ਵਿੰਨ੍ਹਿਆ ਹੋਇਆ ਪਿੰਡ/ਅਮਰਜੀਤ ਸਿੰਘ ਫ਼ੌਜੀ
ਲਗਭਗ ਛੇ ਦਹਾਕੇ ਪਹਿਲਾਂ ਵਿਦੇਸ਼ ਜਾ ਵਸੇ ਪ੍ਰਤਾਪ ਸਿੰਹੁ ਨੇ ਅੱਜ ਅਚਾਨਕ ਆਪਣੇ ਸਕੂਲ ਵੇਲੇ ਦੇ ਦੋਸਤ ਬਲਵੰਤ ਸਿੰਘ ਨੂੰ ਫੋਨ ਲਾਇਆ ਤੇ ਉਸ ਦੇ ਹੈਲੋ ਕਹਿਣ ’ਤੇ ਸਿੱਧਾ ਹੀ ਬੋਲਿਆ, ‘‘ਯਾਰ ਬਲਵੰਤ ਸਿੰਹਾਂ, ਮੈਂ ਆਪਣੀ ਪੋਤਰੀ ਦਾ ਵਿਆਹ ਤੇਰੇ ਪਿੰਡ ਵਰਗੇ ਕਿਸੇ ਸੋਹਣੇ ਪਿੰਡ ਵਿੱਚ ਕਰਨਾ ਚਾਹੁੰਦਾ ਹਾਂ। ਮੈਨੂੰ ਪਤਾ ਹੈ ਕਿ ਪੰਜਾਬ ਦੇ ਪਿੰਡਾਂ ਦੀ ਜ਼ਿੰਦਗੀ ਕੁਦਰਤ ਨਾਲ ਜੁੜੀ ਹੋਈ ਬੜੀ ਖੁਸ਼ਹਾਲ ਤੇ ਜ਼ਿੰਦਾਦਿਲੀ ਵਾਲੀ ਹੁੰਦੀ ਹੈ ਤੇ ਹੁਣ ਮੈਂ ਆਪਣੇ ਪੋਤੇ ਪੋਤੀਆਂ ਨੂੰ ਪੰਜਾਬੀ ਸਭਿਆਚਾਰ ਨਾਲ ਜੋੜ ਕੇ ਆਪਣੇ ਸਿਰ ਚੜ੍ਹਿਆ ਪੰਜਾਬੀ ਸਭਿਆਚਾਰ ਦਾ ਕਰਜ਼ਾ ਲਾਹੁਣਾ ਚਾਹੁੰਦਾ ਹਾਂ। ਅੱਗੋਂ ਬਲਵੰਤ ਸਿੰਘ ਨੇ ਬੜੀ ਗੰਭੀਰਤਾ ਤੇ ਭਰੇ ਮਨ ਨਾਲ ਉਸ ਦੀਆਂ ਗੱਲਾਂ ਦਾ ਜਵਾਬ ਦਿੱਤਾ, ‘‘ਪ੍ਰਤਾਪ ਸਿੰਹਾਂ ਸੁਣ! ਮੇਰਾ ਪਿੰਡ ਹੁਣ ਉਹ ਨਹੀਂ ਰਿਹਾ, ਜੋ ਪਹਿਲਾਂ ਹੁੰਦਾ ਸੀ। ਹੁਣ ਇੱਥੇ ਬਹੁਤ ਕੁਝ ਬਦਲ ਗਿਐ।
ਹੁਣ ਇੱਥੇ ਮੂੰਹ ਹਨੇਰੇ ਕੁੱਕੜ ਬਾਂਗ ਨਹੀਂ ਦਿੰਦਾ ਤੇ ਸ਼ਤੀਰਾਂ, ਕੜੀਆਂ ਤੇ ਵਿਹੜੇ ਵਿਚਲੀ ਨਿੰਮ ਦੀ ਅਣਹੋਂਦ ਕਾਰਨ ਉਨ੍ਹਾਂ ’ਤੇ ਪਾਏ ਆਲ੍ਹਣਿਆਂ ’ਚੋਂ ਚਿੜੀਆਂ ਵੀ ਪਹੁ ਫੁਟਾਲੇ ਚੀਂ ਚੀਂ ਨਹੀਂ ਕਰਦੀਆਂ। ਹੁਣ ਡੇਅਰੀਆਂ ਨੇ ਚਾਟੀਆਂ ਵਿੱਚ ਮਧਾਣੀਆਂ ਪੈਣੀਆਂ ਬੰਦ ਕਰ ਦਿੱਤੀਆਂ ਨੇ ਅਤੇ ਨਾ ਹੀ ਰਾਹੀ ਪਾਂਧੀ ਮੋਢੇ ’ਤੇ ਸਾਫ਼ਾ ਰੱਖ ਕੇ ਸਫ਼ਰ ਨਾਪਦੇ ਹਨ। ਨਾ ਤਾਂ ਬਲਦਾਂ ਦੇ ਗਲ਼ ਟੱਲੀਆਂ ਟੁਣਕਦੀਆਂ ਹਨ ਤੇ ਨਾ ਹੀ ਹਾਲ਼ੀ ਪਾਲ਼ੀ ਹਲ਼ ਵਾਹੁੰਦੇ ਢੋਲੇ, ਮਾਹੀਏ ਗਾਉਂਦੇ ਹਨ।
ਨਾ ਕੋਈ ਮੁਟਿਆਰ ਭੱਤਾ ਲੈ ਕੇ ਰੋਹੀ ਵਾਲੇ ਖੇਤ ਜਾਂਦੀ ਐ ਜਿੱਥੇ ਟਾਹਲੀਆਂ, ਤੂਤਾਂ ਦੇ ਹੇਠਾਂ ਬੈਠ ਕੇ ਮਿੱਸੀਆਂ ਰੋਟੀਆਂ ਗੰਢੇ ਤੇ ਅੰਬ ਦੇ ਆਚਾਰ, ਨਾਲ ਲੱਸੀ ਦਾ ਕੁੱਜਾ ਵੇਖ ਕੇ ਥੱਕੇ ਟੁੱਟੇ ਜ਼ਿਮੀਂਦਾਰ ਦੀ ਰੂਹ ਖਿੜ ਜਾਂਦੀ ਤੇ ਥਕੇਵਾਂ ਉੱਡ ਪੁੱਡ ਜਾਂਦਾ ਸੀ ਅਤੇ ਉਹ ਕਦੇ ਭੱਤਾ ਲੈ ਕੇ ਆਈ ਸੁਆਣੀ ਦੀਆਂ ਅੱਖਾਂ ਵੱਲ ਦੇਖਦਾ ਤੇ ਕਦੇ ਨਿਸਾਰੇ ’ਤੇ ਆਈ ਫਸਲ ਵੱਲ। ਅਫ਼ਸੋਸ! ਪੀਂਘਾਂ ਪਾਉਣ ਵਾਲੇ ਰੁੱਖਾਂ ਦੀ ਥਾਂ ਟਾਵਰ ਉੱਗ ਆਏ ਨੇ। ਇਸ ਲਈ, ਹੁਣ ਮੇਰਾ ਪਿੰਡ ਉਹ ਨਹੀਂ ਰਿਹਾ। ਸਭ ਕੁਝ ਬਦਲ ਗਿਆ ਹੈ ਕਿਉਂਕਿ ਆਧੁਨਿਕਤਾ ਦੀ ਹੋੜ ਵਿੱਚ ਦਿਖਾਵੇ ਦੀ ਚਕਾਚੌਂਧ ਤੇ ਬਜ਼ਾਰਾਂ ਦੀ ਚਮਕ ਦਮਕ ਨੇ ਲਗਭਗ ਸਾਰੇ ਪਿੰਡ ਦਾ ਵਾਲ਼ ਵਾਲ਼ ਵਿੰਨ੍ਹ ਛੱਡਿਐ।’’
Share this content:


Post Comment