ਲੋਕਾਂ ਨੇ ਦੁਕਾਨਾਂ ਬੰਦ ਕਰਕੇ ਬੱਸ ਅੱਡਾ ਬਦਲਣ ਦੇ ਫ਼ੈਸਲੇ ਦਾ ਕੀਤਾ ਤਿੱਖਾ ਵਿਰੋਧ, ਪੰਜਾਬ ਸਰਕਾਰ ਦਾ ਪੁਤਲਾ ਸਾੜਿਆ
ਬਠਿੰਡਾ, 6 ਜਨਵਰੀ – ਸ਼ਹਿਰ ਦੇ ਬੱਸ ਅੱਡੇ ਨੂੰ ਬਦਲਣ ਦੇ ਪੰਜਾਬ ਸਰਕਾਰ ਦੇ ਫ਼ੈਸਲੇ ਵਿਰੁੱਧ ਚੱਲ ਰਿਹਾ ਲੋਕ ਰੋਹ ਹੋਰ ਭੜਕ ਉੱਠਿਆ। ਬੱਸ ਅੱਡਾ ਬਚਾਓ ਕਮੇਟੀ ਦੀ ਕਾਲ ਤੇ ਅੱਜ ਅੰਬਡੇਕਰ ਪਾਰਕ ਤੋਂ ਲੈ ਕੇ ਮਹਿਣਾ ਚੌਂਕ ਤੱਕ ਸ਼ਹਿਰ ਪੂਰੀ ਤਰ੍ਹਾਂ ਬੰਦ ਰਿਹਾ। ਵਪਾਰੀਆਂ, ਦੁਕਾਨਦਾਰਾਂ ਅਤੇ ਆਮ ਲੋਕਾਂ ਵੱਲੋਂ ਦੁਪਹਿਰ ਤੱਕ ਸਾਰੀਆਂ ਦੁਕਾਨਾਂ ਬੰਦ ਰੱਖ ਕੇ ਪ੍ਰਦਰਸ਼ਨ ਕੀਤਾ ਗਿਆ। ਮਹਿਣਾ ਚੌਂਕ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਸਾੜ ਕੇ ਸਰਕਾਰ ਖ਼ਿਲਾਫ਼ ਤਿੱਖਾ ਵਿਰੋਧ ਦਰਜ ਕਰਵਾਇਆ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਬੱਸ ਅੱਡਾ ਮੌਜੂਦਾ ਥਾਂ ’ਤੇ ਹੀ ਬਣਾਏ ਰੱਖਣ ਦੀ ਮੰਗ ਦੁਹਰਾਈ। ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਮੋਰਚੇ ਦੇ ਪ੍ਰਧਾਨ ਬਲਤੇਜ ਸਿੰਘ ਵਾਂਦਰ ਨੇ ਕਿਹਾ ਕਿ ਮੌਜੂਦਾ ਸਰਕਾਰ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ ਅਤੇ ਇਸਨੂੰ ਲੋਕਾਂ ਦੇ ਹਿੱਤਾਂ ਨਾਲ ਕੋਈ ਸਰੋਕਾਰ ਨਹੀਂ।
ਉਨ੍ਹਾਂ ਦੋਸ਼ ਲਗਾਇਆ ਕਿ ਆਮ ਲੋਕਾਂ ਦੀ ਰਾਏ ਨੂੰ ਅਣਡਿੱਠਾ ਕਰਕੇ ਭੂ-ਮਾਫੀਆ ਨੂੰ ਫ਼ਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਲੋਕ ਸਹੂਲਤਾਂ ਦੇ ਕੇਂਦਰ ਬੱਸ ਅੱਡੇ ਨੂੰ ਉਜਾੜਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਸ ਮੌਕੇ ਹਰਵਿੰਦਰ ਹੈਪੀ ਅਤੇ ਗੁਰਪ੍ਰੀਤ ਆਰਟਿਸਟ ਨੇ ਕਿਹਾ ਕਿ ਬੱਸ ਅੱਡਾ ਬਦਲਣ ਦੇ ਖ਼ਿਲਾਫ਼ ਆਮ ਆਦਮੀ ਪਾਰਟੀ ਦੇ ਹੀ ਚਾਰ ਵਿਧਾਇਕ, ਹਲਕਾ ਕੁਆਰਡੀਨੇਟਰ, ਸੌ ਤੋਂ ਵੱਧ ਪਿੰਡਾਂ ਦੀਆਂ ਪੰਚਾਇਤਾਂ ਅਤੇ ਲੋਕ ਸਭਾ ਦੇ ਸੰਸਦ ਮੈਂਬਰ ਲਿਖਤੀ ਰੂਪ ਵਿੱਚ ਸਰਕਾਰ ਨੂੰ ਬੱਸ ਅੱਡਾ ਨਾ ਬਦਲਣ ਦੀ ਅਪੀਲ ਕਰ ਚੁੱਕੇ ਹਨ, ਪਰ ਇਸ ਦੇ ਬਾਵਜੂਦ ਸਰਕਾਰ ਸਾਰੀਆਂ ਆਵਾਜ਼ਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਕੌਂਸਲਰ ਸੰਦੀਪ ਬਾਬੀ ਅਤੇ ਪਰਵਿੰਦਰ ਸੰਧੂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਆਪਣਾ ਫ਼ੈਸਲਾ ਵਾਪਸ ਨਹੀਂ ਲੈਂਦੀ, ਉਦੋਂ ਤੱਕ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ ਕਿਸੇ ਵੀ ਕੀਮਤ ’ਤੇ ਬੱਸ ਅੱਡਾ ਬਦਲਣ ਨਹੀਂ ਦਿੱਤਾ ਜਾਵੇਗਾ।
ਮੋਰਚੇ ਦੇ ਮੀਡੀਆ ਕੋਆਰਡੀਨੇਟਰ ਸੰਦੀਪ ਅਗਰਵਾਲ ਨੇ ਕਿਹਾ ਕਿ ਲੋਕ ਰਾਇ ਨਾਲ ਫ਼ੈਸਲੇ ਲੈਣ ਦੀ ਗੱਲ ਕਰਨ ਵਾਲੀ ਭਗਵੰਤ ਮਾਨ ਸਰਕਾਰ ਅੱਜ ਲੋਕਾਂ ਤੇ ਜ਼ੁਲਮ ਕਰ ਰਹੀ ਹੈ, ਜਿਸ ਦਾ ਖ਼ਮਿਆਜ਼ਾ ਪੂਰਾ ਪੰਜਾਬ ਭੁਗਤ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹਰ ਜ਼ੁਲਮ ਦਾ ਡਟ ਕੇ ਜਵਾਬ ਦਿੱਤਾ ਜਾਵੇਗਾ। ਵਪਾਰ ਮੰਡਲ ਦੇ ਪ੍ਰਧਾਨ ਬਲਵਿੰਦਰ ਬਾਹੀਆ ਅਤੇ ਸਟੂਡੈਂਟ ਯੂਨੀਅਨ ਦੀ ਪਾਇਲ ਅਰੋੜਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਬੱਸ ਅੱਡਾ ਬਦਲਣ ਦੀ ਜ਼ਿੱਦ ਨਾ ਛੱਡੀ ਤਾਂ ਲੋਕ ਪੰਜਾਬ ਦੀ ਸਰਕਾਰ ਹੀ ਬਦਲਣ ਲਈ ਮਜਬੂਰ ਹੋ ਜਾਣਗੇ। ਇਸ ਮੌਕੇ ਕਿਸਾਨ ਜਥੇਬੰਦੀਆਂ, ਪੈਨਸ਼ਨਰਜ਼ ਐਸੋਸੀਏਸ਼ਨ, ਵਪਾਰੀ ਜਥੇਬੰਦੀਆਂ, ਟਰਾਂਸਪੋਰਟ ਐਸੋਸੀਏਸ਼ਨ ਕੋਰਟ ਰੋਡ ਐਸੋਸੀਏਸ਼ਨ, ਜਮਹੂਰੀ ਅਧਿਕਾਰ ਸਭਾ, ਰਿਟਾਇਰਡ ਪੁਲਿਸ ਐਸੋਸੀਏਸ਼ਨ,ਮਜਦੂਰ ਜਥੇਬੰਦੀਆਂ, ਵਪਾਰੀ ਸਮੇਤ ਵੱਡੀ ਗਿਣਤੀ ਵਿੱਚ ਸੰਘਰਸ਼ੀ ਯੋਧੇ ਅਤੇ ਆਮ ਨਾਗਰਿਕ ਮੌਜੂਦ ਸਨ।
Share this content:


Post Comment