ਪੰਜਾਬ ਦੀ ਸਮਝਦਾਰ ਜਨਤਾ ਇਨ੍ਹਾਂ ਦੇ ਮਨਸੂਬਿਆਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਵੇਗੀ।

Share this content:

Post Comment