Loading Now

ਮਨੀਪੁਰ ਫਿਰ ਲਪਟਾਂ ’ਚ

ਮਨੀਪੁਰ ਫਿਰ ਲਪਟਾਂ ’ਚ

ਇੰਫਾਲ, 9 ਜੂਨ – ਮਨੀਪੁਰ ਵਿੱਚ ਮੇਤੇਈ ਜਥੇਬੰਦੀ ਅਰਮਬਈ ਤੇਂਗੋਲ ਦੇ ਇੱਕ ਆਗੁੂ ਦੀ ਗਿ੍ਰਫਤਾਰੀ ਨੂੰ ਲੈ ਕੇ ਹਿੰਸਕ ਪ੍ਰਦਰਸ਼ਨਾਂ ਤੋਂ ਇੱਕ ਦਿਨ ਬਾਅਦ ਐਤਵਾਰ ਸਥਿਤੀ ਤਣਾਅਪੂਰਨ ਬਣੀ ਰਹੀ ਅਤੇ ਪ੍ਰਸ਼ਾਸਨ ਨੇ ਇੰਫਾਲ ਘਾਟੀ ਦੇ ਪੰਜ ਜ਼ਿਲ੍ਹਿਆਂ ਵਿੱਚ ਕਰਫਿਊ ਲਾ ਦਿੱਤਾ ਤੇ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ। ਮੈਤੇਈ ਜਥੇਬੰਦੀ ਦੇ ਆਗੂ ਕਰਨ ਸਿੰਘ ਨੂੰ ਸੀ ਬੀ ਆਈ ਨੇ 2023 ਵਿੱਚ ਹਿੰਸਾ ਭੜਕਾਉਣ ਦੇ ਦੋਸ਼ ਵਿੱਚ ਗਿ੍ਰਫਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਇੰਫਾਲ ਪੱਛਮੀ, ਇੰਫਾਲ ਪੂਰਬੀ, ਥੌਬਲ, ਬਿਸ਼ਨੂਪੁਰ ਅਤੇ ਕਾਕਚਿੰਗ ਜ਼ਿਲ੍ਹਿਆਂ ਵਿੱਚ ਇਹਤਿਆਤ ਵਜੋਂ ਕਰਫਿਊ ਲਾਇਆ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਆਗੂ ਦੀ ਰਿਹਾਈ ਦੀ ਮੰਗ ਕਰਦਿਆਂ ਕਵਾਕੀਥੇਲ ਤੇ ਉਰੀਪੋਕ ’ਚ ਸੜਕ ’ਤੇ ਟਾਇਰਾਂ ਅਤੇ ਪੁਰਾਣੇ ਫਰਨੀਚਰ ਨੂੰ ਅੱਗ ਲਾ ਦਿੱਤੀ। ਸੂਬੇ ਦੀ ਰਾਜਧਾਨੀ ਵਿੱਚ ਇੰਫਾਲ ’ਚ ਸ਼ਨਿੱਚਰਵਾਰ ਰਾਤ ਵੱਖ-ਵੱਖ ਥਾਵਾਂ ’ਤੇ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਝੜਪਾਂ ਹੋਈਆਂ। ਇੰਫਾਲ ਪੂਰਬੀ ਜ਼ਿਲ੍ਹੇ ਦੇ ਖੁਰਾਈ ਲਾਮਲੋਂਗ ਵਿੱਚ ਗੁੱਸੇ ਵਿੱਚ ਆਈ ਭੀੜ ਨੇ ਬੱਸ ਨੂੰ ਅੱਗ ਲਗਾ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਖੁਦ ’ਤੇ ਪੈਟਰੋਲ ਪਾ ਕੇ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ।

ਸੁਰੱਖਿਆ ਬਲਾਂ ਨੇ ਇੱਥੇ ਰਾਜ ਭਵਨ ਤੋਂ ਲੱਗਭੱਗ 200 ਮੀਟਰ ਦੂਰ ਕਾਂਗਲਾ ਗੇਟ ਦੇ ਸਾਹਮਣੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ। ਰਾਜ ਭਵਨ ਵੱਲ ਜਾਣ ਵਾਲੀਆਂ ਸੜਕਾਂ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਕੇਂਦਰੀ ਬਲਾਂ ਦੇ ਜਵਾਨਾਂ ਦੀ ਵਾਧੂ ਤਾਇਨਾਤੀ ਕੀਤੀ ਗਈ ਹੈ। ਗੜਬੜਜ਼ਦਾ ਉੱਤਰ-ਪੂਰਬੀ ਰਾਜ ਵਿੱਚ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ, ਇੰਫਾਲ ਪੱਛਮੀ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਇੱਕ ਆਦੇਸ਼ ਵਿੱਚ ਕਿਹਾ ਗਿਆ ਹੈ, ‘‘ਇੰਫਾਲ ਪੱਛਮੀ ਦੇ ਪੁਲਸ ਸੁਪਰਡੈਂਟ ਨੇ ਸਮਾਜ ਵਿਰੋਧੀ ਅਨਸਰਾਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਕਾਰਨ ਖੇਤਰ ਵਿੱਚ ਸ਼ਾਂਤੀ ਦੀ ਗੰਭੀਰ ਉਲੰਘਣਾ, ਜਨਤਕ ਸ਼ਾਂਤੀ ਵਿਗੜਨ, ਦੰਗੇ ਜਾਂ ਝਗੜਿਆਂ ਤੇ ਮਨੁੱਖੀ ਜਾਨ-ਮਾਲ ਨੂੰ ਗੰਭੀਰ ਖਤਰਾ ਹੋਣ ਦੀ ਰਿਪੋਰਟ ਦਿੱਤੀ ਹੈ।

ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਦੀ ਉਪ-ਧਾਰਾ ਦੋ ਤਹਿਤ ਪੰਜ ਜਾਂ ਵੱਧ ਲੋਕਾਂ ਦੇ ਇਕੱਠੇ ਹੋਣ ਅਤੇ ਡੰਡੇ, ਪੱਥਰ, ਹਥਿਆਰ ਜਾਂ ਤਿੱਖੇ ਹਥਿਆਰ ਲੈ ਕੇ ਜਾਣ ’ਤੇ ਪਾਬੰਦੀ ਲਾਈ ਹੈ।’’ ਪੁਲਸ ਨੇ ਕਿਹਾ ਕਿ ਥੌਬਲ ਅਤੇ ਕਾਕਚਿੰਗ ਜ਼ਿਲ੍ਹਿਆਂ ਵਿੱਚ ਵੀ ਇਸੇ ਤਰ੍ਹਾਂ ਦੇ ਸਾਵਧਾਨੀ ਉਪਾਅ ਕੀਤੇ ਗਏ ਹਨ। ਇੰਫਾਲ ਪੂਰਬੀ ਅਤੇ ਬਿਸ਼ਨੂਪੁਰ ਜ਼ਿਲ੍ਹਿਆਂ ਵਿੱਚ ਲੋਕਾਂ ਨੂੰ ਸ਼ਨਿਚਰਵਾਰ ਰਾਤ 10 ਵਜੇ ਤੋਂ ਧਾਰਾ 163 ਦੀ ਉਪ-ਧਾਰਾ ਇੱਕ ਦੇ ਤਹਿਤ ਅਗਲੇ ਆਦੇਸ਼ਾਂ ਤੱਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਦੀ ਮਨਾਹੀ ਕੀਤੀ ਗਈ ਹੈ। ਇੱਕ ਪੁਲਸ ਅਧਿਕਾਰੀ ਨੇ ਕਿਹਾ ਕਿ ਆਗੂ ਦੀ ਗਿ੍ਰਫਤਾਰੀ ਤੋਂ ਬਾਅਦ ਹਿੰਸਕ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ।

Share this content:

Post Comment