ਸੌਖੇ ਨਹੀਂ ਭਾਰਤ-ਚੀਨ ਸਬੰਧ ਠੀਕ ਹੋਣੇ
ਕੁਝ ਦਿਨ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਸੰਮੇਲਨ ਦੇ ਸਬੰਧ ਵਿਚ ਚੀਨ ਦਾ ਦੌਰਾ ਕੀਤਾ ਸੀ। ਉਹ ਸੱਤ ਸਾਲਾਂ ਬਾਅਦ ਚੀਨ ਗਏ ਸਨ। ਕੁਝ ਸਮਾਂ ਪਹਿਲਾਂ ਮੋਦੀ-ਟਰੰਪ ਦੀ ਦੋਸਤੀ ਦੇ ਸੋਹਲੇ ਗਾਉਣ ਅਤੇ ਚੀਨ ਨੂੰ ਭਾਰਤ ਦਾ ਦੁਸ਼ਮਣ ਨੰਬਰ ਇਕ ਗਰਦਾਨ ਰਹੇ ਨਿਊਜ਼ ਚੈਨਲ ਹੁਣ ਚੀਨ ਨੂੰ ਭਾਰਤ ਦਾ ਸਭ ਤੋਂ ਨਜ਼ਦੀਕੀ ਮਿੱਤਰ ਘੋਸ਼ਿਤ ਕਰ ਰਹੇ ਹਨ ਪਰ ਅਸਲੀਅਤ ਇਹ ਹੈ ਕਿ ਭਾਰਤ ਅਤੇ ਚੀਨ ਦੇ ਆਪਸੀ ਸਬੰਧ ਆਮ ਵਰਗੇ ਹੋਣੇ ਫ਼ਿਲਹਾਲ ਬਹੁਤ ਮੁਸ਼ਕਲ ਹਨ। ਇਸ ਦੌਰੇ ਨੇ ਭਾਰਤੀ ਮੀਡੀਆ ਵਿਚ ਵੱਡੇ ਪੱਧਰ ’ਤੇ ਉਤਸ਼ਾਹ ਦਾ ਸੰਚਾਰ ਕੀਤਾ ਹੈ ਪਰ ਇਸ ਦੀਆਂ ਪ੍ਰਾਪਤੀਆਂ ਕੁਝ ਖ਼ਾਸ ਨਹੀਂ ਹਨ। ਚੀਨ ਨਾਲ ਭਾਰਤ ਦੇ ਐਨੇ ਸਰਹੱਦੀ ਵਿਵਾਦ ਹਨ ਕਿ ਉਨ੍ਹਾਂ ਨੂੰ ਸੁਲਝਾਉਣ ਵਿਚ ਹੀ ਕਈ ਸਾਲ ਗੁਜ਼ਰ ਜਾਣਗੇ। ਆਪ੍ਰੇਸ਼ਨ ਸਿੰਧੂਰ ਸਮੇਂ ਚੀਨ ਨੇ ਪਾਕਿਸਤਾਨ ਦੀ ਹਥਿਆਰਾਂ ਅਤੇ ਗੁਪਤ ਸੂਚਨਾਵਾਂ ਦੇਣ ਸਮੇਤ ਹਰ ਪ੍ਰਕਾਰ ਦੀ ਖੁੱਲ੍ਹਮ-ਖੁੱਲ੍ਹੀ ਮਦਦ ਕੀਤੀ ਸੀ। ਇਸ ਤੋਂ ਇਲਾਵਾ ਉਸ ਨੇ ਦੋ ਕੁ ਮਹੀਨੇ ਪਹਿਲਾਂ ਭਾਰਤ ਨੂੰ ਖਾਦ ਅਤੇ ਦੁਰਲਭ ਖਣਿਜ ਪਦਾਰਥ (ਰੇਅਰ ਅਰਥ ਮੈਟਲਜ਼) ਦੇਣ ’ਤੇ ਪਾਬੰਦੀ ਵੀ ਲਗਾ ਦਿੱਤੀ ਸੀ।
ਦੋਵੇਂ ਦੇਸ਼ ਇਕ-ਦੂਸਰੇ ’ਤੇ ਦਬਾਅ ਵੀ ਪਾਈ ਰੱਖਣਾ ਚਾਹੁੰਦੇ ਹਨ ਤੇ ਸਬੰਧ ਵੀ ਸੁਧਾਰਨਾ ਚਾਹੁੰਦੇ ਹਨ। ਭਾਰਤ ਦਾ ਕਹਿਣਾ ਹੈ ਕਿ ਭਾਰਤ-ਚੀਨ ਸਬੰਧਾਂ ਵਿਚ ਕਿਸੇ ਤੀਸਰੀ ਧਿਰ ਦੀ ਦਖ਼ਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਅਗਸਤ ਮਹੀਨੇ ਵਿਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਆਪਣੇ ਭਾਰਤ ਦੌਰੇ ਸਮੇਂ ਅਮਰੀਕਾ ਦਾ ਨਾਂ ਨਾ ਲੈ ਕੇ ਇਕ ਬਿਆਨ ਦੇ ਦਿੱਤਾ ਸੀ ਕਿ ਭਾਰਤ ਚੀਨ ਨਾਲ ਮਿਲ ਕੇ ਆਲਮੀ ਧੌਂਸ ਦਾ ਮੁਕਾਬਲਾ ਕਰਨ ਲਈ ਰਾਜ਼ੀ ਹੋ ਗਿਆ ਹੈ। ਇਸ ਬਿਆਨ ਕਾਰਨ ਭਾਰਤ ਨਾਲ ਪਹਿਲਾਂ ਤੋਂ ਹੀ ਨਾਰਾਜ਼ ਚੱਲ ਰਿਹਾ ਟਰੰਪ ਹੋਰ ਭੜਕ ਗਿਆ ਸੀ। ਟਰੰਪ ਵੱਲੋਂ 50% ਟੈਰਿਫ (ਜੋ ਕਿ ਏਸ਼ੀਆ ਦੇ ਹੋਰ ਕਿਸੇ ਵੀ ਦੇਸ਼ ਨਾਲੋਂ ਵੱਧ ਹੈ) ਲਗਾਉਣ ਦੇ ਬਾਵਜੂਦ ਭਾਰਤ ਅਮਰੀਕਾ ਨਾਲ ਆਪਣੇ ਵਪਾਰਕ ਸਬੰਧ ਕਿਸੇ ਹਾਲਤ ਵਿਚ ਖ਼ਤਮ ਨਹੀਂ ਕਰ ਸਕਦਾ। ਇਸ ਦਾ ਕਾਰਨ ਇਹ ਹੈ ਕਿ ਅਮਰੀਕਾ ਹੀ ਇਕ ਅਜਿਹਾ ਵੱਡਾ ਦੇਸ਼ ਹੈ ਜਿੱਥੇ ਵਪਾਰ ਭਾਰਤ ਦੇ ਪੱਖ ਵਿਚ ਹੈ ਜਿਸ ਤੋਂ ਦੇਸ਼ ਨੂੰ ਹਰ ਸਾਲ ਕਰੋੜਾਂ ਡਾਲਰ ਦਾ ਫ਼ਾਇਦਾ ਹੁੰਦਾ ਹੈ।
ਚੀਨ ਭਾਰਤ ਦੇ ਅਮਰੀਕਾ ਨਾਲ ਵਿਗੜ ਰਹੇ ਸਬੰਧਾਂ ਕਾਰਨ ਅਮਰੀਕਾ ਖ਼ਿਲਾਫ਼ ਸਾਂਝਾ ਮੋਰਚਾ ਬਣਾਉਣਾ ਚਾਹੁੰਦਾ ਹੈ। ਟਰੰਪ ਚਾਹੇ ਰੋਜ਼ ਹੀ ਭਾਰਤ ਵਿਰੁੱਧ ਕੋਈ ਨਾ ਕੋਈ ਬਿਆਨ ਦਿੰਦਾ ਰਹਿੰਦਾ ਹੈ, ਫਿਰ ਵੀ ਉਹ ਚੀਨ ਨੂੰ ਹੀ ਆਪਣਾ ਸਭ ਤੋਂ ਵੱਡਾ ਸੈਨਿਕ ਅਤੇ ਵਪਾਰਕ ਦੁਸ਼ਮਣ ਮੰਨਦਾ ਹੈ। ਚੀਨ ਦੁਆਰਾ ਇਹ ਪ੍ਰਾਪੇਗੰਡਾ ਕੀਤਾ ਜਾ ਰਿਹਾ ਹੈ ਕਿ ਭਾਰਤ ਅਤੇ ਚੀਨ ਵਿਕਾਸਸ਼ੀਲ ਦੁਸ਼ਮਣ ਨਹੀਂ ਸਗੋਂ ਭਾਈਵਾਲ ਹਨ ਜਦਕਿ ਉਸ ਨੇ ਭਾਰਤ-ਚੀਨ ਸਰਹੱਦ ’ਤੇ ਭਾਰੀ ਸੈਨਿਕ ਬਲ ਤਾਇਨਾਤ ਕੀਤੇ ਹੋਏ ਹਨ ਤੇ ਉਸ ਵੱਲੋਂ ਅਰੁਣਾਚਲ ਪ੍ਰਦੇਸ਼ ਸਮੇਤ ਭਾਰਤ ਦੇ ਕਈ ਇਲਾਕਿਆਂ ’ਤੇ ਲਗਾਤਾਰ ਦਾਅਵਾ ਕੀਤਾ ਜਾਂਦਾ ਹੈ। ਉਹ ਭਾਰਤ ਦੇ ਵਿਰੋਧ ਦੇ ਬਾਵਜੂਦ ਬ੍ਰਹਮਪੁੱਤਰ ਨਦੀ ’ਤੇ ਸੰਸਾਰ ਦਾ ਸਭ ਤੋਂ ਵੱਡਾ ਡੈਮ ਬਣਾ ਰਿਹਾ ਹੈ ਜਿਸ ਦੀ ਮਦਦ ਨਾਲ ਉਹ ਭਾਰਤ ਵਿਚ ਜਦੋਂ ਚਾਹੇ, ਸੋਕਾ ਜਾਂ ਹੜ੍ਹ ਲਿਆ ਸਕਦਾ ਹੈ। ਭਾਰਤ-ਚੀਨ ਸਬੰਧਾਂ ਵਿਚ ਇਕ ਹੋਰ ਵੱਡਾ ਰੋੜਾ ਤਾਇਵਾਨ ਦਾ ਮਸਲਾ ਹੈ।
ਚੀਨ ਚਾਹੁੰਦਾ ਹੈ ਕਿ ਭਾਰਤ ਉਸ ਦੀ ਸੰਯੁਕਤ ਚੀਨ ਪਾਲਿਸੀ ਦਾ ਸਮਰਥਨ ਕਰੇ ਤੇ ਤਾਇਵਾਨ ਨੂੰ ਉਸ ਦਾ ਹਿੱਸਾ ਮੰਨੇ। ਵਾਂਗ ਯੀ ਦੇ ਦੌਰੇ ਤੋਂ ਬਾਅਦ ਚੀਨ ਨੇ ਦਾਅਵਾ ਕੀਤਾ ਸੀ ਕਿ ਭਾਰਤ ਨੇ ਉਸ ਦੀ ਇਹ ਗੱਲ ਮੰਨ ਲਈ ਹੈ ਪਰ ਜਦੋਂ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਦਾ ਖੰਡਨ ਕਰ ਦਿੱਤਾ ਤਾਂ ਉਸ ਨੇ ਇਸ ਦਾ ਬਹੁਤ ਬੁਰਾ ਮਨਾਇਆ ਸੀ। ਉਸ ਦੇ ਵਿਦੇਸ਼ ਮੰਤਰਾਲੇ ਨੇ ਸਖ਼ਤ ਬਿਆਨ ਜਾਰੀ ਕੀਤਾ ਸੀ ਕਿ ਭਾਰਤ ਦਾ ਇਹ ਬਿਆਨ ਹੈਰਾਨੀਜਨਕ ਹੈ ਕਿਉਂਕਿ ਉਸ ਨੇ ਦੁਵੱਲੀ ਗੱਲਬਾਤ ਦੌਰਾਨ ਇਸ ਬਾਰੇ ਸਹਿਮਤੀ ਪ੍ਰਗਟਾਈ ਸੀ। ਉਸ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਭਾਰਤ ਵਿਚ ਕੁਝ ਲੋਕ ਇਹ ਨਹੀਂ ਚਾਹੁੰਦੇ ਕਿ ਭਾਰਤ-ਚੀਨ ਸਬੰਧਾਂ ਵਿਚ ਸੁਧਾਰ ਆਵੇ। ਇਹ ਲੋਕ ਚੀਨ ਦੀ ਅਖੰਡਤਾ ਖ਼ਿਲਾਫ਼ ਕੰਮ ਕਰ ਰਹੇ ਹਨ ਤੇ ਉਹ ਇਸ ਪਹੁੰਚ ਦਾ ਪੁਰਜ਼ੋਰ ਵਿਰੋਧ ਕਰਦਾ ਹੈ। ਭਾਰਤ ਅਤੇ ਚੀਨ ਵਿਚ ਫ਼ਿਲਹਾਲ ਆਮ ਜਨਤਾ ਨਾਲ ਸਬੰਧਤ ਸਾਧਾਰਨ ਮੁੱਦੇ ਜਿਵੇਂ ਕਿ ਸਿੱਧੀਆਂ ਹਵਾਈ ਉਡਾਨਾਂ, ਹਿਮਾਲਿਆ ਪਰਬਤ ਰਸਤੇ ਵਪਾਰ, ਕੈਲਾਸ਼ ਮਾਨਸਰੋਵਰ ਯਾਤਰਾ ਅਤੇ ਸੌਖੀ ਵੀਜ਼ਾ ਪ੍ਰਣਾਲੀ ’ਤੇ ਹੀ ਗੱਲਬਾਤ ਚੱਲ ਰਹੀ ਹੈ। ਇਸ ਤੋਂ ਇਲਾਵਾ ਭਾਰਤ ਨੇ ਚੀਨ ਤੋਂ ਅਤਿ ਜ਼ਰੂਰੀ ਵਸਤਾਂ ਜਿਵੇਂ ਖਾਦਾਂ ਅਤੇ ਦੁਰਲਭ ਖਣਿਜ ਪਦਾਰਥਾਂ ਆਦਿ ’ਤੇ ਲੱਗੀਆਂ ਪਾਬੰਦੀਆਂ ਵੀ ਹਟਵਾ ਲਈਆਂ ਹਨ। ਇੱਥੇ ਵਰਣਨਯੋਗ ਹੈ ਕਿ ਚੀਨ ਨਾਲ ਸਾਡਾ ਵਪਾਰ ਚੀਨ ਪੱਖੀ ਹੈ।
ਮਿਸਾਲ ਦੇ ਤੌਰ ’ਤੇ ਜੇ ਭਾਰਤ ਚੀਨ ਤੋਂ 100 ਰੁਪਏ ਦਾ ਸਾਮਾਨ ਖ਼ਰੀਦਦਾ ਹੈ ਤਾਂ ਸਿਰਫ਼ 23 ਰੁਪਏ ਦਾ ਸਾਮਾਨ ਉਸ ਨੂੰ ਵੇਚਦਾ ਹੈ। ਦੂਸਰੇ ਪਾਸੇ ਟਰੰਪ ਦੇ 50% ਟੈਰਿਫ ਲਗਾਉਣ ਤੋਂ ਪਹਿਲਾਂ ਅਮਰੀਕਾ ਨਾਲ ਭਾਰਤ ਦਾ ਵਪਾਰ ਵਾਧਾ 400 ਕਰੋੜ ਡਾਲਰ ਸਾਲਾਨਾ ਤੋਂ ਵੱਧ ਸੀ ਪਰ ਮੁਸੀਬਤ ਇਹ ਕਿ ਦੁਰਲਭ ਖਣਿਜ ਪਦਾਰਥ (ਰੇਅਰ ਅਰਥ ਐਲੀਮੈਂਟਸ ਜਿਨ੍ਹਾਂ ਤੋਂ ਡਿਫੈਂਸ ਸਿਸਟਮ, ਬਿਜਲਈ ਕਾਰਾਂ ਅਤੇ ਇਲੈਕਟ੍ਰਾਨਿਕਸ ਦੇ ਜ਼ਰੂਰੀ ਪੁਰਜ਼ੇ ਬਣਦੇ ਹਨ) ਵਰਗੀਆਂ ਕਈ ਵਸਤਾਂ ’ਤੇ ਚੀਨ ਦਾ ਏਕਾਧਿਕਾਰ ਹੈ ਤੇ ਚੀਨ ਇਸ ਨੂੰ ਭਾਰਤ ਅਤੇ ਬਾਕੀ ਵਿਸ਼ਵ ਖ਼ਿਲਾਫ਼ ਹਥਿਆਰ ਵਾਂਗ ਵਰਤਦਾ ਹੈ। ਇਸ ਕਾਰਨ ਹੀ ਟਰੰਪ ਚਾਹ ਕੇ ਵੀ ਚੀਨ ’ਤੇ ਟੈਰਿਫ ਨਹੀਂ ਲਗਾ ਸਕਿਆ ਭਾਵੇਂ ਕਿ ਚੀਨ ਰੂਸ ਤੋਂ ਭਾਰਤ ਨਾਲੋਂ ਕਿਤੇ ਵੱਧ ਤੇਲ ਖ਼ਰੀਦਦਾ ਹੈ। ਵਾਂਗ ਯੀ ਦੇ ਦੌਰੇ ਅਤੇ ਐੱਸਸੀਓ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਰਮਿਆਨ ਹੋਈ ਮੁਲਾਕਾਤ ਦੌਰਾਨ ਬਾਰਡਰ ’ਤੇ ਵਧ ਰਹੇ ਤਣਾਅ ਨੂੰ ਖ਼ਤਮ ਕਰਨ ਸਬੰਧੀ ਖ਼ਬਰਾਂ ਚੱਲੀਆਂ ਸਨ। ਮੋਦੀ ਨੇ ਵਪਾਰਕ ਰਿਸ਼ਤਿਆਂ ਨੂੰ ਠੀਕ ਬਣਾਈ ਰੱਖਣ ਲਈ ਬਾਰਡਰ ’ਤੇ ਸ਼ਾਂਤੀ ਕਾਇਮ ਰੱਖਣ ’ਤੇ ਜ਼ੋਰ ਦਿੱਤਾ ਜਦਕਿ ਸ਼ੀ ਜਿਨਪਿੰਗ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਆਪਸੀ ਰਿਸ਼ਤਿਆਂ ਵਿਚ ਨਿੱਘ ਲਿਆਉਣ ਲਈ ਬਾਰਡਰ ’ਤੇ ਵਾਪਰ ਰਹੀਆਂ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ।
ਇਸ ਤੋਂ ਇਲਾਵਾ ਸਰਹੱਦੀ ਵਿਵਾਦ ਦੇ ਹੱਲ ਲਈ ਉਪਰਾਲਿਆਂ ਨੂੰ ਚੀਨ ਸਿਰਫ਼ ਸਿੱਕਮ ਤੱਕ ਸੀਮਤ ਰੱਖਣਾ ਚਾਹੁੰਦਾ ਹੈ ਜੋ ਭਾਰਤ ਨੂੰ ਮਨਜ਼ੂਰ ਨਹੀਂ ਹੈ। ਉਹ ਚਾਹੁੰਦਾ ਹੈ ਕਿ ਭਾਰਤ, ਚੀਨ ਅਤੇ ਇੰਗਲੈਂਡ ਦਰਮਿਆਨ 1890 ਈਸਵੀ ਵਿਚ ਸਿੱਕਮ ਅਤੇ ਤਿੱਬਤ ਸਬੰਧੀ ਹੋਈ ਸੰਧੀ ਨੂੰ ਮਨਜ਼ੂਰ ਕਰ ਲਵੇ। ਭਾਰਤ ਨੂੰ ਇਹ ਮਨਜ਼ੂਰ ਨਹੀਂ ਹੈ ਕਿਉਂਕਿ ਇਸ ਨਾਲ ਸਿੱਕਮ ਦਾ ਕਾਫ਼ੀ ਹਿੱਸਾ ਚੀਨ ਦੇ ਕਬਜ਼ੇ ਹੇਠ ਚਲਾ ਜਾਵੇਗਾ। ਭਾਰਤ ਦਾ ਇਹ ਵੀ ਕਹਿਣਾ ਹੈ ਕਿ ਉਹ ਚੀਨ ਦੀ ਕਿਸੇ ਬਸਤੀਵਾਦੀ ਦੇਸ਼ ਨਾਲ ਹੋਈ ਸੰਧੀ ਨੂੰ ਮਾਨਤਾ ਨਹੀਂ ਦੇ ਸਕਦਾ। ਸੰਮੇਲਨ ਦੌਰਾਨ ਸ਼ੀ ਨੇ ਸੰਦੇਸ਼ ਦਿੱਤਾ ਕਿ ਹਾਥੀ ਅਤੇ ਡਰੈਗਨ ਨੂੰ ਇਕੱਠੇ ਨਾਚ ਕਰਨਾ ਚਾਹੀਦਾ ਹੈ, ਭਾਵ ਕਿ ਦੋਵਾਂ ਦੇਸ਼ਾਂ ਨੂੰ ਸ਼ਾਂਤੀ ਅਤੇ ਸਹਿਯੋਗ ਨਾਲ ਰਹਿਣਾ ਚਾਹੀਦਾ ਹੈ ਪਰ ਚੀਨ ਕਦੇ ਵੀ ਪਾਕਿਸਤਾਨ ਦੀ ਕੀਮਤ ’ਤੇ ਭਾਰਤ ਨਾਲ ਵਪਾਰ ਤੋਂ ਇਲਾਵਾ ਹੋਰ ਕੋਈ ਸਹਿਯੋਗ ਨਹੀਂ ਵਧਾ ਸਕਦਾ। ਪਾਕਿਸਤਾਨ ਨੇ ਮਕਬੂਜ਼ਾ ਕਸ਼ਮੀਰ ਵਿੱਚੋਂ 5180 ਸਕੁਏਅਰ ਕਿੱਲੋਮੀਟਰ ਇਲਾਕਾ ਚੀਨ ਨੂੰ ਦਿੱਤਾ ਹੋਇਆ ਹੈ।
ਚੀਨ ਨੇ ਆਪਣੇ ਸੂਬੇ ਕਾਸ਼ਗਰ ਤੋਂ ਲੈ ਕੇ ਪਾਕਿਸਤਾਨ ਦੇ ਸ਼ਹਿਰ ਹਸਨ ਅਬਦਾਲ ਤੱਕ 1300 ਕਿੱਲੋਮੀਟਰ ਦੇ ਕਰੀਬ ਇਕ ਸੜਕ ਬਣਾਈ ਹੋਈ ਹੈ ਜਿਸ ਰਾਹੀਂ ਦੋਵਾਂ ਦੇਸ਼ਾਂ ਦਰਮਿਆਨ ਭਾਰੀ ਵਪਾਰ ਹੁੰਦਾ ਹੈ। ਇਸ ਤੋਂ ਇਲਾਵਾ ਚੀਨ ਨੇ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਅੰਦਰ ਗਵਾਦਰ ਨਾਮਕ ਇਕ ਬੰਦਰਗਾਹ ਤਿਆਰ ਕੀਤੀ ਹੈ ਜਿਸ ਦਾ ਸਾਰਾ ਕੰਟਰੋਲ ਚੀਨ ਕੋਲ ਹੈ। ਇਸ ਬੰਦਰਗਾਹ ਕਾਰਨ ਚੀਨ ਦੀ ਅਰਬ ਸਾਗਰ ਅਤੇ ਹੋਰਮਜ਼ ਦੀ ਖਾੜੀ ਤੱਕ ਸਿੱਧੀ ਪਹੁੰਚ ਹੋ ਗਈ ਹੈ। ਬਦਲੇ ਵਿਚ ਚੀਨ ਪਾਕਿਸਤਾਨ ਦੀ 90% ਹਥਿਆਰਾਂ ਦੀ ਪੂਰਤੀ ਬਹੁਤ ਹੀ ਵਾਜਬ ਕੀਮਤ ’ਤੇ ਕਰਦਾ ਹੈ। ਪਾਕਿਸਤਾਨ ਇਸ ਵੇਲੇ ਅਮਰੀਕਾ, ਰੂਸ ਅਤੇ ਚੀਨ, ਤਿੰਨਾਂ ਦੀਆਂ ਅੱਖਾਂ ਦਾ ਤਾਰਾ ਬਣਿਆ ਹੋਇਆ ਹੈ। ਦੂਸਰੇ ਪਾਸੇ ਟਰੰਪ ਪਤਾ ਨਹੀਂ ਕਿਸ ਗੱਲ ਤੋਂ ਭਾਰਤ ਨਾਲ ਨਾਰਾਜ਼ ਹੈ ਕਿ ਲਗਾਤਾਰ ਧਮਕੀਆਂ ਦੇ ਰਿਹਾ ਹੈ। ਇਸ ਦੇ ਬਾਵਜੂਦ ਭਾਰਤ ਚੀਨ ’ਤੇ ਬਹੁਤਾ ਭਰੋਸਾ ਨਹੀਂ ਕਰ ਸਕਦਾ। ਭਾਰਤ ਨੂੰ ਚੀਨ ਦੀ ਬਜਾਏ ਆਪਣੇ ਸਬੰਧ ਅਮਰੀਕਾ ਨਾਲ ਸੁਧਾਰਨੇ ਚਾਹੀਦੇ ਹਨ।
Share this content:



Post Comment