ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ‘ਪੰਜ ਪੰਜਾਬੀ ਸੇਵਕ` ਪੁਰਸਕਾਰ ਸਮਾਗਮ 14 ਸਤੰਬਰ 2025 ਨੂੰ
*ਡਾ. ਅਮਰ ਕੋਮਲ, ਡਾ. ਗੁਰਬਚਨ ਸਿੰਘ ਰਾਹੀ, ਬਾਬੂ ਸਿੰਘ ਰੈਹਲ, ਸੁਖਦੇਵ ਸਿੰਘ ਚਹਿਲ ਅਤੇ ਲਛਮਣ ਸਿੰਘ ਤਰੌੜ੍ਹਾ ਦੇ ਨਾਂਵਾਂ ਦੀ ਹੋਈ ਚੋਣ
ਪਟਿਆਲਾ, 13 ਸਤੰਬਰ – ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ 14 ਸਤੰਬਰ 2025 ਦਿਨ ਐਤਵਾਰ ਨੂੰ ਸਵੇਰੇ 9.30 ਵਜੇ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਦੇ ਲੈਕਚਰ ਹਾਲ ਵਿਖੇ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪੰਜ ਸੀਨੀਅਰ ਲਿਖਾਰੀਆਂ ਨੂੰ ‘ਪੰਜ ਪੰਜਾਬੀ ਸੇਵਕ` ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ।ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ` ਅਤੇ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਨੇ ਦੱਸਿਆ ਕਿ ਸਾਲ 2025 ਲਈ ਡਾ. ਅਮਰ ਕੋਮਲ,ਡਾ. ਗੁਰਬਚਨ ਸਿੰਘ ਰਾਹੀ, ਬਾਬੂ ਸਿੰਘ ਰੈਹਲ, ਸੁਖਦੇਵ ਸਿੰਘ ਚਹਿਲ ਅਤੇ ਲਛਮਣ ਸਿੰਘ ਤਰੌੜ੍ਹਾ ਦੇ ਨਾਂਵਾਂ ਦੀ ਚੋਣ ਕੀਤੀ ਗਈ ਹੈ। ਸਨਮਾਨਿਤ ਸ਼ਖ਼ਸੀਅਤਾਂ ਬਾਰੇ ਵੱਖ ਵੱਖ ਸਾਹਿਤਕਾਰਾਂ ਵੱਲੋਂ ਸਨਮਾਨ ਪੱਤਰ ਵੀ ਪੜ੍ਹੇ ਜਾਣਗੇ। ਡਾ. ਆਸ਼ਟ ਨੇ ਹੋਰ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਸਭਾ ਵੱਲੋਂ ਸਾਲ 2025 ਤੋਂ ਹਰ ਸਾਲ ਉਨ੍ਹਾਂ ਪੰਜ ਸੀਨੀਅਰ ਲੇਖਕਾਂ ਨੂੰ ‘ਪੰਜ ਪੰਜਾਬੀ ਸੇਵਕ` ਪੁਰਸਕਾਰ ਪ੍ਰਦਾਨ ਕੀਤਾ ਜਾਇਆ ਕਰੇਗਾ ਜਿਨ੍ਹਾਂ ਦੀ ਉਮਰ 80 ਸਾਲ ਜਾਂ 80 ਸਾਲ ਤੋਂ ਵੱਧ ਹੋਵੇਗੀ ਅਤੇ ਉਹ ਪੰਜਾਬੀ ਸਾਹਿਤ ਸਭਾ ਪਟਿਆਲਾ ਦੀ ਮਾਰਫ਼ਤ ਪੰਜਾਬੀ ਮਾਤ-ਭਾਸ਼ਾ ਦੇ ਵਿਕਾਸ ਵਿਚ ਨਿਰੰਤਰ ਯੋਗਦਾਨ ਪਾ ਰਹੇ ਹੋਣ।
ਇਸ ਸਾਹਿਤਕ ਸਮਾਗਮ ਦੀ ਪ੍ਰਧਾਨਗੀ ਉਘੇ ਪੰਜਾਬੀ ਪੱਤਰਕਾਰ ਤੇ ਸਾਹਿਤਕਾਰ ਅਤੇ ਜ਼ਿਲ੍ਹਾ ਇੰਚਾਰਜ ਰੋਜ਼ਾਨਾ ਅਜੀਤ ਸੰਗਰੂਰ ਸ.ਸੁਖਵਿੰਦਰ ਸਿੰਘ ‘ਫੁੱਲ` ਕਰਨਗੇ ਜਦੋਂ ਕਿ ਮੁੱਖ ਮਹਿਮਾਨ ਉਘੇ ਸਮਾਜ ਸੇਵੀ ਅਤੇ ਸਾਹਿਤ ਪ੍ਰੇਮੀ ਸ੍ਰੀ ਭਗਵਾਨ ਦਾਸ ਗੁਪਤਾ ਹੋਣਗੇ।ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਚਰਨਜੀਤ ਕੌਰ, ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਦੇ ਮੁਖੀ ਅਤੇ ਅਸਿਸਟੈਂਟ ਪ੍ਰੋਫ਼ੈਸਰ ਡਾ. ਹਰਗੁਣਪ੍ਰੀਤ ਸਿੰਘ ਅਤੇ ਉਘੀ ਪੰਜਾਬੀ ਕਵਿੱਤਰੀ ਕਮਲ ਸੇਖੋਂ ਹੋਣਗੇ। ਅੱਜ ਸਭਾ ਦੀ ਕਾਰਜਕਾਰਨੀ ਦੀ ਹੋਈ ਇਕੱਤਰਤਾ ਵਿਚ ਡਾ. ਹਰਪ੍ਰੀਤ ਸਿੰਘ ਰਾਣਾ,ਬਲਬੀਰ ਸਿੰਘ ਦਿਲਦਾਰ ਅਤੇ ਨਵਦੀਪ ਸਿੰਘ ਮੁੰਡੀ ਆਦਿ ਸ਼ਾਮਿਲ ਸਨ।ਸਭਾ ਵੱਲੋਂ ਲੇਖਕਾਂ ਨੂੰ ਸਮਾਗਮ ਵਿਚ ਪੁੱਜਣ ਦੀ ਵਿਸ਼ੇਸ਼ ਤੌਰ ਤੇ ਪੁਰਜ਼ੋਰ ਅਪੀਲ ਕੀਤੀ ਹੈ।ਇਸ ਸਮਾਗਮ ਵਿਚ ਪੁੱਜੇ ਲੇਖਕ ਵੀ ਆਪੋ ਆਪਣੀਆਂ ਵੰਨ ਸੁਵੰਨੀਆਂ ਰਚਨਾਵਾਂ ਸੁਣਾਉਣਗੇ।
Share this content:


Post Comment