Loading Now

ਨਵੇਂ ਨੇਪਾਲ ਦੇ ਨਿਰਮਾਣ ਦਾ ਫ਼ਤਵਾ

ਨਵੇਂ ਨੇਪਾਲ ਦੇ ਨਿਰਮਾਣ ਦਾ ਫ਼ਤਵਾ

ਨੇਪਾਲ ਦੇ ਲੋਕਤੰਤਰੀ ਇਤਿਹਾਸ ਵਿਚ ਇਕ ਨਵਾਂ ਅਧਿਆਇ ਲਿਖਿਆ ਜਾ ਚੁੱਕਾ ਹੈ। ਆਮ ਚੋਣਾਂ ਦੇ ਨਤੀਜੇ ਇਹ ਸਪਸ਼ਟ ਕਰਦੇ ਹਨ ਕਿ ਰਾਸ਼ਟਰੀ ਸਵਤੰਤਰ ਪਾਰਟੀ (ਆਰਐੱਸਪੀ) ਦੇਸ਼ ਦੀ ਪਹਿਲੀ ਲਗਪਗ ਪੂਰਨ ਬਹੁਮਤ ਵਾਲੀ ਸਰਕਾਰ ਬਣਾਉਣ ਜਾ ਰਹੀ ਹੈ। ਇਸ ਜਿੱਤ ਦੇ ਹੀਰੋ 35 ਸਾਲਾ ਬਾਲੇਂਦਰ ਸ਼ਾਹ ਉਰਫ਼ ਬਾਲੇਨ ਹਨ, ਜਿਨ੍ਹਾਂ ਦਾ ਪ੍ਰਧਾਨ ਮੰਤਰੀ ਬਣਨਾ ਨਿਸ਼ਚਿਤ ਮੰਨਿਆ ਜਾ ਰਿਹਾ ਹੈ। ਨੇਪਾਲ ਵਿਚ ਇਸ ਸਿਆਸੀ ਬਦਲਾਅ ਦੀ ਨੀਂਹ ਸਤੰਬਰ 2025 ਵਿਚ ਜੈੱਨ-ਜੀ ਯੁਵਾ ਅੰਦੋਲਨ ਨੇ ਰੱਖੀ ਸੀ।

ਨੇਪਾਲ ਦੇ ਸਿਆਸੀ ਇਤਿਹਾਸ ਵਿਚ ਜਿੱਥੇ ਹਰ ਸਾਲ ਦਰਜਨਾਂ ਨਵੀਆਂ ਪਾਰਟੀਆਂ ਬਣਦੀਆਂ ਅਤੇ ਮਿਟਦੀਆਂ ਹਨ, ਜਿੱਥੇ ਨੇਪਾਲੀ ਕਾਂਗਰਸ, ਸੀਪੀਐੱਨ-ਏ ਮਾਲੇ ਅਤੇ ਮਾਓਵਾਦੀ ਕੇਂਦਰ ਜਿਹੀਆਂ ਕਈ ਦਹਾਕੇ ਪੁਰਾਣੀਆਂ ਪਾਰਟੀਆਂ ਦਾ ਪੂਰੀ ਚੜ੍ਹਤ ਰਹੀ ਹੈ, ਜਿੱਥੇ ਸ਼ੇਰ ਬਹਾਦੁਰ ਦੇਓਬਾ, ਕੇਪੀ ਸ਼ਰਮਾ ਓਲੀ ਅਤੇ ਗਗਨ ਥਾਪਾ ਜਿਹੇ ਦਿੱਗਜਾਂ ਨੇ ਲੰਬੇ ਸਮੇਂ ਤੱਕ ਸੱਤਾ ਦੀ ਧੁਰੀ ਨੂੰ ਨਿਯੰਤਰਣ ’ਚ ਰੱਖਿਆ, ਉਥੇ ਇਕ ਪਾਰਟੀ ਜੋ ਸਿਰਫ਼ ਚਾਰ ਸਾਲ ਪਹਿਲਾਂ ਬਣੀ ਹੋਵੇ, ਉਸ ਦੀ ਅਜਿਹੀ ਬੇਮਿਸਾਲ ਚੁਣਾਵੀ ਜਿੱਤ ਕਲਪਨਾ ਤੋਂ ਪਰੇ ਸੀ। ਇਸ ਚੋਣ ਸੁਨਾਮੀ ਦੇ ਪਿੱਛੇ ਦੋ ਮੁੱਖ ਕਾਰਨ ਦਿਸਦੇ ਹਨ। ਪਹਿਲਾ, ਨਵੇਂ ਨੇਪਾਲ ਦੀ ਕਲਪਨਾ ਦਾ ਮੁੱਖ ਆਧਾਰ ਇਕ ਅਜਿਹੇ ਰਾਸ਼ਟਰ ਦੀ ਸਥਾਪਨਾ ਸੀ ਜੋ ਭਾਈ-ਭਤੀਜਾਵਾਦ, ਭ੍ਰਿਸ਼ਟਾਚਾਰ ਅਤੇ ਸਿਆਸੀ ਅਸਥਿਰਤਾ ਤੋਂ ਮੁਕਤ ਹੋਵੇ। ਇਸ ਯਾਤਰਾ ਦੀ ਰਸਮੀ ਸ਼ੁਰੂਆਤ 2008 ਵਿਚ ਰਾਜਸ਼ਾਹੀ ਦੇ ਅੰਤ ਅਤੇ ਲੋਕਤੰਤਰ ਦੀ ਸਥਾਪਨਾ ਨਾਲ ਹੋਈ। ਮੰਨਿਆ ਗਿਆ ਸੀ ਕਿ ਸੈਂਕੜੇ ਸਾਲਾਂ ਦੇ ਰਾਜਤੰਤਰ, ਜਿਸ ਵਿਚ ਸੱਤਾ ਦਰਬਾਰ ਦੇ ਵਫ਼ਾਦਾਰਾਂ ਤੱਕ ਸੀਮਤ ਸੀ ਅਤੇ ਜਨਤਾ ਦਾ ਇਕ ਵੱਡਾ ਵਰਗ ਹਾਸ਼ੀਏ ’ਤੇ ਸੀ, ਉਸ ਦਾ ਅੰਤ ਲੋਕਤੰਤਰੀ ਪ੍ਰਣਾਲੀ ਨਾਲ ਹੋਵੇਗਾ।

ਵਿਡੰਬਣਾ ਇਹ ਹੈ ਕਿ 2008 ਤੋਂ ਬਾਅਦ ਜੋ ਵੀ ਸਿਆਸੀ ਪਾਰਟੀਆਂ ਉੱਭਰੀਆਂ, ਉਨ੍ਹਾਂ ਦੀ ਕਾਰਜਸ਼ੈਲੀ ਅਤੇ ਜੜ੍ਹਾਂ ਪੁਰਾਣੀ ਵਿਵਸਥਾ ਤੋਂ ਪ੍ਰਭਾਵਿਤ ਰਹੀਆਂ। ਹਾਲਾਂਕਿ ਮਾਓਵਾਦੀ ਪਾਰਟੀਆਂ ’ਤੇ ਵੀ ਸੱਤਾ ਦਾ ਲਾਲਚ ਭਾਰੂ ਰਿਹਾ। ਨਤੀਜੇ ਵਜੋਂ ਲੋਕਤੰਤਰ ਆਉਣ ਦੇ ਬਾਵਜੂਦ ਆਮ ਜਨਤਾ ਨੂੰ ਕੋਈ ਹਕੀਕੀ ਰਾਹਤ ਨਹੀਂ ਮਿਲ ਸਕੀ। ਨੇਪਾਲ ਦੀ ਪਿਛਲੇ 18 ਸਾਲਾਂ ਦੀ ਲੋਕਤੰਤਰੀ ਯਾਤਰਾ ਵਿਚ ਚਾਰ ਆਮ ਚੋਣਾਂ ਦੌਰਾਨ ਦੇਸ਼ ਨੇ ਇਕ ਦਰਜਨ ਤੋਂ ਵੱਧ ਪ੍ਰਧਾਨ ਮੰਤਰੀ ਅਤੇ ਦਰਜਨਾਂ ਉਪ-ਪ੍ਰਧਾਨ ਮੰਤਰੀ ਬਦਲਦੇ ਦੇਖੇ ਹਨ। ਸਿਆਸੀ ਅਸਥਿਰਤਾ ਕਾਰਨ ਕੋਈ ਵੀ ਸਰਕਾਰ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਨਹੀਂ ਕਰ ਸਕੀ। ਇਸ ਬੇਯਕੀਨੀ ਵਿਚਕਾਰ ਜਨਤਾ ਨੇ ਆਰਐੱਸਪੀ ਨੂੰ ਪੂਰਨ ਬਹੁਮਤ ਦੇ ਕੇ ਨਾ ਸਿਰਫ਼ ਸਿਆਸੀ ਅਸਥਿਰਤਾ ਨੂੰ ਖ਼ਤਮ ਕੀਤਾ ਹੈ ਸਗੋਂ ਗੱਠਜੋੜ ਦੀ ਮਜਬੂਰੀਆਂ ਵਾਲੀ ਸਿਆਸਤ ਦਾ ਵੀ ਅੰਤ ਕਰ ਦਿੱਤਾ ਹੈ। ਕਿਉਂਕਿ ਆਰਐੱਸਪੀ ਦਾ ਕੋਈ ਵਿਵਾਦਾਂ ਵਾਲਾ ਪੁਰਾਣਾ ਇਤਿਹਾਸ ਨਹੀਂ ਸੀ, ਇਸ ਲਈ ਜਨਤਾ ਨੇ ਬਾਲੇਨ ਸ਼ਾਹ ਦੀ ਅਗਵਾਈ ’ਤੇ ਅਟੁੱਟ ਭਰੋਸਾ ਜਤਾਇਆ।

Share this content:

Post Comment