ਸ਼ਹੀਦਾਂ ਨੂੰ ਯਾਦ ਕਰਨ ਲਈ ਉਮਰ ਨੂੰ ਟੱਪਣੀ ਪਈ ਕਬਰਿਸਤਾਨ ਦੀ ਕੰਧ
ਸ੍ਰੀਨਗਰ, 15 ਜੁਲਈ – ਜੰਮੂ-ਕਸ਼ਮੀਰ ਪੁਲਸ ਵੱਲੋਂ ਐਤਵਾਰ ਸੂਬਾਈ ਮੰਤਰੀਆਂ ਸਮੇਤ ਕਸ਼ਮੀਰੀ ਆਗੂਆਂ ਨੂੰ ਸ਼ਹੀਦਾਂ ਦੇ ਇਤਿਹਾਸਕ ਕਬਰਿਸਤਾਨ ਜਾਣ ਤੋਂ ਰੋਕ ਦਿੱਤੇ ਜਾਣ ਤੋਂ ਇੱਕ ਦਿਨ ਬਾਅਦ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਨੈਸ਼ਨਲ ਕਾਨਫਰੰਸ ਦੇ ਹੋਰ ਆਗੂ ਸੋਮਵਾਰ ਸਵੇਰੇ 13 ਜੁਲਾਈ, 1931 ਨੂੰ ਮਾਰੇ ਗਏ 22 ਨਾਗਰਿਕਾਂ ਨੂੰ ਸ਼ਰਧਾਂਜਲੀ ਦੇਣ ਲਈ ਸ੍ਰੀਨਗਰ ਦੇ ਪੁਰਾਣੇ ਸ਼ਹਿਰ ਪਹੁੰਚੇ। ਉਮਰ ਨੇ ਇਹ ਵੀ ਕਿਹਾ ਕਿ ਫੇਰੀ ਦੌਰਾਨ ਪੁਲਸ ਨੇ ਉਨ੍ਹਾ ਦੀ ਖਿੱਚਧੂਹ ਕੀਤੀ ਸੀ। ਉਂਝ ਇਸ ਦੌਰਾਨ ਉਹ ਕਬਰਿਸਤਾਨ ਵਿੱਚ ਦਾਖਲ ਹੋਣ ਲਈ ਕੰਧ ’ਤੇ ਚੜ੍ਹ ਗਏ ਤੇ ਅੰਦਰ ਜਾ ਪੁੱਜੇ। ਉਮਰ ਨੇ ਐੱਕਸ ’ਤੇ ਪਾਈ ਇਕ ਪੋਸਟ ਵਿੱਚ ਲਿਖਿਆ, ‘13 ਜੁਲਾਈ, 1931 ਦੇ ਸ਼ਹੀਦਾਂ ਦੀਆਂ ਕਬਰਾਂ ’ਤੇ ਆਪਣੀ ਅਕੀਦਤ ਭੇਟ ਕੀਤੀ ਅਤੇ ਫਾਤਿਹਾ ਪੜ੍ਹਿਆ। ਅਣ-ਚੁਣੀ ਸਰਕਾਰ ਨੇ ਮੇਰਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ, ਮੈਨੂੰ ਨੌਹੱਟਾ ਚੌਕ ਤੋਂ ਪੈਦਲ ਜਾਣ ਲਈ ਮਜਬੂਰ ਕੀਤਾ।
ਉਨ੍ਹਾਂ ਨਕਸ਼ਬੰਦ ਸਾਹਿਬ ਦਰਗਾਹ ਦੇ ਗੇਟ ਨੂੰ ਬੰਦ ਕਰ ਦਿੱਤਾ, ਮੈਨੂੰ ਕੰਧ ’ਤੇ ਚੜ੍ਹਨ ਲਈ ਮਜਬੂਰ ਕੀਤਾ। ਉਨ੍ਹਾਂ ਮੈਨੂੰ ਸਰੀਰਕ ਤੌਰ ’ਤੇ ਫੜਨ ਦੀ ਕੋਸ਼ਿਸ਼ ਕੀਤੀ, ਪਰ ਮੈਨੂੰ ਅੱਜ ਰੋਕਿਆ ਨਹੀਂ ਜਾ ਸਕਦਾ ਸੀ। ਮੈਨੂੰ ਜਿਸਮਾਨੀ ਤੌਰ ’ਤੇ ਫੜਿਆ ਗਿਆ, ਪਰ ਮੈਂ ਸਖਤ ਜਾਨ ਹਾਂ ਅਤੇ ਮੈਨੂੰ ਰੋਕਿਆ ਨਹੀਂ ਜਾ ਸਕਦਾ। ਮੈਂ ਕੁਝ ਵੀ ਨਾਜਾਇਜ਼ ਜਾਂ ਗੈਰ-ਕਾਨੂੰਨੀ ਨਹੀਂ ਕਰ ਰਿਹਾ ਸੀ। ਦਰਅਸਲ, ਇਨ੍ਹਾਂ ‘ਕਾਨੂੰਨ ਦੇ ਰਾਖਿਆਂ’ ਨੂੰ ਇਹ ਦੱਸਣ ਦੀ ਜ਼ਰੂਰਤ ਹੈ ਕਿ ਉਹ ਕਿਸ ਕਾਨੂੰਨ ਤਹਿਤ ਸਾਨੂੰ ਫਾਤਿਹਾ ਭੇਟ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। ਮੁੱਖ ਮੰਤਰੀ ਹੀ ਨਹੀਂ, ਜੰਮੂ-ਕਸ਼ਮੀਰ ਦੀ ਮੰਤਰੀ ਸਕੀਨਾ ਇਟੂ ਵੀ ਸਕੂਟਰ ’ਤੇ ਕਬਰਿਸਤਾਨ ਪਹੁੰਚੀ। ਸ੍ਰੀਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਨਿੱਚਰਵਾਰ ਸਿਆਸੀ ਪਾਰਟੀਆਂ ਨੂੰ ਸ਼ਹੀਦੀ ਦਿਵਸ ’ਤੇ ਸ਼ਹੀਦਾਂ ਦੇ ਇਤਿਹਾਸਕ ਕਬਰਿਸਤਾਨ ਵਿੱਚ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
Share this content:



Post Comment