Loading Now

ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਵਿਖੇ ‘ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ’ ਨੂੰ ਸਮਰਪਿਤ ਇਕ ਰੋਜ਼ਾ ਸੈਮੀਨਾਰ ਦਾ ਆਯੋਜਨ

ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਵਿਖੇ ‘ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ’ ਨੂੰ ਸਮਰਪਿਤ ਇਕ ਰੋਜ਼ਾ ਸੈਮੀਨਾਰ ਦਾ ਆਯੋਜਨ

*ਮਾਤ ਭਾਸਾ ਕੇਵਲ ਗੱਲਬਾਤ ਦਾ ਜਰੀਆ ਨਹੀਂ ਸਗੋਂ, ਸਾਡੀ ਮਾਨਸਿਕਤਾ ਅਤੇ ਸੱਭਿਆਚਾਰਕ-ਵਿਰਾਸਤ ਦੀ ਰੂਹ ਹੁੰਦੀ ਹੈ : ਡਾ.ਸਤਨਾਮ ਸਿੰਘ ਜੱਸਲ

ਬਠਿੰਡਾ, 21 ਫਰਵਰੀ (ਏ.ਡੀ.ਪੀ ਨਿਊਜ਼) – ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਦੇ ਪੰਜਾਬੀ ਵਿਭਾਗ ਅਤੇ ਸਾਹਿਤ ਸਭਾ ਵੱਲੋਂ ਸਾਂਝ੍ਹੇ ਤੌਰ ‘ਤੇ “ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ” ਦੇ ਸਬੰਧ ਵਿੱਚ ਇੱਕ ਰੋਜ਼ਾ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।ਇਹ ਸਮਾਗਮ ਕਾਲਜ ਦੇ ਪ੍ਰਿੰਸੀਪਲ ਡਾ. ਜਯੋਤਸਨਾ ਜੀ ਦੀ ਯੋਗ ਅਤੇ ਕੁਸ਼ਲ ਅਗਵਾਈ ਹੇਠ ਸੰਪੰਨ ਹੋਇਆ,ਜਿਸ ਵਿੱਚ “ਮਾਂ- ਬੋਲੀ ਪੰਜਾਬੀ” ਦੀ ਵਰਤਮਾਨ ਸਥਿਤੀ ਅਤੇ ਭਵਿੱਖ ਦੀਆਂ ਚੁਣੌਤੀਆਂ ‘ਤੇ ਗੰਭੀਰ ਵਿਚਾਰ ਚਰਚਾ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾ. ਜਯੋਤਸਨਾ ਨੇ ਆਏ ਹੋਏ ਮਹਿਮਾਨ ਡਾ. ਸਤਨਾਮ ਸਿੰਘ ਜੱਸਲ ਜੀ ਦਾ ਸਵਾਗਤ ਕਰਦਿਆਂ ਪੰਜਾਬੀ ਵਿਭਾਗ ਅਤੇ ਸਾਹਿਤ ਸਭਾ ਦੇ ਇਸ ਸਾਂਝ੍ਹੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿੱਦਿਅਕ ਸੰਸਥਾਵਾਂ ਦਾ ਇਹ ਮੁੱਢਲਾ ਫ਼ਰਜ਼ ਹੈ ਕਿ ਉਹ ਨਵੀਂ ਪੀੜ੍ਹੀ ਨੂੰ ਆਪਣੀ ਮਾਂ-ਬੋਲੀ ਦੇ ਸਤਿਕਾਰ ਪ੍ਰਤੀ ਹਰ ਪੱਖੋਂ ਜਾਗਰੂਕ ਕਰਨ। ਪੰਜਾਬੀ ਵਿਭਾਗ ਦੇ ਮੁਖੀ ਡਾ. ਬਲਜਿੰਦਰ ਕੌਰ ਨੇ ਮੁੱਖ ਵਕਤਾ ਡਾ. ਸਤਨਾਮ ਸਿੰਘ ਜੱਸਲ ਜੀ ਦੇ ਅਕਾਦਮਿਕ, ਅਤੇ ਅਧਿਆਪਨ ਦੇ ਸਫ਼ਰ ਬਾਰੇ ਚਾਨਣਾ ਪਾਇਆ।ਉਹਨਾਂ ਨੇ ਡਾ. ਜੱਸਲ ਦੁਆਰਾ ਪੰਜਾਬੀ ਸਾਹਿਤ ਅਤੇ ਆਲੋਚਨਾ ਦੇ ਖੇਤਰ ਵਿੱਚ ਪਾਏ ਗਏ ਵਡਮੁੱਲੇ ਯੋਗਦਾਨ ਬਾਰੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ।

WhatsApp-Image-2026-02-21-at-1.50.33-PM1-300x234 ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਵਿਖੇ ‘ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ’ ਨੂੰ ਸਮਰਪਿਤ ਇਕ ਰੋਜ਼ਾ ਸੈਮੀਨਾਰ ਦਾ ਆਯੋਜਨ

ਸੈਮੀਨਾਰ ਦੇ ਮੁੱਖ ਵਕਤਾ ਵਜੋਂ ਉੱਘੇ ਚਿੰਤਕ ਅਤੇ ਵਿਦਵਾਨ ਡਾ. ਸਤਨਾਮ ਸਿੰਘ ਜੱਸਲ ਜੀ ਨੇ ਆਪਣੇ ਵਿਸਥਾਰਪੂਰਵਕ ਸੰਬੋਧਨ ਵਿੱਚ ਮਾਤ ਭਾਸ਼ਾ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਕਿਹਾ ਕਿ-“ਮਾਤ ਭਾਸ਼ਾ ਕੇਵਲ ਗੱਲਬਾਤ ਦਾ ਜ਼ਰੀਆ ਨਹੀਂ, ਸਗੋਂ ਸਾਡੀ ਮਾਨਸਿਕਤਾ ਅਤੇ ਸੱਭਿਆਚਾਰਕ ਵਿਰਾਸਤ ਦੀ ਰੂਹ ਹੈ।ਜਿਹੜੀਆਂ ਕੌਮਾਂ ਆਪਣੀ ਮਾਂ ਬੋਲੀ ਨੂੰ ਤਿਆਗ ਕੇ ਦੂਜੀਆਂ ਭਾਸ਼ਾਵਾਂ ਦੇ ਅੰਨ੍ਹੇਵਾਹ ਮਗਰ ਲੱਗਦੀਆਂ ਹਨ, ਉਹ ਸਮੇਂ ਦੇ ਨਾਲ ਆਪਣੀ ਮੌਲਿਕ ਪਛਾਣ ਗੁਆ ਬੈਠਦੀਆਂ ਹਨ।” ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬੀ ਸਾਹਿਤ ਅਤੇ ਪੜ੍ਹਨ ਦੀ ਰੁਚੀ ਨਾਲ ਜੁੜਨ ਤਾਂ ਜੋ ਉਹ ਆਪਣੇ ਵਿਰਸੇ ‘ਤੇ ਮਾਣ ਕਰ ਸਕਣ।

WhatsApp-Image-2026-02-21-at-1.50.33-PM-300x155 ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਵਿਖੇ ‘ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ’ ਨੂੰ ਸਮਰਪਿਤ ਇਕ ਰੋਜ਼ਾ ਸੈਮੀਨਾਰ ਦਾ ਆਯੋਜਨ

ਇਸ ਮੌਕੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰੋਫ਼ੈਸਰ ਵੀਰਪਾਲ ਕੌਰ ਵੱਲੋਂ ਨਿਭਾਈ ਗਈ।ਇਸ ਮੌਕੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਪ੍ਰੋਫ਼ੈਸਰ ਸਾਹਿਬਾਨ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਸਮਾਗਮ ਦੌਰਾਨ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਉਨ੍ਹਾਂ ਨੇ ਬੁਲਾਰਿਆਂ ਦੇ ਵਿਚਾਰਾਂ ਨੂੰ ਬਹੁਤ ਦਿਲਚਸਪੀ ਨਾਲ ਸੁਣਿਆ।ਪ੍ਰੋਗਰਾਮ ਦੌਰਾਨ ਪੰਜਾਬੀ ਭਾਸ਼ਾ ਦੀ ਉੱਨਤੀ ਲਈ ਸਾਂਝ੍ਹੇ ਯਤਨ ਕਰਨ ਦਾ ਅਹਿਦ ਵੀ ਲਿਆ ਗਿਆ। ਸਮਾਗਮ ਦੇ ਅੰਤ ਵਿੱਚ ਪ੍ਰੋ. ਗੁਰਜੀਤ ਸਿੰਘ ਮਾਨਸ਼ਾਹੀਆ ਨੇ ਮੁੱਖ ਵਕਤਾ ਡਾ. ਸਤਨਾਮ ਸਿੰਘ ਜੱਸਲ ਜੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦਾ ਵੀ ਸ਼ੁਕਰੀਆ ਅਦਾ ਕੀਤਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਅਤੇ ਸਫਲਤਾ ਪੂਰਵਕ ਨੇਪਰੇ ਚੜਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ।ਇਸ ਮੌਕੇ ਪੰਜਾਬੀ ਵਿਭਾਗ ਦੇ ਸਮੂਹ ਪ੍ਰੋਫ਼ੈਸਰ ਸਾਹਿਬਾਨ ਅਤੇ ਵੱਖ ਵੱਖ ਵਿਭਾਗਾਂ ਦੇ ਮੁਖੀ ਅਤੇ ਪ੍ਰੋਫ਼ੈਸਰ ਸਾਹਿਬਾਨ ਹਾਜ਼ਰ ਰਹੇ।

Share this content:

Post Comment