ਸ੍ਰੀ ਗੁਰੂ ਤੇਗ ਬਹਾਦਰ ਜੀ
ਇਤਿਹਾਸ ਚ ਪਹਿਲੀ ਵਾਰ ਚੰਡੀਗੜ ਤੋਂ ਬਾਹਰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੋ ਰਿਹਾ ਪੰਜਾਬ ਵਿਧਾਨ ਸਭਾ ਦਾ ਵਿਸੇਸ਼ ਸੈਸ਼ਨ*।
ਪ੍ਰਗਟ ਭਏ ਗੁਰੁ ਤੇਗ ਬਹਾਦਰ।ਸਗਲ ਸ੍ਰਿਸ਼ਟਿ ਪੈ ਢਾਪੀ ਚਾਦਰ।
ਕਰਮ ਧਰਮ ਕੀ ਜਿਨਿ ਪਤਿ ਰਾਖੀ। ਅਟਲ ਕਰੀ ਕਲਿਜੁਗ ਮੈ ਸਾਖੀ।
ਸਗਲ ਸ੍ਰਿਸਟਿ ਜਾ ਕਾ ਜਸ ਭਯੋ। ਜਿਹ ਤੇ ਸਰਬ ਧਰਮ ਬੰਚਯੋ।
ਤੀਨ ਲੋਕ ਮੈ ਜੈ ਜੈ ਭਈ। ਸਤਿਗੁਰੂ ਪੈਜ ਰਾਖਿ ਇਮ ਲਈ।
ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਦੇ 350ਵੇਂ ਸ਼ਤਾਬਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦੇ ਇਸ ਵਿਸ਼ੇਸ਼ ਸਮਾਗਮ ਵਿੱਚ ਇਕੱਤਰ ਹੋਏ ਸਮੂਹ ਮੈਂਬਰ ਸਾਹਿਬਾਨ, ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ I। ਦਸ਼ਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਰਮ ਭੂਮੀ ਅਤੇ ਪੰਥ ਖਾਲਸਾ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੀ ਇਸ ਪਵਿੱਤਰ ਧਰਤੀ ਤੇ ਅਸੀਂ ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਵਾਲੇ ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਪਰਮ ਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਅਤੇ ਗੁਰੂ ਸਾਹਿਬ ਦੇ ਤਮਾਮ ਸਿੱਖ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਇਕੱਤਰ ਹੋਏ ਹਾਂ l ਸਭ ਤੋਂ ਪਹਿਲਾਂ ਮੈ ਗੁਰੂ ਸਾਹਿਬਾਨ ਅੱਗੇ ਇਹ ਅਰਦਾਸ ਕਰਦਾ ਹਾਂ ਕਿ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਅਸੀਂ ਨਿਮਾਣੇ ਭੁੱਲਣਹਾਰ ਹਾਂ, ਅਨੇਕਾਂ ਭੁੱਲਾਂ-ਵਿਕਾਰਾਂ ਨਾਲ ਗ੍ਰਸਤ ਹਾਂ, ਇਸ ਲਈ ਅਸੀਂ ਆਪਣੇ ਆਪ ਨੂੰ ਇੰਨੇ ਕਾਬਿਲ ਨਹੀਂ ਸਮਝਦੇ ਕਿ ਆਪ ਜੀ ਦੀ, ਆਪ ਜੀ ਦੇ ਪਰਿਵਾਰ ਦੀ ਅਤੇ ਆਪ ਜੀ ਦੇ ਤਮਾਮ ਸਿੰਘਾਂ-ਸਿੰਘਣੀਆਂ ਦੀ ਕੁਰਬਾਨੀ ਦੀ ਮਹਿਮਾ ਵੀ ਆਪਣੇ ਮੁਖ ਤੋਂ ਕਰ ਸਕੀਏ l
ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ ॥
ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ॥੧॥

ਮਾਧੋ ਹਮ ਐਸੇ ਤੂ ਐਸਾ ॥
ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ॥ ਰਹਾਉ ॥
ਅੱਜ ਅਸੀਂ ਸਾਰੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰ ਰਹੇ ਹਾਂ ਤਾਂ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਰੱਖੀ ਗਈ ਸ਼ਹਾਦਤ ਦੀ ਤਸਵੀਰ ਵੀ ਆਪ ਮੁਹਾਰੇ ਅੱਖਾਂ ਅੱਗੇ ਘੁੰਮਦੀ ਨਜ਼ਰ ਆਉਂਦੀ ਹੈl ਕੌਮ ਦੀ ਖਾਤਿਰ ਤੱਤੀ ਤਵੀ ਤੇ ਆਪਣੀ ਦੇਹ ਨੂੰ ਤਪਾਉਂਦਿਆ ਬੇਮਿਸਾਲ ਕੁਰਬਾਨੀ ਦੇ ਕੇ ਪੰਜਵੀਂ ਪਾਤਸ਼ਾਹੀ ਨੇ ਸ਼ਹਾਦਤ ਦਾ ਇੱਕ ਮਹਾਨ ਵਿਰਸਾ ਕਾਇਮ ਕਰ ਦਿੱਤਾ l ਇਹ ਸ਼ਹਾਦਤ ਦੀ ਅਨਮੋਲ ਦੌਲਤ ਜੋ ਪੰਜਵੀਂ ਪਾਤਸ਼ਾਹੀ ਨੇ ਬਖਸ਼ੀ, ਉਸ ਨੂੰ ਆਪ ਜੀ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਆਪਣੀਆਂ ਕੀਮਤੀ ਜਾਨਾਂ ਕੌਮ ਉੱਤੇ ਵਾਰ ਕੇ ਹੰਢਾਇਆ l ਸ਼ਹੀਦੀ ਤੋਂ ਪਹਿਲਾਂ ਜਦੋਂ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਤੋਂ ਪੁਛਿਆ ਗਿਆ ਕਿ ‘‘ਤੁਸੀਂ ਆਪਣੀ ਹਸਤੀ ਮਿਟਾਣ ਤੇ ਕਿਉਂ ਤੁਲੇ ਹੋਏ ਹੋ, ਤਾਂ ਗੁਰੂ ਸਾਹਿਬ ਨੇ ਬੜੀ ਹੀ ਨਿਮਰਤਾ ਨਾਲ ਜਵਾਬ ਦਿੱਤਾ -, ‘‘ਸਚ ਦੀ ਆਵਾਜ਼ ਨੂੰ ਬੁਲੰਦ ਕਰਨ ਲਈ।” ਅਹੰਕਾਰ ਵਿੱਚ ਭਰੇ ਅਹਿਲਕਾਰਾਂ ਨੇ ਕਿਹਾ ਕਿ ‘‘ਜੇ ਅਸੀ ਤੁਹਾਡੀ ਆਵਾਜ਼ ਹੀ ਬੰਦ ਕਰ ਦੇਈਏ ਤਾਂ ਕੀ ਕਰੋਗੇ”, ਤਾਂ ਗੁਰੂ ਸਾਹਿਬ ਦਾ ਜਵਾਬ ਸੀ –
“ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਬਦਲਤੇ ਵਕਤ ਕੀ ਰਫ਼ਤਾਰ ਕੌਨ ਰੋਕੇਗਾ l
ਆਪਕੀ ਆਨ ਕਾ ਫੈਸਲਾ ਬੁਲੰਦ ਹੀ ਸਹੀ, ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ l
ਮੇਰੇ ਖ਼ਿਆਲੋਂ ਕੀ ਪਰਵੇਜ਼ ਰੋਕਨੇ ਵਾਲੋ, ਹਰਗੋਬਿੰਦ ਦੀ ਤਲਵਾਰ ਕੌਨ ਰੋਕੇਗਾ l”
ਪੰਜਵੀਂ ਪਾਤਸ਼ਾਹੀ ਵਲੋਂ ਕੀਤੇ ਗਏ ਇਸ ਸੰਕੇਤਕ ਆਦੇਸ਼ ਦੀ ਪਾਲਣਾ ਕਰਦਿਆਂ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਾਕੇ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਭਗਤੀ ਨੂੰ ਸ਼ਕਤੀ ਨਾਲ ਜੋੜ ਦਿੱਤਾ। ਅਕਾਲ ਬੁੰਗੇ ਤੇ ਦੋ ਨਿਸ਼ਾਨ ਸਾਹਿਬ, ਇਕ ਭਗਤੀ ਤੇ ਇਕ ਸ਼ਕਤੀ ਦਾ, ਭਗਤੀ ਦਾ ਨਿਸ਼ਾਨ ਉੱਚਾ ਰਖਕੇ, ਸ਼ਕਤੀ ਨੂੰ ਭਗਤੀ ਦੇ ਅਧੀਨ ਕਰ ਦਿੱਤਾ।
ਇਸੀ ਰਾਹ ਤੇ ਚਲਦਿਆਂ ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਪਾਤਸ਼ਾਹ ਜੀ ਦੀ ਕੁਰਬਾਨੀ ਨੇ ਸ਼ਹਾਦਤ ਦੇ ਇਸ ਵਿਰਸੇ ਨੂੰ ਆਪਣੀ ਅਮਰ, ਪਵਿੱਤਰ ਖੁਸ਼ਬੋ ਨਾਲ ਮਹਿਕਾ ਦਿੱਤਾ lਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਸਤਿਕਾਰ ਸਹਿਤ ਪੜ੍ਹਦਿਆਂ, ਸੁਣਦਿਆਂ ਤੇ ਵਿਚਾਰਦਿਆਂ ਸਹਿਜੇ ਹੀ ਮਹਿਸੂਸ ਹੋ ਜਾਂਦਾ ਹੈ ਕਿ ਆਪ ਜੀ ਦੀ ਬਾਣੀ ਸੰਸਾਰਕ ਰਸਾਂ-ਕਸਾਂ ਦੇ ਭਰਮ ਜਾਲ ‘ਚ ਗ੍ਰਸੇ ਮਨੁੱਖ ਨੂੰ ਮੁਕਤ ਕਰ ਕੇ ਉਸ ਅੰਦਰ ਪ੍ਰਭੂ ਮਿਲਾਪ ਲਈ ਵੈਰਾਗ ਦੀ ਅਨੰਤ ਧਾਰਾ ਪ੍ਰਵਾਹਿਤ ਕਰਨ ਵਾਲੀ ਹੈ। ਇਸ ਲਈ ਆਪ ਜੀ ਨੂੰ ‘ਵੈਰਾਗ ਦੀ ਮੂਰਤ’ ਵੀ ਆਖਿਆ ਜਾਂਦਾ ਹੈ।
ਗੁਰੂ ਸਾਹਿਬ ਜੀ ਨੇ ਗੁਰਤਾ ਗੱਦੀ ਤੇ ਸੁਭਾਇਮਾਨ ਹੋਕੇ ਨਿਰਭੈਵਤਾ ਅਤੇ ਨਿਰਵੈਰਤਾ ਦਾ ਜਿਹੜਾ ਵਿਲੱਖਣ ਜਲਵਾ ਪੇਸ਼ ਕੀਤਾ, ਓਸ ਜਲਵੇ ਨੂੰ ਵਾਰ ਵਾਰ ਸਿਜਦਾ ਕਰਦੇ ਹਾਂ।ਗੁਰੂ ਸਾਹਿਬ ਦੀ ਜਿਹੜੀ ਆਤਮਕ ਅਵਸਥਾ ਗੁਰਗੱਦੀ ਉੱਤੇ ਸੁਭਾਇਮਾਨ, ਸੀਸ ਉੱਤੇ ਸੇਵਕਾਂ ਵੱਲੋਂ ਚੌਰ ਝੁਲਾਉਣ, ਸੰਗਤਾਂ ਵੱਲੋਂ ਨਤਮਸਤਕ ਹੋਣ ਸਮੇਂ ਸੀ, ਠੀਕ ਉਹੀ ਅਵਸਥਾ ਉਨ੍ਹਾਂ ਦੀ ਦਿੱਲੀ ਦੇ ਚਾਂਦਨੀ ਚੌਂਕ ਦੇ ਕੈਦਖ਼ਾਨੇ ਵਿਚ ਨਜ਼ਰਬੰਦ ਭਾਈ ਮਤੀਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਵਰਗੇ ਸੇਵਕਾਂ ਦੀਆਂ ਆਪਣੀਆਂ ਅੱਖਾਂ ਸਾਹਮਣੇ ਹੋਈਆਂ ਸ਼ਹਾਦਤਾਂ ਵੇਲੇ ਅਤੇ ਆਪਣੀ ਖ਼ੁਦ ਦੀ ਅਜ਼ੀਮ ਸ਼ਹਾਦਤ ਸਮੇਂ ਇੰਨ-ਬਿੰਨ ਕਾਇਮ ਸੀ। ਆਪ ਜੀ ਦੀ ਬ੍ਰਹਮ ਸ਼ਕਤੀ ਦਾ ਪ੍ਰਤਾਪ ਇੰਨਾ ਸੀ ਕਿ ਜਦੋਂ ਆਪ ਜੀ ਦੇ ਪਰਮ ਸਿਖਾਂ ਨੂੰ ਆਪ ਜੀ ਦੀਆਂ ਅੱਖਾਂ ਸਾਹਮਣੇ ਕਤਲ ਕੀਤਾ ਗਿਆ ਤਾਂ ਆਪ ਜੀ ਨੇ ਪਰਮਾਤਮਾ ਦੇ ਧਿਆਨ ਵਿੱਚ ਲੀਨ ਹੋ ਕੇ ਉਨ੍ਹਾਂ ਸਿਖਾਂ ਨੂੰ ਕੌਮ ਲਈ ਕੁਰਬਾਨ ਹੋਣ ਦਾ ਬਲ ਬਖਸ਼ਿਆ ।
ਆਪ ਜੀ ਨੇ ਮਨੁੱਖਤਾ ਦੀ ਖਾਤਿਰ ਖੁਦ ਇਸ ਤੋਂ ਵੀ ਵੱਧ ਤਸੀਹਿਆਂ ਵਾਲੀ ਸ਼ਹਾਦਤ ਗ੍ਰਹਿਣ ਕੀਤੀ ਤਾਂ ਆਪ ਉਸ ਵੇਲੇ ਵੀ ਧਿਆਨ ਵਿੱਚ ਹੀ ਲੀਨ ਹੋ ਕੇ ਸਿਮਰਨ ਕਰਦੇ ਰਹੇ ਅਤੇ ਸਮੁੱਚੀ ਮਨੁੱਖਤਾ ਨੂੰ ਇਹ ਸੰਦੇਸ਼ ਪੇਸ਼ ਕੀਤਾ ਕਿ ਜ਼ਬਰ ਜੁਲਮ ਦੇ ਖਿਲਾਫ਼ ਡਟਣਾ ਅਤੇ ਮਜ਼ਲੂਮ ਦੇ ਹੱਕ ਵਿੱਚ ਖੜ੍ਹਨਾ ਹੀ ਧਰਮ ਦਾ ਸਭ ਤੋਂ ਵੱਢਾ ਫਰਜ਼ ਹੈ, ਇਹ ਹੀ ਜ਼ਿੰਦਗੀ ਦਾ ਸਭ ਤੋਂ ਆਦਰਸ਼ ਮਾਰਗ ਹੈ । ਗੁਰੂ ਸਾਹਿਬ ਉਚੇਰੀ ਆਤਮਕ ਅਵਸਥਾ ਦੀ ਸੋਝੀ ਕਰਵਾਉਂਦਿਆਂ ਫੁਰਮਾਨ ਕਰਦੇ ਹਨ :
ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ।।
ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ ।।
ਭਾਵ, ਜੀਵਨ ਵਿੱਚ ਵਿਚਰਦਿਆਂ ਦੁੱਖ ਵੀ ਮਿਲਣਗੇ ਅਤੇ ਸੁੱਖ ਦੀ ਬਖ਼ਸ਼ਿਸ਼ ਵੀ ਹੋਵੇਗੀ। ਅਸਲ ਮਨੁੱਖ ਉਹ ਹੈ ਜਿਹੜਾ ਇਨ੍ਹਾਂ ਦੋਹਾਂ ਅਵਸਥਾਵਾਂ ਵਿੱਚ ਵਿਚਲਿਤ ਨਹੀਂ ਹੁੰਦਾ, ਉਸ ਦੇ ਕਦਮ ਨਹੀਂ ਲੜਖੜਾਂਦੇ, ਉਸ ਦਾ ਮਨ ਨਹੀਂ ਡੋਲਦਾ, ਸਗੋਂ ਉਹ ਦੋਹਾਂ ਅਵਸਥਾਵਾਂ ਨੂੰ ਪਰਮੇਸ਼ਰ ਦੀ ਰਜ਼ਾ ਸਮਝਦੇ ਹੋਏ ਖਿੜੇ ਮੱਥੇ ਪ੍ਰਵਾਨ ਕਰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਬਚਨ ਆਪਣੇ ਮੁਖਾਰਬਿੰਦ ਤੋਂ ਮਹਿਜ਼ ਉਚਾਰੇ ਹੀ ਨਹੀਂ ਸਗੋਂ ਆਪ ਵੀ ਇਨ੍ਹਾਂ ਉੱਤੇ ਅਮਲ ਕਰ ਕੇ ਮਿਸਾਲ ਕਾਇਮ ਕੀਤੀ।ਗੁਰੂ ਸਾਹਿਬ ਨੇ ਤਿਆਗ, ਬਲਿਦਾਨ, ਪਰੋਪਕਾਰ ਅਤੇ ਬਹਾਦੁਰੀ ਦੀ ਜੋ ਜੋਤ ਜਗਾਈ, ਉਸ ਨੂੰ ਸਦਾ ਜਗਮਗਾਏ ਰੱਖਣ ਲਈ ਆਪ ਜੀ ਦੇ ਸਾਹਿਬਜ਼ਾਦੇ, ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰ ਪੁੱਤਰਾਂ ਦੀਆਂ ਜਾਨਾਂ ਵੀ ਕੌਮ ਦੇ ਲੇਖੇ ਲਾ ਦਿੱਤੀਆਂ l ਉਨ੍ਹਾਂ, ਨਾ ਸਿਰਫ਼ ਆਪ ਜੀ ਦੇ ਆਦਰਸ਼ਾਂ ਦੀ ਰਾਖੀ ਕੀਤੀ, ਬਲਕਿ ਸਮੁੱਚੀ ਇਨਸਾਨੀਅਤ ਨੂੰ ਨਾਲ ਲੈ ਕੇ ਖਾਲਸਾ ਦੀ ਸਿਰਜਣਾ ਕਰ ਆਪ ਜੀ ਦੀ ਲੋਅ ਨੂੰ ਅਮਰ ਕਰ ਦਿੱਤਾ ।
ਜਿਵੇਂ ਇੱਕ ਪਿਤਾ ਨੂੰ ਹਮੇਸ਼ਾ ਆਪਣੇ ਜਾਣ ਤੋਂ ਬਾਅਦ ਆਪਣੀ ਔਲਾਦ ਦਾ ਫਿਕਰ ਰਹਿੰਦਾ ਹੈ, ਠੀਕ ਉਸੀ ਤਰਾਂ ਸਾਡੇ ਦਸ਼ਮ ਪਿਤਾ ਨੂੰ ਇਹ ਸੋਚ ਪਈ, ਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਪੈਰੋਕਾਰ, ਉਨ੍ਹਾਂ ਦੇ ਬੱਚੇ ਕਿਸ ਦੇ ਮੂੰਹ ਵੱਲ ਵੇਖਣਗੇ l ਇਸੀ ਲਈ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਾਨੀ ਜਗਤ ਨੂੰ ਵਿਛੋੜੇ ਦੇ ਕੇ ਵੀ ਸਾਨੂੰ ਨਿ-ਓਟੇ ਜਾਂ ਨਿ-ਆਸਰੇ ਨਹੀਂ ਰਹਿਣ ਦਿੱਤਾ l ਨੰਦੇੜ ਵਿਖੇ ਆਪ ਜੀ ਨੇ – “ਗੁਰੂ ਮਾਨਿਓ ਗ੍ਰੰਥ” ਦੇ ਇਲਾਹੀ ਵਚਨ ਕਰ ਕੇ ਸਮੁੱਚੀ ਲੋਕਾਈ ਨੂੰ ਆਪਣੀ ਹੋਂਦ ਦੀ ਸ਼ਰਣ ਬਖਸ਼ੀ, ਜਿਸ ਦੇ ਪਵਿੱਤਰ ਨਿੱਘ ਵਿੱਚ ਅਸੀਂ ਅੱਜ ਵੀ ਆਪਣੇ ਗੁਰ ਆਪਣੇ ਪਿਤਾ ਨੂੰ ਹਾਜ਼ਿਰ ਮੰਨਦੇ ਹਾਂ l
“ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ।।
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ।।”
ਤੇ ਅਮਲ ਕਰਦਿਆਂ
ਗੁਰੂ ਸਾਹਿਬਾਨਾਂ ਦੀ ਮਹਾਨ ਸ਼ਹਾਦਤ ਇੱਕ ਅਜਿਹਾ ਇਨਕਲਾਬ ਸੀ ਜਿਸ ਨੂੰ ਪੰਜਾਬੀਆਂ, ਖ਼ਾਸਕਰ ਸਿੱਖਾਂ ਨੇ ਆਪਣਾ ਅਮੀਰ ਵਿਰਸਾ ਮੰਨ ਕੇ ਪੀੜ੍ਹੀ ਦਰ ਪੀੜ੍ਹੀ ਨਿਭਾਇਆ । ਦੁਨੀਆਂ ਦੇ ਇਤਿਹਾਸ ਵਿੱਚ ਕੌਮ ਦੀ ਖਾਤਿਰ ਪੰਜਾਬੀਆਂ ਜਿੰਨੀਆਂ ਜਾਨਾਂ ਸ਼ਾਇਦ ਹੀ ਕਿਸੇ ਨੇ ਵਾਰੀਆਂ ਹੋਣਗੀਆਂ l ਮਨੁੱਖੀ ਇਤਿਹਾਸ ਵਿੱਚ ਸਿੱਖ ਧਰਮ ਦੀ ਨੀਂਹ ਕੋਈ ਆਮ ਵਿਕਾਸ ਨਹੀਂ ਸੀ ਸਗੋਂ ਇੱਕ ਅਜਿਹਾ ਵਿਕਾਸ ਸੀ ਜੋ ਹਰ ਤਰ੍ਹਾਂ ਦੇ ਅੱਤਿਆਚਾਰ ਦੇ ਵਿਰੁੱਧ ਮਨੁੱਖਤਾ ਦੀ ਢਾਲ ਬਣ ਕੇ ਅੱਗੇ ਆਉਂਦਾ ਰਿਹਾ ਅਤੇ ਅੱਜ ਵੀ ਆ ਰਿਹਾ ਹੈ ।ਬੇਸ਼ਕ ਕੁਝ ਤਾਕਤਾਂ ਵੱਲੋਂ ਧਾਰਮਿਕ ਕੱਟੜਤਾ ਦੇ ਪ੍ਰਭਾਵ ਹੇਠ ਮਨੁੱਖ ਨੂੰ ਮਨੁੱਖ ਨਾਲ ਲੜਾਉਣ ਦੀ ਰਾਜਨੀਤੀ ਠੋਸੀ ਜਾ ਰਹੀ ਹੈ,ਮਜੂਦਾ ਹਲਾਤਾਂ ਵਿੱਚ ਜਦ ਮਨੀਪੁਰ ਚ ਔਰਤਾਂ ਤੇ ਅਤਿਆਚਾਰ, ਓੜੀਸਾ ਚ ਧਾਰਮਿਕ ਪ੍ਰਚਾਰਕ ਨੂੰ ਪਰਿਵਾਰ ਸਮੇਤ ਜਿੰਦਾ ਜਲਾਉਣ ਦੀਆਂ ਮੰਦਭਾਗੀਆਂ ਘਟਨਾਵਾਂ ਸੁਣਨ ਦੇਖਣ ਚ ਸਾਹਮਣੇ ਆਉਂਦੀਆਂ ਹਨ ਤਾਂ ਉਸ ਸਮੇਂ ਗੁਰਬਾਣੀ ਦਾ ਉਪਦੇਸ਼ ਸਮਝਣ/ਸੋਚਣ ਅਤੇ ਲਾਗੂ ਕਰਨ ਦੀ ਲੋੜ ਹੈ ਕਿ ਕਿਵੇਂ ਸਾਡੇ ਗੁਰੂ ਸਾਹਿਬਾਨ ਨੇ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥” ਦਾ ਉਪਦੇਸ਼ ਦੇਕੇ ਨਾਰੀ ਸਨਮਾਨ ਦੀ ਗੱਲ ਕੀਤੀ ਅਤੇ
ਤੂੰ ਸਾਝਾ ਸਾਹਿਬੁ ਬਾਪੁ ਹਮਾਰਾ।। (ਪੰਨਾ ੯੭)
ਸਭ ਮਹਿ ਜੋਤਿ ਜੋਤਿ ਹੈ ਸੋਇ।। ਤਿਸ ਦੇ ਚਾਨਣਿ ਸਭ ਮਹਿ ਚਾਨਣੁ ਹੋਇ।। ਪੰਨਾ੧੩
ਏਕੋ ਹੁਕਮੁ ਵਰਤੈ ਸਭ ਲੋਈ।। ਏਕਸੁ ਤੇ ਸਭ ਓਪਤਿ ਹੋਈ।। (ਪੰਨਾ੨੨੩)
ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ।। ਪੰਨਾ ੬੧੧
ਹਿੰਦੂ ਤੁਰਕ ਕਾ ਸਾਹਿਬੁ ਏਕ।। ਪੰਨਾ ੧੧੫੮
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ।। ਪੰਨਾ ੧੩੪੯
ਜਿਹੀਆਂ ਅਨੇਕਾਂ ਉਦਹਾਰਨਾ ਦੇਕੇ ਧਾਰਮਿਕ ਸਹਿਣਸ਼ੀਲਤਾ ਅਤੇ ਭਾਈਚਾਰਕ ਸਾਂਝ ਦਾ ਉਪਦੇਸ਼ ਦਿੱਤਾ। ਮਜੂਦਾ ਸਮੇਂ ਫਿਰ ਕੁਝ ਤਾਕਤਾਂ ਵੱਲੋਂ ਗੁਰੂ ਸਾਹਿਬਾਨ,ਭਗਤਾਂ ਸੂਫ਼ੀ ਸੰਤਾਂ ਦੇ ਮਹਾਨ ਉਪਦੇਸ਼ਾ ਨੂੰ ਆਪੋ ਆਪਣੇ ਹਿਸਾਬ ਨਾਲ ਵਰਤਣ ਦੇ ਯਤਨ ਕੀਤੇ ਜਾ ਰਹੇ ਹਨ, ਪਰ ਫਿਰ ਵੀ ਪੰਜਾਬ ਦੀ ਧਾਰਮਿਕ ਭਾਈਚਾਰਕ ਸਾਂਝ ਦਾ ਮੁਕਾਬਲਾ ਕੋਈ ਹੋਰ ਨਹੀਂ ਕਰ ਸਕਦਾ l ਇੱਕੋ ਥਾਂ ਤੇ ਗੁਰਦੁਆਰਿਆਂ, ਮਸਜਿਦਾਂ ਅਤੇ ਮੰਦਰਾਂ ਦੇ ਨਾਲ ਮਿਲ-ਜੁਲ ਕੇ ਰਹਿਣਾ, ਸਾਡੇ ਪੰਜਾਬ ਦੀ ਸਮਾਜਿਕ ਵਿਰਾਸਤ ਬਣ ਚੁੱਕਿਆ ਹੈ। ਪੰਜਾਬ ਦੇ ਲੋਕਾਂ ਵਲੋਂ ਘੱਟ ਗਿਣਤੀਆਂ ਅਤੇ ਮਜ਼ਲੂਮਾਂ ਦੀ ਰੱਖਿਆ ਅਤੇ ਇਨਸਾਫ਼ ਲਈ ਆਵਾਜ਼ ਉਠਾਉਣ ਦੀ ਰਿਵਾਇਤ ਗੁਰੂ ਸਾਹਿਬਾਨ ਦੇ ਦਿੱਤੇ ਉਪਦੇਸ਼ਾ ਤੋਂ ਹੀ ਪ੍ਰੇਰਿਤ ਹੈ।
ਦੇਸ਼ ਤੇ ਜਦੋਂ ਵੀ ਵਿਦੇਸ਼ੀ ਹਮਲੇ ਹੋਏ, ਉਨ੍ਹਾਂ ਵਿੱਚ ਪੰਜਾਬੀਆਂ ਨੇ ਦੁਸ਼ਮਣ ਨਾਲ ਸਭ ਤੋਂ ਪਹਿਲਾਂ ਮੱਥਾ ਲਾਇਆ, ਅੰਗਰੇਜ਼ੀ ਹੁਕੂਮਤ ਨੂੰ ਜੜੋਂ ਕਮਜ਼ੋਰ ਕਰਨ ਵਿੱਚ ਪੰਜਾਬੀਆਂ ਦਾ ਸਭ ਤੋਂ ਵੱਢਾ ਯੋਗਦਾਨ ਰਿਹਾ, ਆਜ਼ਾਦੀ ਸੰਘਰਸ਼ ਵਿੱਚ ਪੰਜਾਬੀਆਂ ਨੂੰ ਸਭ ਤੋਂ ਵੱਧ ਫਾਂਸੀਆਂ ਦਿੱਤੀਆਂ ਗਈਆਂ ਅਤੇ ਅੱਜ ਵੀ ਦੇਸ਼ ਦੀਆਂ ਸੁਰੱਖਿਆ ਬਲਾਂ ਵਿੱਚ ਪੰਜਾਬ ਦਾ ਸਭ ਤੋਂ ਵੱਡਾ ਯੋਗਦਾਨ ਹੈ । ਇਹ ਸਾਡੇ ਗੁਰੂ ਸਾਹਿਬਾਨਾਂ ਦੀ ਹੀ ਕਿਰਪਾ ਹੈ ਕਿ ਅੱਜ ਜਿੱਥੇ ਪੰਜਾਬੀ ਖੜੇ ਹੋ ਜਾਂਦੇ ਹਨ, ਓਥੇ ਜਨਤਾ ਆਪਣੇ ਆਪ ਨੂੰ ਮਹਿਫ਼ੂਜ਼ ਸਮਝਣ ਲਗਦੀ ਹੈ । ਬਾਬਾ ਨਾਨਕ ਦੇ ਵਾਰਿਸ ਪੰਜਾਬੀਆਂ ਨੇ ਕਦੇ ਇਕੱਲੇ ਖਾਣਾ ਨਹੀਂ ਸਿੱਖਿਆ, ਬਾਬੇ ਨਾਨਕ ਵਲੋਂ ਲਾਇਆ ਗਿਆ ਲੰਗਰ ਅੱਜ ਵੀ ਧਰਮ, ਜਾਤ ਜਾਂ ਵਰਗ ਦੇ ਵਖਰੇਵਿਆਂ ਨੂੰ ਮਿਟਾ ਕੇ ਪੰਗਤ ਵਿੱਚ ਬਹਿ ਕੇ ਛਕਿਆ ਜਾਂਦਾ ਹੈ ।
ਦੇਸ਼ ਦੁਨੀਆਂ ਵਿੱਚ ਕੋਈ ਵੀ ਆਪਦਾ ਆਵੇ, ਕੋਈ ਕੁਦਰਤੀ ਆਫ਼ਤ ਆ ਜਾਵੇ ਜਾਂ ਕਿਸੇ ਵੀ ਤਰਾਂ ਦਾ ਸੰਕਟ ਕਿਓਂ ਨਾ ਆ ਜਾਵੇ – ਗੁਰੂ ਕੀ ਫੌਜ ਅੱਜ ਵੀ ਸੱਭ ਤੋਂ ਪਹਿਲਾਂ ਸੇਵਾ ਲਈ ਮੈਦਾਨ ਵਿੱਚ ਪਹੁੰਚਦੀ ਹੈ । ਜਿਸ ਸੇਵਾ ਭਾਵ ਨਾਲ ਗਰੀਬਾਂ, ਮਜ਼ਦੂਰਾਂ ਅਤੇ ਬੇਸਹਾਰਿਆਂ ਦੀ ਸਹਾਇਤਾ ਲਈ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ, ਇੰਜ ਜਾਪਦਾ ਹੈ ਕਿ ਗੁਰੂ ਸਾਹਿਬਾਨ ਆਪ ਉਸ ਥਾਂਹ ਹਾਜ਼ਿਰ ਹੋ ਕੇ ਇਹ ਸੁਮੱਤ ਬਖਸ਼ ਰਹੇ ਹੋਣ ।

ਦੇਸ਼ ਵਿੱਚ ਅੱਜ ਵੀ ਜੇ ਸਮਾਜਕ ਅਨਿਆਇ ਦੇ ਖਿਲਾਫ ਕੋਈ ਆਵਾਜ਼ ਉੱਠਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਪੰਜਾਬ ਤੋਂ ਉੱਠਦੀ ਹੈ, ਅੱਜ ਵੀ ਪੂਰੇ ਦੇਸ਼ ਦੇ ਹੱਕਾਂ ਦੀ ਲੜਾਈ ਪੰਜਾਬੀ ਮੋਹਰੀ ਬਣ ਕੇ ਲੜਦੇ ਹਨ। ਕੁਝ ਸਾਲ ਪਹਿਲਾਂ ਦੇਸ਼ ਦੇ ਕਿਸਾਨਾਂ ਦੇ ਹੱਕਾਂ ਲਈ ਜੋ ਆੰਦੋਲਨ ਹੋਇਆ ਉਹ ਪੰਜਾਬੀਆਂ ਵਲੋਂ ਚਲਾਈ ਗਈ ਮੁਹਿੰਮ ਸਦਕਾ ਹੀ ਇਤਿਹਾਸ ਦਾ ਸਭ ਤੋਂ ਲੰਮਾ ਅਤੇ ਕਾਮਯਾਬ ਅੰਦੋਲਨ ਸਾਬਿਤ ਹੋਇਆ, ਅਤੇ ਕੋਵਿਡ ਦੌਰਾਨ ਜਿੰਨੀ ਨਿਸਵਾਰਥ ਸੇਵਾ ਪੰਜਾਬੀਆਂ ਵਲੋਂ ਨਿਭਾਈ ਗਈ ਉਸ ਦਾ ਦੁਨੀਆ ਭਰ ਵਿੱਚ ਕੋਈ ਮੁਕਾਬਲਾ ਨਹੀਂ ਕਰ ਸਕਿਆ l ਅਜੇ ਪਿਛਲੇ ਦਿਨੀਂ ਪੰਜਾਬ ਵਿੱਚ ਬਰਸਾਤਾਂ ਨਾਲ ਆਏ ਹੜ੍ਹਾਂ ਨੇ ਪੰਜਾਬੀਆਂ ਦਾ ਲੱਕ ਤੋੜਵਾਂ ਨੁਕਸਾਨ ਕੀਤਾ, ਪਰ ਬਾਬੇ ਨਾਨਕ ਦੇ ਕਿਰਤੀ ਪੁੱਤਰਾਂ ਨੇ ਦੁਨੀਆਂ ਭਰ ਤੋਂ ਆਪਣੀ ਸਰ-ਜ਼ਮੀਨ ਦੀ ਖਾਤਿਰ ਤਨ, ਮਨ ਧਨ ਨਾਲ ਹਰ ਤਰ੍ਹਾਂ ਦੀ ਸੇਵਾ ਆਪਣੇ ਲੋਕਾਂ ਤੱਕ ਪੁੱਜਦੀ ਕੀਤੀ ਅਤੇ ਆਪਣੇ ਭੈਣ-ਭਰਾਵਾਂ ਨੂੰ ਮੁੜ ਤਕੜਾ ਕਰ ਦਿੱਤਾ । ਸਾਹਸ, ਧੀਰਜ ਅਤੇ ਸੱਚ ਲਈ ਇਹ ਸਾਰੀ ਜੱਦੋ-ਜਹਿਦ ਜੇ ਪੰਜਾਬੀ ਕਰ ਸਕੇ ਹਨ ਤਾਂ ਕਾਰਣ ਸਿਰਫ ਇੱਕ ਹੈ, ਉਹ ਹੈ ਸਾਡੇ ਗੁਰੂਆਂ ਵਲੋਂ ਬਖਸ਼ੀ ਗਈ ਪ੍ਰਮਾਤਮਾ ਦੀ ਰਜ਼ਾ ਵਿੱਚ ਚੱਲਣ ਦੀ ਸਨਮੱਤ । ਸਰਬੱਤ ਦਾ ਭਲਾ ਸੋਚਨਾ, ਕਿਰਤ ਕਰਨਾ, ਵੰਡ ਕੇ ਛੱਕਣਾ, ਇਹ ਪੰਜਾਬ ਦੇ ਲੋਕਾਂ ਦੇ ਮੋਹਰੀ ਆਦਰਸ਼ ਹਨ । ਅੱਜ ਭਾਂਤ-ਭਾਂਤ ਦੇ ਵਖਰੇਵਿਆਂ ਵਿੱਚ ਡੁੱਬੀ ਦੁਨੀਆਂ ਵਿੱਚ ਪੰਜਾਬੀਆਂ ਦੀ ਪਛਾਣ ਇਹ ਹੈ ਕਿ ਅਸੀਂ ਜਾਤ-ਪਾਤ ਅਤੇ ਪੱਖਪਾਤ ਦੇ ਵਿਰੁੱਧ ਖੜ੍ਹਦੇ ਹਾਂ। ਅਸੀਂ ਗੁਰੂ ਮੱਤ ਅਧੀਨ ਰਹਿ ਕੇ ਮਨੁੱਖੀ ਮਰਿਆਦਾ ਅਤੇ ਸਮਾਨਤਾ ਨੂੰ ਪਹਿਲ ਤੇ ਰੱਖਦੇ ਹਾਂ।ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਉਸ ਅਕੀਦੇ ਲਈ ਕੁਰਬਾਨੀ ਦੇਣੀ, ਜਿਸ ਅਕੀਦੇ ਚ ਕੁਰਬਾਨੀ ਦੇਣ ਵਾਲੇ ਮਹਾਂਪੁਰਖ ਖੁਦ ਆਸਥਾ ਨਹੀਂ ਰੱਖਦੇ ਸਨ, ਅਜਿਹੀ ਮਿਸਾਲ ਸਮੁੱਚੀ ਲੋਕਾਈ ਚ ਹੋਰ ਕਿਧਰੇ ਵੀ ਵਿਖਾਈ ਨਹੀਂ ਦਿੱਤੀ।
ਅੱਜ ਜਦੋਂ ਸੰਸਾਰ ਪੱਧਰ ਤੇ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਤੇ ਉਨ੍ਹਾ ਦੇ ਤਿੰਨ ਸਿੱਖ ਸੇਵਕਾਂ ਦੀ ਸ਼ਹਾਦਤ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ, ਤਦ ਸੰਸਾਰ ਦਾ ਸਿਆਸਤਦਾਨ ਕੀ ਸਿੱਖੇ ਤੇ ਕਿਵੇਂ ਸਿੱਖੇ? ਇਹ ਸਵਾਲ ਨਿਰੰਤਰ ਰਿੜਕਣ ਦੀ ਲੋੜ ਹੈ। ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਨ੍ਹਾਂ ਇਤਿਹਾਸਿਕ ਪਲਾਂ ਮੌਕੇ ਪੰਜਾਬ ਅਸੈਂਬਲੀ ਦੀ ਇਸ ਵਿਸ਼ੇਸ਼ ਬੈਠਕ ਦਾ ਮੰਤਵ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਸ਼ਹਾਦਤ ਦੇ ਸਮੂਹ ਮਹੱਤਵਪੂਰਣ ਪੱਖਾਂ ਨੂੰ ਸਮਝਣ ,ਖੁਦ ਨੂੰ ਸਰਬ ਸਾਂਝੀਵਾਲਤਾ,ਇਨਸਾਨੀਅਤ ਦੀ ਸੇਵਾ ਵਾਲੀ ਪਵਿੱਤਰ ਸੋਚ ਨਾਲ ਖੜੇ ਕਰਨ ਦੀ ਇੱਕ ਨਿਮਾਣੀ ਕੋਸ਼ਿਸ਼ ਹੈ।ਅਸੀਂ ਬਹੁਤ ਵਡਭਾਗੀ ਹਾਂ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਆਪਣੀ ਛੋਹ ਪ੍ਰਾਪਤ ਇਸ ਮੁਕੱਦਸ ਧਰਤੀ ਤੇ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਧਰ ਕੇ ਸਾਨੂੰ ਇਸ ਜੀਵਨ ਕਾਲ ਵਿੱਚ ਗੁਰੂ ਸਾਹਿਬਾਨ ਦੀ ਸ਼ਹਾਦਤ ਦੇ ਇਸ 350 ਸਾਲਾ ਪਵਿੱਤਰ ਯਾਦਗਾਰ ਦਿਹਾੜੇ ਤੇ ਆਪਣੇ ਗੁਰੂਆਂ ਦੀ ਲਾਸਾਨੀ ਸ਼ਹਾਦਤ ਦੀ ਮਹਿਮਾ ਬਖਾਨ ਕਰਨ ਦਾ ਮੌਕਾ ਬਖਸ਼ਿਆ ।
ਮਨੁੱਖ ਗਲਤੀਆਂ ਦਾ ਪੁਤਲਾ ਹੈ ਅਤੇ ਅਕਾਲ ਪੁਰਖ ਜੀ ਬਖਸ਼ਣਹਾਰ ਹਨ, ਅੱਜ ਅਸੀਂ ਸਾਰੇ ਸਾਫ ਦਿਲ ਅਤੇ ਸੱਚੀ ਨੀਅਤ ਨਾਲ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਆਨੰਦਪੁਰ ਸਾਹਿਬ ਦੀ ਪਵਿਤ੍ਰ ਧਰਤੀ ਤੇ ਇੱਕਤਰ ਹੋਏ ਹਾਂ, ਪ੍ਰਮਾਤਮਾ ਜਾਣੇ-ਅਨਜਾਣੇ ਵਿੱਚ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ।।
*ਕੁਲਤਾਰ ਸਿੰਘ ਸੰਧਵਾਂ
ਸਪੀਕਰ ਪੰਜਾਬ ਵਿਧਾਨ ਸਭਾ
9216400457*।
Share this content:



Post Comment