ਸਾਬਤ ਕਰ ਦੇਵਾਂਗੇ ਕਿ ਮੋਦੀ ‘ਵੋਟ ਚੋਰੀ’ ਕਰਕੇ ਪ੍ਰਧਾਨ ਮੰਤਰੀ ਬਣੇ: ਰਾਹੁਲ
ਨਵੀਂ ਦਿੱਲੀ, 8 ਅਗਸਤ – ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵੋਟਰ ਸੂਚੀਆਂ ਵਿਚ ਕਥਿਤ ਹੇਰਾਫੇਰੀ ਦੇ ਮੁੱਦੇ ’ਤੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਜੇਕਰ ਚੋਣ ਕਮਿਸ਼ਨ ਇਲੈਕਟ੍ਰੋਨਿਕ ਡੇਟਾ ਮੁਹੱਈਆ ਕਰਵਾ ਦੇਵੇ ਤਾਂ ਕਾਂਗਰਸ ਇਹ ਸਾਬਤ ਕਰ ਦੇੇਵੇਗੀ ਨਰਿੰਦਰ ਮੋਦੀ ‘ਵੋਟ ਚੋਰੀ’ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ। ਰਾਹੁਲ ਗਾਂਧੀ ਨੇ ਵੋਟ ਚੋਰੀ ਦੇ ਆਪਣੇ ਦੋਸ਼ਾਂ ਨੂੰ ਦੁਹਰਾਇਆ ਅਤੇ ਚੋਣ ਕਮਿਸ਼ਨ ਵੱਲੋਂ ਉਨ੍ਹਾਂ ਤੋਂ ਸਹੁੰ ਚੁੱਕ ਕੇ ਹਲਫ਼ਨਾਮਾ ਮੰਗਣ ਦੀ ਆਲੋਚਨਾ ਕੀਤੀ। ਗਾਂਧੀ ਨੇ ਦੋਸ਼ ਲਗਾਇਆ ਕਿ ਚੋਣ ਕਮਿਸ਼ਨ ਅਤੇ ਭਾਜਪਾ ਨੇ ਲੋਕ ਸਭਾ ਚੋਣਾਂ ਵਿਚ ਲੋਕਾਂ ਦੀਆਂ ਵੋਟਾਂ ਚੋਰੀ ਕਰਨ ਲਈ ਕਥਿਤ ਮਿਲੀਭੁਗਤ ਕੀਤੀ। ਉਨ੍ਹਾਂ ਕਿਹਾ, ‘‘ਚੋਣ ਕਮਿਸ਼ਨ ਮੈਨੂੰ ਸਹੁੰ ਚੁੱਕ ਕੇ ਜਾਣਕਾਰੀ ਦੇਣ ਲਈ ਕਹਿੰਦਾ ਹੈ।
ਮੈਂ ਸੰਸਦ ਦੇ ਅੰਦਰ ਸੰਵਿਧਾਨ ਨੂੰ ਫੜ ਕੇ ਸਹੁੰ ਚੁੱਕੀ ਹੈ।’’ ਉਨ੍ਹਾਂ ਦੋਸ਼ ਲਗਾਇਆ ਕਿ ਅੱਜ ਜਦੋਂ ਲੋਕ ਉਨ੍ਹਾਂ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਆਧਾਰ ’ਤੇ ਚੋਣ ਕਮਿਸ਼ਨ ਉੱਤੇ ਸਵਾਲ ਉਠਾ ਰਹੇ ਹਨ, ਤਾਂ ਚੋਣ ਕਮਿਸ਼ਨ ਨੇ ਆਪਣੀ ਵੈੱਬਸਾਈਟ ਹੀ ਬੰਦ ਕਰ ਦਿੱਤੀ ਹੈ। ਗਾਂਧੀ ਨੇ ਦੋਸ਼ ਲਗਾਇਆ ਕਿ ਮੱਧ ਪ੍ਰਦੇਸ਼, ਰਾਜਸਥਾਨ ਅਤੇ ਬਿਹਾਰ ਵਿੱਚ ਚੋਣ ਕਮਿਸ਼ਨ ਦੀਆਂ ਵੈੱਬਸਾਈਟਾਂ ਬੰਦ ਕਰ ਦਿੱਤੀਆਂ ਗਈਆਂ ਹਨ ਕਿਉਂਕਿ ਉਹ ਜਾਣਦੇ ਸਨ ਕਿ ਜੇਕਰ ਲੋਕਾਂ ਨੇ ਅੰਕੜਿਆਂ ਦੇ ਆਧਾਰ ‘ਤੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਤਾਂ ਉਨ੍ਹਾਂ ਦਾ ਪੂਰਾ ਢਾਂਚਾ ਢਹਿ ਜਾਵੇਗਾ। ਰਾਹੁਲ ਗਾਂਧੀ ਨੇ ਬੰਗਲੂਰੂ ਦੇ ਫ੍ਰੀਡਮ ਪਾਰਕ ਵਿਚ ‘ਵੋਟ ਅਧਿਕਾਰ ਰੈਲੀ’ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਇਕ ਦਿਨ ਫੜਿਆ ਜਾਵੇਗਾ ਕਿਉਂਕਿ ਇਹ ਅਪਰਾਧਿਕ ਕਾਰਵਾਈ ਹੈ।
Share this content:



Post Comment