Loading Now

ਵਿਦਿਆਰਥੀਆਂ ਦੇ ਚਾਨਣ-ਮੁਨਾਰੇ

ਵਿਦਿਆਰਥੀਆਂ ਦੇ ਚਾਨਣ-ਮੁਨਾਰੇ

ਅਧਿਆਪਨ ਕਾਰਜ ਦੇ ਚੌਵੀ ਵਰ੍ਹੇ ਬੀਤਣ ਉਪਰੰਤ ਸਵੈ-ਪੜਚੋਲ ਕਰਦਿਆਂ ਆਪਣੇ ਵਿਦਿਆਰਥੀਆਂ ਨੂੰ ਵੰਡੇ ਚਾਨਣ ਦੀ ਲੋਅ ਬਾਰੇ ਖ਼ਿਆਲ ਕਰਦਾ ਹਾਂ ਤਾਂ ਜੀਵਨ ਸੰਘਰਸ਼ ਦੀਆਂ ਟੇਢੀਆਂ-ਮੇਢੀਆਂ ਪਗਡੰਡੀਆਂ ਤੋਂ ਗੁਜ਼ਰਦਿਆਂ ਆਪਣੇ ਮੁਕਾਮ ’ਤੇ ਪੁੱਜੇ, ਅੱਧਵਾਟੇ ਰਹਿ ਗਏ ਜਾਂ ਸਫਲਤਾ-ਅਸਫਲਤਾ ਦੀਆਂ ਘੁੰਮਣ-ਘੇਰੀਆਂ ਵਿਚ ਗੁਆਚੇ ਕੁਝ ਕੁ ਵਿਦਿਆਰਥੀਆਂ ਦੇ ਚਿਹਰੇ ਮੇਰੀਆਂ ਅੱਖਾਂ ਅੱਗੇ ਘੁੰਮਣ ਲੱਗਦੇ ਹਨ। ਹਜ਼ਾਰਾਂ ਵਿਦਿਆਰਥੀਆਂ ਨੂੰ ਪੜ੍ਹਾਉਣ ਤੋਂ ਇਲਾਵਾ ਸਾਂਝੇ ਕੀਤੇ ਹਾਸੇ-ਠੱਠੇ, ਖ਼ੁਸ਼ੀਆਂ-ਗ਼ਮੀਆਂ ਅਤੇ ਅਗਵਾਈ ਦੀਆਂ ਲੀਹਾਂ ਸਦਕਾ ਮੇਰੇ ਵਿਦਿਆਰਥੀ ਮੈਥੋਂ ਪਰੇ ਹੋ ਕੇ ਵੀ ਫੇਸਬੁੱਕ, ਵ੍ਹਟਸਐਪ ਤੇ ਮੈਸੇਂਜਰ ਰਾਹੀਂ ਮੇਰੇ ਤੱਕ ਪਹੁੰਚ ਬਣਾ ਹੀ ਲੈਂਦੇ ਹਨ। ਜਿਹੜੇ ਬੱਚੇ ਆਪਣੀਆਂ ਮੰਜ਼ਿਲਾਂ ਸਰ ਕਰਦਿਆਂ ਕਿਸੇ ਮੁਕਾਮ ’ਤੇ ਪਹੁੰਚੇ, ਉਹ ਵਧੇਰੇ ਨੇਡ਼ੇ ਹੋ ਗਏ ਪਰ ਜੋ ਜੀਵਨ ਸੰਘਰਸ਼ ਵਿਚ ਅਜੇ ਵੀ ਮਸਰੂਫ਼ ਹਨ, ਉਹ ਦੁਨੀਆਦਾਰੀ ’ਚ ਗੁਆਚ ਗਏ। ਹਜ਼ਾਰਾਂ ਵਿਦਿਆਰਥੀਆਂ ਨੂੰ ਯਾਦ ਰੱਖਣਾ ਇਕ ਅਧਿਆਪਕ ਵਾਸਤੇ ਸੰਭਵ ਤਾਂ ਨਹੀਂ ਪਰ ਵਿਦਿਆਰਥੀਆਂ ਨੂੰ ਹੱਸਮੁੱਖ, ਮਿਲਾਪੜਾ ਤੇ ਹਰਦਿਲ ਅਜ਼ੀਜ਼ ਅਧਿਆਪਕ ਭੁਲਾਉਣਾ ਜ਼ਰੂਰ ਅਸੰਭਵ ਹੁੰਦਾ ਹੈ। ਸ਼ਾਇਦ ਇਹ ਖ਼ੁਸ਼ਕਿਸਮਤੀ ਮੇਰੇ ਹਿੱਸੇ ਵੀ ਆਈ।

ਸ਼ਾਮ ਨੂੰ ਸੈਰ ਕਰਨ ਜਾਂਦਾ ਹਾਂ ਤਾਂ ਇਕ ਵਿਦਿਆਰਥਣ ਦਾ ਪਿਤਾ ਅਕਸਰ ਮੈਨੂੰ ਮਿਲਦਿਆਂ ਕੈਨੇਡਾ ਵਿਚ ਚੰਗੀ ਪੋਸਟ ’ਤੇ ਕੰਮ ਕਰ ਰਹੀ ਆਪਣੀ ਬੇਟੀ ਦੀਆਂ ਫੋਟੋਆਂ ਆਪਣੇ ਫੋਨ ’ਤੇ ਵਿਖਾਉਂਦਾ ਹੈ ਤਾਂ ਮਨ ਨੂੰ ਅਸੀਮ ਖ਼ੁਸ਼ੀ ਤੇ ਸਕੂਨ ਮਿਲਦਾ ਹੈ। ਕੁਝ ਵਰ੍ਹੇ ਪਹਿਲਾਂ ਦਸਵੀਂ ਵਿਚ ਪੜ੍ਹਦੀ ਇਕ ਹੁਸ਼ਿਆਰ ਵਿਦਿਆਰਥਣ ਪੜ੍ਹਨ- ਪੜ੍ਹਾਉਣ ਤੋਂ ਇਲਾਵਾ ਆਪਣੇ ਪਰਿਵਾਰ ਦੇ ਦੁੱਖ-ਸੁੱਖ, ਮਾੜੀਆਂ ਆਰਥਿਕ ਪ੍ਰਸਥਿਤੀਆਂ ਬਾਰੇ ਅਕਸਰ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਸੀ ਤਾਂ ਮੈਂ ਉਸ ਨੂੰ ਲਗਨ, ਮਿਹਨਤ ਤੇ ਦ੍ਰਿੜਤਾ ਦਾ ਪੱਲਾ ਨਾ ਛੱਡਣ ਬਾਰੇ ਆਖਦਾ ਸੀ। ਦੋ ਕੁ ਮਹੀਨੇ ਪਹਿਲਾਂ ਉਸ ਨੇ ਫੇਸਬੁੱਕ ਰਾਹੀਂ ਫਰੈਂਡ ਰਿਕੁਐਸਟ ਭੇਜੀ ਤਾਂ ਪਤਾ ਚੱਲਿਆ ਕਿ ਉਹ ਅੱਜ-ਕੱਲ੍ਹ ਕੈਨੇਡਾ ਵਿਚ ਪੜ੍ਹਾਈ ਦੇ ਨਾਲ- ਨਾਲ ਚੰਗਾ ਕੰਮਕਾਰ ਕਰ ਰਹੀ ਹੈ।

ਇਕ ਦਿਨ ਅਚਾਨਕ ਮੈਸੇਂਜਰ ਕਾਲ ’ਤੇ ਕਿਸੇ ਨੇ ਫੋਨ ਕਰਦਿਆਂ ਕਿਹਾ ਕਿ ਉਹ ਮੇਰਾ ਵਿਦਿਆਰਥੀ ਰਿਹਾ ਹੈ ਅਤੇ ਏਅਰਫੋਰਸ ’ਚ ਚੰਗੀ ਨੌਕਰੀ ’ਤੇ ਜਾ ਲੱਗਾ ਹੈ। ਮੈਂ ਸਕੂਲ ਲਾਇਬ੍ਰੇਰੀ ਵਿਚ ਬੈਠਾ ਸਾਂ ਤਾਂ ਇਕ ਪੁਰਾਣੇ ਵਿਦਿਆਰਥੀ ਨੇ ਪੈਰੀਂ ਹੱਥ ਲਗਾਉਂਦਿਆਂ ਦੱਸਿਆ ਕਿ ਉਹ ਅੱਜ-ਕੱਲ੍ਹ ਇਕ ਨਿੱਜੀ ਕੰਪਨੀ ਵਿਚ ਚੰਗੀ ਨੌਕਰੀ ਕਰ ਰਿਹਾ ਹੈ ਅਤੇ ਬੀਮਾ ਪਾਲਿਸੀਆਂ ਰਾਹੀਂ ਵੀ ਚੋਖਾ ਕਮਾ ਲੈਂਦਾ ਹੈ। ਪ੍ਰੀਖਿਆਵਾਂ ਦੀ ਡਿਊਟੀ ਕਰਨ ਕਿਸੇ ਸਕੂਲ ਗਿਆ ਤਾਂ ਮੈਨੂੰ ਜਾਣ ਕੇ ਹੈਰਾਨੀ ਦੀ ਹੱਦ ਨਾ ਰਹੀ ਕਿ ਉਸ ਸਕੂਲ ਦੀ ਪ੍ਰੀਖਿਆ ਕੰਟਰੋਲਰ ਮੇਰੀ ਹੀ ਵਿਦਿਆਰਥਣ ਸੀ ਜੋ ਗਣਿਤ ਅਧਿਆਪਕਾ ਦੀਆਂ ਸੇਵਾਵਾਂ ਨਿਭਾ ਰਹੀ ਸੀ। ਉਸ ਵਿਦਿਆਰਥਣ ਨੇ ਮੇਰੀ ਫੇਸਬੁੱਕ ਆਈਡੀ ’ਤੇ ਹੋਰ ਸਹੇਲੀਆਂ ਦੇ ਜੁੜੇ ਹੋਣ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਵਿਦਿਆਰਥੀ ਜੀਵਨ ਵਿਚ ਮੇਰੀਆਂ ਪ੍ਰੇਰਨਾਵਾਂ ਤੇ ਹੋਰ ਕਈ ਮਜ਼ੇਦਾਰ ਗੱਲਾਂ ਅਭੁੱਲ ਹਨ। ਮੇਰਾ ਇਕ ਵਿਦਿਆਰਥੀ ਵਾਜਾ ਬਹੁਤ ਸੋਹਣਾ ਵਜਾਉਂਦਾ ਸੀ। ਮੈਂ ਉਸ ਨੂੰ ਅਕਸਰ ਇਸ ਹੁਨਰ ਦਾ ਪੱਲਾ ਨਾ ਛੱਡਣ ਅਤੇ ਇਸ ਨੂੰ ਰੁਜ਼ਗਾਰ ਵਜੋਂ ਅਪਣਾਉਣ ਦੀ ਸਲਾਹ ਦਿੰਦਾ ਰਿਹਾ। ਹੁਣ ਉਹ ਕਈ ਸਾਜ਼ਾਂ ਦਾ ਮਾਹਿਰ ਹੈ ਅਤੇ ਅੱਜ-ਕੱਲ੍ਹ ਕਿਸੇ ਨਾਮਵਰ ਪ੍ਰਾਈਵੇਟ ਸੰਸਥਾ ਵਿਚ ਸੰਗੀਤ ਅਧਿਆਪਕ ਵਜੋਂ ਵਿਚਰਦਿਆਂ ਮੇਰੇ ਸਕੂਲ ਦੇ ਵਿਦਿਆਰਥੀਆਂ ਸਬੰਧੀ ਵੀ ਆਪਣੀਆਂ ਸੇਵਾਵਾਂ ਦੇਣ ਲਈ ਆਪਣੇ-ਆਪ ਨੂੰ ਸਮਰਪਿਤ ਕਰ ਦਿੰਦਾ ਹੈ।

ਸਰਕਾਰੀ ਨੌਕਰੀ ਦੇ ਸ਼ੁਰੂਆਤੀ ਦੌਰ ਵਿਚ ਮੈਂ ਬਾਰ੍ਹਵੀਂ ਜਮਾਤਾਂ ਦੇ ਕੁਝ ਵਿਦਿਆਰਥੀਆਂ ਨੂੰ ਮੁਫ਼ਤ ਅੰਗਰੇਜ਼ੀ ਵਿਸ਼ਾ ਪੜ੍ਹਾ ਦਿੰਦਾ ਸੀ ਤਾਂ ਉਨ੍ਹਾਂ ਲੜਕਿਆਂ ਵਿੱਚੋਂ ਕੋਈ ਅਧਿਆਪਨ ਕਿੱਤੇ ਨਾਲ ਜੁੜ ਗਿਆ ਜਦਕਿ ਕੋਈ ਫ਼ੌਜੀ ਤੇ ਕੋਈ ਖੇਤੀਬਾੜੀ ਯੂਨੀਵਰਸਿਟੀ ਵਿਚ ਜਾ ਲੱਗਾ। ਮੇਰੇ ਸਕੂਲ ਦੇ ਲਾਗਲੇ ਪਿੰਡ ਦਾ ਇਕ ਵਿਦਿਆਰਥੀ ਸਿਹਤ ਪੱਖੋਂ ਉੱਚਾ-ਲੰਮਾ, ਮੋਟਾ ਅਤੇ ਸੁਭਾਅ ਪੱਖੋਂ ਬੜਾ ਨਰਮ, ਸਾਊ ਤੇ ਆਗਿਆਕਾਰ ਸੀ।

ਉਹ ਆਪਣੇ ਟਰੈਕਟਰ-ਟਰਾਲੀ ਰਾਹੀਂ ਸਕੂਲ ਵਿਚ ਭਰਤ ਪਾਉਣ ਦੀ ਸੇਵਾ ਤੋਂ ਇਲਾਵਾ ਸਕੂਲ ਦਾ ਹਰ ਕੰਮ ਕਰਨ ਲਈ ਤਤਪਰ ਰਹਿੰਦਾ ਸੀ। ਅੱਜ-ਕੱਲ੍ਹ ਖੇਤੀਬਾੜੀ ਯੂਨੀਵਰਸਿਟੀ ਵਿਚ ਬਤੌਰ ਟਰੈਕਟਰ ਡਰਾਈਵਰ ਸੇਵਾਵਾਂ ਨਿਭਾ ਰਿਹਾ ਹੈ। ਉਹ ਅਕਸਰ ਮੈਨੂੰ ਮਿਲਣ ਆਉਂਦਾ ਹੈ ਤਾਂ ਇੱਕੋ ਗੱਲ ਆਖਦਾ ਹੈ, ‘‘ਮਾਸਟਰ ਜੀ, ਪਤਾ ਨਹੀਂ ਕਿਉਂ ਜਦੋਂ ਸਕੂਲ ਵਿਚ ਆਉਂਦਾ ਹਾਂ ਤਾਂ ਤੁਹਾਨੂੰ ਮਿਲਣ ਨੂੰ ਬਹੁਤ ਮਨ ਕਰਦਾ ਹੈ। ਤੁਸੀਂ ਪੜ੍ਹਾਉਂਦੇ ਸੀ, ਕਦੇ-ਕਦੇ ਘੂਰਦੇ ਸੀ ਪਰ ਹਸਾਉਂਦੇ ਵੀ ਹੁੰਦੇ ਸੀ। ਜ਼ਿੰਦਗੀ ’ਚ ਕੰਮ ਆਉਣ ਵਾਲੀਆਂ ਗੱਲਾਂ ਬਹੁਤ ਸਿਖਾਉਂਦੇ ਹੋਏ ਚੰਗੇ ਪਾਸੇ ਤੋਰਨ ਦੀ ਖ਼ੂਬ ਪ੍ਰੇਰਨਾ ਦਿੰਦੇ ਸੀ। ਹੁਣ ਵੀ ਮੈਂ ਤੁਹਾਡੀਆਂ ਰਚਨਾਵਾਂ ਜ਼ਰੂਰ ਪੜ੍ਹਦਾ ਹਾਂ ਤੇ ਆਪਣੇ-ਆਪ ਨੂੰ ਸੱਚ ਦੇ ਮਾਰਗ ’ਤੇ ਤੋਰਨ ਦੀ ਕੋਸ਼ਿਸ਼ ਵਿਚ ਰਹਿੰਦਾ ਹਾਂ।’’

ਉਹ ਵਿਦਿਆਰਥੀ ਆਪਣੀਆਂ ਪਰਿਵਾਰਕ ਖ਼ੁਸ਼ੀਆਂ-ਗ਼ਮੀਆਂ ਵਿਚ ਮੈਨੂੰ ਜ਼ਰੂਰ ਸ਼ਾਮਲ ਕਰਦਾ ਹੈ। ਇਕ ਦਿਨ ਮੈਂ ਇਕ ਵਿਆਹ ਵਿਚ ਸ਼ਾਮਲ ਹੋਇਆ ਤਾਂ ਕੁਝ ਗੱਭਰੂਆਂ ਨੇ ਆ ਕੇ ਪੈਰੀਂ ਹੱਥ ਲਾਉਂਦਿਆਂ ਦੱਸਿਆ ਕਿ ਉਹ ਮੇਰੇ ਵਿਦਿਆਰਥੀ ਹਨ ਜੋ ਵੱਖ-ਵੱਖ ਕੰਮਾਂ-ਕਾਰਾਂ ਵਿਚ ਲੱਗੇ ਹੋਏ ਹਨ। ਉਨ੍ਹਾਂ ਨੇ ਅਫ਼ਸੋਸ ਜਤਾਇਆ ਕਿ ਜੇਕਰ ਉਹ ਆਪਣੇ ਅਧਿਆਪਕਾਂ ਦੀਆਂ ਗੱਲਾਂ ’ਤੇ ਅਮਲ ਕਰਦੇ ਤਾਂ ਸ਼ਾਇਦ ਚੰਗੀਆਂ ਨੌਕਰੀਆਂ ’ਤੇ ਲੱਗੇ ਹੁੰਦੇ ਜਾਂ ਚੰਗੇ ਕਾਰੋਬਾਰ ਕਰਦੇ। ਬਤੌਰ ਅਧਿਆਪਕ ਮੈਂ ਇੱਕੋ ਗੱਲ ਸਮਝਾਈ ਕਿ ਆਪਣੇ ਕੰਮਾਂ-ਕਾਰਾਂ ਵਿਚ ਦ੍ਰਿੜਤਾ ਨਾਲ ਜੁਟੇ ਰਹੋ, ਨਸ਼ਿਆਂ ਤੋਂ ਦੂਰੀ ਬਣਾ ਕੇ ਰੱਖੋ, ਤੁਸੀਂ ਜਿਸ ਵੀ ਖੇਤਰ ਵਿਚ ਹੋਵੋਗੇ, ਸਫਲਤਾ ਤੁਹਾਡੇ ਪੈਰ ਚੁੰਮੇਗੀ।

ਸਿੱਖਿਆ ਦਾ ਮਨੋਰਥ ਕੇਵਲ ਰੁਜ਼ਗਾਰ ਪ੍ਰਾਪਤੀ ਹੀ ਨਹੀਂ ਹੁੰਦਾ ਬਲਕਿ ਜੀਵਨ-ਜਾਚ ਸਿਖਾਉਣਾ ਵੀ ਹੈ। ਕੁਝ ਵਰ੍ਹੇ ਪਹਿਲਾਂ ਸਕੂਲ ਵਿਚ ਇਮਾਰਤ ਬਣ ਰਹੀ ਸੀ ਤਾਂ ਇਕ ਮਜ਼ਦੂਰ ਲੜਕੇ ਨੇ ਮੈਨੂੰ ਫਤਹਿ ਬੁਲਾਉਂਦਿਆਂ ਆਪਣੀ ਜਾਣ-ਪਛਾਣ ਕਰਵਾਈ ਅਤੇ ਨਮੋਸ਼ੀ ਭਰੇ ਲਹਿਜ਼ੇ ਵਿਚ ਦੱਸਿਆ ਕਿ ਉਹ ਪੁਰਾਣੇ ਸਕੂਲ ਵਿਚ ਮੇਰੇ ਕੋਲ ਪੜ੍ਹਦਾ ਸੀ। ਗ਼ੈਰ-ਸਾਜ਼ਗਾਰ ਪਰਿਵਾਰਕ ਹਾਲਾਤ ਅਤੇ ਪੜ੍ਹਾਈ ਵਿਚ ਮਨ ਨਾ ਲਗਾਉਣ ਸਦਕਾ ਉਸ ਨੂੰ ਮਜ਼ਦੂਰੀ ਵਾਸਤੇ ਮਜਬੂਰ ਹੋਣਾ ਪਿਆ।

ਮੈਂ ਉਸ ਨੂੰ ਨਿਰਾਸ਼ ਨਾ ਹੋਣ ਦੀ ਨਸੀਹਤ ਦਿੰਦਿਆਂ ਪ੍ਰੇਰਿਤ ਕੀਤਾ ਕਿ ਸਖ਼ਤ ਮਿਹਨਤ ਨਾਲ ਮਜ਼ਦੂਰ ਤੋਂ ਮਿਸਤਰੀ ਅਤੇ ਮਿਸਤਰੀ ਤੋਂ ਠੇਕੇਦਾਰ ਵੀ ਬਣਿਆ ਜਾ ਸਕਦਾ ਹੈ। ਸਿੱਖਣ-ਸਿਖਾਉਣ ਦੀ ਅਧਿਆਪਨ ਸੇਵਾ ਦੌਰਾਨ ਹਜ਼ਾਰਾਂ ਵਿਦਿਆਰਥੀ ਹਰ ਅਧਿਆਪਕ ਦੀ ਜ਼ਿੰਦਗੀ ਵਿਚ ਆਉਂਦੇ ਹਨ ਤੇ ਵੱਡੇ ਹੋ ਕੇ ਵੱਖ-ਵੱਖ ਖੇਤਰਾਂ ਵਿਚ ਸੇਵਾਵਾਂ ਦਿੰਦੇ ਹਨ। ਇਕ ਅਧਿਆਪਕ ਦੀ ਸਫਲਤਾ ਜਾਂ ਅਸਫਲਤਾ ਦਾ ਮੁਲਾਂਕਣ ਤਾਂ ਇਸੇ ਗੱਲ ਤੋਂ ਕੀਤਾ ਜਾ ਸਕਦਾ ਹੈ ਕਿ ਉਸ ਦੇ ਕਿੰਨੇ ਵਿਦਿਆਰਥੀ ਨੇਕ ਇਨਸਾਨ ਬਣਨ ਦੀ ਜੀਵਨ-ਜਾਚ ਸਿੱਖਦਿਆਂ ਅਧਿਆਪਕ ਤੋਂ ਲਈ ਚਾਨਣ ਦੀ ਲੋਅ ਨੂੰ ਸੰਸਾਰ ਵਿਚ ਕਿੰਨਾ ਕੁ ਬਿਖੇਰਦੇ ਹਨ ਅਤੇ ਤਾਰਿਆਂ ਦੀ ਭਾਂਤੀ ਅੰਬਰਾਂ ਵਿਚ ਕਿੰਨੀ ਕੁ ਉਡਾਰੀ ਮਾਰਦੇ ਹਨ?

Share this content:

Previous post

ਨੀਟ ਯੂਜੀ ਫਾਰਮ ਭਰਨ ਦੀ ਆਖਰੀ ਮਿਤੀ ‘ਚ ਹੋਇਆ ਵਾਧਾ

Next post

ਸਰਕਾਰ ਵਲੋਂ ਪੰਜਾਬੀ ਬੋਲੀ, ਪੰਜਾਬੀ ਸਾਹਿਤ ਤੇ ਪੰਜਾਬੀ ਸੱਭਿਆਚਾਰ ਦੇ ਸਰੋਕਾਰਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤੇ ਜਾਣ ‘ਤੇ ਪੰਜਾਬ ਚੇਤਨਾ ਮੰਚ ਨੇ ਕੀਤਾ ਰੋਸ ਪ੍ਰਗਟ

Post Comment