Loading Now

ਮਾਨਵਤਾ ਦੀ ਚਾਦਰ/ਐਡਵੋਕੇਟ ਦਰਸ਼ਨ ਸਿੰਘ ਰਿਆੜ

ਮਾਨਵਤਾ ਦੀ ਚਾਦਰ/ਐਡਵੋਕੇਟ ਦਰਸ਼ਨ ਸਿੰਘ ਰਿਆੜ

ਮਾਨਵਤਾ ਦੀ ਚਾਦਰ, ਤੇਗ਼ ਬਹਾਦਰ! ਨੌਵੇਂ ਗੁਰੂ, ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਬਲੀਦਾਨ ਦਿਵਸ ਭਾਰਤ ਭਰ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਪ੍ਰਬੰਧ ਕਰ ਰਹੀਆਂ ਹਨ।ਪੰਜਾਬ ਸਰਕਾਰ ਵੱਲੋਂ ਵੀ ਇਸ ਮਹਾਨ ਪੁਰਬ ਲਈ ਅੱਡੀ ਚੋਟੀ ਦੇ ਜ਼ੋਰ ਲਗਾਏ ਜਾ ਰਹੇ ਹਨ।ਇਸ ਦਿਨ ਨੂੰ ਅਹਿਮੀਅਤ ਦੇਣ ਲਈ ਸਰਕਾਰ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਸਮਾਗਮ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਉਣ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਹੈ।ਉਂਜ ਤਾਂ ਧਾਰਮਿਕ ਸਮਾਗਮ ਮਨਾਉਣੇ ਧਾਰਮਿਕ ਸੰਸਥਾਵਾਂ ਨੂੰ ਹੀ ਸੋਭਦੇ ਹਨ ਪਰ ਪਿਛਲੇ ਸਮੇਂ ਵੀ ਪੰਜਾਬ ਸਰਕਾਰ ਕਈ ਵਾਰ ਅਜਿਹੇ ਸਮਾਗਮ ਮਨਾਉਣ ਵਿੱਚ ਸ਼ਿਰਕਤ ਕਰ ਚੁੱਕੀ ਹੈ।ਨਿਰਸੰਦੇਹ ਸਰਕਾਰ ਦਾ ਅਜਿਹੇ ਸਮਾਗਮਾਂ ਵਿੱਚ ਹਿੱਸਾ ਲੈਣਾ ਵੀ ਸ਼ੁਭ ਸੰਕੇਤ ਹੈ।ਧਿਆਨ ਰਹੇ ਕਿ ਅਜਿਹੇ ਸਮਾਗਮ ਕੇਵਲ ਧਾਰਮਿਕ ਹੀ ਰਹਿਣ ਤੇ ਉਹਨਾਂ ਵਿੱਚੋਂ ਕੋਈ ਰਾਜਨੀਤਕ ਵਿਤਕਰਾ ਨਹੀਂ ਝਲਕਣਾ ਚਾਹੀਦਾ।ਇਹ ਉਸ ਮਹਾਨ ਸ਼ਖ਼ਸੀਅਤ ਨਾਲ ਸਬੰਧਿਤ ਦਿਹਾੜਾ ਹੈ ਜਿਸ ਦੇ ਤਿਆਗ ਦੀ ਕਿਧਰੇ ਵੀ ਮਿਸਾਲ ਨਹੀਂ ਮਿਲਦੀ? ਗੁਰੂ ਤੇਗ਼ ਬਹਾਦਰ ਜੀ ਨੂੰ ਵੈਸੇ ਤਾਂ ,”ਹਿੰਦ ਦੀ ਚਾਦਰ” ਕਿਹਾ ਜਾਂਦਾ ਹੈ ਪਰ ਉਹ ਕੇਵਲ ਹਿੰਦ ਦੀ ਚਾਦਰ ਨਾ ਹੋ ਕੇ ਮਾਨਵਤਾ ਦੀ ਚਾਦਰ ਸਨ।ਉਹਨਾਂ ਦੀ ਬਾਣੀ ਵਿੱਚੋਂ ਮਾਨਵਤਾ ਪ੍ਰਤੀ ਦਰਦ ਬਾਖ਼ੂਬੀ ਝਲਕਦਾ ਹੈ:- ” ਜਗਤੁ ਭਿਖਾਰੀ ਫਿਰਤੁ ਹੈ ਸਭ ਕੋ ਦਾਤਾ ਰਾਮੁ।।

ਕਹੁ ਨਾਨਕ ਮਨ ਸਿਮਰੁ ਤਿਹ ਪੂਰਨ ਹੋਵੇ ਕਾਮ।।” ਆਪਣੇ ਸਲੋਕਾਂ ਵਿੱਚ ਉਹਨਾਂ ਨੇ ਕਿਸੇ ਧਰਮ ਦੀ ਗੱਲ ਨਾ ਕਰਕੇ ਜਗਤ ਭਾਵ ਸਮੁੱਚੀ ਮਾਨਵਤਾ ਦਾ ਜ਼ਿਕਰ ਕੀਤਾ ਹੈ।ਗੁਰੂ ਪਿਤਾ ਦੇ ਪੁੱਤਰ,ਗੁਰੂ ਦੇਪੋਤਰੇ ,ਪੜਪੋਤਰੇ,ਪਿਤਾ ਅਤੇ ਦਾਦੇ ਦਾ ਵੱਡਾ ਰੁਤਬਾ ਰੱਖਣ ਵਾਲੇ ਮਹਾਨ ਤਿਆਗੀ ਗੁਰੂ ਦੀ ਭਗਤੀ 26 ਸਾਲ 9 ਮਹੀਨੇ ਅਤੇ 13 ਦਿਨ ਭੋਰੇ ਵਿੱਚ ਰਹਿ ਕੇ ਖ਼ੁਦ ਨੂੰ ਅਕਾਲ ਪੁਰਖ ਨਾਲ ਜੋੜਨ ਦੀ ਵਿਵਸਥਾ ਦਾ ਮਹਾਨ ਨਮੂਨਾ ਹੈ।ਬਚਪਨ ਵਿੱਚ ਤੇਗ਼ ਦੇ ਧਨੀ ਹੋਣ ਕਾਰਨ ਗੁਰੂ ਪਿਤਾ ਨੇ ਉਹਨਾਂ ਦਾ ਨਾਮ ਹੀ ਤੇਗ਼ ਬਹਾਦਰ ਰੱਖ ਦਿੱਤਾ।ਤਿਆਗ ਏਨਾ ਪ੍ਰਬਲ ਕਿ ਦੁਖੀਆਂ ਦੀ ਫ਼ਰਿਆਦ ਸੁਣ ਕੇ ਉਸ ਦਾ ਹੱਲ ਕਰਨ ਕਰਨ ਲਈ ਖ਼ੁਦ ਕੁਰਬਾਨੀ ਦੇਣ ਲਈ ਹਾਕਮ ਦੀ ਪੁਕਾਰ ਤੇ ਓਧਰ ਚੱਲ ਪਏ।ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਮਹਾਨ ਕੁਰਬਾਨੀ ਦੇ ਕੇ ਅਨੂਠੀ ਮਿਸਾਲ ਕਾਇਮ ਕੀਤੀ।

ਸਿੱਖ ਧਰਮ ਦੇ ਦਸ ਗੁਰੂ ਦਰਅਸਲ ਬੇਦੀ ਤੇ ਸੋਢੀ ਵੰਸ਼ਾਂ ਵਿੱਚੋਂ ਹੋਏ ਹਨ।ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਜੀ ਨੂੰ ਚੌਥੇ ਗੁਰੂ ਦੀ ਗੱਦੀ ਸੌਂਪੀ ਸੀ।ਗੁਰੂ ਰਾਮਦਾਸ ਜੀ ਦੇ ਪੋਤਰੇ ਛੇਵੇਂ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਸਪੁੱਤਰ ਸਨ ਗੁਰੂ ਤੇਗ਼ ਬਹਾਦਰ ਜੀ।ਪਰ ਆਪ ਜੀ ਨੂੰ ਗੁਰਗੱਦੀ ਪਿਤਾ ਵੱਲੋਂ ਨਹੀਂ ਸਗੋਂ ਰਿਸ਼ਤੇ ਵਿਚ ਲੱਗਦੇ ਪੋਤਰੇ ਅੱਠਵੇਂ ਗੁਰੂ,ਗੁਰੂ ਹਰਿ ਕ੍ਰਿਸ਼ਨ ਜੀ ਵੱਲੋਂ ਸੌਂਪੀ ਗਈ ਸੀ।ਅੱਠਵੇਂ ਪਾਤਸ਼ਾਹ ਬਹੁਤ ਛੋਟੀ ਉਮਰ ਦੇ ਗੁਰੂ ਸਨ ਤੇ ਥੋਹੜੀ ਦੇਰ ਹੀ ਗੱਦੀ ਤੇ ਬਿਰਾਜਮਾਨ ਰਹੇ।ਉਹਨਾਂ ਦੇ ਦੌਰ ਵਿੱਚ ਹੀ ਦਿੱਲੀ ਵਿੱਚ ਚੀਚਕ ਦੀ ਬਿਮਾਰੀ ਦਾ ਪ੍ਰਕੋਪ ਫੈਲ ਗਿਆ ਸੀ।ਦੁਖੀਆਂ ਤੇ ਬਿਮਾਰਾਂ ਦੀ ਸੇਵਾ ਕਰਦੇ ਹੋਏ ਉਹ ਖ਼ੁਦ ਵੀ ਚੀਚਕ ਦਾ ਸ਼ਿਕਾਰ ਹੋ ਗਏ ਸਨ।ਆਪਣਾ ਅੰਤ ਵੇਲਾ ਜਾਣ ਕੇ ਉਹਨਾਂ ਨੇ ਉੱਥੋਂ ਹੀ ਗੁਰਗੱਦੀ ਦੀ ਰਸਮ ਅਦਾ ਕਰਕੇ,” ਨੌਵਾਂ ਗੁਰੂ ਬਕਾਲੇ” ਕਹਿ ਕੇ ਚੋਲ੍ਹਾ ਤਿਆਗ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਉਸ ਸਮੇਂ ਤੇਗ਼ ਬਹਾਦਰ ਜੀ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਬਕਾਲੇ,ਜੋ ਬਾਦ ਵਿੱਚ ਬਾਬਾ ਬਕਾਲਾ ਵਜੋਂ ਮਸ਼ਹੂਰ ਹੋ ਗਿਆ ਸੀ, ਵਿੱਚ ਇੱਕ ਭੋਰੇ ਵਿੱਚ ਪ੍ਰਮਾਤਮਾ ਦੀ ਭਗਤੀ ਕਰਦੇ ਸਨ।ਉਸ ਸਮੇਂ ਵੀ ਲਾਲਚੀ ਤੇ ਪਖੰਡੀ ਗੁਰੂ ਕਈ ਤਰ੍ਹਾਂ ਦੇ ਅਡੰਬਰ ਰਚ ਕੇ ਲੋਕਾਂ ਨੂੰ ਬੁੱਧੂ ਬਣਾਉਂਦੇ ਹੁੰਦੇ ਸਨ।

ਇਹ ਦੁਨੀਆ ਤਰ੍ਹਾਂ ਤਰ੍ਹਾਂ ਦੇ ਲੋਕਾਂ ਨਾਲ ਭਰੀ ਪਈ ਹੈ।ਏਥੇ ਠੱਗਾਂ,ਚੋਰਾਂ,ਬੇਈਮਾਨਾਂ ਤੇ ਧਾੜਵੀਆਂ ਦਾ ਹਮੇਸ਼ਾ ਦੌਰ ਚੱਲਦਾ ਰਿਹਾ ਹੈ।ਜਦੋਂ ਆਮ ਲੋਕ ਆਪਣੀ ਤੀਖਣ ਬੁੱਧੀ ਨਾਲ ਉਹਨਾਂ ਨੂੰ ਪਹਿਚਾਣ ਲੈਂਦੇ ਹਨ ਉਹ ਰੂਪੋਸ਼ ਹੋ ਜਾਂਦੇ ਹਨ ਤੇ ਜਦੋਂ ਅਵੇਸਲੇ ਹੋ ਜਾਂਦੇ ਹਨ ਉਹਨਾਂ ਦੀਆਂ ਫਿਰ ਪੌਂ ਬਾਰਾਂ ਹੋ ਜਾਂਦੀਆਂ ਹਨ।ਅੱਜਕੱਲ੍ਹ ਇਹ ਕੰਮ ਰਾਜਨੀਤਕ ਲੋਕਾਂ ਨੇ ਸਾਂਭ ਲਿਆ ਹੈ।ਉਹਨਾਂ ਦੇ ਲਾਰੇ,ਵਾਅਦੇ ਤੇ ਭਰਮ ਜਾਲ ਸਮਾਜ ਦੇ ਗਲੇ ਦੀ ਹੱਡੀ ਬਣਦੇ ਜਾ ਰਹੇ ਹਨ।ਖੈਰ!ਇਹ ਵਰਤਾਰਾ ਉਦੋਂ ਵੀ ਚੱਲਦਾ ਸੀ। “ਗੁਰੂ ਬਾਬੇ ਬਕਾਲੇ” ਦਾ ਪੈਗਾਮ ਸੁਣ ਕੇ ਕਈ ਲਾਲਚੀਆਂ ਨੇ ਬਾਬਾ ਬਕਾਲਾ ਵਿਖੇ ਗੁਰੂ ਬਣ ਕੇ ਡੇਰੇ ਲਾ ਲਏ ਸਨ।ਭੋਲੇ ਭਾਲੇ ਲੋਕਾਂ ਕੋਲ ਆਪਣਾ ਪ੍ਰਚਾਰ ਕਰਨ ਲਈ ਉਹਨਾਂ ਨੇ ਆਪਣੇ ਮਸੰਦ ਵੀ ਕਾਇਮ ਕਰ ਲਏ।ਗੁਰੂ ਦਰਸ਼ਨਾਂ ਦੀ ਤਾਂਘ ਵਿੱਚ ਜਾਣ ਵਾਲੇ ਲੋਕਾਂ ਨਾਲ ਅੱਖ ਮਿਚੋਲੀ ਸ਼ੁਰੂ ਹੋ ਗਈ ਸੀ। ਅਚਾਨਕ ਆਪਣੀ ਸੁੱਖਣਾ ਅਨੁਸਾਰ ਭੇਟ ਕਰਨ ਲਈ ਮੱਖਣ ਸ਼ਾਹ ਲੁਬਾਣਾ ਨਾਮ ਦਾ ਵਪਾਰੀ ਵੀ ਬਾਬੇ ਬਕਾਲੇ ਪੁੱਜ ਗਿਆ।ਵੱਖ ਵੱਖ ਲੋਕ ਗੁਰੂ ਬਣ ਬੈਠੇ ਡੇਰਿਆਂ ਵੱਲ ਵੇਖ ਉਹ ਭੰਬਲਭੂਸੇ ਵਿੱਚ ਫਸ ਗਿਆ।

ਉਸ ਵੇਲੇ ਬਾਈ ਲੋਕ ਭੇਖੀ ਗੁਰੂ ਬਣ ਆਪੋ ਆਪਣੀਆਂ ਮੰਜੀਆਂ ਡਾਹ ਕੇ ਉੱਥੇ ਬਿਰਾਜੇ ਸਨ। ਕਿਹੜਾ ਗੁਰੂ ਅਸਲੀ ਹੈ ਕਿਵੇਂ ਪਤਾ ਲੱਗੇ?ਉਸ ਵਪਾਰੀ ਦਾ ਬੇੜਾ ਸਮੁੰਦਰ ਵਿੱਚ ਭਿਆਨਕ ਤੁਫ਼ਾਨ ਵਿੱਚ ਫਸ ਗਿਆ ਸੀ।ਕਿਹਾ ਜਾਂਦਾ ਹੈ ਕਿ ਉਸ ਨੇ ਸੱਚੇ ਦਿਲੋਂ ਫ਼ਰਿਆਦ ਕੀਤੀ ਸੀ ਕਿ ਜੋ ਵੀ ਸਿੱਖ ਗੁਰੂ ਇਸ ਸਮੇਂ ਗੱਦੀ ਤੇ ਬਿਰਾਜਮਾਨ ਹੈ ਜੇ ਉਸ ਦਾ ਬੇੜਾ ਪਾਰ ਲਗਾ ਦੇਵੇ ਤਾਂ ਉਹ 500 ਸੋਨੇ ਦੀਆਂ ਮੋਹਰਾਂ ਭੇਟ ਕਰੇਗਾ। ਬੇੜਾ ਪਾਰ ਲਗ ਗਿਆ ਤੇ ਸੱਚੇ ਸੇਵਕ ਵਜੋਂ ਉਹ ਭੇਟਾ ਲਈ ਪਹੁੰਚ ਗਿਆ।ਉਸ ਨੇ ਸੋਚਿਆ ਕਿ ਹਰੇਕ ਗੁਰੂ ਮੂਹਰੇ ਪੰਜ ਪੰਜ ਮੋਹਰਾਂ ਅਰਪਣ ਕਰ ਦੇਵੇਗਾ,ਸੱਚਾ ਗੁਰੂ ਆਪੇ ਪੰਜ ਸੌ ਮੰਗ ਲਵੇਗਾ।ਉਸ ਨੇ ਬਾਈ ਗੁਰੂ ਬਣੇ ਲੋਕਾਂ ਮੂਹਰੇ ਪੰਜ ਪੰਜ ਸੋਨੇ ਦੀਆਂ ਮੋਹਰਾਂ ਰੱਖ ਕੇ ਮੱਥਾ ਟੇਕਿਆ।ਸਾਰੇ ਖ਼ੁਸ਼ ਹੋ ਗਏ ਪਰ ਪੰਜ ਸੌ ਕਿਸੇ ਨੇ ਵੀ ਨਾ ਮੰਗੀ। ਹਾਰ ਹੰਭ ਕੇ ਉੱਥੋਂ ਨਿਰਾਸ ਹੋ ਕੇ ਤੁਰ ਕੇ ਮੱਖਣ ਸ਼ਾਹ ਸੱਚੇ ਗੁਰੂ ਦੀ ਭਾਲ ਵਿੱਚ ਏਧਰ ਓਧਰ ਘੁੰਮਣ ਲੱਗਾ।ਫਿਰ ਕਿਸੇ ਨੇ ਦੱਸਿਆ ਕਿ ਇੱਕ ਭੋਰੇ ਵਿੱਚ ਵੀ ਬਾਬਾ ਭਗਤੀ ਕਰਦਾ ਹੈ।ਪਿਆਸੇ ਦੇ ਪਾਣੀ ਦੀ ਭਾਲ ਵਾਂਗ ਮੱਖਣ ਸ਼ਾਹ ਉੱਥੇ ਜਾ ਪਹੁੰਚਾ।ਤੇਗ਼ ਬਹਾਦਰ ਜੀ ਮੂਹਰੇ ਵੀ ਉਸ ਨੇ ਪੰਜ ਮੋਹਰਾਂ ਰੱਖ ਕੇ ਮੱਥਾ ਟੇਕ ਦਿੱਤਾ।ਸੁੱਖ ਕੇ ਪੰਜ ਸੌ ਪੰਜ ਦੇ ਰਿਹਾ ਹੈਂ ਭਗਤਾ, ਜਦੋਂ ਇਹ ਅਵਾਜ਼ ਉਸ ਦੇ ਕੰਨਾਂ ਵਿੱਚ ਪਈ ਤਾਂ ਉਹ ਬਾਗੋ ਬਾਗ਼ ਹੋ ਗਿਆ।ਗੁਰ ਚਰਨਾਂ ਵਿੱਚ ਮੋਹਰਾਂ ਦੀ ਥੈਲੀ ਉਲੱਦ ਕੇ ਉਹ ਦਰਸ਼ਨ ਕਰਕੇ ਨਿਹਾਲ ਹੋ ਗਿਆ।ਕੋਠੇ ਉੱਪਰ ਚੜ ਕੇ ਉਸ ਨੇ ਉੱਚੀ ਅਵਾਜ਼ ਵਿੱਚ ਰੌਲਾ ਪਾ ਦਿੱਤਾ,”ਗੁਰੂ ਲਾਧੋ ਰੇ, ਗੁਰੂ ਲਾਧੋ ਰੇ”।ਇੰਜ ਨਾਟਕੀ ਢੰਗ ਨਾਲ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਜੀ ਪ੍ਰਗਟ ਹੋਏ ਸਨ।ਨਕਲੀ ਬਣੇ ਬਾਈ ਗੁਰੂ ਝੱਟ ਆਪੋ ਆਪਣੀਆਂ ਮੰਜੀਆਂ ਚੁੱਕ ਕੇ ਖਿਸਕ ਗਏ ਤੇ ਗੁਰੂ ਤੇਗ਼ ਬਹਾਦਰ ਜੀ ਭੋਰੇ ਵਿੱਚੋਂ ਬਾਹਰ ਆ ਕੇ ਲੋਕ ਭਲਾਈ ਲਈ ਜੁੱਟ ਗਏ ਸਨ।ਕੁਝ ਦੇਰ ਉੱਥੇ ਰਹਿਣ ਉਪਰੰਤ ਗੁਰੂ ਤੇਗ਼ ਬਹਾਦਰ ਜੀ ਨੇ ਜ਼ਮੀਨ ਖ਼ਰੀਦ ਕੇ ਅਨੰਦਪੁਰ ਨਗਰ ਵਸਾਇਆ ਤੇ ਉੱਥੇ ਰਹਿਣ ਲੱਗ ਪਏ।ਉਸ ਸਮੇਂ ਇਸ ਦਾ ਨਾਮ ਉਨ੍ਹਾਂ ਨੇ ਆਪਣੀ ਮਾਤਾ ਜੀ ਦੇ ਨਾਮ ਤੇ ਚੱਕ ਨਾਨਕੀ ਰੱਖਿਆ ਸੀ ਜੋ ਬਾਦ ਵਿਚ ਅਨੰਦਪੁਰ ਪ੍ਰਚੱਲਿਤ ਹੋ ਗਿਆ ।

ਧਰਮ ਦੇ ਪ੍ਰਚਾਰ ਵਾਸਤੇ ਅਤੇ ਲੋਕ ਭਲਾਈ ਕੰਮਾਂ ਲਈ ਆਪ ਅਸਾਮ ਦੀ ਯਾਤਰਾ ਤੇ ਨਿਕਲ ਗਏ।ਮਾਤਾ ਗੁਜ਼ਰੀ ਜੀ ਤੇ ਬਾਕੀ ਪਰਿਵਾਰ ਨੂੰ ਆਪ ਪਟਨਾ (ਬਿਹਾਰ ਰਾਜ ਵਿੱਚ) ਛੱਡ ਗਏ।ਅਤੇ ਨਿਵਾਸ ਦੌਰਾਨ ਹੀ ਦਸਵੇਂ ਗੁਰੂ ਬਣੇ ਬਾਲ ਗੋਬਿੰਦ ਰਾਇ ਦਾ ਜਨਮ ਹੋਇਆ ਸੀ।ਯਾਤਰਾ ਦਾ ਮਕਸਦ ਪੂਰਾ ਕਰਨ ਉਪਰੰਤ ਗੁਰੂ ਤੇਗ਼ ਬਹਾਦਰ ਜੀ ਪਰਿਵਾਰ ਸਮੇਤ ਵਾਪਸ ਅਨੰਦਪੁਰ ਦੀ ਧਰਤੀ ਤੇ ਆ ਰਹਿਣ ਲੱਗ ਪਏ। ਉਹਨਾਂ ਦਿਨਾਂ ਵਿੱਚ ਦਿੱਲੀ ਦੇ ਤਖ਼ਤ ਤੇ ਕਾਬਜ਼ ਔਰੰਗਜ਼ੇਬ ਬਾਦਸ਼ਾਹ ਬੜੇ ਜ਼ੁਲਮ ਕਰਨ ਵਿਚ ਮਸਰੂਫ਼ ਸੀ।ਹਿੰਦੂਆਂ ਨੂੰ ਜਬਰੀ ਧਰਮ ਬਦਲ ਕੇ ਇਸਲਾਮ ਗ੍ਰਹਿਣ ਕਰਨ ਦਾ ਦਬਾਅ ਪਾਇਆ ਜਾਂਦਾ ਸੀ।ਕਸ਼ਮੀਰ ਦੇ ਪੰਡਿਤ ਭਾਰੀ ਦਬਾਅ ਤੋਂ ਭੈਭੀਤ ਹੋ ਕੇ ਅਨੰਦਪੁਰ ਵਿਖੇ ਫ਼ਰਿਆਦ ਕਰਨ ਲਈ ਗੁਰੂ ਤੇਗ਼ ਬਹਾਦਰ ਜੀ ਕੋਲ ਪਹੁੰਚੇ।ਉਹਨਾਂ ਦੀ ਪੁਕਾਰ ਸੁਣ ਕੇ ਤੇਗ਼ ਬਹਾਦਰ ਜੀ ਗਹਿਰੀ ਸੋਚ ਵਾਲੀ ਅਵਸਥਾ ਵਿੱਚ ਬੈਠੇ ਸਨ ਜਦੋਂ ਨੌਂ ਸਾਲ ਦੀ ਉਮਰ ਵਾਲੇ ਬਾਲ ਗੋਬਿੰਦ ਰਾਇ ਬਾਹਰੋਂ ਖੇਡਦੇ ਆਏ ਤੇ ਗੁਰੂ ਪਿਤਾ ਨੂੰ ਉਦਾਸੀ ਦਾ ਕਾਰਨ ਪੁੱਛਿਆ? ਫ਼ਰਿਆਦੀ ਪੰਡਿਤਾਂ ਵੱਲ ਇਸ਼ਾਰਾ ਕਰਕੇ ਉਹਨਾਂ ਦੇ ਦੱਸਣ ਤੇ ਕਿ ਇਹਨਾਂ ਦਾ ਦਰਦ ਦੂਰ ਕਰਨ ਲਈ ਕਿਸੇ ਮਹਾਂਪੁਰਸ਼ ਦੀ ਕੁਰਬਾਨੀ ਦੀ ਲੋੜ ਹੈ? ਬਾਲ ਗੋਬਿੰਦ ਦਾ ਦੂਰ ਅੰਦੇਸ਼ੀ ਵਾਲਾ ਜਵਾਬ,” ਤੁਹਾਡੇ ਤੋਂ ਵੱਡਾ ਹੋਰ ਮਹਾਂਪੁਰਸ਼ ਕੌਣ ਹੋ ਸਕਦਾ ਹੈ”? ਤੇਗ਼ ਬਹਾਦਰ ਜੀ ਨੇ ਬੇਫ਼ਿਕਰ ਹੋ ਕੇ ਪੰਡਿਤਾਂ ਨੂੰ ਕਹਿ ਦਿੱਤਾ ਕਿ ਉਹ ਔਰੰਗਜ਼ੇਬ ਨੂੰ ਜਾ ਕੇ ਦਸ ਦੇਣ ਕਿ ਗੁਰੂ ਤੇਗ਼ ਬਹਾਦਰ ਉਹਨਾਂ ਦਾ ਗੁਰੂ ਹੈ,ਜੇ ਉਹ ਧਰਮ ਤਬਦੀਲ ਕਰ ਲੈਣਗੇ ਤਾਂ ਉਹ ਸਾਰੇ ਵੀ ਨਿਰਸੰਕੋਚ ਇਸਲਾਮ ਕਬੂਲ ਕਰ ਲੈਣਗੇ।

ਬਾਦਸ਼ਾਹ ਔਰੰਗਜ਼ੇਬ ਗੁਰੂ ਜੀ ਦਾ ਜਵਾਬ ਸੁਣ ਕੇ ਬੜਾ ਖ਼ੁਸ਼ ਹੋਇਆ।ਉਸ ਨੇ ਸੋਚਿਆ ਕਿ ਇਕੱਲੇ ਗੁਰੂ ਦੇ ਧਰਮ ਤਬਦੀਲ ਕਰਨ ਨਾਲ ਹੀ ਵੱਡੀ ਗਿਣਤੀ ਇਸਲਾਮ ਕਬੂਲ ਕਰ ਲਵੇਗੀ ਤੇ ਇਸਲਾਮ ਦਾ ਬੋਲਬਾਲਾ ਹੋ ਜਾਵੇਗਾ।ਬਹਾਨੇ ਨਾਲ ਉਸ ਨੇ ਗੁਰੂ ਜੀ ਨੂੰ ਦਿੱਲੀ ਪਹੁੰਚਣ ਦਾ ਸੁਨੇਹਾ ਭੇਜ ਦਿੱਤਾ।ਉਸ ਨੇ ਪ੍ਰੇਰ ਕੇ ਜਾਂ ਜ਼ਬਰਦਸਤੀ ਜਿਵੇਂ ਵੀ ਹੋਵੇ ਆਪਣੀ ਖ਼ਾਹਿਸ਼ ਪੂਰੀ ਕਰਨ ਦੀ ਵਿਉਂਤ ਬਣਾ ਲਈ ਸੀ।ਗੁਰੂ ਜੀ ਵੀ ਉਸ ਦੀ ਚਾਲ ਸਮਝ ਗਏ ਸਨ।ਉਹਨਾਂ ਨੇ ਖ਼ੁਦ ਪੜਾਅ ਵਾਰ ਚੱਲਦੇ ਹੋਏ ਦਿੱਲੀ ਪਹੁੰਚਣ ਦਾ ਪ੍ਰੋਗਰਾਮ ਉਲੀਕ ਲਿਆ।ਉਹਨਾਂ ਦੇ ਬਹੁਤ ਸਾਰੇ ਪੈਰੋਕਾਰ ਭਾਈ ਸਤੀ ਦਾਸ,ਮੱਤੀਂ ਦਾਸ ਤੇ ਭਾਈ ਦਿਆਲਾ ਜੀ ਵਰਗੇ ਅਨੇਕਾਂ ਸੇਵਕ ਨਾਲ ਚੱਲ ਪਏ।ਸੰਗਤਾਂ ਨੂੰ ਪ੍ਰੇਰਦੇ ਹੋਏ ਤੇ ਵਾਹਿਗੁਰੂ ਦੇ ਗੁਣਗਾਨ ਕਰਦੇ ਹੋਏ ਗੁਰੂ ਜੀ ਦਿੱਲੀ ਪਹੁੰਚ ਗਏ।ਔਰੰਗਜ਼ੇਬ ਨੇ ਪਹਿਲਾਂ ਤਾਂ ਪ੍ਰੇਮ ਪਿਆਰ ਨਾਲ ਗੁਰੂ ਜੀ ਨੂੰ ਧਰਮ ਤਬਦੀਲ ਕਰਨ ਲਈ ਕਈ ਤਰ੍ਹਾਂ ਦੀਆਂ ਦਲੀਲਾਂ ਦਿੱਤੀਆਂ।ਫਿਰ ਗੁਰੂ ਜੀ ਦੇ ਸੇਵਕਾਂ ਤੇ ਅੱਤਿਆਚਾਰ ਕਰਕੇ ਉਹਨਾਂ ਨੂੰ ਸ਼ਹੀਦ ਕਰਨਾ ਸ਼ੁਰੂ ਕਰ ਦਿੱਤਾ। ਭਾਈ ਮੱਤੀਂ ਦਾਸ ਜੀ ਨੂੰ ਚਾਂਦਨੀ ਚੌਂਕ ਦਿੱਲੀ ਵਿਖੇ ਆਰੇ ਨਾਲ ਚੀਰ ਦਿੱਤਾ ਗਿਆ।

ਭਾਈ ਦਿਆਲਾ ਜੀ ਨੂੰ ਪਾਣੀ ਦੀ ਦੇਗ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ ਤੇ ਭਾਈ ਸਤੀ ਦਾਸ ਜੀ ਨੂੰ ਰੂੰ ਵਿਚ ਲਪੇਟ ਕੇ ਅੱਗ ਲਗਾ ਦਿੱਤੀ ਗਈ। ਗੁਰੂ ਜੀ ਨੂੰ ਬਹਾਨੇ ਨਾਲ ਬੰਦੀ ਬਣਾ ਕੇ ਪਿੰਜਰੇ ਵਿੱਚ ਕੈਦ ਕਰ ਲਿਆ ਸੀ।ਅਣਮਨੁੱਖੀ ਤਸੀਹੇ ਗੁਰੂ ਭਗਤਾਂ ਨੂੰ ਦੇ ਕੇ ਬਾਦਸ਼ਾਹ ਗੁਰੂ ਜੀ ਨੂੰ ਡਰਾਉਣਾ ਚਾਹੂ ਦਾ ਸੀ।ਪਰ ਗੁਰੂ ਜੀ ਨੇ ਆਪਣੇ ਬਚਨਾਂ ਰਾਹੀਂ ਸਪਸ਼ਟ ਕਰ ਦਿੱਤਾ:- ” ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤੁ ਆਨ।। ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ।।” ਜਦੋਂ ਬਾਦਸ਼ਾਹ ਦੇ ਸਾਰੇ ਡਰ ਤੇ ਵਸੀਲੇ ਅਸਫਲ ਹੋ ਗਏ ਤਾਂ ਉਸ ਨੇ ਆਪਣੇ ਜਲਾਦ ਨੂੰ ਹੁਕਮ ਕੀਤਾ ਕਿ ਉਹ ਚਾਂਦਨੀ ਚੌਕ ਵਿਖੇ ਗੁਰੂ ਜੀ ਦਾ ਸਿਰ ਕੱਟ ਕੇ ਸ਼ਹੀਦ ਕਰ ਦੇਵੇ। ਤਾਨਾਸ਼ਾਹੀ ਹਕੂਮਤ ਜਿੱਥੇ ਬਾਦਸ਼ਾਹ ਦੇ ਮੂੰਹੋਂ ਬੋਲੇ ਲਫ਼ਜ਼ ਹੀ ਕਨੂੰਨ ਸਨ ਤੇ ਕੋਈ ਅਪੀਲ ਦਲੀਲ ਵੀ ਨਹੀਂ ਸੀ।ਕਿਹਾ ਜਾਂਦਾ ਹੈ ਕਿ ਜਦੋਂ ਜਲਾਦ ਨੇ ਆ ਕੇ ਗੁਰੂ ਜੀ ਨੂੰ ਸ਼ਹੀਦ ਕਰਨ ਲਈ ਤਲਵਾਰ ਨੂੰ ਹੱਥ ਪਾਇਆ ਤਾਂ ਉਹ ਘਬਰਾ ਗਿਆ।ਗੁਰੂ ਜੀ ਨੇ ਇੱਕ ਕਾਗ਼ਜ਼ ਉੱਪਰ ਕੁਝ ਲਿਖ ਕੇ ਗਰਦਨ ਤੇ ਰੱਖ ਕੇ ਜਲਾਦ ਨੂੰ ਵੰਗਾਰਿਆ ਕਿ ਉਸ ਦੀ ਤਲਵਾਰ ਕੋਈ ਕੰਮ ਨਹੀਂ ਕਰ ਸਕੇਗੀ? ਫਿਰ ਰੋਹ ਵਿੱਚ ਆ ਕੇ ਜਲਾਦ ਨੇ ਤਲਵਾਰ ਦਾ ਵਾਰ ਕੀਤਾ ਤੇ ਗੁਰੂ ਜੀ ਦਾ ਸਿਰ ਧੜ ਨਾਲੋਂ ਅਲੱਗ ਹੋ ਗਿਆ। ਕਾਗ਼ਜ਼ ਉੱਪਰ ਬੜਾ ਸਪਸ਼ਟ ਲਿਖਿਆ ਸੀ- ਸਿਰ ਦੀਆ ਸਿਰਰ ਨਾ ਦੀਆ।ਇੰਜ 1675 ਈਸਵੀ ਨੂੰ ਗੁਰੂ ਤੇਗ਼ ਬਹਾਦਰ ਜੀ ਨੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਆਪਣਾ ਬਲੀਦਾਨ ਦੇ ਕੇ ਮਨੁੱਖਤਾ ਨੂੰ ਮਜਬੂਰੀ ਵਿੱਚ ਧਰਮ ਤਬਦੀਲੀ ਤੋਂ ਬਚਾ ਲਿਆ।ਜ਼ਾਲਮ ਬਾਦਸ਼ਾਹ ਦੇ ਡਰ ਨਾਲ ਲੋਕ ਏਨੇ ਭੈਭੀਤ ਸਨ ਕਿ ਗੁਰੂ ਜੀ ਦਾ ਧੜ ਤੇ ਸੀਸ ਚੁੱਕਣ ਦਾ ਹੌਸਲਾ ਵੀ ਕਿਸੇ ਵਿੱਚ ਨਹੀਂ ਸੀ।ਅਖੀਰ ਭਾਈ ਜੈਤਾ ਜੀ ਉੱਥੋਂ ਗੁਰੂ ਜੀ ਦਾ ਸੀਸ ਚੁੱਕ ਕੇ ਖਿਸਕਣ ਵਿੱਚ ਸਫਲ ਹੋ ਗਏ।

ਸ਼ਾਹੀ ਫ਼ੌਜਾਂ ਸੀਸ ਦੀ ਭਾਲ ਵਿੱਚ ਲੱਗ ਗਈਆਂ ਤੇ ਦਿੱਲੀ ਦੇ ਵਪਾਰੀ ਭਾਈ ਲੱਖੀਂ ਸ਼ਾਹ ਨੇ ਗੁਰੂ ਜੀ ਦਾ ਧੜ ਚੁੱਕ ਕੇ ਆਪਣੇ ਘਰ ਲਿਜਾ ਕੇ ਘਰ ਨੂੰ ਹੀ ਅੱਗ ਲਗਾ ਕੇ ਉਸ ਦਾ ਸਸਕਾਰ ਕਰ ਦਿੱਤਾ।ਉਸ ਥਾਂ ਤੇ ਅੱਜਕੱਲ੍ਹ ਗੁਰਦੁਆਰਾ ਰਕਾਬ ਗੰਜ ਸਾਹਿਬ ਸੁਸ਼ੋਭਿਤ ਹੈ। ਵਾਹੋ ਦਾਹੀ ਮੰਜ਼ਲ ਸਰ ਕਰਦਾ ਭਾਈ ਜੈਤਾ ਅਨੰਦਪੁਰ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਸੀਸ ਲੈ ਕੇ ਪਹੁੰਚ ਗਿਆ।ਸਾਰੀ ਵਾਰਤਾ ਸੁਣਾਈ ਤੇ ਉੱਥੇ ਗੁਰੂ ਜੀ ਦੇ ਸੀਸ ਦਾ ਸੰਸਕਾਰ ਕੀਤਾ।ਇੱਕ ਦੇਹ ਦਾ ਦੋ ਥਾਵਾਂ ਤੇ ਸੰਸਕਾਰ ਕਰਨ ਲਈ ਮਜਬੂਰ ਹੋਣਾ ਕੋਈ ਛੋਟੀ ਗੱਲ ਨਹੀਂ ਸੀ।ਜ਼ਾਲਮ ਹਕੂਮਤ ਦਾ ਇਹ ਮੂੰਹ ਬੋਲਦਾ ਜ਼ੁਲਮ ਸੀ।ਜ਼ਾਲਮ ਹਾਕਮ ਅਜਿਹੇ ਅਣਮਨੁੱਖੀ ਕਾਰੇ ਕਰਦੇ ਆਏ ਹਨ।ਹਾਲਾਂਕਿ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਵਾਸਤੇ ਬੜੇ ਨਿਯਮ ਹਨ ਅਤੇ ਅੰਤਰਰਾਸ਼ਟਰੀ ਸਰਕਾਰ ਯੂ ਐਨ ੳ ਇਹਨਾਂ ਪ੍ਰਤੀ ਬੜੀ ਸੰਜੀਦਾ ਵੀ ਹੈ।ਵਿਸ਼ਵ ਦਾ ਅਮੀਰ ਦੇਸ਼ ਅਮਰੀਕਾ ਵੀ ਇਸ ਦਾ ਵੱਡਾ ਹਾਮੀ ਹੈ ਪਰ ਦੂਜੇ ਲੋਕਾਂ ਦੇ ਅਧਿਕਾਰਾਂ ਪ੍ਰਤੀ ਉਹ ਵੀ ਅੱਖਾਂ ਮੀਟ ਲੈਂਦਾ ਹੈ।ਗੁਰੂ ਜੀ ਦੇ ਬਲੀਦਾਨ ਨੇ ਲੁਕਾਈ ਵਿੱਚ ਨਵੀਂ ਰੂਹ ਫੂਕੀ ਸੀ।ਇਸ ਘਟਨਾ ਤੋਂ 24 ਸਾਲ ਬਾਦ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦੀ ਧਰਤੀ ਉੱਪਰ ਹੀ ਕੇਸਗੜ੍ਹ ਦੇ ਸਥਾਨ ਤੇ ਵੱਡੇ ਇਕੱਠ ਵਿੱਚ ਪੰਜ ਪਿਆਰੇ ਸਾਜ਼ ਕੇ ਖ਼ਾਲਸਾ ਪੰਥ ਦੀ ਨੀਂਹ ਰੱਖੀ ਸੀ। ਉਹਨਾਂ ਨੇ ਜਾਤ-ਪਾਤ ਰਹਿਤ ਸਰਬੱਤ ਦਾ ਭਲਾ ਕਰਨ ਵਾਲਾ ਖ਼ਾਲਸਾ ਸਿਰਜਿਆ ਸੀ।

ਇਸ ਇਨਕਲਾਬੀ ਘਟਨਾ ਨੇ ਮਨੁੱਖਤਾ ਵਿੱਚ ਨਵੀਂ ਰੂਹ ਫੂਕੀ ਸੀ।ਲੋਕਾਂ ਵਿਚ ਪ੍ਰੇਮ ਪਿਆਰ ਤੇ ਭਾਈਚਾਰੇ ਦੀ ਭਾਵਨਾ ਕਾਇਮ ਹੋਈ ਸੀ। ਬਿਨਾਂ ਸ਼ੱਕ ਖ਼ਾਲਸੇ ਦਾ ਜਜ਼ਬਾ ਬਹੁਤ ਜੋਸ਼ੀਲਾ ਤੇ ਸਰਬੱਤ ਦੇ ਭਲੇ ਨਾਲ ਲਬਰੇਜ਼ ਹੈ।ਪਰ ਅਜੋਕੇ ਦੌਰ ਵਿੱਚ ਰਾਜਸੀ ਹਿੱਤਾਂ ਦੀ ਪੂਰਤੀ ਲਈ ਤਾਕਤ ਦੇ ਲਾਲਚੀ ਲੋਕ ਖ਼ਾਲਸੇ ਦੀਆਂ ਨਿੱਗਰ ਰਵਾਇਤਾਂ ਨੂੰ ਅਣਦੇਖਿਆ ਕਰਕੇ ਫਿਰ ਕਿਸੇ ਨਾ ਕਿਸੇ ਰੂਪ ਵਿੱਚ ਜਾਤਾਂ ਦੇ ਵਰਗੀਕਰਨ ਨੂੰ ਹਵਾ ਦੇਣ ਲੱਗ ਜਾਂਦੇ ਹਨ।ਹਾਲਾਂਕਿ ਇਹ ਚਿੱਟੇ ਦਿਨ ਵਾਂਗ ਸਪਸ਼ਟ ਹੈ ਕਿ ਮਨੁੱਖ ਹਰ ਕਿਸਮ ਦੇ ਬੰਧਨਾਂ ਤੋਂ ਬਿਨਾਂ ਜੰਮਦਾ ਹੈ ਤੇ ਬੰਧਨਾਂ ਤੋਂ ਰਹਿਤ ਹੀ ਮਰਦਾ ਹੈ।ਨਾ ਕੁਝ ਉਹ ਨਾਲ ਲੈ ਕੇ ਆਉਂਦਾ ਹੈ ਤੇ ਨਾ ਹੀ ਨਾਲ ਲੈ ਕਿ ਜਾਂਦਾ ਹੈ।ਮਨੁੱਖ ਦੇ ਕੀਤੇ ਕੰਮਾਂ ਨਾਲ ਹੀ ਉਸ ਦੀ ਪਹਿਚਾਣ ਹੁੰਦੀ ਹੈ।ਚੰਗੇ ਤੇ ਭਲੇ ਕੰਮ ਕਰਨ ਵਾਲਿਆਂ ਦੀ ਸਰਾਹਨਾ ਹੁੰਦੀ ਹੈ ਤੇ ਮਾੜੇ ਜ਼ਾਲਮਾਂ ਦਾ ਨਾਮ ਲੈਣਾ ਵੀ ਕੋਈ ਪਸੰਦ ਨਹੀਂ ਕਰਦਾ।ਇਹੀ ਕਾਰਨ ਹੈ ਕਿ 350 ਸਾਲ ਬੀਤਣ ਬਾਦ ਵੀ ਗੁਰੂ ਤੇਗ਼ ਬਹਾਦਰ ਜੀ ਦੀ ਜੈ ਜੈ ਕਾਰ ਹੋ ਰਹੀ ਹੈ।ਸਰਕਾਰੇ-ਦਰਬਾਰੇ ਤੇ ਲੋਕ ਦਿਲਾਂ ਵਿੱਚ ਸਤਿਕਾਰ ਹੈ।ਦੂਜੇ ਪਾਸੇ ਔਰੰਗਜ਼ੇਬ ਦੀ ਕਬਰ ਤੇ ਕੋਈ ਦੀਵਾ ਵੀ ਨਹੀਂ ਬਲਦਾ? ਗੁਰੂ ਜੀ ਦੇ ਮਹਾਨ ਸਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹਨ।ਇਹ ਸਾਰੇ ਮਨੁੱਖਤਾ ਨੂੰ ਸਹੀ ਸੇਧ ਦੇਣ ਵਾਲੇ ਹਨ।ਗੁਰੂ ਜੀ ਦਾ ਇਹ ਸਲੋਕ ਵੀ ਬੜਾ ਮਹੱਤਵਪੂਰਨ ਹੈ:- ” ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੁ ਗੋਬਿੰਦੁ।। ਕਹੂ ਨਾਨਕ ਇਹ ਜਗਤ ਮੈ ਕਿਨ ਜਪਿਓ ਗੁਰ ਮੰਤੁ।।”

Darshan-Singh-Riar ਮਾਨਵਤਾ ਦੀ ਚਾਦਰ/ਐਡਵੋਕੇਟ ਦਰਸ਼ਨ ਸਿੰਘ ਰਿਆੜ

ਐਡਵੋਕੇਟ ਦਰਸ਼ਨ ਸਿੰਘ ਰਿਆੜ

ਮੋ 9316311677

Share this content:

Post Comment