Loading Now

ਲੁਧਿਆਣਾ ’ਚ CA ਦਫ਼ਤਰ ’ਤੇ SIT ਛਾਪੇ ਖ਼ਿਲਾਫ਼ ਚਾਰਟਰਡ ਅਕਾਊਂਟੈਂਟਾਂ ਦਾ ਰੋਸ ਪ੍ਰਦਰਸ਼ਨ

ਲੁਧਿਆਣਾ ’ਚ CA ਦਫ਼ਤਰ ’ਤੇ SIT ਛਾਪੇ ਖ਼ਿਲਾਫ਼ ਚਾਰਟਰਡ ਅਕਾਊਂਟੈਂਟਾਂ ਦਾ ਰੋਸ ਪ੍ਰਦਰਸ਼ਨ

ਲੁਧਿਆਣਾ, 20 ਜਨਵਰੀ – ਲੁਧਿਆਣਾ ਵਿੱਚ ਸੀਨੀਅਰ ਚਾਰਟਰਡ ਅਕਾਊਂਟੈਂਟ ਅਸ਼ਵਨੀ ਕੁਮਾਰ ਦੇ ਟੈਗੋਰ ਨਗਰ ਸਥਿਤ ਦਫ਼ਤਰ ’ਤੇ ਵਿਸ਼ੇਸ਼ ਜਾਂਚ ਟੀਮ (SIT) ਵੱਲੋਂ ਕੀਤੀ ਗਈ ਛਾਪਾਮਾਰੀ ਦੇ ਵਿਰੋਧ ਵਿੱਚ ਪੰਜਾਬ ਭਰ ਦੇ ਚਾਰਟਰਡ ਅਕਾਊਂਟੈਂਟਾਂ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਹਿਮਾਂਸ਼ੂ ਜੈਨ (ਡਿਪਟੀ ਕਮਿਸ਼ਨਰ, ਲੁਧਿਆਣਾ) ਰਾਹੀਂ ਰਾਸ਼ਟਰਪਤੀ ਭਾਰਤ ਨੂੰ ਮੰਗ ਪੱਤਰ ਸੌਂਪਿਆ ਅਤੇ SIT ਵੱਲੋਂ ਜ਼ਬਤ ਕੀਤੇ ਲੈਪਟਾਪ, DVR ਅਤੇ ਹੋਰ ਦਸਤਾਵੇਜ਼ ਤੁਰੰਤ ਵਾਪਸ ਕਰਨ ਦੀ ਮੰਗ ਕੀਤੀ।

ਦੱਸਣਯੋਗ ਹੈ ਕਿ 9 ਜਨਵਰੀ ਦੀ ਦੇਰ ਰਾਤ SIT ਵੱਲੋਂ ਲੁਧਿਆਣਾ ਦੇ ਟੈਗੋਰ ਨਗਰ ਵਿੱਚ ਸਥਿਤ CA ਫਰਮ “ਅਸ਼ਵਨੀ ਐਂਡ ਐਸੋਸੀਏਟਸ” ’ਤੇ ਅਚਾਨਕ ਛਾਪਾ ਮਾਰਿਆ ਗਿਆ ਸੀ। ਇਸ ਦੌਰਾਨ SIT ਟੀਮ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਦੇ CA ਸਤਵਿੰਦਰ ਸਿੰਘ ਕੋਹਲੀ ਨੂੰ ਵੀ ਆਪਣੇ ਨਾਲ ਲੈ ਕੇ ਆਈ, ਜਿਸ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜਿਵੇਂ ਹੀ ਤਲਾਸ਼ੀ ਸ਼ੁਰੂ ਹੋਈ, ਮੌਕੇ ’ਤੇ ਮੌਜੂਦ CA ਅਤੇ ਵਕੀਲਾਂ ਵੱਲੋਂ ਸਰਚ ਵਾਰੰਟ ਅਤੇ ਕਾਨੂੰਨੀ ਆਦੇਸ਼ਾਂ ਦੀ ਮੰਗ ਕੀਤੀ ਗਈ। ਪੁਲਿਸ ਵੱਲੋਂ ਸਪਸ਼ਟ ਦਸਤਾਵੇਜ਼ ਪੇਸ਼ ਨਾ ਕਰਨ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ। ਇਸ ਦੇ ਬਾਵਜੂਦ SIT ਨੇ ਲੈਪਟਾਪ, DVR ਅਤੇ ਕਈ ਮਹੱਤਵਪੂਰਨ ਰਿਕਾਰਡ ਜ਼ਬਤ ਕਰ ਲਏ।

ਲੁਧਿਆਣਾ CA ਐਸੋਸੀਏਸ਼ਨ ਦੇ ਮੈਂਬਰ ਵਿਸ਼ਾਲ ਗਰਗ ਨੇ ਕਿਹਾ ਕਿ ਪੁਲਿਸ ਨੇ ਬਿਨਾਂ ਕਿਸੇ ਪੂਰਵ ਸੂਚਨਾ ਜਾਂ ਸਰਚ ਵਾਰੰਟ ਦੇ ਦਸਤਾਵੇਜ਼ ਜ਼ਬਤ ਕੀਤੇ, ਜੋ ਕਿ ਗੈਰ-ਕਾਨੂੰਨੀ ਹੈ ਅਤੇ ਚਾਰਟਰਡ ਅਕਾਊਂਟੈਂਟ ਪੇਸ਼ੇ ਦੀ ਸ਼ਾਨ ’ਤੇ ਸਿੱਧਾ ਹਮਲਾ ਹੈ। ਉਨ੍ਹਾਂ ਕਿਹਾ ਕਿ CA ਕੋਲ ਕਲਾਇੰਟਾਂ ਦੇ ਗੁਪਤ ਰਿਕਾਰਡ ਹੁੰਦੇ ਹਨ, ਜਿਨ੍ਹਾਂ ਦੀ ਸੁਰੱਖਿਆ ਕਰਨਾ ਸਾਡੀ ਪੇਸ਼ੇਵਰ ਜ਼ਿੰਮੇਵਾਰੀ ਹੈ। ਪ੍ਰਦਰਸ਼ਨਕਾਰੀਆਂ ਨੇ ਸਪਸ਼ਟ ਕੀਤਾ ਕਿ ਜੇਕਰ ਪੁਲਿਸ ਨੂੰ ਕਿਸੇ ਦਸਤਾਵੇਜ਼ ਦੀ ਲੋੜ ਹੋਵੇ ਤਾਂ ਨੋਟਿਸ ਜਾਂ ਬੇਨਤੀ ਪੱਤਰ ਰਾਹੀਂ ਮੰਗ ਕੀਤੀ ਜਾਵੇ, ਨਾ ਕਿ ਅਚਾਨਕ ਛਾਪੇਮਾਰੀ ਕਰਕੇ ਦਹਿਸ਼ਤ ਪੈਦਾ ਕੀਤੀ ਜਾਵੇ। ਪੰਜਾਬ ਭਰ ਤੋਂ ਇਕੱਠੇ ਹੋਏ CA ਪੇਸ਼ੇਵਰਾਂ ਨੇ ਇੱਕਜੁੱਟ ਹੋ ਕੇ ਸੰਦੇਸ਼ ਦਿੱਤਾ ਕਿ ਉਹ ਆਪਣੇ ਅਧਿਕਾਰਾਂ ਅਤੇ ਪੇਸ਼ੇ ਦੀ ਮਰਿਆਦਾ ਦੀ ਰੱਖਿਆ ਲਈ ਹਮੇਸ਼ਾ ਡਟ ਕੇ ਖੜ੍ਹੇ ਰਹਿਣਗੇ

Share this content:

Post Comment