Loading Now

ਫਿਜ਼ਿਕਸ ਪੇਪਰ ਨੂੰ ਲੈ ਕੇ ਅਧਿਆਪਕ ਨੇ ਦਰਜ ਕੀਤੀ PIL

ਫਿਜ਼ਿਕਸ ਪੇਪਰ ਨੂੰ ਲੈ ਕੇ ਅਧਿਆਪਕ ਨੇ ਦਰਜ ਕੀਤੀ PIL

ਨਵੀਂ ਦਿੱਲੀ, 23 ਫਰਵਰੀ – ਕੇਂਦਰੀ ਮਾਧਮਿਕ ਸਿੱਖਿਆ ਬੋਰਡ (CBSE) ਵੱਲੋਂ ਭੌਤਿਕ ਵਿਗਿਆਨ (ਫਿਜ਼ਿਕਸ) ਦਾ ਪੇਪਰ 20 ਫਰਵਰੀ ਨੂੰ ਕਰਵਾਇਆ ਗਿਆ। ਪੇਪਰ ਮੁਕੰਮਲ ਹੋਣ ਤੋਂ ਬਾਅਦ ਹੁਣ ਇਸ ‘ਤੇ ਵਿਵਾਦ ਹੋ ਰਿਹਾ ਹੈ। ਵਿਦਿਆਰਥੀਆਂ ਵੱਲੋਂ ਪੇਪਰ ਬਾਰੇ ਦਿੱਤੀ ਗਈ ਜਾਣਕਾਰੀ ਅਤੇ ਅਧਿਆਪਕਾਂ ਵੱਲੋਂ ਕੀਤੇ ਗਏ ਪੇਪਰ ਵਿਸ਼ਲੇਸ਼ਣ (Analysis) ‘ਚ ਪੇਪਰ ਦੇ ਸੰਤੁਲਨ ਨੂੰ ਸਹੀ ਨਹੀਂ ਦੱਸਿਆ ਗਿਆ ਹੈ।

ਵਿਦਿਆਰਥੀਆਂ ਅਤੇ ਅਧਿਆਪਕਾਂ ਅਨੁਸਾਰ ਵੱਖ-ਵੱਖ ਪੇਪਰਾਂ ‘ਚ ਪ੍ਰਸ਼ਨ ਪੱਤਰ ਦੇ ਔਖੇ ਹੋਣ ਦਾ ਪੱਧਰ (Difficulty Level) ਇਕਸਮਾਨ ਨਹੀਂ ਰੱਖਿਆ ਗਿਆ। ਕੋਈ ਪ੍ਰਸ਼ਨ ਪੱਤਰ ਬਹੁਤ ਔਖਾ ਰਿਹਾ, ਜਦਕਿ ਕੋਈ ਪ੍ਰਸ਼ਨ ਪੱਤਰ ਬਹੁਤ ਹੀ ਸੌਖਾ।

ਅਧਿਆਪਕ ਨੇ ਦਰਜ ਕਰਵਾਈ PIL

ਪ੍ਰਸ਼ਨ ਪੱਤਰ ‘ਚ ਸਮਾਨਤਾ ਨਾ ਹੋਣ ਕਾਰਨ ਹੁਣ ਇਕ ਅਧਿਆਪਕ ਪ੍ਰਸ਼ਾਂਤ ਕਿਰਾੜ ਨੇ ਵਿਦਿਆਰਥੀਆਂ ਦੀ ਆਵਾਜ਼ ਉਠਾਉਂਦੇ ਹੋਏ ਜਨਹਿਤ ਪਟੀਸ਼ਨ (PIL) ਦਾਇਰ ਕੀਤੀ ਹੈ। ਉਨ੍ਹਾਂ ਅਨੁਸਾਰ ਪੇਪਰ ਇਕਸਮਾਨ ਨਾ ਹੋਣ ਕਾਰਨ ਹੁਣ ਬੱਚੇ ਆਪਣੀ ਮਿਹਨਤ ਦੀ ਬਜਾਏ ਕਿਸਮਤ ਦੇ ਭਰੋਸੇ ਹੋ ਗਏ ਹਨ ਤੇ ਇਸ ਨਾਲ ਵਿਦਿਆਰਥੀਆਂ ਵਿੱਚ ਅਸਮਾਨਤਾ ਪੈਦਾ ਹੋ ਰਹੀ ਹੈ, ਜਿਸ ਦਾ ਉਨ੍ਹਾਂ ਦੇ ਮਾਨਸਿਕ ਸਿਹਤ ‘ਤੇ ਵੀ ਬੁਰਾ ਅਸਰ ਪਵੇਗਾ।

ਗ੍ਰੇਸ ਮਾਰਕਸ ਜਾਂ ਮੁਲਾਂਕਣ ਦੌਰਾਨ ਨਰਮੀ ਦੀ ਮੰਗ

ਅਧਿਆਪਕ ਵੱਲੋਂ PIL ‘ਚ ਕਿਹਾ ਗਿਆ ਹੈ ਕਿ CBSE ਜਾਂ ਤਾਂ ਹੁਣ ਵਿਦਿਆਰਥੀਆਂ ਨੂੰ ਗ੍ਰੇਸ ਮਾਰਕਸ (ਵਾਧੂ ਅੰਕ) ਪ੍ਰਦਾਨ ਕਰੇ ਜਾਂ ਕਾਪੀਆਂ ਦੀ ਜਾਂਚ ਸਮੇਂ ਨਰਮੀ ਵਰਤੀ ਜਾਵੇ।

ਇਸ ਵਾਰ ਆਨਲਾਈਨ ਹੋਵੇਗਾ ਕਾਪੀਆਂ ਦਾ ਮੁਲਾਂਕਣ

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 17 ਫਰਵਰੀ ਤੋਂ ਲੈ ਕੇ 9 ਅਪ੍ਰੈਲ 2026 ਤਕ ਕਰਵਾਈਆਂ ਜਾਣਗੀਆਂ। ਬੋਰਡ ਪ੍ਰੀਖਿਆਵਾਂ ‘ਚ 17 ਲੱਖ ਤੋਂ ਵੱਧ ਵਿਦਿਆਰਥੀ ਹਿੱਸਾ ਲੈਣਗੇ। ਇਨ੍ਹਾਂ ਸਾਰੇ ਵਿਦਿਆਰਥੀਆਂ ਦੀਆਂ 1 ਕਰੋੜ ਤੋਂ ਵੱਧ ਕਾਪੀਆਂ ਦੇ 32 ਕਰੋੜ ਪੰਨਿਆਂ ਦਾ ਮੁਲਾਂਕਣ ਇਸ ਵਾਰ ਡਿਜੀਟਲ ਮੋਡ ‘ਚ ਆਨ-ਸਕ੍ਰੀਨ ਕੀਤਾ ਜਾਵੇਗਾ।

ਕੀ ਰਹੇਗੀ ਪ੍ਰਕਿਰਿਆ?

ਬੋਰਡ ਪ੍ਰੀਖਿਆਵਾਂ ‘ਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੀਆਂ ਕਾਪੀਆਂ ਨੂੰ ਸੀਬੀਐਸਈ ਵੱਲੋਂ ਸਕੈਨ ਕੀਤਾ ਜਾਵੇਗਾ। ਇਸ ਤੋਂ ਬਾਅਦ ਅਧਿਆਪਕ ਸਕੂਲ ਦੀ ਲੈਬ ‘ਚ ਬੈਠ ਕੇ ਹੀ ਅਲਾਟ ਕੀਤੀਆਂ ਗਈਆਂ ਕਾਪੀਆਂ ਦੀ ਜਾਂਚ ਆਨ-ਸਕ੍ਰੀਨ ਕਰਨਗੇ। ਇਸ ਦੌਰਾਨ ਵਿਦਿਆਰਥੀ ਦੀ ਕਾਪੀ ਦਾ ਰੋਲ ਨੰਬਰ ਜਾਂ ਨਾਮ ਨਹੀਂ ਦਿਖਾਈ ਦੇਵੇਗਾ, ਜਿਸ ਨਾਲ ਪਾਰਦਰਸ਼ਤਾ ਬਣੀ ਰਹੇਗੀ। ਸੀਬੀਐਸਈ ਪ੍ਰੀਖਿਆ ਕੰਟਰੋਲਰ ਵੱਲੋਂ ਦਿੱਤੇ ਗਏ ਬਿਆਨ ਮੁਤਾਬਕ ਇਸ ਨਾਲ ਕਰੋੜਾਂ ਕਾਪੀਆਂ ਨੂੰ ਇੱਧਰ-ਉੱਧਰ ਕਰਨ ‘ਚ ਲੱਗਣ ਵਾਲਾ ਸਮਾਂ ਅਤੇ ਟਰਾਂਸਪੋਰਟ ਦਾ ਖਰਚਾ ਬਚੇਗਾ।

Share this content:

Post Comment