ਸਰਕਾਰੀ ਮਿਡਲ ਸਕੂਲ ਖੇੜਾ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਦੇ ਆਗੂਆਂ ਵੱਲੋਂ ਕੀਤਾ ਗਿਆ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦਾ ਆਗਾਜ਼

ਖੇੜਾ, 24 ਜੁਲਾਈ 2025 ਅੱਜ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਦੇ ਮਾਣਯੋਗ ਸੂਬਾ ਆਗੂ ਜਸਵਿੰਦਰ ਸਿੰਘ ਅਤੇ ਜ਼ੋਨ ਜਲੰਧਰ ਦੇ ਜਥੇਬੰਦਕ ਮੁਖੀ ਮਾਸਟਰ ਸੁਖਦੇਵ ਵੱਲੋਂ ਸਰਕਾਰੀ ਮਿਡਲ ਸਕੂਲ ਖੇੜਾ ਵਿੱਚ ਵਿਦਿਆਰਥੀਆਂ ਲਈ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰੇ ਦਾ ਉਦੇਸ਼ ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ ਪੈਦਾ ਕਰਨਾ, ਭਾਰਤ ਦੇ ਸ਼ਾਨਦਾਰ ਇਤਿਹਾਸ ਅਤੇ ਅਸਲ ਨਾਇਕਾਂ ਦੀ ਜਾਣਕਾਰੀ ਦੇਣਾ ਅਤੇ ਚੰਗੀਆਂ ਪੁਸਤਕਾਂ ਦੇ ਅਧਿਐਨ ਪ੍ਰਤੀ ਰੁਚੀ ਜਗਾਉਣਾ ਸੀ।

ਜਸਵਿੰਦਰ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਤਰਕਸ਼ੀਲਤਾ, ਵਿਗਿਆਨਕ ਸੋਚ ਅਤੇ ਆਧੁਨਿਕ ਸਮਾਜਕ ਮੁੱਦਿਆਂ ‘ਤੇ ਸੰਬੋਧਨ ਕੀਤਾ। ਉਨ੍ਹਾਂ ਨੇ ਫਾਸਟ ਫੂਡ ਦੇ ਬੁਰੇ ਪ੍ਰਭਾਵਾਂ ਤੋਂ ਚੇਤਾਵਨੀ ਦਿੰਦਿਆਂ ਘਰੇਲੂ ਭੋਜਨ ਦੀ ਵਰਤੋਂ ਵਧਾਉਣ ਲਈ ਉਤਸ਼ਾਹਿਤ ਕੀਤਾ। ਮਾਸਟਰ ਸੁਖਦੇਵ ਜੀ ਨੇ ਵਿਦਿਆਰਥੀਆਂ ਨੂੰ ਗਦਰ ਲਹਿਰ, ਬੀਬੀ ਗੁਲਾਬ ਕੌਰ, ਕਾਲੀ ਬਾਈ ਵਰਗੀਆਂ ਮਹਾਨ ਨਾਇਕਾਵਾਂ ਦੀ ਜ਼ਿੰਦਗੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਹਾਨ ਚਿੰਤਕਾਂ ਦੇ ਵਿਚਾਰਾਂ ਨਾਲ ਰੁਬਰੂ ਕਰਵਾਇਆ ਅਤੇ ਅੰਧ ਵਿਸ਼ਵਾਸਾਂ ਤੋਂ ਉੱਪਰ ਉੱਠ ਕੇ ਤਰਕ ਅਧਾਰਤ ਜੀਵਨ ਜੀਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਸੱਤਵੀਂ “ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ – 2025” ਵਿੱਚ ਭਾਗ ਲੈਣ ਲਈ ਵੀ ਉਤਸ਼ਾਹਿਤ ਕੀਤਾ ਗਿਆ। ਇਹ ਪ੍ਰੀਖਿਆ ਵਿਦਿਆਰਥੀਆਂ ਦੀ ਸੋਚਣ-ਸਮਝਣ ਦੀ ਯੋਗਤਾ ਨੂੰ ਤਰਾਸ਼ਣ ਅਤੇ ਉਨ੍ਹਾਂ ਨੂੰ ਤਰਕਸ਼ੀਲਤਾ, ਇਤਿਹਾਸਿਕ ਜਾਣਕਾਰੀ ਅਤੇ ਸਮਾਜਿਕ ਜਾਗਰੂਕਤਾ ਨਾਲ ਜੋੜਨ ਲਈ ਕਰਵਾਈ ਜਾਂਦੀ ਹੈ।ਸਮੂਹ ਵਿਦਿਆਰਥੀਆਂ ਨੇ ਪ੍ਰੀਖਿਆ ਵਿੱਚ ਭਾਗ ਲੈਣ ਅਤੇ ਤਰਕਸ਼ੀਲ ਸੁਸਾਇਟੀ ਵੱਲੋਂ ਸੁਝਾਈਆਂ ਗਈਆਂ ਪੁਸਤਕਾਂ ਪੜ੍ਹਨ ਦਾ ਸੰਕਲਪ ਲਿਆ।
ਸਕੂਲ ਇੰਚਾਰਜ ਕਮਲੇਸ਼ ਸੰਧੂ ਜੀ ਨੇ ਵਿਦਿਆਰਥੀਆਂ ਨੂੰ ਮਾਸਟਰ ਸੁਖਦੇਵ ਅਤੇ ਜਸਵਿੰਦਰ ਸਿੰਘ ਵੱਲੋਂ ਦਿੱਤੀਆਂ ਨਸੀਹਤਾਂ ਨੂੰ ਜੀਵਨ ਵਿਚ ਅਪਣਾਉਣ ਅਤੇ ਅਮਲ ਵਿੱਚ ਲਿਆਉਣ ਲਈ ਪ੍ਰੇਰਿਤ ਕੀਤਾ ਅਤੇ ਤਰਕਸ਼ੀਲ ਸੁਸਾਇਟੀ ਦੇ ਵਿਦਿਆਰਥੀਆਂ ਵਿੱਚ ਵਿਗਿਆਨਿਕ ਅਤੇ ਤਾਰਕਿਕ ਸੋਚ ਪੈਦਾ ਕਰਨ ਦੇ ਇਸ ਯਤਨ ਦੀ ਭਰਪੂਰ ਸ਼ਲਾਘਾ ਕੀਤੀ।ਸਟੇਜ ਸੰਚਾਲਨ ਕੁਲਦੀਪ ਰਾਮ ਜੀ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ।ਇਸ ਮੌਕੇ ਮਨਿੰਦਰ ਢੇਰਾ, ਲਛਮੀ, ਸੰਗੀਤਾ ,ਭਾਵਨਾ ਅਤੇ ਸਮੂਹ ਵਿਦਿਆਰਥੀ ਹਾਜ਼ਰ ਰਹੇ।
Share this content:


Post Comment