ਸਿੱਖੀ ਸਿਧਾਤਾਂ ਦਾ ਪ੍ਰਚਾਰ ਕੇਂਦਰ ਗੁਰਦੁਆਰਾ ਗਲੈਨਵੁੱਡ
ਸਿਡਨੀ, 2 ਅਕਤੂਬਰ – ਸਿਡਨੀ, ਆਸਟਰੇਲੀਆ ਦੇ ਪੂਰਬ ਸਾਗਰ ਤੱਟ ’ਤੇ ਵੱਸਿਆ ਸਭ ਤੋਂ ਵੱਧ ਆਬਾਦੀ ਵਾਲਾ ਖੂਬਸੂਰਤ ਸ਼ਹਿਰ ਹੈ। ਇਹ ਨਿਊ ਸਾਊਥ ਵੇਲਜ਼ ਪ੍ਰਾਂਤ ਦੀ ਰਾਜਧਾਨੀ ਵੀ ਹੈ। ਇਸ ਸ਼ਹਿਰ ਦੀ ਆਬਾਦੀ 55 ਲੱਖ ਤੋਂ ਵੱਧ ਹੈ। ਮਿਲੀਆਂ ਜੁਲੀਆਂ ਸੱਭਿਅਤਾਵਾਂ ਵਾਲੇ ਇਸ ਸ਼ਹਿਰ ਵਿੱਚ ਸਿੱਖਾਂ ਦੀ ਆਬਾਦੀ 2022 ਦੇ ਅੰਕੜਿਆਂ ਅਨੁਸਾਰ 38 ਹਜ਼ਾਰ ਤੋਂ ਜ਼ਿਆਦਾ ਸੀ, ਜਿਸ ਵਿੱਚ ਨਿਰੰਤਰ ਵਾਧਾ ਹੋਇਆ ਹੈ। ਸਿੱਖ ਜਿੱਥੇ ਵੀ ਗਏ, ਗੁਰੂ ਦਾ ਓਟ ਆਸਰਾ ਨਾਲ ਗਿਆ ਤੇ ਗੁਰੂ ਦਰਬਾਰ ਸਜਾਉਣ ਨੂੰ ਤਰਜੀਹ ਦਿੱਤੀ ਗਈ। ਪੰਜਾਬ ਗੁਰੂਆਂ ਦੀ ਧਰਤੀ ਮੰਨੀ ਜਾਂਦੀ ਹੈ, ਪਰ ਗੁਰੂ ਸਾਹਿਬਾਨ ਦਾ ਸੁਨੇਹਾ ਪੂਰੇ ਵਿਸ਼ਵ ਅਤੇ ਸਾਰੀ ਮਨੁੱਖਤਾ ਦੇ ਭਲੇ ਦਾ ਸੀ। ਇਹ ਮਿਸ਼ਨ ਅੱਜ ਵੀ ਜਾਰੀ ਹੈ। ਸਿਡਨੀ ਦਾ ਗੁਰਦੁਆਰਾ ਗਲੈਨਵੁੱਡ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਆਸਟਰੇਲੀਅਨ ਸਿੱਖ ਐਸੋਸੀਏਸ਼ਨ ਦੇ ਪ੍ਰਬੰਧ ਹੇਠ ਚੱਲ ਰਿਹੇ ਇਸ ਗੁਰਦੁਆਰੇ ਦਾ ਭਵਨ ਆਪਣੇ ਖੂਬਸੂਰਤ ਆਰਕੀਟੈਕਚਰ ਨਾਲ ਦੂਰੋਂ ਹੀ ਮਨ ਮੋਹ ਲੈਂਦਾ ਹੈ। ਉੱਚਾ ਝੂਲਦਾ ਨਿਸ਼ਾਨ ਸਾਹਿਬ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਮਨ ਅੰਦਰ ਸਿੱਖ ਹੋਣ ਦਾ ਮਾਣ ਪੈਦਾ ਕਰ ਦਿੰਦਾ ਹੈ। ਗੁਰਦੁਆਰਾ ਸਾਹਿਬ ਦਾ ਦਰਬਾਰ ਹਾਲ ਪੌੜੀਆਂ ਚੜ੍ਹ ਕੇ ਉੱਪਰ ਬਣਿਆ ਹੋਇਆ ਹੈ। ਬੀਬੀਆਂ ਤੇ ਪੁਰਸ਼ਾਂ ਲਈ ਵੱਖ ਵੱਖ ਜੋੜੇ ਘਰ ਬਣੇ ਹੋਏ ਹਨ। ਦਰਬਾਰ ਹਾਲ ਦੇ ਮੁੱਖ ਦੁਆਰ ਦੇ ਦੋਵੇਂ ਪਾਸੇ ਵੱਡੀਆਂ ਸਕਰੀਨਾਂ ਲੱਗੀਆਂ ਹੋਈਆਂ ਹਨ ਜਿਨ੍ਹਾਂ ਵਿੱਚ ਨਿੱਤ ਦਾ ਹੁਕਮਨਾਮਾ ਪੜ੍ਹਿਆ ਜਾ ਸਕਦਾ ਹੈ। ਗੁਰਦੁਆਰੇ ਦੇ ਪ੍ਰੋਗਰਾਮ ਲਾਈਵ ਚਲਾਏ ਜਾਂਦੇ ਹਨ।
ਸਾਲ 1970 ਵਿੱਚ ਗੁਰਦੁਆਰੇ ਦੀ ਉਸਾਰੀ ਦਾ ਕਾਰਜ ਆਰੰਭ ਹੋਇਆ ਸੀ, ਉਦੋਂ ਹੀ ਇਸ ਨੂੰ ਵਿਆਪਕ ਰੂਪ ਦੇਣ ਦਾ ਵਿਚਾਰ ਦ੍ਰਿੜ ਕਰ ਲਿਆ ਗਿਆ ਸੀ। ਗੁਰਦੁਆਰਾ ਸਾਹਿਬ ਨੂੰ ਆਮ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਾ ਅਸਥਾਨ ਅਤੇ ਸਾਧ ਸੰਗਤ ਦੇ ਜੁੜਨ ਦਾ ਕੇਂਦਰ ਮੰਨਿਆ ਜਾਂਦਾ ਹੈ। ਪ੍ਰਸਿੱਧ ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਨੇ ਇਸ ਨੂੰ ਵਿਆਪਕ ਅਰਥ ਦਿੰਦਿਆਂ ਕਿਹਾ ਸੀ ਕਿ ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ, ਆਤਮ ਜਗਿਆਸਾ ਵਾਲਿਆਂ ਲਈ ਗਿਆਨ ਉਪਦੇਸ਼ਕ, ਰੋਗੀਆਂ ਲਈ ਸ਼ਫ਼ਾਖ਼ਾਨਾ, ਭੁੱਖਿਆਂ ਲਈ ਅੰਨਪੂਰਣਾ, ਇਸਤਰੀ ਜਾਤੀ ਦੀ ਪੱਤ ਰੱਖਣ ਲਈ ਲੋਹਮਈ ਦੁਰਗਾ ਅਤੇ ਮੁਸਾਫ਼ਰਾਂ ਲਈ ਵਿਸ਼ਰਾਮ ਦਾ ਅਸਥਾਨ ਹੈ। ਗਲੈਨਵੁੱਡ ਦਾ ਗੁਰਦੁਆਰਾ ਇਸ ਭਾਵਨਾ ਤੋਂ ਪ੍ਰੇਰਿਤ ਵਿਖਾਈ ਦਿੰਦਾ ਹੈ। ਇਸ ਗੁਰਦੁਆਰੇ ਵਿੱਚ ਜਿੱਥੇ ਨਿੱਤ ਦੀ ਮਰਿਆਦਾ ਦੇ ਨਾਲ ਹੀ ਵਿਸ਼ੇਸ਼ ਕਥਾ ਅਤੇ ਕੀਰਤਨ ਸਮਾਗਮ ਚੱਲਦੇ ਰਹਿੰਦੇ ਹਨ, ਉੱਥੇ ਹੀ ਪੰਜਾਬ ਤੋਂ ਬਾਹਰ ਖ਼ਾਸ ਤੌਰ ’ਤੇ ਆਸਟਰੇਲੀਆ ਵਿੱਚ ਜੰਮੀ ਨਵੀਂ ਪੀੜ੍ਹੀ ਨੂੰ ਗੁਰਸਿੱਖੀ ਤੇ ਗੁਰਬਾਣੀ ਨਾਲ ਜੋੜਨ ਲਈ ਗੰਭੀਰ ਉਪਰਾਲੇ ਕੀਤੇ ਜਾ ਰਹੇ ਹਨ।
Share this content:



Post Comment