ਸੌ ਵਰ੍ਹਿਆਂ ਦੀ ਸੁਨਹਿਰੀ ਵਿਰਾਸਤ ’ਤੇ ਮਾਣ
ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਆਪਣੀ ਸਥਾਪਨਾ ਦੇ 100ਵੇਂ ਸਾਲ ਵਿਚ ਦਾਖ਼ਲ ਹੁੰਦਾ ਹੋਇਆ ਇਕ ਮਹੱਤਵਪੂਰਨ ਪੜਾਅ ’ਤੇ ਖੜ੍ਹਾ ਹੈ। ਲੋਕ ਸੇਵਾ ਆਯੋਗਾਂ (ਪੀਐੱਸਸੀ) ਦੀ ਧਾਰਨਾ ਸਾਡੇ ਰਾਸ਼ਟਰ ਨਿਰਮਾਤਾਵਾਂ ਨੇ ਸੰਵਿਧਾਨਕ ਅਦਾਰਿਆਂ ਅਤੇ ਸਿਵਲ ਸੇਵਾਵਾਂ ਵਿਚ ਯੋਗਤਾ ਦੇ ਰਖਵਾਲੇ ਵਜੋਂ ਕੀਤੀ ਸੀ। ਇਸੇ ਸੋਚ ਦੇ ਨਾਲ ਯੂਪੀਐੱਸਸੀ ਨੂੰ ਕੇਂਦਰੀ ਸਿਵਲ ਸੇਵਾਵਾਂ ਦੇ ਅਧਿਕਾਰੀਆਂ ਦੀ ਭਰਤੀ, ਤਰੱਕੀ ਅਤੇ ਅਨੁਸ਼ਾਸਨੀ ਮਾਮਲਿਆਂ ’ਚ ਅਹਿਮ ਭੂਮਿਕਾ ਸੌਂਪੀ ਗਈ। ਪਿਛਲੇ ਸੌ ਸਾਲਾਂ ’ਚ ਇਸ ਦੀ ਵਿਕਾਸ ਯਾਤਰਾ ਸਿਰਫ਼ ਇਕ ਸੰਸਥਾ ਦਾ ਇਤਿਹਾਸ ਨਹੀਂ, ਬਲਕਿ ਭਾਰਤ ਦੇ ਉਸ ਡੂੰਘੇ ਭਰੋਸੇ ਦੀ ਪ੍ਰਤੀਕ ਹੈ ਜੋ ਨਿਰਪੱਖਤਾ, ਵਿਸ਼ਵਾਸ ਅਤੇ ਸੱਚਾਈ ’ਤੇ ਆਧਾਰਤ ਹੈ।
ਸੰਵਿਧਾਨ ਘਾੜਿਆਂ ਨੇ ਸੰਵਿਧਾਨ ਦੇ ਭਾਗ-14 ਵਿਚ ਧਾਰਾ 315 ਤੋਂ 323 ਤੱਕ ਸੰਘ ਅਤੇ ਰਾਜ ਲੋਕ ਸੇਵਾ ਆਯੋਗਾਂ ਨੂੰ ਵਿਸ਼ੇਸ਼ ਦਰਜਾ ਦਿੱਤਾ। ਇਸ ਦਾ ਮਕਸਦ ਉਨ੍ਹਾਂ ਦੀ ਆਜ਼ਾਦੀ ਅਤੇ ਖ਼ੁਦਮੁਖਤਾਰੀ ਨੂੰ ਯਕੀਨੀ ਬਣਾਉਣਾ ਸੀ ਤਾਂ ਜੋ ਭਰਤੀ, ਤਰੱਕੀ ਅਤੇ ਅਨੁਸ਼ਾਸਨ ਸਬੰਧੀ ਮਾਮਲਿਆਂ ਵਿਚ ਕੋਈ ਦਬਾਅ ਜਾਂ ਪੱਖਪਾਤ ਨਾ ਹੋਵੇ। ਇਹ ਉਨ੍ਹਾਂ ਦੇ ਦੂਰਦਰਸ਼ੀ ਵਿਚਾਰਾਂ ਦਾ ਸਬੂਤ ਹੈ ਕਿ ਇਹ ਸੰਸਥਾ ਅੱਜ ਵੀ ਯੋਗਤਾ, ਭਰੋਸੇ ਅਤੇ ਇਮਾਨਦਾਰੀ ਦੇ ਸਿਧਾਂਤਾਂ ’ਤੇ ਮਜ਼ਬੂਤੀ ਨਾਲ ਖੜ੍ਹੀ ਹੈ। ਇਸ ਰਾਹੀਂ ਦੁਨੀਆ ਦੇ ਸਭ ਤੋਂ ਵੰਨ-ਸੁਵੰਨੇ ਅਤੇ ਸਭ ਤੋਂ ਵੱਡੇ ਲੋਕਤੰਤਰ ਵਿਚ ਸ਼ਾਸਨ ਦੇ ਵਿਸ਼ਾਲ ਕਾਰਜਭਾਰ ਦਾ ਸੰਚਾਲਨ ਹੁੰਦਾ ਹੈ। ਯੂਪੀਐੱਸਸੀ ਦੀ ਇਸ ਇਤਿਹਾਸਕ ਯਾਤਰਾ ਵਿਚ ਸਿਰਫ਼ ਪ੍ਰਸ਼ਾਸਨਿਕ ਨਿਰੰਤਰਤਾ ਹੀ ਨਹੀਂ ਦਿਸਦੀ, ਬਲਕਿ ਇਹ ਭਾਰਤ ਦੀਆਂ ਲੋਕਤੰਤਰੀ ਸੰਸਥਾਵਾਂ ’ਤੇ ਵਧਦੇ ਭਰੋਸੇ ਦੀ ਵੀ ਪ੍ਰਤੀਕ ਹੈ।
ਸ਼ੁਰੂਆਤੀ ਸਾਲਾਂ ਵਿਚ ਯੂਪੀਐੱਸਸੀ ਕੁਝ ਹੀ ਪ੍ਰੀਖਿਆਵਾਂ ਦਾ ਆਯੋਜਨ ਕਰਦਾ ਸੀ ਪਰ ਅੱਜ ਇਹ ਇਕ ਵੱਡਾ ਅਤੇ ਵੰਨ-ਸੁਵੰਨਾ ਕਾਰਜ ਖੇਤਰ ਸੰਭਾਲ ਰਿਹਾ ਹੈ। ਅੱਜ ਵੱਕਾਰੀ ਸਿਵਲ ਸੇਵਾ ਪ੍ਰੀਖਿਆ ਤੋਂ ਲੈ ਕੇ ਇੰਜੀਨੀਅਰਿੰਗ, ਜੰਗਲਾਤ ਵਿਗਿਆਨ, ਮੈਡੀਕਲ, ਸਟੈਟਿਸਟਿਕਸ ਤੇ ਹੋਰ ਕਈ ਸੇਵਾਵਾਂ ਲਈ ਭਰਤੀ ਦਾ ਦਾਰੋਮਦਾਰ ਯੂਪੀਐੱਸਸੀ ਦੇ ਕੋਲ ਹੈ। ਇਸ ਦਾ ਦਾਇਰਾ ਵਧਿਆ ਹੈ ਪਰ ਇਸ ਦੀਆਂ ਕਦਰਾਂ-ਕੀਮਤਾਂ, ਜ਼ਿੰਮੇਵਾਰੀ ਉਹੀ ਹਨ-ਦੇਸ਼ ਦੀ ਸੇਵਾ ਲਈ ਸਭ ਤੋਂ ਯੋਗ ਪ੍ਰਤਿਭਾਵਾਂ ਦੀ ਚੋਣ ਕਰਨਾ। ਸਿਵਲ ਸੇਵਾ ਪ੍ਰੀਖਿਆ ਦਾ ਲਾਜਿਸਟਿਕ ਕੰਮ ਵੀ ਅਸਾਧਾਰਨ ਹੈ। ਮੁੱਢਲੀ ਪ੍ਰੀਖਿਆ 2,500 ਤੋਂ ਵੱਧ ਸਥਾਨਾਂ ’ਤੇ ਕਰਵਾਈ ਜਾਂਦੀ ਹੈ ਜਿਸ ਲਈ ਲਗਪਗ 10-12 ਲੱਖ ਉਮੀਦਵਾਰ ਅਰਜ਼ੀਆਂ ਦਿੰਦੇ ਹਨ। ਮੁੱਖ ਪ੍ਰੀਖਿਆ ’ਚ ਚੁਣੌਤੀ ਹੋਰ ਜਟਿਲ ਹੋ ਜਾਂਦੀ ਹੈ ਜਿੱਥੇ ਵੱਖ-ਵੱਖ ਕੇਂਦਰਾਂ ’ਤੇ ਹਰ ਉਮੀਦਵਾਰ ਨੂੰ ਉਸ ਦੇ ਚੁਣੇ ਗਏ ਵਿਸ਼ੇ ਦਾ ਪ੍ਰਸ਼ਨ-ਪੱਤਰ ਉਪਲਬਧ ਕਰਵਾਉਣਾ ਹੁੰਦਾ ਹੈ।
ਇਹ ਚੁਣੌਤੀ ਉਸ ਵੇਲੇ ਹੋਰ ਵਧ ਜਾਂਦੀ ਹੈ ਜਦੋਂ ਵਿਸ਼ੇਸ਼ ਲੋੜਾਂ ਵਾਲੇ ਉਮੀਦਵਾਰਾਂ ਲਈ ਖ਼ਾਸ ਪ੍ਰਬੰਧ ਕਰਨੇ ਪੈਂਦੇ ਹਨ ਜਿਵੇਂ ਕਿ ਸਹਾਇਕ ਲੇਖਕ ਦੀ ਸੁਵਿਧਾ। ਦ੍ਰਿਸ਼ਟੀ ’ਚ ਅੜਿੱਕੇ ਵਾਲੇ ਉਮੀਦਵਾਰਾਂ ਨੂੰ ਵੱਡੇ ਫੌਂਟ ਵਿਚ ਪ੍ਰਸ਼ਨ ਪੱਤਰ ਦਿੱਤੇ ਜਾਂਦੇ ਹਨ। ਜੇਕਰ ਯੂਪੀਐੱਸਸੀ ਦਾ ਇਤਿਹਾਸ ਇਸ ਦੀ ਬੁਨਿਆਦ ਹੈ ਤਾਂ ਭਰੋਸਾ, ਇਮਾਨਦਾਰੀ ਅਤੇ ਨਿਰਪੱਖਤਾ ਇਸ ਦੇ ਥੰਮ੍ਹ ਹਨ। ਦਹਾਕਿਆਂ ਤੋਂ ਲੱਖਾਂ ਉਮੀਦਵਾਰਾਂ ਨੇ ਕਮਿਸ਼ਨ ’ਤੇ ਵਿਸ਼ਵਾਸ ਜਤਾਇਆ ਹੈ ਕਿ ਸਫਲਤਾ ਜਾਂ ਅਸਫਲਤਾ ਸਿਰਫ਼ ਉਨ੍ਹਾਂ ਦੀ ਯੋਗਤਾ ’ਤੇ ਨਿਰਭਰ ਕਰੇਗੀ। ਇਹ ਵਿਸ਼ਵਾਸ ਐਵੇਂ ਹੀ ਨਹੀਂ ਬਣਿਆ। ਇਸ ਨੂੰ ਵੱਡੀ ਮਿਹਨਤ ਅਤੇ ਇਮਾਨਦਾਰੀ ਨਾਲ ਬਣਾਇਆ ਗਿਆ ਹੈ। ਪ੍ਰਕਿਰਿਆਵਾਂ ਵਿਚ ਪਾਰਦਰਸ਼ਤਾ, ਮੁਲਾਂਕਣ ਵਿਚ ਨਿਸਰਪੱਖਤਾ ਅਤੇ ਗ਼ਲਤ ਤਰੀਕਿਆਂ ਖ਼ਿਲਾਫ਼ ਸਖ਼ਤ ਰੁਖ਼ ਨਾਲ ਇਹ ਸੰਭਵ ਹੋਇਆ ਹੈ। ਪ੍ਰਸ਼ਨ ਪੱਤਰ ਬਣਾਉਣ ਤੋਂ ਲੈ ਕੇ ਪ੍ਰੀਖਿਆ ਆਯੋਜਨ ਅਤੇ ਮੁਲਾਂਕਣ ਤੱਕ ਹਰ ਪੜਾਅ ’ਤੇ ਇਮਾਨਦਾਰੀ ਦਾ ਸਬੂਤ ਦਿੱਤਾ ਜਾਂਦਾ ਹੈ। ਇਮਾਨਦਾਰੀ ਦਾ ਮਤਲਬ ਹੈ ਸੰਸਥਾ ਨੂੰ ਰਾਜਨੀਤਕ ਜਾਂ ਬਾਹਰਲੇ ਦਬਾਅ ਤੋਂ ਬਚਾਉਣਾ, ਗੋਪਤਤਾ ਬਣਾਈ ਰੱਖਣਾ ਅਤੇ ਇਹ ਯਕੀਨੀ ਬਣਾਉਣਾ ਕਿ ਸਭ ਤੋਂ ਯੋਗ ਉਮੀਦਵਾਰ
ਹੀ ਚੁਣੇ ਜਾਣ। ਨਿਰਪੱਖਤਾ ਦਾ ਮਤਲਬ ਹੈ ਸਾਰੇ ਉਮੀਦਵਾਰਾਂ ਨੂੰ ਸਮਾਨ ਮੌਕਾ ਦੇਣਾ-ਚਾਹੇ ਉਹ ਸ਼ਹਿਰ ਤੋਂ ਹੋਣ ਜਾਂ ਪਿੰਡ ਤੋਂ, ਧਨਵਾਨ ਹੋਣ ਜਾਂ ਪੱਛੜੇ ਹੋਣ, ਅੰਗਰੇਜ਼ੀ ਵਿਚ ਨਿਪੁੰਨ ਹੋਣ ਜਾਂ ਨਾ ਹੋਣ। ਸਾਡੇ ਵਰਗੇ ਵੰਨ-ਸੁਵੰਨਤਾ ਨਾਲ ਭਰਪੂਰ ਦੇਸ਼ ਵਿਚ ਜਿੱਥੇ ਕਈ ਪੱਧਰਾਂ ’ਤੇ ਅਸਮਾਨਤਾ ਬਣੀ ਹੋਈ ਹੈ, ਉੱਥੇ ਯੂਪੀਐੱਸਸੀ ਪ੍ਰੀਖਿਆਵਾਂ ਨੂੰ ਸਮਾਨ ਮੌਕੇ ਦਾ ਮੈਦਾਨ ਮੰਨਿਆ ਜਾਂਦਾ ਹੈ। ਸੰਸਥਾ ਲਈ ਇਹ ਮਾਣ ਵਾਲੀ ਉਪਲਬਧੀ ਹੈ। ਅੱਜ ਜਦੋਂ ਅਸੀਂ ਯੂਪੀਐੱਸਸੀ ਦਾ ਸ਼ਤਾਬਦੀ ਸਮਾਰੋਹ ਮਨਾ ਰਹੇ ਹਾਂ ਤਾਂ ਅਸੀਂ ਉਨ੍ਹਾਂ ਗੁਮਨਾਮ ਨਾਇਕਾਂ ਨੂੰ ਵੀ ਸਨਮਾਨਤ ਕਰੀਏ ਜਿਨ੍ਹਾਂ ਕਾਰਨ ਇਹ ਸਫਲਤਾ ਸੰਭਵ ਹੋਈ।
ਇਨ੍ਹਾਂ ਵਿਚ ਪ੍ਰਸ਼ਨ ਤਿਆਰ ਕਰਨ ਅਤੇ ਮੁਲਾਂਕਣ ਕਰਨ ਵਾਲੇ ਮਾਹਰ ਪ੍ਰਮੁੱਖ ਹਨ। ਇਹ ਕਮਿਸ਼ਨ ਦੀ ਅਦ੍ਰਿਸ਼ ਰੀੜ੍ਹ ਦੀ ਹੱਡੀ ਹਨ। ਇਹ ਦੇਸ਼ ਦੇ ਬਿਹਤਰੀਨ ਮਾਹਰ ਹਨ। ਆਪਣੇ ਖੇਤਰਾਂ ਵਿਚ ਸਿਰਮੌਰ ਹੋਣ ਦੇ ਬਾਵਜੂਦ ਬਿਨਾਂ ਕਿਸੇ ਪਛਾਣ ਜਾਂ ਪ੍ਰਸਿੱਧੀ ਦੀ ਚਾਹਤ ਵਿਚ ਇਹ ਸਮਰਪਣ ਨਾਲ ਕੰਮ ਕਰਦੇ ਹਨ। ਉਨ੍ਹਾਂ ਦਾ ਸੂਖਮ ਕਾਰਜ, ਨਿਰਪੱਖ ਫ਼ੈਸਲੇ ਅਤੇ ਉੱਤਮਤਾ ਪ੍ਰਤੀ ਅਡੋਲ ਵਚਨਬੱਧਤਾ ਯੂਪੀਐੱਸਸੀ ਦੀ ਸਮਰੱਥਾ ਦਾ ਆਧਾਰ ਰਹੀ ਹੈ ਜੋ ਪ੍ਰੀਖਿਆ ਪ੍ਰਕਿਰਿਆ ਨੂੰ ਨਿਰਪੱਖ, ਪਾਰਦਰਸ਼ੀ ਅਤੇ ਮਜ਼ਬੂਤ ਬਣਾਉਂਦੀ ਹੈ। ਇਹੀ ਕਾਰਨ ਹੈ ਕਿ ਕਮਿਸ਼ਨ ਨੇ ਦੇਸ਼ ਦਾ ਭਰੋਸਾ ਜਿੱਤਿਆ ਅਤੇ ਸਮੇਂ ਦੀ ਹਰ ਕਸੌਟੀ ’ਤੇ ਖ਼ਰਾ ਉਤਰਿਆ। ਮੈਂ ਵਿਅਕਤੀਗਤ ਤੌਰ ’ਤੇ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਨਿਸ਼ਕਾਮ ਸੇਵਾ ਯਕੀਨੀ ਬਣਾਉਂਦੀ ਹੈ ਕਿ ਲੱਖਾਂ ਉਮੀਦਵਾਰਾਂ ਦੇ ਸੁਪਨਿਆਂ ਅਤੇ ਉਮੀਦਾਂ ਦਾ ਮੁਲਾਂਕਣ ਨਿਰਪੱਖਤਾ, ਸਖ਼ਤੀ ਅਤੇ ਪੂਰੀ ਇਮਾਨਦਾਰੀ ਨਾਲ ਹੋਵੇ।
ਸ਼ਤਾਬਦੀ ਵਰ੍ਹੇ ਵਿਚ ਦਾਖ਼ਲ ਹੋ ਰਹੇ ਕਮਿਸ਼ਨ ਲਈ ਇਹ ਪਲ ਸਿਰਫ਼ ਉਤਸਵ ਦਾ ਨਹੀਂ, ਬਲਕਿ ਵਿਆਪਕ ਮੰਥਨ ਦਾ ਵੀ ਹੈ। ਸ਼ਤਾਬਦੀ ਸਾਲ ਸਾਡੇ ਲਈ ਅਤੀਤ ਦਾ ਸਨਮਾਨ ਕਰਨ, ਵਰਤਮਾਨ ਦਾ ਜਸ਼ਨ ਮਨਾਉਣ ਅਤੇ ਅਗਲੇ ਸੌ ਸਾਲ ਦੀ ਦ੍ਰਿਸ਼ਟੀ ਤੈਅ ਕਰਨ ਦਾ ਵੀ ਮੌਕਾ ਹੈ। ਜਿਵੇਂ-ਜਿਵੇਂ ਭਾਰਤ ਦੁਨੀਆ ਵਿਚ ਆਪਣਾ ਪੁਰਾਣਾ ਵੱਕਾਰ ਮੁੜ ਪ੍ਰਾਪਤ ਕਰਨ ਵੱਲ ਵਧ ਰਿਹਾ ਹੈ, ਆਲਮੀ ਮੁਕਾਬਲੇਬਾਜ਼ੀ ਅਤੇ ਤਕਨੀਕੀ ਪ੍ਰਗਤੀ ਮੌਜੂਦਾ ਸ਼ਾਸਨ ਮਾਡਲ ਵਿਚ ਬਦਲਾਅ ਲਿਆ ਰਹੀਆਂ ਹਨ। ਅਜਿਹੇ ਵਿਚ ਇਕ ਸੰਸਥਾ ਵਜੋਂ ਯੂਪੀਐੱਸਸੀ ਇਨ੍ਹਾਂ ਤਬਦੀਲੀਆਂ ਮੁਤਾਬਕ ਆਪਣੇ-ਆਪ ਨੂੰ ਢਾਲੇਗਾ ਤਾਂ ਜੋ ਇਹ ਭਾਰਤੀ ਲੋਕਤੰਤਰ ਵਿਚ ਨਿਰਪੱਖਤਾ ਅਤੇ ਮੌਕੇ ਦਾ ਚਾਨਣਮੁਨਾਰਾ ਬਣਿਆ ਰਹੇ।
ਇਸ ਦਿਸ਼ਾ ਵਿਚ ਸਮੇਂ ਦੇ ਅਨੁਕੂਲ ਯਤਨ ਵੀ ਸ਼ੁਰੂ ਹੋ ਚੁੱਕੇ ਹਨ। ਨਵੇਂ ਆਨਲਾਈਨ ਅਰਜ਼ੀ ਪੋਰਟਲ ਨਾਲ ਉਮੀਦਵਾਰਾਂ ਲਈ ਅਰਜ਼ੀ ਪ੍ਰਕਿਰਿਆ ਆਸਾਨ ਹੋ ਗਈ ਹੈ। ਫੇਸ ਰਿਕਗਨਿਸ਼ਨ ਤਕਨੀਕ ਕਿਸੇ ਵੀ ਧੋਖਾਧੜੀ ਨੂੰ ਰੋਕਣ ਵਿਚ ਮਦਦਗਾਰ ਬਣੇਗੀ। ਅਸੀਂ ਚੁਣੇ ਗਏ ਉਮੀਦਵਾਰਾਂ ਦੀ ਤਲਾਸ਼ ਦੇ ਨਾਲ-ਨਾਲ ਉਨ੍ਹਾਂ ਦੀ ਮਦਦ ਵੀ ਕਰ ਰਹੇ ਹਾਂ ਜੋ ਸਾਡੀ ਪ੍ਰਕਿਰਿਆ ਵਿਚ ਹਿੱਸਾ ਲੈ ਰਹੇ ਹਨ। ਪ੍ਰਤਿਭਾ ਸੇਤੂ ਜਿਹੀ ਪਹਿਲ ਵੀ ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰ ਰਹੀ ਹੈ ਜੋ ਫਾਈਨਲ ਪਰਸਨੈਲਿਟੀ ਟੈਸਟ ਤੱਕ ਪਹੁੰਚਦੇ ਹਨ ਪਰ ਆਖ਼ਰੀ ਸੂਚੀ ਵਿਚ ਨਹੀਂ ਆਉਂਦੇ। ਸਮਰੱਥਾਵਾਂ ਨੂੰ ਹੋਰ ਵਧਾਉਣ ਦੀ ਦਿਸ਼ਾ ਵਿਚ ਏਆਈ ਦੇ ਪ੍ਰਯੋਗ ਨੂੰ ਵੀ ਅਪਣਾਇਆ ਜਾ ਰਿਹਾ ਹੈ।
ਕਮਿਸ਼ਨ ਦੇ ਮੁਖੀ ਅਤੇ ਹੋਰ ਮੈਂਬਰਾਂ ਦੇ ਨਾਲ ਯੂਪੀਐੱਸਸੀ ਦੇ ਸ਼ਤਾਬਦੀ ਸਾਲ ਦਾ ਉਤਸਵ ਮਨਾਉਂਦੇ ਹੋਏ ਅਸੀਂ ਸਾਰੇ ਆਪਣੀ ਵਿਰਾਸਤ ਦੀ ਮਜ਼ਬੂਤੀ ਅਤੇ ਸਮੂਹ ਸਮਾਜ ਦੁਆਰਾ ਇਸ ਸੰਸਥਾ ਵਿਚ ਪ੍ਰਗਟਾਏ ਜਾ ਰਹੇ ਵਿਸ਼ਵਾਸ ਤੋਂ ਪ੍ਰਭਾਵਿਤ ਅਤੇ ਪ੍ਰੇਰਿਤ ਹਾਂ। ਅਸੀਂ ਦੁਹਰਾਉਂਦੇ ਹਾਂ ਕਿ ਇਮਾਨਦਾਰੀ, ਨਿਰਪੱਖਤਾ ਅਤੇ ਬੇਮਿਸਾਲਤਾ ਦੇ ਇਸ ਸੁਨਹਿਰੀ ਮਾਪਦੰਡ ਨੂੰ ਬਣਾਈ ਰੱਖਾਂਗੇ। ਅੱਗੇ ਵਧਾਉਣ ਦਾ ਸਾਡਾ ਸੰਕਲਪ ਅਟਲ ਹੈ। ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਦੇ ਚੇਅਰਮੈਨ ਅਤੇ ਹੋਰ ਮੈਂਬਰਾਂ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਇਸ ਦੇ ਚੇਅਰਮੈਨ ਜਾਂ ਕਿਸੇ ਵੀ ਮੈਂਬਰ ਨੂੰ ਸੁਪਰੀਮ ਕੋਰਟ ਦੀ ਸਿਫ਼ਾਰਸ਼ ’ਤੇ ਰਾਸ਼ਟਰਪਤੀ ਵੱਲੋਂ ਹਟਾਇਆ ਜਾ ਸਕਦਾ ਹੈ। ਰਾਸ਼ਟਰਪਤੀ ਵੱਖ-ਵੱਖ ਕਾਰਨਾਂ ਕਾਰਨ ਆਪਣੀ ਮਰਜ਼ੀ ਨਾਲ ਵੀ ਉਨ੍ਹਾਂ ਨੂੰ ਹਟਾ ਸਕਦਾ ਹੈ। ਕਮਿਸ਼ਨ ਦੇ ਚੇਅਰਮੈਨ ਦਾ ਫ਼ਰਜ਼ ਹੈ ਕਿ ਉਹ ਕਮਿਸ਼ਨ ਵੱਲੋਂ ਸਾਰਾ ਸਾਲ ਕੀਤੇ ਗਏ ਕੰਮਾਂ ਦੀ ਰਿਪੋਰਟ ਰਾਸ਼ਟਰਪਤੀ ਕੋਲ ਪੇਸ਼ ਕਰੇ।
Share this content:



Post Comment