ਬੁੱਲ੍ਹੇ ਸ਼ਾਹ ਅਸੀਂ ਮਰਨਾ ਨਾਹੀਂ/ਸਵਰਾਜਬੀਰ
ਬੁੱਲ੍ਹੇ ਸ਼ਾਹ ਨੇ ਰਵਾਇਤ ਨੂੰ ਸਵਾਲ ਕਰਦਿਆਂ ਪੁੱਛਿਆ ਸੀ, ‘‘ਹਬੀਲ ਕਬੀਲ ਆਦਮ ਦੇ ਜਾਏ/ ਆਦਮ ਕਿਸ ਦਾ ਜਾਇਆ।’’ ਯਹੂਦੀ, ਇਸਾਈ ਤੇ ਮੁਸਲਮਾਨ ਰਵਾਇਤਾਂ ਅਨੁਸਾਰ ਆਦਮ ਦੁਨੀਆ ਦਾ ਪਹਿਲਾ ਮਰਦ ਸੀ ਤੇ ਹੱਵਾ ਪਹਿਲੀ ਔਰਤ। ਉਨ੍ਹਾਂ ਤੋਂ ਮਨੁੱਖ ਦੀ ਅੰਸ਼ ਚੱਲੀ। ਉਨ੍ਹਾਂ ਦੇ ਦੋ ਪੁੱਤਰ ਸਨ, ਹਬੀਲ ਤੇ ਕਬੀਲ। ਬੁੱਲ੍ਹੇ ਸ਼ਾਹ ਪੁੱਛਦਾ ਹੈ ਕਿ ਹਬੀਲ ਕਬੀਲ ਤਾਂ ਆਦਮ ਦੇ ਪੁੱਤਰ ਸਨ ਪਰ ਆਦਮ ਕਿਸ ਦਾ ਪੁੱਤਰ ਸੀ। ਇਹ ਧਾਰਮਿਕ ਰਵਾਇਤ ਤੇ ਮੰਨਤ ਨੂੰ ਚੁਣੌਤੀ ਦਿੰਦਾ ਬੁਨਿਆਦੀ ਸਵਾਲ ਹੈ। ਅਜਿਹੇ ਪ੍ਰਸ਼ਨ ਪੁੱਛਣਾ ਹੀ ਮੌਲਿਕ ਚਿੰਤਨ ਨੂੰ ਜਨਮ ਦਿੰਦਾ ਹੈ। ਧਾਰਮਿਕ ਕੱਟੜਤਾ ਅਜਿਹੇ ਸਵਾਲਾਂ ਨੂੰ ਬਰਦਾਸ਼ਤ ਨਹੀਂ ਕਰਦੀ। ਬੁੱਲ੍ਹੇ ਸ਼ਾਹ ਦੇ ਸਮਿਆਂ ਦੀ ਧਾਰਮਿਕ ਕੱਟੜਤਾ ਨੇ ਵੀ ਬੁੱਲ੍ਹੇ ਸ਼ਾਹ ਦੇ ਬੋਲਾਂ ਨੂੰ ਬਰਦਾਸ਼ਤ ਨਹੀਂ ਸੀ ਕੀਤਾ। ਮੌਲਵੀਆਂ ਤੇ ਮੌਲਾਣਿਆਂ ਨੇ ਬੁੱਲ੍ਹੇ ਸ਼ਾਹ ਨੂੰ ਕਾਫ਼ਿਰ ਕਿਹਾ ਤੇ ਉਸ ਦੀ ਮੌਤ ਤੋਂ ਬਾਅਦ ਮੌਲਾਣਿਆਂ ਨੇ ਇਹ ਫ਼ਤਵਾ ਦਿੱਤਾ ਕਿ ਉਸ ਨੂੰ ਉਸ ਦੇ ਸ਼ਹਿਰ ਕਸੂਰ ਦੀਆਂ ਹੱਦਾਂ ਵਿੱਚ ਦਫ਼ਨਾਇਆ ਨਹੀਂ ਜਾ ਸਕਦਾ। ਉਹ ਇਹ ਫ਼ਤਵਾ ਦਿੰਦੇ ਵੀ ਕਿਉਂ ਨਾ? ਬੁੱਲ੍ਹੇ ਸ਼ਾਹ ਸਾਰੀ ਉਮਰ ਕਾਜ਼ੀਆਂ, ਮੌਲਵੀਆਂ, ਪੰਡਿਤਾਂ ਅਤੇ ਉਨ੍ਹਾਂ ਦੀ ਕੱਟੜਤਾ ਵਿਰੁੱਧ ਲੜਦਾ ਰਿਹਾ ਸੀ; ਉਸ ਨੇ ਕਿਹਾ ਸੀ, ‘‘ਬੁੱਲ੍ਹਿਆ ਕਾਜ਼ੀ ਰਾਜ਼ੀ ਰਿਸ਼ਵਤੇ/ ਮੁੱਲ੍ਹਾ ਰਾਜ਼ੀ ਮੌਤ/ ਆਸ਼ਕ ਰਾਜ਼ੀ ਰਾਗ ’ਤੇ, ਨਾ ਪਰਤੀਤ ਘਟ ਹੋਤ।’’ ਇਸ ਵਾਕਿਆ ਬਾਰੇ ਸਫ਼ਕਤ ਤਨਵੀਰ ਮਿਰਜ਼ਾ ਨੇ ਲਿਖਿਆ ਏ, ‘‘ਜਦੋਂ ਬੁੱਲ੍ਹੇ ਦੀ ਮ੍ਰਿਤਕ ਦੇਹੀ ਕਸੂਰ ਲਿਆਂਦੀ ਗਈ ਤਾਂ ਕਸੂਰ ਦੇ ਹੁਕਮਰਾਨਾਂ ਉਸ ਦਾ ਜਨਾਜ਼ਾ ਕਸੂਰ ਦੀ ਚਾਰਦੀਵਾਰੀ ਦੇ ਅੰਦਰ ਲਿਆਉਣ ਦੀ ਇਜਾਜ਼ਤ ਨਾ ਦਿੱਤੀ। ਸ਼ਹਿਰ ਦੇ ਮੌਲਵੀਆਂ ਜਨਾਜ਼ਾ ਪੜ੍ਹਾਉਣੋਂ ਉੱਕਾ ਇਨਕਾਰ ਕਰ ਦਿੱਤਾ। ਬੁੱਲ੍ਹੇ ਸ਼ਾਹ ਨੂੰ ਸ਼ਹਿਰੋਂ ਬਾਹਰ ਦਫ਼ਨ ਕੀਤਾ ਗਿਆ।’’
ਬੁੱਲ੍ਹੇ ਸ਼ਾਹ ਨੇ ਧਾਰਮਿਕ ਕੱਟੜਤਾ, ਕਰਮ-ਕਾਂਡੀ ਧਾਰਮਿਕ ਰਵਾਇਤਾਂ, ‘ਵਿਖਾਵੇ ਵਾਲੀਆਂ ਜਰਜਰੀਆਂ ਤੇ ਬੋਸੀਦਾ ਰਸਮਾਂ’ ਦੇ ਵਿਰੁੱਧ ਸੰਘਰਸ਼ ਕੀਤਾ। ਉਸ ਲਿਖਿਆ:
ਫੂਕ ਮੁਸੱਲਾ ਭੰਨ ਸਿਟ ਲੋਟਾ
ਨਾ ਫੜ੍ਹ ਤਸਬੀ, ਮਾਲਾ, ਸੋਟਾ
ਆਲਮ ਕਹਿੰਦਾ ਦੇ ਕੇ ਹੋਕਾ
ਤਰਕ ਹਲਾਲੋਂ ਖਾ ਮੁਰਦਾਰ।
ਉਸ ਨੇ ਸ਼ਰਾ (ਇਸਲਾਮੀ ਧਾਰਮਿਕ ਨਿਯਮ) ਨੂੰ ਨਕਾਰਦਿਆਂ ਤੇ ਸੱਚ ਦਾ ਝੰਡਾ ਬੁਲੰਦ ਕਰਦਿਆਂ ਕਿਹਾ, ‘‘ਸੱਚ ਸ਼ਰਾ ਕਰੇ ਬਰਬਾਦੀ ਏ/ ਸੱਚ ਆਸ਼ਕ ਦੇ ਘਰ ਸ਼ਾਦੀ ਏ/ ਸੱਚ ਕਰਦਾ ਨਵੀਂ ਆਬਾਦੀ ਏ।’’ ਉਹ ਜਾਣਦਾ ਸੀ ਕਿ ਰੱਬ ਨਾਲ ਸੱਚਾ ਪ੍ਰੇਮ ਤੇ ਕਰਮ-ਕਾਂਡੀ ਧਾਰਮਿਕ ਰਵਾਇਤਾਂ ਨਾਲ ਨਾਲ ਨਹੀਂ ਚੱਲ ਸਕਦੀਆਂ; ਉਹਨੇ ਕਿਹਾ, ‘‘ਇਸ਼ਕ ਸ਼ਰਾ ਦੀ ਲੱਗ ਗਈ ਬਾਜ਼ੀ/ ਖੇਡਾਂ ਮੈਂ ਦਾਉ ਲਗਾ ਕੇ।’’ ਤੇ ਉਸ ਨੇ ਦਾਅ ਲਗਾਇਆ, ਖ਼ੁਦਾ ਨਾਲ ਪ੍ਰੇਮ ਕਰਨ ਦਾ, ਉਸ ਦੀ ਬਣਾਈ ਖ਼ਲਕਤ ਨਾਲ ਪ੍ਰੇਮ ਕਰਨ ਦਾ, ਤੇ ਉਸ (ਰੱਬ) ਨੂੰ ਖ਼ਲਕਤ ਵਿੱਚੋਂ ਬਿਨਾਂ ਕਿਸੇ ਭਿੰਨ ਭੇਦ ਦੇ ਪਛਾਣਨ ਨਾਲ; ਉਸ ਲਿਖਿਆ,
ਨਾ ਮੈਂ ਮੋਮਨ ਵਿੱਚ ਮਸੀਤਾਂ, ਨਾ ਮੈਂ ਵਿੱਚ ਕੁਫ਼ਰ ਦੀਆਂ ਰੀਤਾਂ
ਨਾ ਮੈਂ ਪਾਕਾਂ ਵਿੱਚ ਪਲੀਤਾਂ, ਨਾ ਮੈਂ ਮੂਸਾ ਨਾ ਫਰਔਨ
ਨਾ ਮੈਂ ਅੰਦਰ ਬੇਦ ਕਿਤਾਬਾਂ, ਨਾ ਵਿੱਚ ਭੰਗਾਂ ਨਾ ਸ਼ਰਾਬਾਂ
ਨਾ ਵਿੱਚ ਰਿੰਦਾਂ ਮਸਦ ਖ਼ਰਾਬਾਂ, ਨਾ ਵਿੱਚ ਜਾਗਣ ਨਾ ਵਿੱਚ ਸੌਣ
ਨਾ ਮੈਂ ਅਰਬੀ ਨਾ ਲਾਹੌਰੀ, ਨਾ ਮੈਂ ਹਿੰਦੀ ਸ਼ਹਿਰ ਨਗੌਰੀ
ਨਾ ਹਿੰਦੂ ਨਾ ਤੁਰਕ ਪਸ਼ੌਰੀ, ਨਾ ਮੈਂ ਰਹਿੰਦਾ ਵਿੱਚ ਨਦੌਨ
ਬੁੱਲ੍ਹਾ ਕੀ ਜਾਣਾ ਮੈਂ ਕੌਣ
‘ਨਾ ਹਿੰਦੂ ਨਾ ਤੁਰਕ’ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਬੁਲੰਦ ਐਲਾਨਨਾਮੇ, ‘‘ਨਾ ਹਮ ਹਿੰਦੂ ਨ ਮੁਸਲਮਾਨ’’ ਨਾਲ ਜੁੜਦੇ ਹਨ। ਬੁੱਲ੍ਹੇ ਸ਼ਾਹ ਇਹ ਸ਼ਬਦ ਕਈ ਕਾਫ਼ੀਆਂ ਵਿੱਚ ਦੁਹਰਾਉਂਦਾ ਹੈ। ਇਹ ਸ਼ਬਦ ਧਾਰਮਿਕ ਵਖਰੇਵਿਆਂ ਨੂੰ ਨਕਾਰਦੀ ਹੋਈ ਮਨੁੱਖਤਾ ਦਾ ਐਲਾਨ ਹਨ। ਸੱਚੇ ਧਾਰਮਿਕ ਵਿਅਕਤੀ ਨੂੰ ਤਾਂ ਹਰ ਮਨੁੱਖ ’ਚ ਹੀ ਰੱਬ ਵਿਖਾਈ ਦਿੰਦਾ ਹੈ; ਬੁੱਲ੍ਹੇ ਸ਼ਾਹ ਲਿਖਦਾ ਹੈ, ‘‘ਕਹੂੰ ਤੁਰਕ ਕਿਤਾਬਾਂ ਪੜ੍ਹਤੇ ਹੋ/ ਕਹੂੰ ਭਗਤ ਹਿੰਦੂ ਜਪ ਕਰਤੇ ਹੋ।’’ ਇਸੇ ਕਾਫ਼ੀ ਵਿੱਚ ਉਹ ਗੁਰੂ ਤੇਗ਼ ਬਹਾਦਰ ਜੀ ਦੀ ਅਜ਼ਮਤ ਨੂੰ ਪਛਾਣਦਿਆਂ ਉਨ੍ਹਾਂ ਨੂੰ ਗਾਜ਼ੀ ਤੇ ਨਵੇਂ ਪੰਥ ਦਾ ਸਿਰਜਣਹਾਰ ਕਹਿੰਦਾ ਹੈ, ‘‘ਕਹੂੰ ਤੇਗ਼ ਬਹਾਦਰ ਗਾਜ਼ੀ ਹੋ/ ਕਹੂੰ ਆਪਣਾ ਪੰਥ ਬਣਾਇਆ ਏ।’’
ਏਥੇ ਇਹ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਕਿ ਕੀ ਬੁੱਲ੍ਹੇ ਸ਼ਾਹ ਸਿਰਫ਼ ਧਾਰਮਿਕ ਕੱਟੜਤਾ ਵਿਰੁੱਧ ਲੜਨ ਵਾਲਾ ਚਿੰਤਕ-ਸ਼ਾਇਰ ਸੀ। ਇਸ ਦਾ ਉੱਤਰ ਹੈ, ‘‘ਨਹੀਂ’’। ਉਹ ਕੱਟੜਤਾ ਵਿਰੁੱਧ ਲੜਨ ਦੇ ਨਾਲ ਨਾਲ ਅਜਿਹਾ ਦਾਨਿਸ਼ਵਰ ਸੀ ਜਿਹੜਾ ਸਮਾਜ ਵਿੱਚ ਸਮਤਾ ਤੇ ਏਕਤਾ ਪੈਦਾ ਕਰਨੀ ਚਾਹੁੰਦਾ ਸੀ। ਉਸ ਦੀ ਸ਼ਾਇਰੀ ਵਿੱਚ ਭਗਵਾਨ ਕ੍ਰਿਸ਼ਨ, ਨਬੀ ਹਜ਼ਰਤ ਮੁਹੰਮਦ, ਰਾਂਝਾ ਤੇ ਜੋਗੀ ਸਭ ਇਕਮਿਕ ਹੋ ਜਾਂਦੇ ਹਨ। ਉਸ ਦੀ ਕਵਿਤਾ ਵਿੱਚ ਭਗਵਾਨ ਕ੍ਰਿਸ਼ਨ ਦਾ ਬਿੰਬ ਵਾਰ ਵਾਰ ਉੱਭਰਦਾ ਹੈ, ‘‘ਬੰਸੀ ਕਾਹਨ ਅਚਰਜ ਬਜਾਈ/ ਬੰਸੀ ਵਾਲਿਆ ਚਾਕਾ ਰਾਂਝਾ/ ਤੇਰਾ ਸੁਰ ਸਭ ਨਾਲ ਹੈ ਸਾਂਝਾ/ ਤੇਰੀਆਂ ਮੌਜਾਂ ਸਾਡਾ ਮਾਂਝਾ/ ਸਾਡੀ ਸੁਰ ਤੈਂ ਆਪ ਮਿਲਾਈ।’’ ਉਸ ਦਾ ਭਗਵਾਨ ਕ੍ਰਿਸ਼ਨ ਉਹ ਰਾਂਝਾ-ਕ੍ਰਿਸ਼ਨ ਹੈ ਜਿਸ ਦਾ ਸੁਰ ਸਭ ਨਾਲ ਸਾਂਝਾ ਹੈ ਤੇ ਬੁੱਲ੍ਹੇ ਸ਼ਾਹ ਜਾਣਦਾ ਸੀ ਕਿ ਸਾਂਝ ਦੀ ਸੁਰ ਨੂੰ ਸਮਝਣਾ ਔਖਾ ਹੁੰਦਾ ਹੈ; ਉਹ ਕਹਿੰਦਾ ਹੈ, ‘‘ਬੰਸੀ ਸਭ ਕੋਈ ਸੁਣੇ ਸੁਣਾਵੇ/ ਅਰਥ ਇਸ ਦਾ ਕੋਈ ਵਿਰਲਾ ਪਾਵੇ/ ਜੋ ਕੋਈ ਅਨਹਦ ਕੀ ਸੁਰ ਪਾਵੇ/ ਸੋ ਇਸ ਬੰਸੀ ਕਾ ਸੌਦਾਈ।’’
ਸਾਂਝ ਦੀ ਸੁਰ ਦੇ ਦੁਸ਼ਮਣ ਬੁੱਲ੍ਹੇ ਸ਼ਾਹ ਦੇ ਸਮਿਆਂ ਵਿੱਚ ਵੀ ਸਨ। ਉਸ ਦੇ ਸਮਿਆਂ ਤੋਂ ਪਹਿਲਾਂ ਵੀ ਤੇ ਹੁਣ ਵੀ ਮੌਜੂਦ ਹਨ। ਬੁੱਲ੍ਹੇ ਸ਼ਾਹ ਦੇ ਜਨਮ ਸਮੇਂ ਔਰੰਗਜ਼ੇਬ ਦਾ ਰਾਜ ਸੀ, ਜਿਸ ਨੇ 1661 ਵਿੱਚ ਸੂਫ਼ੀ ਸੰਤ ਸਰਮਦ ਕਤਲ ਕਰਾਇਆ, 1669 ਵਿੱਚ ਸਤਨਾਮੀ ਪੰਥ ਤੇ ਬਾਨੀ ਗੁਰੂ ਉਦੈ ਦਾਸ ਨੂੰ ਅਤੇ 1675 ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਹੋਈ। ਬੁੱਲ੍ਹੇ ਸ਼ਾਹ ਨੇ ਸਰਮਦ ਤੇ ਗੁਰੂ ਤੇਗ਼ ਬਹਾਦਰ ਜੀ ਨੂੰ ਬਹੁਤ ਅਕੀਦਤ ਨਾਲ ਯਾਦ ਕੀਤਾ ਹੈ। ਅਜਿਹੇ ਕੱਟੜਪੰਥੀ ਹੁਣ ਵੀ ਮੌਜੂਦ ਹਨ। 26 ਜਨਵਰੀ 2026 ਨੂੰ ਉਨ੍ਹਾਂ ਨੇ ਉੱਤਰਾਖੰਡ ਦੇ ਮਸੂਰੀ ਸ਼ਹਿਰ ਵਿੱਚ ਬੁੱਲ੍ਹੇ ਸ਼ਾਹ ਦੀ ਯਾਦ ਵਿੱਚ ਬਣੀ ਇੱਕ ਦਰਗਾਹ ਨੂੰ ਢਾਹ ਦਿੱਤਾ। ਉਨ੍ਹਾਂ ਲਈ ਬੁੱਲ੍ਹੇ ਸ਼ਾਹ ਨਾ ਸ਼ਾਇਰ ਸੀ, ਨਾ ਚਿੰਤਕ, ਨਾ ਸੂਫ਼ੀ, ਨਾ ਮਨੁੱਖਤਾ ਦਾ ਹੋਕਾ ਦੇਣ ਵਾਲਾ ਅਦੀਬ, ਨਾ ਭਗਵਾਨ ਕ੍ਰਿਸ਼ਨ ਦੀ ਮੁਰਲੀ ਨੂੰ ਯਾਦ ਕਰਨ ਵਾਲਾ ਸਿਮਰਤੀਕਾਰ ਜਿਸ ਦੀ ਸ਼ਾਇਰੀ ਇਹ ਕਹਿੰਦੀ ਹੈ, ‘‘ਇਹ ਜੋ ਮੁਰਲੀ ਕਾਨ੍ਹ ਵਜਾਈ/ ਦਿਲ ਮੇਰੇ ਨੂੰ ਚੋਟ ਲਗਾਈ/ ਆਹ ਦੇ ਨਾਅਰੇ ਕਰਦੀ ਆਹੀ/ ਮੈਂ ਰੋਵਾਂ ਜ਼ਾਰੋ ਜ਼ਾਰੀ।’’ ਇੱਕ ਹੋਰ ਕਾਫ਼ੀ ਵਿੱਚ ਉਸ ਨੇ ਭਗਵਾਨ ਕ੍ਰਿਸ਼ਨ ਨੂੰ ਏਦਾਂ ਚਿਤਵਿਆ ਸੀ, ‘‘ਚੜ੍ਹ ਬਾਗ਼ੀ ਕੋਇਲ ਕੂਕਦੀ/ ਨਿੱਤ ਸੋਜ਼ੇ ਅਲਮ ਦੇ ਫ਼ੂਕਦੀ/ ਮੈਨੂੰ ਤੱਤੜੀ ਕੋ ਸ਼ਾਮ ਵਿਸਾਰਿਆ।’’ ਤੇ ਇੱਕ ਹੋਰ ਵਿੱਚ ਕੁਝ ਇਸ ਤਰ੍ਹਾਂ, ‘‘ਪੱਤੀਆਂ ਲਿਖੂੰਗੀ ਮੈਂ ਸ਼ਾਮ ਨੂੰ, ਪੀਆ ਮੈਨੂੰ ਨਜ਼ਰ ਨਾ ਆਵੇ/ ਆਂਗਨ ਬਣਾ ਡਰਾਵਣਾ, ਕਿਤ ਬਿਧ ਰੈਣ ਵਹਾਵੇ।’’
ਇਸੇ ਤਰ੍ਹਾਂ ਬੁੱਲ੍ਹੇ ਸ਼ਾਹ ਨੇ ਉਸ ਸਮੇਂ ਦੇ ਪੰਜਾਬ ਵਿਚਲੇ ਜੋਗੀਆਂ, ਸਿੱਧਾਂ ਤੇ ਨਾਥਾਂ ਨੂੰ ਅਪਣਾਇਆ। ਬੁੱਲ੍ਹੇ ਸ਼ਾਹ ਤੋਂ ਪਹਿਨਾਂ ਦਮੋਦਰ ਹੀਰ ਰਾਂਝੇ ਦੇ ਕਿੱਸੇ ਵਿੱਚ ਮੁਸਲਮਾਨ ਰਾਂਝੇ ਨੂੰ ਹੀਰ ਦੇ ਇਸ਼ਕ ਵਿੱਚ ਹਿੰਦੂ ਜੋਗੀ ਬਾਲ ਨਾਥ ਤੋਂ ਜੋਗ ਦਿਵਾ ਕੇ ਸਾਂਝੇ ਪੰਜਾਬੀ ਨਾਇਕ ਦਾ ਨਿਰਮਾਣ ਕਰ ਚੁੱਕਾ ਸੀ। ਬੁੱਲ੍ਹੇ ਸ਼ਾਹ ਨੇ ਉਸ ਪਰੰਪਰਾ ਨੂੰ ਜਾਰੀ ਰੱਖਿਆ, ‘‘ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ।’’ ਉਸ ਨੇ ਵੀ ਜੋਗੀ ਨੂੰ ਰਾਂਝੇ ਨਾਲ ਜੋੜਿਆ, ‘‘ਮਾਏ ਨੀ, ਇਕ ਜੋਗੀ ਆਇਆ/ ਦਰ ਸਾਡੇ ਉਸ ਧੂੰਆਂ ਪਾਇਆ/ ਮੰਗਦਾ ਹੀਰ ਸਿਆਲ, ਬੈਠਾ ਭੇਸ ਵਟਾ ਕੇ।’’ ਤੇ ਫਿਰ ਉਸ ਨੇ ਹਜ਼ਰਤ ਮੁਹੰਮਦ ਸਾਹਿਬ ਤੇ ਰਾਂਝੇ ਨੂੰ ਇਕਮਿਕ ਕਰ ਦਿੱਤਾ, ‘‘ਹੱਥ ਖੂੰਡੀ ਮੋਢੇ ਕੰਬਲ ਕਾਲਾ, ਅੱਖੀਆਂ ਦੇ ਵਿੱਚ ਵੱਸੇ ਉਜਾਲਾ/ ਚਾਕ ਨਹੀਂ ਕੋਈ ਹੈ ਮਤਵਾਲਾ/ ਪੁੱਛੋ ਬਿਠਾ ਕੇ ਪਾਸ ਕੁੜੇ/ ਕੌਣ ਆਇਆ ਪਹਿਨ ਲਿਬਾਸ ਕੁੜੇ।’’ ਅਸਲ ਵਿੱਚ ਬੁੱਲ੍ਹੇ ਸ਼ਾਹ ਸਮਾਜਿਕ ਏਕਤਾ ਤੇ ਤੌਹੀਦ ਦਾ ਸੁਖਨਵਰ ਸੀ; ਉਸ ਨੇ ਇੱਕੋ ਬੰਦ ਵਿੱਚ ਭਗਵਾਨ ਕ੍ਰਿਸ਼ਨ ਤੇ ਭਗਵਾਨ ਰਾਮ ਨੂੰ ਚਿਤਵਿਆ, ‘‘ਬਿੰਦਰਾਬਨ ਮੇਂ ਗਊਆਂ ਚਰਾਵੇਂ, ਲੰਕਾ ਚੜ ਕੇ ਨਾਦ ਵਜਾਵੇ।’’ ਬਾਬਾ ਸ਼ੇਖ ਫ਼ਰੀਦ ਅਤੇ ਸਿੱਖ ਗੁਰੂ ਸਾਹਿਬਾਨ ਤੋਂ ਬਾਅਦ ਉਹ ਪੰਜਾਬ ਵਿੱਚ ਮਨੁੱਖਤਾ ਦੀ ਕੂਕ ਉੱਚੀ ਕਰਨ ਤੇ ਪੰਜਾਬੀਅਤ ਦੇ ਨਕਸ਼ ਘੜਨ ਵਾਲਾ ਘੜਣਹਾਰ ਸੀ।
ਕੱਟੜਪੰਥੀ ਇਹ ਜਾਣਦੇ ਹਨ ਕਿ ਉਹ ਕੀ ਕਰ ਰਹੇ ਹਨ। ਉਨ੍ਹਾਂ ਲਈ ਬੁੱਲ੍ਹੇ ਸ਼ਾਹ ਇਨਸਾਨੀਅਤ ਦਾ ਝੰਡਾ-ਬਰਦਾਰ ਨਹੀਂ, ਮਹਿਜ਼ ਇੱਕ ਮੁਸਲਮਾਨ ਹੈ ਤੇ ਉਸ ਦੇ ਨਾਂ ’ਤੇ ਉਸਾਰੀ ਗਈ ਦਰਗਾਹ ਨੂੰ ਢਾਹੁਣਾ ਉਨ੍ਹਾਂ ਦਾ ਧਾਰਮਿਕ ਫ਼ਰਜ਼। ਦੱਸਿਆ ਜਾਂਦਾ ਹੈ ਕਿ ਇਹ ਦਰਗਾਹ ਬੁੱਲ੍ਹੇ ਸ਼ਾਹ ਦੇ ਇੱਕ ਸ਼ਰਧਾਲੂ ਨੇ ਬਣਾਈ ਸੀ, ਜਿਸ ਨੇ ਬੁੱਲ੍ਹੇ ਸ਼ਾਹ ਨੂੰ ਸੁਪਨੇ ਵਿੱਚ ਵੇਖਿਆ ਸੀ। ਇਤਫ਼ਾਕ ਇਹ ਹੈ ਕਿ ਪਾਕਿਸਤਾਨ ਵਿੱਚ ਕੱਟੜਪੰਥੀ ਮੌਲਵੀ ਤੇ ਮੌਲਾਣੇ ਬੁੱਲ੍ਹੇ ਸ਼ਾਹ ਦਾ ਵਿਰੋਧ ਕਰਦੇ ਹਨ ਤੇ ਭਾਰਤ ਵਿੱਚ ਹਿੰਦੂਤਵੀ ਕੱਟੜਪੰਥੀ। ਕੱਟੜਪੰਥੀਆਂ ਦੀਆਂ ਤਾਰਾਂ ਹਮੇਸ਼ਾਂ ਜੁੜ ਜਾਂਦੀਆਂ ਹਨ ਖ਼ਾਸ ਕਰ ਕੇ ਮਨੁੱਖਤਾ ਤੇ ਸਾਂਝੀਵਾਲਤਾ ਦੀ ਹਾਮੀ ਭਰਨ ਵਾਲੇ ਇਨਸਾਨਾਂ, ਵਿਦਵਾਨਾਂ, ਸ਼ਾਇਰਾਂ, ਸਮਾਜਿਕ ਕਾਰਕੁਨਾਂ, ਲੇਖਕਾਂ ਤੇ ਚਿੰਤਕਾਂ ਦੇ ਵਿਰੁੱਧ। ਅਜਿਹੇ ਕੱਟੜਪੰਥੀਆਂ ਤੋਂ ਤੰਗ ਆ ਕੇ ਬੁੱਲ੍ਹੇ ਸ਼ਾਹ ਨੇ ਲਿਖਿਆ ਸੀ, ‘‘ਬੁੱਲ੍ਹੇ ਸ਼ਾਹ ਚਲ ਓਥੇ ਵੱਸੀਏ, ਜਿੱਥੇ ਸਾਰੇ ਹੋਵਣ ਅੰਨ੍ਹੇ/ ਨਾ ਕੋਈ ਸਾਡੀ ਜ਼ਾਤ ਪਛਾਣੇ, ਨਾ ਕੋਈ ਸਾਨੂੰ ਮੰਨੇ।’’
ਬੁੱਲ੍ਹੇ ਸ਼ਾਹ ਪ੍ਰੇਮ ਦਾ ਸ਼ਾਇਰ ਸੀ, ਲੋਕ-ਪ੍ਰੇਮ ਦਾ, ਸੱਚੇ ਗਿਆਨ-ਪੰਧ ਦਾ ਪਾਂਧੀ। ਉਸ ਦੀ ਰਾਹ ਗਿਆਨ ਦੀ ਰਾਹ ਸੀ; ਉਸ ਦਾ ਕਥਨ ਹੈ, ‘‘ਐਸਾ ਜਗਿਆ ਗਿਆਨ ਪਲੀਤਾ/ ਨਾ ਹਮ ਹਿੰਦੂ ਨਾ ਤੁਰਕ ਜ਼ਰੂਰੀ/ ਨਾਮ ਇਸ਼ਕ ਦਾ ਹੈ ਮਨਜ਼ੂਰੀ।’’ ਇਸ ਕਾਫ਼ੀ ਵਿੱਚ ਉਸ ਨੇ ਧਰਮ ਦੇ ਠੇਕੇਦਾਰਾਂ ਨੂੰ ਠੱਗ ਕਿਹਾ, ‘‘ਵੇਖੋ ਠੱਗਾਂ ਸ਼ੋਚ ਮਚਾਇਆ/ ਜੰਮਣਾ ਮਰਨਾ ਚਾ ਬਣਾਇਆ।’’ ਲੋਕ-ਇਤਿਹਾਸਕਾਰ ਮਨਜ਼ੂਰ ਏਜ਼ਾਜ ਅਨੁਸਾਰ ਇਨ੍ਹਾਂ ਸ਼ਬਦਾਂ ਦੇ ਅਰਥ ਹਨ ਕਿ ਧਰਮ ਦੇ ਠੇਕੇਦਾਰ ਜਿਊਣ ਮਰਨ ਦੇ ਵਿਚਾਰਾਂ ਨੂੰ ਮੁੱਢ ਬਣਾ ਕੇ ਲੋਕਾਂ ਵਿੱਚ ਵਖਰੇਵੇਂ ਪੈਦਾ ਕਰਦੇ ਹਨ ਤੇ ਬੁੱਲ੍ਹੇ ਸ਼ਾਹ ਨੇ ਇੱਕ ਹੋਰ ਕਾਫ਼ੀ ਵਿੱਚ ਇਹ ਸੈਨਤ ਮਾਰੀ ਹੈ:
ਮੁਸਲਮਾਨ ਸਿਵਿਆਂ ਤੋਂ ਡਰਦੇ
ਹਿੰਦੂ ਡਰਦੇ ਗੋਰ
ਦੋਨੇ ਇਸੇ ਦੇ ਵਿੱਚ ਮਰਦੇ
ਇਹ ਦੁਨੀਆ ਦੀ ਖੋਰ
ਬੁੱਲ੍ਹੇ ਸ਼ਾਹ ਨੇ ਆਪਣੇ ਸਮਿਆਂ ਬਾਰੇ ਲਿਖਿਆ ਸੀ ਕਿ ਸਰਕਾਰੇ-ਦਰਬਾਰੇ ਛਿੰਝ ਪਈ ਹੋਈ ਭਾਵ ਜੰਗ ਛਿੜੀ ਹੋਈ ਹੈ ਤੇ ਉਸ ਨੇ ਕਿਹਾ ਸੀ, ‘‘ਵਾਹ ਵਾਹ ਛਿੰਝ ਪਈ ਦਰਬਾਰ, ਖ਼ਲਕ ਤਮਾਸ਼ੇ ਆਈ ਯਾਰ…।’’ ਤੇ ਉਹਨੇ ਦਾਨਿਸ਼ਵਰਾਂ ਨੂੰ ਲੜਨ ਲਈ ਲਲਕਾਰਿਆ ਸੀ, ‘‘ਨੰਗ ਨਾਮੂਸ ਏਥੋਂ ਦਾ ਏਥੇ, ਲਾਹ ਪਗੜੀ ਭੋਏਂ ਮਾਰ।’’ ਹੁਣ ਵੀ ਸਰਕਾਰੇ-ਦਰਬਾਰੇ ਕੱਟੜਪੰਥੀਆਂ ਛਿੰਝ ਪਾਈ ਹੋਈ ਹੈ ਤੇ ਵੇਲਾ ਹੈ ਕਿ ਅਸੀਂ ਆਪਣੇ ਕੱਜਣਾਂ, ਉਹਲਿਆਂ, ਨੰਗ ਨਮੂਸ ਤੋਂ ਮੁਨਕਰ ਹੋ ਕੇ ਲੜੀਏ।
ਕੱਟੜਪੰਥੀਆਂ ਦਾ ਮਸੂਰੀ ਵਿੱਚ ਕੀਤਾ ਇਹ ਕਾਰਾ ਇਨਸਾਨੀਅਤ-ਪ੍ਰਸਤ ਬੁੱਲ੍ਹੇ ਸ਼ਾਹ ਦੀ ਯਾਦ ਦੀ ਬੇਅਦਬੀ ਹੈ; ਮਨੁੱਖਤਾ ਦੀ ਬੇਅਦਬੀ ਹੈ ਤੇ ਪੰਜਾਬੀ ਸਾਹਿਤ ਦੀ ਬੇਅਦਬੀ ਹੈ। ਪੰਜਾਬੀ ਸਾਹਿਤ ਸਦੀਆਂ ਤੋਂ ਮਾਨਵਤਾ ਦੇ ਆਲਮ ਵਿੱਚ ਪਲਦਾ ਤੇ ਸਾਂਝੀਵਾਲਤਾ ਦੀ ਆਵਾਜ਼ ਬੁਲੰਦ ਕਰਦਾ ਆਇਆ ਹੈ; ਇਹ ਪੰਜਾਬ ਦੀ ਸਾਂਝੀਵਾਲਤਾ ਦੀ ਰਵਾਇਤ ਦੀ ਬੇਅਦਬੀ ਹੈ ਤੇ ਸਾਨੂੰ ਆਪਣੇ ਸਾਹਿਤ ਤੇ ਸਾਂਝੀਵਾਲਤਾ ਦੀ ਇਸ ਬੇਅਦਬੀ ਵਿਰੁੱਧ ਲੜਨਾ ਪੈਣਾ ਹੈ। ਪਰ ਸਾਡੀ ਲੜਾਈ ਇਨ੍ਹਾਂ ਕੱਟੜਪੰਥੀਆਂ ਦੇ ਰਾਹ-ਰਸਤੇ ਵਾਲੀ ਨਹੀਂ ਹੋਵੇਗੀ; ਸਾਡੀ ਲੜਾਈ ਵਿੱਚ ਸੱਚ, ਵਿਵੇਕ ਤੇ ਅਦਬ ਮੂਹਰੇ ਹੋਣਗੇ ਕਿਉਂਕਿ ਬੁੱਲ੍ਹੇ ਸ਼ਾਹ ਨੇ ਸਾਨੂੰ ਸਿਖਾਇਆ ਹੈ, ‘‘ਇੱਕ ਲਾਜ਼ਮ ਬਾਤ ਅਦਬ ਦੀ ਏ/ ਸਾਨੂੰ ਬਾਤ ਮਲੂਮੀ ਸਭ ਦੀ ਏ/ ਹਰ ਹਰ ਵਿੱਚ ਸੂਰਤ ਰੱਬ ਦੀ ਏ/ ਕਿਤੇ ਜ਼ਾਹਿਰ ਕਿਤੇ ਛਪੇਂਦੀ ਏ।’’
ਇਹ ਸਾਂਝੀਵਾਲਤਾ, ਧਰਮ-ਨਿਰਪੱਖਤਾ ਤੇ ਮਾਨਵਤਾ ਦੇ ਦੁਸ਼ਮਣਾਂ ਵਿਰੁੱਧ ਲੜਨ ਦਾ ਸਮਾਂ ਹੈ। ਪੰਜਾਬ ਦੇ ਸੁਖ਼ਨਵਰਾਂ ਤੇ ਦਾਨਿਸ਼ਵਰਾਂ ਨੇ ਇਸ ਕਾਰੇ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ। ਪਰ ਇਸ ਤੋਂ ਅਗਾਂਹ ਵੀ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ ਤੇ ਸਾਨੂੰ ਬੁੱਲ੍ਹੇ ਸ਼ਾਹ ਦੇ ਇਨ੍ਹਾਂ ਸ਼ਬਦਾਂ ਨੂੰ ਯਾਦ ਰੱਖਦੇ ਹੋਏ ਸਾਂਝੀਵਾਲਤਾ ਦੇ ਸੱਚ ਲਈ ਇਕੱਠੇ ਹੋ ਕੇ ਲੜਨਾ ਪੈਣਾ ਏ, ‘‘ਸੱਚ ਆਖ ਮਨਾ ਕਿਉਂ ਡਰਨਾ ਏਂ, ਇਸ ਸੱਚ ਪਿੱਛੇ ਤੂੰ ਤਰਨਾ ਏਂ/ ਸੱਚ ਸਦਾ ਆਬਾਦੀ ਕਰਨਾ ਏ, ਸੱਚ ਵਸਤ ਅਚੰਭਾ ਆਈ ਏ।’’ ਸੱਚ ਦੀ ਆਬਾਦੀ ਕਰਨ ਲਈ ਸੰਘਰਸ਼ ਕਰਨਾ ਪੈਂਦਾ ਏ ਤੇ ਪੰਜਾਬੀ ਇਹ ਸੰਘਰਸ਼ ਕਰਨਗੇ, ਇਨਸਾਨੀਅਤ ਦੇ ਦੁਸ਼ਮਣਾਂ ਵਿਰੁੱਧ ਆਪਣੀ ਨਾਬਰੀ ਦੀ ਰਵਾਇਤ ਨੂੰ ਜ਼ਿੰਦਾ ਰੱਖਦੇ ਹੋਏ।
Share this content:


Post Comment