Loading Now

ਧਰਤ ਪਰਾਈ ਆਪਣੇ ਸਿਰਜਕ’ ਸਾਹਿਤਕ ਸਮਾਗਮ ਕਰਵਾਇਆ ਗਿਆ

ਧਰਤ ਪਰਾਈ ਆਪਣੇ ਸਿਰਜਕ’ ਸਾਹਿਤਕ ਸਮਾਗਮ ਕਰਵਾਇਆ ਗਿਆ

ਫਰੀਦਕੋਟ, 13 – ਮਾਰਚ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਰੀਦਕੋਟ ਦੇ ਸਹਿਯੋਗ ਨਾਲ ਦੇਸ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਫ਼ਰੀਦਕੋਟ ਅਤੇ ਭਾਸ਼ਾ ਮੰਚ, ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵੱਲੋਂ ਕਾਲਜ ਪ੍ਰੰਗਣ
ਵਿੱਚ ‘ਧਰਤ ਪਰਾਈ ਆਪਣੇ ਸਿਰਜਕ’ ਨਾਮਕ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ। ਇੰਗਲੈਂਡ ਤੋਂ ਅਜ਼ੀਮ ਸ਼ੇਖਰ, ਕਨੇਡਾ ਤੋਂ ਪ੍ਰੀਤ ਮਨਪ੍ਰੀਤ, ਬੈਲਜੀਅਮ ਤੋਂ ਜੀਤ ਸੁਰਜੀਤ, ਆਸਟਰੇਲੀਆ ਤੋਂ ਜੱਗੀ ਜੌਹਲ ਅਤੇ ਇੰਗਲੈਂਡ ਤੋਂ ਜਸਵਿੰਦਰ ਰੱਤੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਸਰੋਤਿਆਂ ਨੂੰ ਮੁਗਧ ਕੀਤਾ।
ਉੱਘੇ ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਸਮਾਗਮ ਦਾ ਮੰਚ ਸੰਚਾਲਨ ਕਰਦਿਆਂ ਪਰਵਾਸ ਵਿੱਚ ਰਚੇ ਜਾ ਰਹੇ ਪੰਜਾਬੀ ਸਾਹਿਤ ਦੀ ਮਹੱਤਤਾ ਉਜਾਗਰ ਕੀਤੀ। ਸਮਾਗਮ ਦੇ ਆਰੰਭ ਵਿੱਚ ਉੱਘੇ ਸ਼ਾਇਰ ਅਤੇ ਪ੍ਰਿੰਸੀਪਲ ਸਰਕਾਰੀ ਕਾਲਜ ਆਫ ਐਜੂਕੇਸ਼ਨ ਫ਼ਰੀਦਕੋਟ ਪ੍ਰੋ. ਰਾਜੇਸ਼ ਮੋਹਨ ਨੇ ਮਹਿਮਾਨ ਸ਼ਾਇਰਾਂ ਦਾ ਸਵਾਗਤ ਕੀਤਾ।
ਸਮਾਗਮ ਦੌਰਾਨ ਜੀਤ ਸੁਰਜੀਤ ਨੇ ਆਪਣੀ ਸ਼ਾਇਰੀ ਰਾਹੀਂ ਔਰਤ ਮਨ ਦੀ ਵੇਦਨਾ ਨੂੰ ਬਿਆਨ ਕੀਤਾ, ਜਦਕਿ ਜੱਗੀ ਜੌਹਲ ਨੇ ਮਨੁੱਖ ਅੰਦਰਲੇ ਇਕਲਾਪੇ ਦੀ ਭਾਵਨਾ ਨੂੰ ਪੇਸ਼ ਕੀਤਾ। ਅਜ਼ੀਮ ਸ਼ੇਖਰ ਦੀ ਸ਼ਾਇਰੀ ਵਿੱਚ ਸੂਫ਼ੀਆਨਾ ਰੰਗ ਨਜ਼ਰ ਆਇਆ ਅਤੇ ਪ੍ਰੀਤ ਮਨਪ੍ਰੀਤ ਨੇ ਪੰਜਾਬ ਦੀ ਰਹਿਤਲ ਅਤੇ ਮਿੱਟੀ ਨਾਲ ਜੁੜੇ ਹੇਰਵੇ ਨੂੰ ਉਕੇਰਿਆ। ਇਸ ਮੌਕੇ ਗਲਪਕਾਰ ਜਸਵਿੰਦਰ ਰੱਤੀਆਂ ਨੇ ਜੀਵਨ ਵਿੱਚ ਚੰਗੇ ਸਾਹਿਤ ਦੀ ਲੋੜ ਅਤੇ ਇਸ ਦੇ ਪ੍ਰਭਾਵ ਬਾਰੇ ਸੰਖੇਪ ਵਿਚਾਰ ਵੀ ਸਾਂਝੇ ਕੀਤੇ।
WhatsApp-Image-2026-03-13-at-12.15.49-PM ਧਰਤ ਪਰਾਈ ਆਪਣੇ ਸਿਰਜਕ’ ਸਾਹਿਤਕ ਸਮਾਗਮ ਕਰਵਾਇਆ ਗਿਆ
ਸਮਾਗਮ ਦੌਰਾਨ ਸਰੋਤਿਆਂ ਨੇ ਵੱਖ-ਵੱਖ ਰੰਗਾਂ ਦੀ ਉਮਦਾ ਸ਼ਾਇਰੀ ਨੂੰ ਰੂਹ ਨਾਲ ਸੁਣਿਆ ਅਤੇ ਮਾਣਿਆ। ਸਮਾਗਮ ਦੇ ਅੰਤ ਵਿੱਚ ਮਨਜੀਤ ਪੁਰੀ, ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ ਨੇ ਸ਼ਾਇਰਾਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਨੁੱਖੀ ਰੂਹ ਦੀ ਤਾਜ਼ਗੀ ਲਈ ਸ਼ਾਇਰੀ, ਸ਼ਬਦ ਅਤੇ ਸੰਗੀਤ ਦਾ ਸਦੀਵੀ ਮਹੱਤਵ ਹੈ ਅਤੇ ਅਜਿਹੇ ਭਾਵਪੂਰਤ ਸਾਹਿਤਕ ਸਮਾਗਮ ਅੱਜ ਦੇ ਸਮੇਂ ਦੀ ਲੋੜ ਹਨ।
ਇਸ ਮੌਕੇ ਪ੍ਰਸਿੱਧ ਕਵੀ ਅਤੇ ਪ੍ਰਿੰਸੀਪਲ ਮਹਾਤਮਾ ਗਾਂਧੀ ਮੈਮੋਰੀਅਲ ਸਕੂਲ ਫ਼ਰੀਦਕੋਟ ਕੁਮਾਰ ਜਗਦੇਵ ਸਿੰਘ ਬਰਾੜ, ਕੰਵਰਜੀਤ ਸਿੰਘ ਸਿੱਧੂ (ਖੋਜ ਅਫ਼ਸਰ), ਸ਼ਿਵਜੀਤ ਸਿੰਘ ਸੰਘਾ, ਮੇਹਰ ਸਿੰਘ ਸੰਧੂ, ਜਗਜੀਤ ਸਿੰਘ ਚਾਹਲ, ਕੁਲਵੀਰ ਸਿੰਘ ਸਮਰਾ ਪੱਖੀ ਕਲਾਂ, ਹਰਜੀਤ ਸਿੰਘ ਗਿੱਲ ਪੱਖੀ ਕਲਾਂ, ਗੁਰਤੇਜ ਪੱਖੀ, ਧਰਮ ਪ੍ਰਵਾਨਾ, ਪ੍ਰੋ. ਰਾਜੇਸ਼ਵਰੀ, ਪ੍ਰੋ. ਰਣਜੀਤ ਬਾਜਵਾ, ਪ੍ਰੋ. ਸੰਦੀਪ ਸਿੰਘ, ਪ੍ਰੋ. ਬੀਰਇੰਦਰ ਸਿੰਘ, ਰਣਜੀਤ ਸਿੰਘ (ਸੀਨੀਅਰ ਸਹਾਇਕ) ਅਤੇ ਜਸਮੇਲ ਸਿੰਘ (ਕਲਰਕ) ਵੀ ਹਾਜ਼ਰ ਰਹੇ। ਇਸ ਦੇ ਨਾਲ ਹੀ ਕਾਲਜ ਦੇ ਵਿਦਿਆਰਥੀਆਂ ਨੇ ਵੀ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਾ ਕੇ ਸਮਾਗਮ ਦਾ ਅਨੰਦ ਮਾਣਿਆ।

Share this content:

Post Comment