Loading Now

ਸਫਲ ਜੀਵਨ ਲਈ ਅਨੁਸ਼ਾਸਨ ਬੇਹੱਦ ਜ਼ਰੂਰੀ

ਸਫਲ ਜੀਵਨ ਲਈ ਅਨੁਸ਼ਾਸਨ ਬੇਹੱਦ ਜ਼ਰੂਰੀ

ਛੋਟੇ-ਮੋਟੇ ਨਿਯਮਾਂ ਦੀ ਪਾਲਣਾ ਕਰਨਾ ਹੀ ਅਨੁਸ਼ਾਸਨ ਕਹਾਉਂਦਾ ਹੈ ਜਿਸ ਦਾ ਮੁੱਢ ਘਰ ਤੋਂ ਬੱਝਦਾ ਹੈ। ਇਹ ਸੱਭਿਅਕ ਸਮਾਜ ਦੀ ਨੀਂਹ ਹੈ ਤੇ ਸਫਲਤਾ ਦੀ ਪਹਿਲੀ ਪੌੜੀ ਵੀ। ਹਰ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਚੰਗੇ ਸੰਸਕਾਰ ਦੇਣ। ਸਮੇਂ ਸਿਰ ਉੱਠਣ, ਸੌਣ ਅਤੇ ਪੜ੍ਹਨ ਦਾ ਸਲੀਕਾ ਸਿਖਾਉਣ। ਧਿਆਨ ਰਹੇ ਕਿ ਬੱਚੇ ਜੋ ਦੇਖਦੇ ਹਨ, ਉਹੀ ਸਿੱਖਦੇ ਹਨ। ਇਹ ਸਭ ਕੁੱਝ ਤਾਂ ਹੀ ਸੰਭਵ ਹੋ ਸਕੇਗਾ ਜੇਕਰ ਮਾਪੇ ਖ਼ੁਦ ਅਨੁਸ਼ਾਸਨ ਵਿਚ ਰਹਿਣਗੇ। ਅਧਿਆਪਕਾਂ ਨੂੰ ਬੱਚਿਆਂ ਦਾ ਰੋਲ-ਮਾਡਲ ਬਣਨਾ ਪੈਂਦਾ ਹੈ। ਇਸ ਦੇ ਲਈ ਸਭ ਤੋਂ ਪਹਿਲਾਂ ਸੰਸਥਾ ਦੇ ਮੁਖੀ ਅਤੇ ਫਿਰ ਅਧਿਆਪਕਾਂ ਨੂੰ ਅਨੁਸ਼ਾਸਨ ਵਿਚ ਰਹਿਣਾ ਹੋਵੇਗਾ। ਵਿਦਿਆਰਥੀ ਵਿੱਦਿਅਕ ਸੰਸਥਾਵਾਂ ਵਿਚ ਮੁਖੀ ਅਤੇ ਅਧਿਆਪਕਾਂ ਨੂੰ ਦੇਖ ਕੇ ਹੀ ਅਨੁਸ਼ਾਸਨ ਵਿਚ ਰਹਿਣਾ ਸਿੱਖਣਗੇ, ਨਾ ਕਿ ਇਸ ਨੂੰ ਜ਼ਬਰਦਸਤੀ ਥੋਪ ਕੇ। ਜੇਕਰ ਵਿੱਦਿਅਕ ਅਦਾਰੇ ਦਾ ਮੁਖੀ ਅਨੁਸ਼ਾਸਿਤ ਹੈ ਤਾਂ ਹਰ ਕਰਮਚਾਰੀ ਅਨੁਸ਼ਾਸਨ ਵਿਚ ਰਹੇਗਾ। ਸਕੂਲਾਂ ਅਤੇ ਕਾਲਜਾਂ ਵਿਚ ਖੇਡਾਂ ਵਿਦਿਆਰਥੀਆਂ ਦਾ ਚਰਿੱਤਰ ਨਿਰਮਾਣ ਕਰਦੀਆਂ ਹਨ। ਇਸ ਲਈ ਖੇਡ ਦੇ ਮੈਦਾਨ ਵਿਚ ਵੀ ਅਨੁਸ਼ਾਸਨ ਬਹੁਤ ਜ਼ਰੂਰੀ ਹੈ। ਖੇਡਾਂ ਵਿਚ ਜਿੱਤ ਤਾਂ ਹੀ ਸੰਭਵ ਬਣ ਸਕਦੀ ਹੈ ਜੇ ਖਿਡਾਰੀ ਅਨੁਸ਼ਾਸਨ ਵਿਚ ਰਹਿ ਕੇ ਖੇਡਣ। ਇੰਜ ਵੀ ਕਹਿ ਸਕਦੇ ਹਾਂ ਕਿ ਖੇਡਾਂ ਅਨੁਸ਼ਾਸਨ ਸਿਖਾਉਂਦੀਆਂ ਹਨ। ਅੱਜ ਦੇ ਬੱਚੇ ਕੱਲ੍ਹ ਦਾ ਭਵਿੱਖ ਹਨ। ਉਨ੍ਹਾਂ ਨੇ ਹੀ ਰਾਸ਼ਟਰ ਦਾ ਨਿਰਮਾਣ ਕਰਨਾ ਹੁੰਦਾ ਹੈ। ਰਾਸ਼ਟਰ ਦਾ ਨਿਰਮਾਣ ਤਾਂ ਹੀ ਸੰਭਵ ਹੈ ਜੇਕਰ ਘਰ, ਸਮਾਜ ਅਤੇ ਦੇਸ਼ ਦੇ ਨਾਗਰਿਕ ਅਨੁਸ਼ਾਸਨ ਵਿਚ ਰਹਿਣਗੇ। ਇਹ ਮੁਸ਼ਕਲ ਜ਼ਰੂਰ ਲੱਗਦਾ ਹੈ ਪਰ ਜੇਕਰ ਆਦਤ ਪੈ ਜਾਵੇ ਤਾਂ ਸਫਲਤਾ ਦੀ ਗਾਰੰਟੀ ਵੀ ਦਿੰਦਾ ਹੈ।

ਇਹ ਜੀਵਨ ਦਾ ਆਧਾਰ ਹੈ। ਇਹ ਮਨੁੱਖ ਦੀ ਸ਼ਖ਼ਸੀਅਤ ਵਿਚ ਨਿਖਾਰ ਲਿਆਉਂਦਾ ਹੈ। ਇੱਥੋਂ ਤੱਕ ਕਿ ਕੁਦਰਤ ਵੀ ਅਨੁਸ਼ਾਸਨ ਵਿਚ ਬੱਝੀ ਹੋਈ ਹੈ। ਸੂਰਜ, ਚੰਨ, ਤਾਰੇ ਆਪਣੇ ਸਮੇਂ ’ਤੇ ਨਿਕਲਦੇ ਅਤੇ ਛਿਪਦੇ ਹਨ। ਇੱਥੋਂ ਤੱਕ ਕਿ ਪਹਾੜ, ਨਦੀਆਂ, ਹਵਾ-ਇਹ ਸਭ ਵੀ ਅਨੁਸ਼ਾਸਨ ਦਾ ਪਾਠ ਪੜ੍ਹਾਉਂਦੇ ਹਨ। ਜਦ ਵੀ ਕੁਦਰਤ ਗ਼ੈਰ-ਅਨੁਸ਼ਾਸਿਤ ਹੋ ਜਾਂਦੀ ਹੈ ਤਾਂ ਪਰਲੋ ਆ ਜਾਂਦੀ ਹੈ। ਹੜ੍ਹ ਅਤੇ ਤੂਫ਼ਾਨ ਆ ਜਾਂਦੇ ਹਨ। ਪਹਾੜ ਖਿਸਕਣ ਲੱਗ ਪੈਂਦੇ ਹਨ ਤੇ ਜ਼ਮੀਨ ਧਸਣ ਲੱਗ ਪੈਂਦੀ ਹੈ। ਨਦੀਆਂ ਤਬਾਹੀ ਮਚਾ ਦਿੰਦੀਆਂ ਹਨ। ਇਸ ਦੀ ਮਿਸਾਲ ਇਸੇ ਸਾਲ ਅਗਸਤ-ਸਤੰਬਰ ਦੇ ਮਹੀਨੇ ਵਿਚ ਹੀ ਸਾਡੇ ਸਾਹਮਣੇ ਆਈ ਹੈ। ਕਿੰਨੀ ਜ਼ਿਆਦਾ ਤਬਾਹੀ ਹੋਈ, ਕਿੰਨੇ ਘਰ ਉੱਜੜੇ, ਫ਼ਸਲਾਂ ਖ਼ਰਾਬ ਹੋਈਆਂ ਤੇ ਕਿੰਨੀਆਂ ਹੀ ਅਨਮੋਲ ਜਾਨਾਂ ਗਈਆਂ। ਅੱਜ ਦੀ ਜ਼ਿਆਦਾਤਰ ਯੁਵਾ ਪੀੜ੍ਹੀ ਅਨੁਸ਼ਾਸਨਹੀਣ ਹੁੰਦੀ ਜਾ ਰਹੀ ਹੈ। ਅਜਿਹੇ ਲੋਕ ਆਪਣਾ ਤੇ ਦੇਸ਼ ਦਾ ਭਵਿੱਖ ਖ਼ਤਰੇ ’ਚ ਪਾਉਂਦੇ ਹਨ। ਅਨੁਸ਼ਾਸਿਤ ਵਿਅਕਤੀ ਹੀ ਸੱਭਿਅਕ ਕਹਾਉਂਦਾ ਹੈ।

Share this content:

Post Comment