Loading Now

ਸੋਸ਼ਲ ਮੀਡੀਆ ਦੀ ਖਿੱਚ ਖ਼ਤਰਨਾਕ/ਅਵਜੀਤ ਪਾਠਕ

ਸੋਸ਼ਲ ਮੀਡੀਆ ਦੀ ਖਿੱਚ ਖ਼ਤਰਨਾਕ/ਅਵਜੀਤ ਪਾਠਕ

ਇੰਝ ਲੱਗਦਾ ਹੈ ਕਿ ਸੋਸ਼ਲ ਮੀਡੀਆ ਵਰਤਣ ਦੀ ਸਾਡੀ ਵਧਦੀ ਆਦਤ ਠੀਕ ਨਹੀਂ ਹੈ। ਸੋਸ਼ਲ ਮੀਡੀਆ, ਖ਼ਾਸ ਤੌਰ ’ਤੇ ਫੇਸਬੁੱਕ, ਇੰਸਟਾਗ੍ਰਾਮ ਅਤੇ ਯੂਟਿਊਬ ਵਰਗੇ ਪਲੈਟਫਾਰਮਾਂ ਦਾ ਜਨੂੰਨ ਸਾਡੇ ਬੱਚਿਆਂ ਦੀ ਮਾਨਸਿਕ ਸਿਹਤ, ਉਨ੍ਹਾਂ ਦੇ ਵਧਣ-ਫੁੱਲਣ ਦੀ ਪ੍ਰਕਿਰਿਆ, ਉਨ੍ਹਾਂ ਦੇ ਸਮਾਜਿਕ ਰਾਬਤੇ ਤੇ ਸਿੱਖਿਆ ਅਤੇ ਵਰਚੁਅਲ ਦੁਨੀਆ ਨਾਲ ਜੁੜਨ ਦੇ ਤੌਰ-ਤਰੀਕਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਕੀ ਇਹੀ ਕਾਰਨ ਹੈ ਕਿ ਆਸਟਰੇਲੀਆ ਨੇ ਪਹਿਲਾਂ ਹੀ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਕਈ ਯੂਰੋਪੀਅਨ ਦੇਸ਼ ਵੀ ਇਸੇ ਰਾਹ ’ਤੇ ਚੱਲਣ ਲਈ ਤਿਆਰ ਹਨ? ਭਾਰਤ ਵਿੱਚ ਵੀ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਪਾਬੰਦੀ ਲਗਾਉਣ ਬਾਰੇ ਬਹਿਸ ਤੇਜ਼ ਹੋ ਰਹੀ ਹੈ।

​ਜ਼ਰਾ ਸੋਚੋ, ਜੇਕਰ ਤੁਸੀਂ ਆਪਣੇ ਬੱਚੇ ਨੂੰ ਕੁਝ ਦਿਨਾਂ ਲਈ ਸਮਾਰਟਫੋਨ ਦੀ ਵਰਤੋਂ ਨਾ ਕਰਨ ਲਈ ਕਹੋ ਅਤੇ ਇਸ ਦੀ ਬਜਾਏ ਪੜ੍ਹਾਈ ’ਤੇ ਧਿਆਨ ਕੇਂਦਰਿਤ ਕਰਨ ਜਾਂ ਆਪਣੇ ਦੋਸਤਾਂ ਅਤੇ ਪਿਆਰਿਆਂ ਨਾਲ ਆਹਮੋ-ਸਾਹਮਣੇ ਗੱਲਬਾਤ ਕਰਨ ਲਈ ਉਤਸ਼ਾਹਿਤ ਕਰੋ ਤਾਂ ਤੁਹਾਡੇ ਬੱਚੇ ਦਾ ਰਵੱਈਆ ਕੀ ਹੋਵੇਗਾ? ​ਮੈਂ ਜਦੋਂ ਗਾਜ਼ੀਆਬਾਦ ਦੀ ਇੱਕ ਹਾਊਸਿੰਗ ਸੁਸਾਇਟੀ ਵਿੱਚ ਅਪਾਰਟਮੈਂਟ ਦੀ ਨੌਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਜਾਨ ਦੇਣ ਵਾਲੀਆਂ 16, 14 ਅਤੇ 12 ਸਾਲ ਦੀਆਂ ਤਿੰਨ ਭੈਣਾਂ ਦੀ ਹੋਣੀ ਬਾਰੇ ਸੋਚਦਾ ਹਾਂ ਤਾਂ ਮੈਨੂੰ ਸੱਚਮੁੱਚ ਭੈਅ ਆਉਂਦਾ ਹੈ। ਰਿਪੋਰਟਾਂ ਦੱਸਦੀਆਂ ਹਨ ਕਿ ਪਰਿਵਾਰ ਵਿੱਚ ਕਲੇਸ਼ ਸੀ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਸੀ ਕਿ ਉਨ੍ਹਾਂ ਦਾ ਪਿਤਾ ਆਪਣੀਆਂ ਤਿੰਨੇ ਧੀਆਂ ਦੀ ਸੋਸ਼ਲ ਮੀਡੀਆ ਵਰਤਣ ਅਤੇ ਔਨਲਾਈਨ ਕੋਰੀਅਨ ਗੇਮ ਖੇਡਣ ਦੀ ਲਤ ਤੋਂ ਖ਼ੁਸ਼ ਨਹੀਂ ਸੀ। ਅਜਿਹਾ ਲੱਗਦਾ ਹੈ ਕਿ ਉਹ ਇਸ ‘ਸਦਮੇ’ ਨੂੰ ਬਰਦਾਸ਼ਤ ਨਹੀਂ ਕਰ ਸਕੀਆਂ ਅਤੇ ਉਨ੍ਹਾਂ ਆਪਣੀਆਂ ਜ਼ਿੰਦਗੀਆਂ ਨੂੰ ਖ਼ਤਮ ਕਰਨ ਦਾ ਰਾਹ ਚੁਣ ਲਿਆ।

​ਅੱਜਕੱਲ੍ਹ ਮੈਂ ਤਕਨਾਲੋਜੀ ’ਤੇ ਦਵੰਦ ਬਾਰੇ ਹੋਰ ਵੀ ਜ਼ਿਆਦਾ ਯਕੀਨ ਕਰਨ ਲੱਗਾ ਹਾਂ। ਉਦਾਹਰਨ ਵਜੋਂ, ਸਮਾਰਟਫੋਨ ਵਰਗੇ ਉਪਕਰਨ ਬਾਰੇ ਸੋਚੋ! ਹਾਂ, ਇਹ ਜਾਦੂਈ ਜ਼ਰੂਰ ਹੈ, ਪਰ ਜੇਕਰ ਤੁਸੀਂ ਇਹ ਉਪਕਰਨ ਕਿਸੇ ਬੱਚੇ ਜਾਂ ਅੱਲ੍ਹੜ ਨੂੰ ਦੇ ਦਿਓਗੇ ਤਾਂ ਉਹ ਤੁਰੰਤ ਦੁਨੀਆ ਨਾਲ ਜੁੜ ਸਕਦਾ ਹੈ, ਫਿਲਮ ਦੇਖ ਸਕਦਾ ਹੈ, ਗੀਤ ਸੁਣ ਸਕਦਾ ਹੈ, ਵੀਡੀਓ ਗੇਮ ਖੇਡ ਸਕਦਾ ਹੈ, ਕਿਤਾਬ ਪੜ੍ਹ ਸਕਦਾ ਹੈ, ਰੀਲਾਂ ਤੇ ਵੀਡੀਓ ਬਣਾ ਸਕਦਾ ਹੈ ਅਤੇ ਫੇਸਬੁੱਕ, ਇੰਸਟਾਗ੍ਰਾਮ ਤੇ ਵੱਟਸਐਪ ਨੂੰ ਆਪਣੇ ਤਰੀਕੇ ਨਾਲ ਵਰਤ ਸਕਦਾ ਹੈ। ਦਰਅਸਲ, ਇਹ ਅਮਲ ਬੱਚਿਆਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਸਚਾਈ ਇਹ ਵੀ ਹੈ ਕਿ ਸਮਾਰਟਫੋਨ ਦੀ ਇਹ ਆਦਤ ਉਨ੍ਹਾਂ ਤੋਂ ਬਹੁਤ ਕੁਝ ਖੋਹ ਵੀ ਰਹੀ ਹੈ। ਉਹ ਜਿੰਨਾ ਜ਼ਿਆਦਾ ਸਕਰੀਨ ਦੇ ਆਦੀ ਹੁੰਦੇ ਹਨ, ਓਨੇ ਹੀ ਉਹ ਅਸਲ ਦੁਨੀਆ ਤੋਂ ਕੱਟੇ ਜਾਂਦੇ ਹਨ; ਉਹ ਜਿੰਨਾ ਜ਼ਿਆਦਾ ਔਨਲਾਈਨ ਗੇਮਾਂ ਖੇਡਦੇ ਹਨ, ਓਨੇ ਹੀ ਇਕੱਲੇ ਹੁੰਦੇ ਜਾਂਦੇ ਹਨ ਕਿਉਂਕਿ ਉਹ ਖੁੱਲ੍ਹੀ ਜਗ੍ਹਾ ਵਿੱਚ ਆਪਣੇ ਦੋਸਤਾਂ ਨਾਲ ਫੁੱਟਬਾਲ ਜਾਂ ਕ੍ਰਿਕਟ ਖੇਡਣ ਦੀ ਖ਼ੁਸ਼ੀ ਗੁਆ ਲੈਂਦੇ ਹਨ; ਉਹ ਜਿੰਨਾ ਜ਼ਿਆਦਾ ਸਕਰੋਲ ਕਰਦੇ ਹਨ, ਓਨਾ ਹੀ ਉਨ੍ਹਾਂ ਦਾ ਧਿਆਨ ਵੰਡਿਆ ਜਾਂਦਾ ਹੈ; ਅਤੇ ਜਿੰਨਾ ਸਮਾਂ ਉਹ ਆਪਣੀਆਂ ਵੀਡੀਓਜ਼ ਨੂੰ ਵਾਇਰਲ ਕਰਨ ਵਿੱਚ ਬਿਤਾਉਂਦੇ ਹਨ, ਓਨਾ ਹੀ ਘੱਟ ਸਮਾਂ ਉਨ੍ਹਾਂ ਨੂੰ ਇੱਕ ਕਿਤਾਬ ਨੂੰ ਛੂਹਣ, ਪੜ੍ਹਨ, ਮਹਿਸੂਸ ਕਰਨ, ਵਿਸ਼ਲੇਸ਼ਣ ਕਰਨ ਅਤੇ ਅਨੁਭਵ ਕਰਨ ਲਈ ਮਿਲਦਾ ਹੈ।

ਇਹ ਦਵੰਦ ਦੱਸਦਾ ਹੈ ਕਿ ਸੋਸ਼ਲ ਮੀਡੀਆ ਦੀ ਆਦਤ ਨੇ ਕਿਉਂ ਬੱਚਿਆਂ ਦੀ ਸਿਹਤ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ, ਉਨ੍ਹਾਂ ਦੀ ਚਿੰਤਾ ਵਧਾ ਦਿੱਤੀ ਹੈ, ਡਿਪਰੈਸ਼ਨ ਪੈਦਾ ਕੀਤਾ ਹੈ ਅਤੇ ਉਨ੍ਹਾਂ ਦੇ ਸਵੈ-ਮਾਣ ਨੂੰ ਵੀ ਠੇਸ ਪਹੁੰਚਾਈ ਹੈ। ਅਮਰੀਕੀ ਸਮਾਜਿਕ ਮਨੋਵਿਗਿਆਨੀ ਜੋਨਾਥਨ ਹਾਏਟ ਨੇ ਆਪਣੀ ਦਿਲਚਸਪ ਪੁਸਤਕ ‘ਦਿ ਐਂਗਸ਼ੀਅਸ ਜੈਨਰੇਸ਼ਨ’ ਵਿੱਚ ਇਸ ਸੰਕਟ ਦਾ ਵਿਸ਼ਲੇਸ਼ਣ ਕੀਤਾ ਹੈ। ਜੋਨਾਥਨ ਤਰਕ ਦਿੰਦਾ ਹੈ: ‘ਡਿਜੀਟਲ ਅੰਡਰ-ਪੇਰੈਂਟਿੰਗ’ (ਬੱਚਿਆਂ ’ਤੇ ਡਿਜੀਟਲ ਨਿਗਰਾਨੀ ਦੀ ਕਮੀ) ਨੇ ਲਤ ਲਾਉਣ ਅਤੇ ਮੁਕਾਬਲੇਬਾਜ਼ੀ ਵਾਲੇ ਸੋਸ਼ਲ ਮੀਡੀਆ ਤੱਕ ਬਿਨਾਂ ਨਿਗਰਾਨੀ ਦੇ ਪਹੁੰਚ ਆਸਾਨ ਬਣਾ ਦਿੱਤੀ ਹੈ; ਇਸੇ ਤਰ੍ਹਾਂ ‘ਰੀਅਲ ਵਰਲਡ ਓਵਰ-ਪੇਰੈਂਟਿੰਗ’ (ਅਸਲ ਦੁਨੀਆ ਵਿੱਚ ਬੱਚਿਆਂ ਨੂੰ ਲੈ ਕੇ ਹੱਦ ਤੋਂ ਵੱਧ ਫ਼ਿਕਰਮੰਦੀ) ਸਾਡੇ ਬੱਚਿਆਂ ਦੇ ਵਿਕਾਸ ਦੀ ਪ੍ਰਕਿਰਿਆ ਵਿੱਚ ਰੁਕਾਵਟ ਬਣ ਰਹੀ ਹੈ।

​ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਬਚਪਨ ਹੁਣ ਬਾਹਰ ‘ਖੇਡ’ ਕੇ ਨਹੀਂ ਬੀਤ ਰਿਹਾ ਸਗੋਂ ਇਹ ਹੁਣ ‘ਫੋਨ ਆਧਾਰਿਤ’ ਹੋ ਗਿਆ ਹੈ। ਇਸ ਲਈ ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਸਮਾਰਟਫੋਨ ਸਾਡੇ ਬੱਚਿਆਂ ਨੂੰ ਉਨ੍ਹਾਂ ਦੇ ਆਲੇ-ਦੁਆਲੇ ਤੋਂ ਦੂਰ ਕਰ ਰਹੇ ਹਨ ਅਤੇ ਅਸਲ ਜੀਵਨ ਦੀ ਦੋਸਤੀ ਦੀ ਥਾਂ ਖੋਖਲੇ ਔਨਲਾਈਨ ਸੰਵਾਦ ਲੈ ਰਹੇ ਹਨ। ਇਸ ‘ਉਤਾਵਲੀ ਪੀੜ੍ਹੀ’ ਲਈ ਹਾਏਟ ਸਾਨੂੰ ਚਿਤਾਵਨੀ ਦਿੰਦਾ ਹੈ ਕਿ ਨੀਂਦ ਦੀ ਕਮੀ, ਇਕਾਗਰਤਾ ਦਾ ਟੁੱਟਣਾ ਅਤੇ ਇਕੱਲਾਪਣ ਆਮ ਰੁਝਾਨ ਬਣਦੇ ਜਾ ਰਹੇ ਹਨ। ਭਾਰਤ ਵਿੱਚ ਇਸ ਸੰਕਟ ਦੀ ਗੰਭੀਰਤਾ ਨੂੰ ਸਮਝੋ: ਸਾਲਾਨਾ ਸਿੱਖਿਆ ਰਿਪੋਰਟ (2024) ਅਨੁਸਾਰ, ਸਾਡੇ 76 ਫ਼ੀਸਦੀ ਬੱਚੇ (14-16 ਉਮਰ ਵਰਗ) ਸੋਸ਼ਲ ਮੀਡੀਆ ਚਲਾਉਣ ਲਈ ਸਮਾਰਟਫੋਨ ਦੀ ਵਰਤੋਂ ਕਰਦੇ ਹਨ।

​ਕੰਟੈਂਟ ਕ੍ਰੀਏਟਰਾਂ ਜਾਂ ਯੂਟਿਊਬਰਾਂ ਦਾ ਇਨ੍ਹਾਂ ਕੋਮਲ ਮਨਾਂ ’ਤੇ ਪ੍ਰਭਾਵ ਵੀ ਓਨਾ ਹੀ ਡਰਾਉਣਾ ਹੈ। ਕਲਪਨਾ ਕਰੋ: ਤੁਹਾਡਾ ਬੱਚਾ ਉਦੋਂ ਤੱਕ ਸੌਂ ਨਹੀਂ ਸਕਦਾ ਜਦੋਂ ਤੱਕ ਉਹ ਹਰ ਰਾਤ ਕਿਸੇ ਮਸ਼ਹੂਰ ‘ਇਨਫਲੂਐਂਸਰ’ ਦੀਆਂ ਕਾਲਪਨਿਕ ਕਹਾਣੀਆਂ ਦੇਖ-ਸੁਣ ਨਹੀਂ ਲੈਂਦਾ। ਉੱਤਰਾਖੰਡ ਦੇ ਛੋਟੇ ਜਿਹੇ ਕਸਬੇ ਦਾ ਇੱਕ ਨੌਜਵਾਨ ਜਿਸ ਦੇ 3.1 ਕਰੋੜ ਤੋਂ ਵੱਧ ਫਾਲੋਅਰ ਹਨ ਅਤੇ ਉਹ ਲਗਾਤਾਰ ਮਹਿੰਗੀਆਂ ਕਾਰਾਂ ਮਰਸਿਡੀਜ਼-ਬੈਂਜ਼, ਜੀ-ਵੈਗਨ, ਪੋਰਸ਼ 718 ਬਾਕਸਟਰ ਅਤੇ ਟੋਇਟਾ ਫਾਰਚੂਨਰ ਲੈਜੈਂਡਰ ਪ੍ਰਤੀ ਆਪਣੀ ਖਿੱਚ ਦਾ ਮੁਜ਼ਾਹਰਾ ਕਰਦਾ ਰਹਿੰਦਾ ਹੈ। ਅਜਿਹਾ ਕੁਝ ਦੇਖਣਾ ਹੀਣ ਭਾਵਨਾ ਅਤੇ ਆਤਮ-ਸਨਮਾਨ ਡਿੱਗਣ ਦਾ ਕਾਰਨ ਬਣ ਸਕਦਾ ਹੈ। ਜਦੋਂ ਇਸ ਕਿਸਮ ਦਾ ਕੋਈ ‘ਇਨਫਲੂਐਂਸਰ’ ਇੱਕ ਕੋਮਲ ਮਨ ਦੇ ਲੜਕੇ ਦੀਆਂ ਇੱਛਾਵਾਂ ਨੂੰ ਆਕਾਰ ਦੇਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਹ ਸ਼ਾਇਦ ਇਹ ਵਿਸ਼ਵਾਸ ਕਰਨ ਲੱਗੇ ਕਿ ਜੇਕਰ ਕੋਈ ਹਰ ਰੋਜ਼ ਸਵੇਰੇ ਫੈਮਿਲੀ ਵਲੌਗ ਪਾ ਕੇ ਹੀ ਇੰਨਾ ਜ਼ਿਆਦਾ ਕਮਾ ਸਕਦਾ ਹੈ ਤਾਂ ਸਖ਼ਤ ਮਿਹਨਤ ਕਰਨ, ਡੂੰਘਾਈ ਨਾਲ ਪੜ੍ਹਨ ਅਤੇ ਰਚਨਾਤਮਕ ਹੁਨਰ ਨੂੰ ਨਿਖਾਰਨ ਦੀ ਕੀ ਲੋੜ ਹੈ? ਕੀ ਇਹੀ ਕਾਰਨ ਹੈ ਕਿ ਅਸੀਂ ਹਰ ਜਗ੍ਹਾ ਨੌਜਵਾਨਾਂ ਨੂੰ ਆਪਣੇ ਸਮਾਰਟਫੋਨ ਨਾਲ ਰੀਲਾਂ ਬਣਾਉਂਦੇ, ਵੀਡੀਓ ਅਪਲੋਡ ਕਰਦੇ, ਯੂਟਿਊਬ ਜਾਂ ਇੰਸਟਾਗ੍ਰਾਮ ’ਤੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕਰਦੇ ਅਤੇ ਤੁਰੰਤ ਪ੍ਰਸਿੱਧੀ ਤੇ ਸਫ਼ਲਤਾ ਲਈ ਜੱਦੋਜਹਿਦ ਕਰਦੇ ਦੇਖਦੇ ਹਾਂ? ਅਜਿਹਾ ਲੱਗਦਾ ਹੈ ਕਿ ‘ਲਾਈਕ ਐਂਡ ਸਬਸਕ੍ਰਾਈਬ’ ਸਾਡੇ ਸਮਿਆਂ ਦਾ ਪਸੰਦੀਦਾ ਮੰਤਰ ਬਣ ਗਿਆ ਹੈ।

​ਸਵਾਲ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਫਰੇਬ ਤੋਂ ਕਿਵੇਂ ਬਚਾ ਸਕਦੇ ਹਾਂ? ਭਾਵੇਂ ਅਸੀਂ ਆਪਣੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੇ ਵਿਚਾਰ ’ਤੇ ਇਤਰਾਜ਼ ਕਰੀਏ, ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਕੁਝ ਅਜਿਹਾ ਠੋਸ ਕਦਮ ਚੁੱਕੀਏ ਤਾਂ ਜੋ ਇਸ ਲਤ ਨੂੰ ਘਟਾਇਆ ਜਾ ਸਕੇ। ​ਦਰਅਸਲ, ਅਧਿਆਪਕਾਂ ਅਤੇ ਮਾਪਿਆਂ ਵਜੋਂ ਸਾਨੂੰ ਉਨ੍ਹਾਂ ਨਾਲ ਪਿਆਰ ਤੇ ਹਮਦਰਦੀ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਉਨ੍ਹਾਂ ਨੂੰ ਅਸਲ ਤੇ ਵਰਚੁਅਲ ਵਿੱਚ ਫ਼ਰਕ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ, ਦੋਸਤਾਂ ਤੇ ਗੁਆਂਢੀਆਂ ਨਾਲ ਮਿਲਣ-ਗਿਲਣ, ਭੱਜ-ਦੌੜ ਵਾਲੀਆਂ ਖੇਡਾਂ ਖੇਡਣ, ਚੰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਪਾਉਣ ਅਤੇ ਆਲੋਚਨਾਤਮਕ ਸੋਚ ਤੇ ਚਿੰਤਨ ਸ਼ਕਤੀ ਨੂੰ ਤੇਜ਼ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਨਾਲ ਗੱਲਬਾਤ ਕਰਨਾ ਅਤੇ ਉਨ੍ਹਾਂ ਨੂੰ ਇਹ ਸਮਝਾਉਣਾ ਵੀ ਓਨਾ ਹੀ ਮਹੱਤਵਪੂਰਨ ਹੈ ਕਿ ਸਾਡੀ ਰੋਜ਼ਾਨਾ ਹੋਂਦ ਸੁੰਦਰਤਾ, ਪ੍ਰਸਿੱਧੀ ਅਤੇ ਠਾਠ ਦੀਆਂ ਉਨ੍ਹਾਂ ਸਜਾ ਕੇ ਪੇਸ਼ ਕੀਤੀਆਂ ਤਸਵੀਰਾਂ ਵਰਗੀ ਨਹੀਂ ਹੁੰਦੀ, ਜੋ ਅਸੀਂ ਸਕਰੀਨ ’ਤੇ ਦੇਖਦੇ ਹਾਂ। ਇਹ ਵੀ ਸਮਝਾਉਣ ਦੀ ਲੋੜ ਹੈ ਕਿ ‘ਸਾਧਾਰਨ’, ‘ਅਧੂਰੇ’ ਹੋਣਾ ਅਤੇ ਫਿਰ ਵੀ ਪਿਆਰ, ਉਤਸੁਕਤਾ ਅਤੇ ਸੱਚੇ ਰਿਸ਼ਤਿਆਂ ਨਾਲ ਭਰਪੂਰ ਹੋਣਾ ਚੰਗੀ ਗੱਲ ਹੈ।

Share this content:

Post Comment