ਪੌਣੀ ਸਦੀ ਜਮਾਂ ਸਵਾ ਤਿੰਨ ਵਰ੍ਹੇ ਰੀਵਿਊਕਾਰ/ ਬਲਜਿੰਦਰ ਮਾਨ
![]()
ਲੇਖਕ: ਗੁਰਮੀਤ ਸਿੰਘ ਪਲਾਹੀ ਪ੍ਰਕਾਸ਼ਕ: ਪੰਜਾਬੀ ਵਿਰਸਾ ਟਰੱਸਟ ਫਗਵਾੜਾ ,ਪੰਨੇ: 240, ਮੁੱਲ: 300 ਰੁਪਏ
ਕੁਦਰਤ ਦੁਆਰਾ ਸਿਰਜੀ ਕਾਇਨਾਤ ਤੇ ਝਾਤੀ ਮਾਰੀਏ ਤਾਂ ਉਸ ਵੱਲੋਂ ਇਸ ਮਨੁੱਖ ਨੂੰ ਅਨੇਕਾਂ ਨਿਆਮਤਾਂ ਬਖ਼ਸ਼ੀਆਂ ਗਈਆਂ ਹਨ। ਇਸ ਦੇ ਨਾਲ ਹੀ ਸਾਰੀ ਸ੍ਰਿਸ਼ਟੀ ਦਾ ਸਰਤਾਜ ਵੀ ਮਨੁੱਖ ਨੂੰ ਬਣਾ ਦਿੱਤਾ ਗਿਆ ਹੈ। ਜੇਕਰ ਇਸ ਧਰਤੀ ਤੇ ਕੋਈ ਮਾੜਾ ਵਰਤਾਰਾ ਵਰਤ ਰਿਹਾ ਹੈ ਤਾਂ ਉਸ ਦਾ ਮੁੱਖ ਕਾਰਨ ਇਹ ਮਨੁੱਖ ਹੀ ਹੈ ਕਿਉਂਕਿ ਮਨੁੱਖ ਵਿੱਚੋਂ ਮਨੁੱਖਤਾ ਖਤਮ ਹੋ ਚੁੱਕੀ ਹੈ। ਉਹ ਕਿਸੇ ਵੀ ਅਹੁਦੇ ਤੇ ਕਿਸੇ ਵੀ ਕਾਰਜ ਵਿੱਚ ਜੁਟਿਆ ਹੋਇਆ ਹੋਵੇ ਉਸ ਦੇ ਮਨ ਦੀ ਨਿਰਮਲਤਾ ਦੀ ਕਮੀ ਦੇ ਕਾਰਨ ਗੈਰ ਮਾਨਵੀ ਵਰਤਾਰੇ ਵਰਤ ਰਹੇ ਹਨ। ਇਹਨਾਂ ਵਰਤਾਰਿਆਂ ਪਿੱਛੇ ਜਿਹੜੀਆਂ ਤਾਕਤਾਂ ਕੰਮ ਕਰਦੀਆਂ ਹਨ ਉਹਨਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਹਥਲੀ ਪੁਸਤਕ ‘ਪੌਣੀ ਸਦੀ ਜਮਾ ਸਵਾ ਤਿੰਨ ਵਰ੍ਹੇ ‘ ਦੀ ਸਿਰਜਣਾ ਕੀਤੀ ਹੈ। ਇਹ ਪੁਸਤਕ ਆਪਣੀ ਮਹੱਤਤਾ ਕਾਰਨ ਇੱਕ ਇਤਿਹਾਸਕ ਦਸਤਾਵੇਜ਼ ਬਣ ਜਾਂਦੀ ਹੈ ਜੋ ਸਾਨੂੰ 80 ਸਾਲਾਂ ਦੀ ਆਜ਼ਾਦੀ ਦੇ ਦਰਸ਼ਨ ਕਰਵਾਉਂਦੀ ਹੋਈ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਅੱਗੇ ਲਿਆ ਖੜਾ ਕਰਦੀ ਹੈ। ਸਾਡੇ ਲੀਡਰਾਂ , ਅਫ਼ਸਰਾਂ ਅਤੇ ਲੋਕਾਂ ਨੇ ਇਹਨਾਂ ਵਰ੍ਹਿਆਂ ਵਿੱਚ ਕਿਹੋ ਜਿਹਾ ਕਿਰਦਾਰ ਨਿਭਾਇਆ ਹੈ ਤੇ ਉਸ ਕਿਰਦਾਰ ਦੀ ਬਦੌਲਤ ਮਨੁੱਖਤਾ ਨੂੰ ਕਿਹੜੀਆਂ ਅਲਾਮਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ? ਦੇਸ਼ ਵਿਦੇਸ਼ ਨਾਲ ਸੰਬੰਧਿਤ ਅਜਿਹੇ ਵਿਸ਼ਿਆਂ ਨੂੰ ਇਹ ਪੁਸਤਕ ਸਿਰਫ਼ ਨਿਹਾਰਦੀ ਹੀ ਨਹੀਂ ਸਗੋਂ ਨਿਖਾਰਦੀ ਅਤੇ ਵਿਚਾਰਦੀ ਵੀ ਹੈ। ਇਤਿਹਾਸਕਾਰਾਂ ਲਈ ਇਹ ਇੱਕ ਹਵਾਲਾ ਪੁਸਤਕ ਹੈ ਜਿਸ ਵਿੱਚੋਂ ਉਹ ਅੱਠ ਸਦੀਆਂ ਦਾ ਇਤਿਹਾਸ ਪੜ੍ਹਕੇ ਭਾਰਤ ਦੀ ਪੈੜ ਚਾਲ ਦੇ ਦਰਸ਼ਨ ਤਾਂ ਕਰਦੇ ਹੀ ਹਨ ਨਾਲ ਨਾਲ ਵਿਸ਼ਵ ਦੇ ਮੰਚ ਤੇ ਪੇਸ਼ ਹੋ ਰਹੇ ਚੰਗੇ ਮਾੜੇ ਦ੍ਰਿਸ਼ਾਂ ਦਾ ਮੁਲਾਂਕਣ ਵੀ ਪੜ੍ਹਦੇ ਹਨ।
ਇੱਕ ਦਰਜਨ ਤੋਂ ਵੱਧ ਪੁਸਤਕਾਂ ਦੀ ਰਚਨਹਾਰੇ ਗੁਰਮੀਤ ਸਿੰਘ ਪਲਾਹੀ ਦੇਸ਼ ਦੁਨੀਆ ਵਿੱਚ ਵਰਤ ਰਹੇ ਵਰਤਾਰਿਆਂ ਤੇ ਤਿੱਖੀ ਨਜ਼ਰ ਰੱਖ ਰਹੇ ਹਨ। ਹਥਲੀ ਪੁਸਤਕ ਵਿੱਚ 51 ਵਿਸ਼ਿਆਂ ਤੇ ਦਰਜ ਕੀਤੇ ਲੇਖ ਪਾਠਕਾਂ ਦੇ ਦਿਲ ਦਿਮਾਗ ਦੇ ਬੰਦ ਬੂਹੇ ਬਾਰੀਆਂ ਖੋਲਦੇ ਹਨ। ਜਿਨ੍ਹਾਂ ਨੂੰ ਸਿਆਸਤ ਦੀਆਂ ਚਾਲਾਂ ਦਾ,ਆਬਾਦੀ ਦੇ ਪ੍ਰਭਾਵ ਦਾ, ਸਿੱਖਿਆ ਦੇ ਪਸਾਰ ਦਾ ਮੀਡੀਏ ਦੇ ਆਸਾਰ ਦਾ, ਦੇਸ਼ ਦੇ ਸੁਧਾਰ ਦਾ, ਕੂੜ ਪ੍ਰਚਾਰ ਦਾ, ਫਟੇ ਹੋਏ ਲੰਗਾਰ ਦਾ, ਲੁੱਟੇ ਗਏ ਸ਼ਿੰਗਾਰ ਦਾ, ਰਾਜਿਆਂ ਦੇ ਹੰਕਾਰ ਦਾ ਗਿਆਨ ਨਹੀਂ; ਉਹਨਾਂ ਲਈ ਇਹ ਇੱਕ ਗਾਈਡ ਬੁੱਕ ਹੈ। ਭਾਵ ਦੇਸ਼ ਨਾਲ ਸੰਬੰਧਿਤ ਹਰ ਵਿਸ਼ੇ ਨੂੰ ਇਸ ਪੁਸਤਕ ਵਿੱਚ ਸ਼ਾਮਿਲ ਕਰਨ ਦਾ ਯਤਨ ਕੀਤਾ ਗਿਆ ਹੈ। ਲੋਕਤਾਂਤਰਿਕ ਕਦਰਾਂ ਕੀਮਤਾਂ ਨੂੰ ਖੋਰਾ ਲੱਗ ਚੁੱਕਾ ਹੈ। ਕਾਨੂੰਨੀ ਸੁਧਾਰਾਂ ਦੇ ਰਾਹੀਂ ਸਵਿਧਾਨ ਨੂੰ ਤੋੜਿਆ ਮਰੋੜਿਆ ਜਾ ਰਿਹਾ ਹੈ ਅਤੇ ਸੰਵਿਧਾਨ ਦੇ ਆਸਰੇ ਹੀ ਨਿਆਂਇਕ ਪ੍ਰਣਾਲੀ ਤੇ ਕਬਜ਼ਾ ਕਰਕੇ ਲੋਕਾਂ ਨੂੰ ਨਿਆਂ ਤੋਂ ਦੂਰ ਕੀਤਾ ਜਾ ਰਿਹਾ ਹੈ। ਇੱਥੇ ਹੀ ਬੱਸ ਨਹੀਂ ਪਾਣੀਆਂ ਦੀ ਜੰਗ ਵਿੱਚ ਆਮ ਜਨਤਾ ਹੱਥੋਂ ਕੁਦਰਤੀ ਨਿਆਮਤਾਂ ਨੂੰ ਵੀ ਖੋਹਿਆ ਜਾ ਰਿਹਾ। ਦੇਸ਼ ਕਿਸਾਨਾਂ ਦੀ ਕਿਸਾਨੀ ਸੰਕਟ ਵਿੱਚ ਹੈ, ਮਜ਼ਦੂਰ ਵਿਹਲਾ ਹੈ ਤੇ ਪੜ੍ਹਿਆ ਲਿਖਿਆ ਨੌਜਵਾਨ ਵਰਗ ਧੱਕੇ ਖਾਣ ਲਈ ਮਜ਼ਬੂਰ ਹੈ। ਭਾਸ਼ਾ ਦੇ ਫਾਰਮੂਲੇ ਰਾਹੀਂ ਅਤੇ ਸਿੱਖਿਆ ਦੀ ਨਵੀਂ ਨੀਤੀ ਰਾਹੀਂ ਆਮ ਲੋਕਾਂ ਨੂੰ ਸਿੱਖਿਆ ਤੋਂ ਵਾਂਝੇ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇੱਥੇ ਹੀ ਬੱਸ ਨਹੀਂ ਸਗੋਂ ਹਰ ਕਾਰਜ ਨੂੰ ਵੋਟ ਨਾਲ ਜੋੜ ਕੇ ਆਪਣੀ ਪਾਰਟੀ ਨੂੰ ਅੱਗੇ ਵਧਾਉਣ ਦੇ ਯਤਨ ਸ਼ਾਮਿਲ ਕੀਤੇ ਗਏ ਹਨ। ਦੇਸ਼ ਦੀ ਜਨਤਾ ਦਾ ਜਾਂ ਇੰਜ ਕਹੀਏ ਕਿ ਦੇਸ਼ ਦਾ ਕਿਸੇ ਨੂੰ ਫਿਕਰ ਨਹੀਂ। ਨਿਆਣਿਆਂ ਦਾ ਪੱਜ ਤੇ ਆਪਣਾ ਰੱਜ ਲੱਭਿਆ ਜਾ ਰਿਹਾ ਹੈ ਤੇ ਉਸ ਦਾ ਫਾਰਮੂਲਾ ਕੱਢਿਆ ਜਾ ਰਿਹਾ ਹੈ। ਪੰਜਾਬ ਦੀ ਤਬਾਹੀ ਲਈ ਜ਼ਿੰਮੇਵਾਰ ਕਾਰਕਾਂ ਦੀ ਨਿਸ਼ਾਨਦੇਹੀ ਕਰਦਿਆਂ ਲੇਖਕ ਨੇ ਸੱਚੋ ਸੱਚ ਬਿਆਨਿਆ ਹੈ। ਪੁਸਤਕ ਦਾ ਹਰ ਪੰਨਾ ਸੱਚ ਨੂੰ ਤੱਥਾਂ ਤੇ ਆਧਾਰ ਤੇ ਬਿਆਨ ਕਰਦਾ ਹੋਇਆ ਹਰ ਇਕ ਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਤਿਆਰ ਕਰਦਾ ਹੈ। ਦੇਸ਼ ਵਾਸੀਆਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦਾ ਹੈ। ਮੀਡੀਏ ਦਾ ਦਬਾਅ, ਵਿਧਾਨ ਪਾਲਿਕਾ ਅਤੇ ਕਾਰਜ ਪਾਲਿਕਾ ਦਾ ਘਿਓ ਖਿਚੜੀ ਹੋਣਾ ਅਤੇ ਨਿਆਂਇਕ ਵਿਵਸਥਾ ਵਿੱਚ ਸੰਨ੍ਹ ਲੱਗਣੀ ਦੇਸ਼ ਲਈ ਖਤਰੇ ਦੇ ਨਿਸ਼ਾਨ ਹਨ। ਇਹ ਸਾਰੇ ਲੇਖ ਆਪਣੇ ਗੁਣਵੱਤਾ ਕਾਰਨ ਦੇਸ਼ ਵਿਦੇਸ਼ ਦੀਆਂ ਅਖ਼ਬਾਰਾਂ ਦੇ ਮਿਡਲ ਪੰਨਿਆਂ ਤੇ ਛਪ ਚੁੱਕੇ ਹਨ। ਲੇਖ ਦੀ ਲਿਖਤ ਦੀ ਮਹਾਨਤਾ ਇੱਥੋਂ ਉਜਾਗਰ ਹੁੰਦੀ ਹੈ ਕਿ ਉਨ੍ਹਾਂ ਦੇ ਸਿਰਜੀ ਜਾ ਰਹੀ ਹਰ ਰਚਨਾ ਨੂੰ ਦੇਸ਼ ਦੁਨੀਆਂ ਵਿੱਚ ਆਦਰ ਤੇ ਮਾਣ ਨਾਲ ਪੜ੍ਹਿਆ ਜਾਂਦਾ ਹੈ ਅਤੇ ਇਹਨਾਂ ਵਿੱਚੋਂ ਹਵਾਲੇ ਵੀ ਦਿੱਤੇ ਜਾਂਦੇ ਹਨ।
ਸਰਕਾਰ ਦੇ ਦਾਅਵੇ ,ਭਾਰਤੀ ਕਿਸਾਨਾਂ ਦੀ ਸਥਿਤੀ ਲੇਖ ਵਿੱਚ ਇਹ ਤੱਥ ਦਰਜ ਹਨ: ‘ ਦੇਸ਼ ਕੋਲ ਕੁੱਲ ਕਾਮਾ ਗਿਣਤੀ ਵਿੱਚ 45.76 ਫੀਸਦੀ ਕਾਮੇ ਕਿਸਾਨ ਹਨ, ਜਿਹੜੇ ਖੇਤੀ ਖੇਤਰ ਅਤੇ ਖੇਤੀ ਨਾਲ ਸੰਬੰਧਿਤ ਧੰਦਿਆਂ ‘ਚ ਲੱਗੇ ਹੋਏ ਹਨ। ਇਹਨਾਂ ਕਿਸਾਨਾਂ ਵਿੱਚੋਂ 86 ਫੀਸਦੀ ਕਿਸਾਨ ਛੋਟੇ ਅਤੇ ਛੋਟੇ ਮੱਧ ਵਰਗੀ ਕਿਸਾਨ ਹਨ ਜਿਨ੍ਹਾਂ ਕੋਲ ਇੱਕ ਹਕਟੇਅਰ ਜ਼ਮੀਨ ਤੋਂ ਵੀ ਘੱਟ ਦੀ ਮਾਲਕੀ ਹੈ। ਇਸੇ ਕਰਕੇ ਦੇਸ਼ ,’ਚ ਬਹੁਤੇ ਕਿਸਾਨ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਹਨ। ਵੱਡੀ ਮਿਹਨਤ ਕਰਨ ਦੇ ਬਾਵਜੂਦ ਵੀ ਫਸਲਾਂ ਦੀ ਪੂਰੀ ਕੀਮਤ ਨਾ ਮਿਲਣ ਇਕ ਕਾਰਨ ਹੈ’। ਵਧਦੇ ਆਰਥਿਕ ਪਾੜੇ ਦੇ ਵਿਚਕਾਰ ਜੀ ਰਾਮ ਜੀ ਲੇਖ ਵਿੱਚ ਇਹ ਤੱਤ ਬਹੁਤ ਹੈਰਾਨਕੁੰਨ ਹਨ :-
‘ਦੇਸ਼ ਭਾਰਤ ਦੀ ਕੁੱਲ ਜਾਇਦਾਦ ਦਾ 40 ਫੀਸਦੀ ਹਿੱਸਾ ਦੇਸ਼ ਦੇ ਸਿਰਫ ਇਕ ਫੀਸਦੀ ਲੋਕਾਂ ਦੇ ਹੱਥ ਵਿੱਚ ਹੈ ,ਜਦਕਿ 65 ਫੀਸਦੀ ਜਾਇਦਾਦ 10 ਫੀਸਦੀ ਲੋਕਾਂ ਦੇ ਕੋਲ ਹੈ। ਦੇਸ਼ ਵਿੱਚ ਆਮਦਨ ਦੇ ਪੱਧਰ ਤੇ ਹਾਲਤ ਵੀ ਚਿੰਤਾਜਨਕ ਹੈ। ਕੁਲ ਰਾਸ਼ਟਰੀ ਆਮਦਨ ਦੀ 58 ਫੀਸਦੀ ਹਿੱਸੇਦਾਰੀ 8 ਫੀਸਦੀ ਲੋਕਾਂ ਕੋਲ ਹੈ। ਜਦਕਿ 50 ਫੀਸਦੀ ਦੀ ਹਿੱਸੇਦਾਰੀ ਦੇ ਮਾਲਕ 15 ਫੀਸਦੀ ਲੋਕ ਹਨ। ਇਹ ਅੰਕੜੇ ਵਿਸ਼ਵ ਅਸਮਾਨਤਾ ਰਿਪੋਰਟ 2025 ਦੇ ਹਨ’।
ਇਸ ਪ੍ਰਕਾਰ ਦੇ ਅਨੇਕਾਂ ਹੈਰਾਨ ਤੇ ਪਰੇਸ਼ਾਨ ਕਰਨ ਵਾਲੇ ਅੰਕੜਿਆਂ ਅਤੇ ਤੱਥਾਂ ਨੂੰ ਪੇਸ਼ ਕਰਦੀ ਇਹ ਪੁਸਤਕ ਅਜੋਕੀ ਪੀੜ੍ਹੀ ਦੇ ਹਰ ਨੌਜਵਾਨ ਮੁੰਡੇ ਕੁੜੀ ਨੂੰ ਪੜ੍ਹਨੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਦੇਸ਼ ਦੀ ਦਸ਼ਾ ਤੇ ਦਿਸ਼ਾ ਦਾ ਗਿਆਨ ਹੋਵੇ ਅਤੇ ਉਹ ਇਸ ਦਿਸ਼ਾ ਨੂੰ ਮੋੜਾ ਦੇਣ ਲਈ ਆਪਣੀ ਸਮਰੱਥਾ ਦਾ ਸਹੀ ਉਪਯੋਗ ਕਰ ਸਕਣ।
***
ਬਲਜਿੰਦਰ ਮਾਨ 9815018947
ਸੰਪਾਦਕ ਨਿੱਕੀਆਂ ਕਰੂੰਬਲਾਂ
ਮਾਹਿਲਪੁਰ (ਹੁਸ਼ਿਆਰਪੁਰ)
Share this content:


Post Comment