Loading Now

ਹਵਾਈ ਯਾਤਰੀਆਂ ਨੂੰ ਮਨਪਸੰਦ ਸੀਟਾਂ ਲਈ ਨਹੀਂ ਦੇਣੇ ਪੈਣਗੇ ਵਾਧੂ ਪੈਸੇ

ਹਵਾਈ ਯਾਤਰੀਆਂ ਨੂੰ ਮਨਪਸੰਦ ਸੀਟਾਂ ਲਈ ਨਹੀਂ ਦੇਣੇ ਪੈਣਗੇ ਵਾਧੂ ਪੈਸੇ

ਨਵੀਂ ਦਿੱਲੀ, 18 ਮਾਰਚ – ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਇੱਕ ਰਾਹਤ ਭਰੀ ਖਬਰ ਹੈ। ਦਰਅਸਲ ਹੁਣ ਯਾਤਰੀਆਂ ਨੂੰ ਮਨਪਸੰਦ ਸੀਟਾਂ ਚੁਣਨ ਲਈ ਵਾਧੂ ਪੈਸੇ ਨਹੀਂ ਦੇਣੇ ਪੈਣਗੇ। ਕੇਂਦਰ ਸਰਕਾਰ ਨੇ ਏਅਰਲਾਈਨਾਂ ਨੂੰ ਘਰੇਲੂ ਉਡਾਣਾਂ ਵਿੱਚ 60 ਫੀਸਦੀ ਸੀਟਾਂ ’ਤੇ ਯਾਤਰੀਆਂ ਤੋਂ ਵਾਧੂ ਚਾਰਜ ਨਾ ਵਸੂਲਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਬੁੱਧਵਾਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਨੇ ਏਅਰਲਾਈਨਾਂ ਨੂੰ ਕਿਸੇ ਵੀ ਉਡਾਣ ਦੀਆਂ ਘੱਟੋ-ਘੱਟ 60 ਫੀਸਦੀ ਸੀਟਾਂ ਬਿਨਾ ਕਿਸੇ ਵਾਧੂ ਚਾਰਜ ਦੇ ਅਲਾਟ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਯਾਤਰੀਆਂ ਦੀ ਸਹੂਲਤ ਵਿੱਚ ਵਾਧਾ ਕਰਦੇ ਹੋਏ ਏਅਰਲਾਈਨਾਂ ਨੂੰ ਕਿਹਾ ਗਿਆ ਹੈ ਕਿ ਇੱਕੋ ਪੀ ਐੱਨ ਆਰ ‘ਤੇ ਯਾਤਰਾ ਕਰਨ ਵਾਲਿਆਂ ਨੂੰ ਫਲਾਈਟ ਵਿੱਚ ਇਕੱਠੇ ਬਿਠਾਇਆ ਜਾਵੇ ਅਤੇ ਜੇਕਰ ਸੰਭਵ ਹੋਵੇ ਤਾਂ ਨੇੜਲੀਆਂ ਹੀ ਸੀਟਾਂ ਦਿੱਤੀਆਂ ਜਾਣ।

ਇੱਕ ਏਅਰਲਾਈਨ ਅਧਿਕਾਰੀ ਮੁਤਾਬਕ ਹੁਣ ਤਕ 20 ਫੀਸਦੀ ਸੀਟਾਂ ਹੀ ਬਿਨਾ ਕਿਸੇ ਵਾਧੂ ਚਾਰਜ ਦੇ ਬੁੱਕ ਕੀਤੀਆਂ ਜਾ ਸਕਦੀਆਂ ਸਨ ਜਦਕਿ ਬਾਕੀ ਸੀਟਾਂ ਲਈ ਭੁਗਤਾਨ ਕਰਨਾ ਪੈਂਦਾ ਸੀ। ਬੁੱਧਵਾਰ ਨੂੰ X ‘ਤੇ ਇੱਕ ਪੋਸਟ ਵਿੱਚ, ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੇ ਕਿਹਾ ਕਿ ਯਾਤਰੀ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਲਈ ਮਹੱਤਵਪੂਰਨ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ, “60 ਫੀਸਦੀ ਸੀਟਾਂ ਵਾਧੂ ਚਾਰਜ ਦੇ ਬਿਨਾ, ਪਰਿਵਾਰਾਂ ਲਈ ਇਕੱਠੇ ਬੈਠਣ ਨੂੰ ਯਕੀਨੀ ਬਣਾਉਣਾ ਅਤੇ ਖੇਡਾਂ ਦੇ ਸਾਮਾਨ, ਸੰਗੀਤਕ ਸਾਜ਼ਾਂ ਤੇ ਪਾਲਤੂ ਜਾਨਵਰਾਂ ਨੂੰ ਲਿਜਾਣ ਲਈ ਸਪੱਸ਼ਟ, ਪਾਰਦਰਸ਼ੀ ਨਿਯਮ ਅਤੇ ਨੀਤੀਆਂ ਵੀ (ਏਅਰਲਾਈਨਾਂ ਨੂੰ) ਤਿਆਰ ਕਰਨਗੀਆਂ ਹੋਣਗੀਆਂ।

Share this content:

Post Comment