ਸਾਹਿਤ ਸੁਰ ਸੰਗਮ ਇਟਲੀ ਵੱਲੋਂ ਨਵੇਂ ਸਾਲ 2026 ਨੂੰ ਜੀ ਆਇਆ ਕਹਿੰਦਿਆਂ ਸਾਹਿਤਕ ਸਮਾਗਮ ਦੌਰਾਨ ਕਵੀ ਦਰਬਾਰ ਦਾ ਆਯੋਜਨ
ਇਟਲੀ, 29 ਜਨਵਰੀ – ਪਿਛਲੇ ਦਿਨੀਂ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਨਵੇਂ ਵਰ੍ਹੇ 2026 ਦੇ ਸੰਬੰਧ ਵਿੱਚ ਆਨ ਲਾਈਨ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕਵੀ ਦਰਬਾਰ ਤੇ ਵਿਚਾਰ ਚਰਚਾ ਕੀਤੀ ਗਈ। ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਨਵੇਂ ਬਣੇ ਪ੍ਰਧਾਨ ਮੇਜਰ ਸਿੰਘ ਖੱਖ ਨੇ ਸਭ ਨੂੰ ਜੀ ਆਇਆਂ ਕਹਿੰਦਿਆਂ ਸੁਰਜੀਤ ਪਾਤਰ ਅਤੇ ਗੁਰਭਜਨ ਸਿੰਘ ਗਿੱਲ ਹੁਰਾਂ ਦੀਆਂ ਖੂਬਸੂਰਤ ਰਚਨਾਵਾਂ ਨਾਲ ਹਾਜ਼ਰੀ ਲਗਵਾਈ। ਉਹਨਾਂ ਨੇ ਭਰੋਸਾ ਦਿਵਾਇਆ ਕਿ ਮਾਂ ਬੋਲੀ ਪੰਜਾਬੀ ਪ੍ਰਤੀ ਸਾਡੀ ਸੁਹਿਰਦਤਾ, ਦ੍ਰਿੜਤਾ ਅਤੇ ਵਚਨਬੱਧਤਾ ਹਮੇਸ਼ਾਂ ਕਾਇਮ ਰਹੇਗੀ। ਇਸਦੇ ਬਾਅਦ ਯੂਰਪੀਨ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਕਿਹਾ ਕਿ ਸਾਹਿਤ ਸੁਰ ਸੰਗਮ ਸਭਾ ਇਟਲੀ ਲੰਮੇ ਸਮੇਂ ਤੋਂ ਆਪਣਾ ਸਫ਼ਰ ਜਾਰੀ ਰੱਖੇ ਹੋਏ ਹੈ ਅਤੇ ਭਵਿੱਖ ਵਿੱਚ ਵੀ ਇਸ ਸੰਸਥਾ ਕੋਲੋਂ ਬਹੁਤ ਉਮੀਦਾਂ ਹਨ। ਇਟਲੀ ਵੱਸਦੇ ਗਜ਼ਲਗੋ ਪ੍ਰੇਮਪਾਲ ਸਿੰਘ ਨੇ ਸੋਹਜ ਭਰਪੂਰ ਸੁਰੀਲੇ ਅੰਦਾਜ਼ ਵਿੱਚ ਖ਼ੂਬਸੂਰਤ ਗਜ਼ਲ ਨਾਲ ਪੇਸ਼ਕਾਰੀ ਕੀਤੀ। ਭਿੰਦਰਜੀਤ ਕੌਰ ਅਤੇ ਜਸਵਿੰਦਰ ਕੌਰ ਮਿੰਟੂ ਨੇ ਅਧਿਆਤਮਿਕਤਾ ਨਾਲ ਜੁੜੀਆਂ ਆਪਣੀਆਂ ਕਵਿਤਾਵਾਂ ਨਾਲ ਹਾਜ਼ਰੀ ਲਗਵਾਈ।

ਸਭਾ ਦੇ ਖਜ਼ਾਨਚੀ ਨਰਿੰਦਰ ਸਿੰਘ ਪਨੂੰ ਨੇ ਉੱਚੀ ਸੁਰ ਨਾਲ ਕਵੀਸ਼ਰੀ ਅੰਦਾਜ਼ ਵਿੱਚ ਇਤਿਹਾਸਕ ਪੱਖ ਨੂੰ ਮੁੱਖ ਰੱਖਕੇ ਰਚਨਾ ਪੇਸ਼ ਕੀਤੀ। ਪ੍ਰੋ ਜਸਪਾਲ ਸਿੰਘ ਨੇ ਨਵੇਂ ਵਰ੍ਹੇ ਦੇ ਨਾਲ ਨਾਲ ਲੋਹੜੀ, ਮਾਘੀ ਤੇ ਬਸੰਤ ਦੇ ਤਿਉਹਾਰ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਇਹਨਾਂ ਤਿਉਹਾਰਾਂ ਦੀ ਮਹੱਹਤਾ ਬਾਰੇ ਦੱਸਿਆ। ਇਸ ਸਮੇਂ ਸ਼ਾਮਿਲ ਲੇਖਕਾਂ ਵਲੋਂ 26 ਜਨਵਰੀ ਗਣਤੰਤਰ ਦਿਵਸ ਦੀਆਂ ਵਧਾਈਆਂ ਵੀ ਸੱਭ ਨਾਲ ਸਾਂਝੀਆਂ ਕੀਤੀਆਂ ਗਈਆਂ। ਚੰਡੀਗੜ੍ਹ ਤੋਂ ਪੂਜਾ ਧੁੰਮਾ ਅਤੇ ਉਸਦੇ ਜੀਵਨ ਸਾਥੀ ਰੋਹਿਤ ਵੱਲੋਂ ਨਿਵੇਕਲੇ ਅੰਦਾਜ਼ ਵਿੱਚ ਕੀਤੀ ਪੇਸ਼ਕਾਰੀ ਨੇ ਸਭ ਦਾ ਦਿਲ ਜਿੱਤਿਆ। ਇਸ ਸਮੁੱਚੇ ਸਮਾਗਮ ਦਾ ਸੰਚਾਲਨ ਸਭਾ ਦੇ ਮੁੱਖ ਸਲਾਹਕਾਰ ਦਲਜਿੰਦਰ ਸਿੰਘ ਰਹਿਲ ਨੇ ਕੀਤਾ। ਉਹਨਾਂ ਆਪਣੀ ਇੱਕ ਕਵਿਤਾ ਦੇ ਨਾਲ ਪ੍ਰੋ ਗੁਰਭਜਨ ਸਿੰਘ ਗਿੱਲ ਅਤੇ ਕੁਲਵੰਤ ਕੌਰ ਢਿੱਲੋਂ ਦੇ ਭੇਜੇ ਸੁਨੇਹੇ ਨੂੰ ਵੀ ਸਾਂਝਾ ਕੀਤਾ। ਸਭਾ ਦੇ ਜਨਰਲ ਸਕੱਤਰ ਸਿੱਕੀ ਝੱਜੀ ਪਿੰਡ ਵਾਲਾ ਨੇ ਜਿੱਥੇ ਆਪਣੇ ਕੁਝ ਗੀਤਾਂ ਦੇ ਮੁੱਖੜੇ ਪੇਸ਼ ਕੀਤੇ ਉੱਥੇ ਉਹਨਾਂ ਨੇ ਸਭ ਦਾ ਹਾਰਦਿਕ ਧੰਨਵਾਦ ਕਰਦਿਆਂ ਕਿਹਾ ਕਿ ਸਭਾ ਵੱਲੋਂ ਅਜਿਹੇ ਸਮਾਗਮਾਂ ਦਾ ਆਯੋਜਨ ਲਗਾਤਾਰ ਜਾਰੀ ਰਹੇਗਾ। ਅੰਤ ਵਿੱਚ ਸਭਾ ਵਲੋਂ ਸਾਹਿਤਕਾਰ ਕੰਵਲ ਕਸ਼ਮੀਰੀ, ਨਾਟਕਕਾਰ ਜਤਿੰਦਰ ਬਰਾੜ, ਨੌਜਵਾਨ ਤਰਨਜੋਤ, ਪੱਤਰਕਾਰ ਮਾਰਕ ਟੱਲੀ ਦੀ ਮੌਤ ਸਮੇਤ ਫੌਜ ਦੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸ਼ੋਕ ਸਮਾਚਾਰ ਸਾਂਝਾ ਕੀਤਾ ।
Share this content:


Post Comment