Loading Now

ਦੀਵਾਲੀ ਮੁਬਾਰਕ! / (ਪ੍ਰੋ.) ਅਵਤਾਰ ਸਿੰਘ

ਦੀਵਾਲੀ ਮੁਬਾਰਕ! / (ਪ੍ਰੋ.) ਅਵਤਾਰ ਸਿੰਘ

 

ਦੀਵਾਲੀ ਸਾਡੇ ਦੇਸ਼ ਦਾ ਅਜਿਹਾ ਤਿਉਹਾਰ ਹੈ ਕਿ ਜਦ ਇਹ ਆਉਂਦਾ ਹੈ ਤਾਂ ਮਹੀਨਾਂ ਪਹਿਲਾਂ ਹੀ ਲੋਕ ਪੁੱਛਣ ਲਗ ਪੈਂਦੇ ਹਨ ਕਿ ਦੀਵਾਲੀ ਕਦੋਂ ਹੈ। ਫਿਰ ਦਸਹਿਰੇ ਤੋਂ ਇਸਦਾ ਹਿਸਾਬ ਲਾਉਣ ਲਗ ਪੈਂਦੇ ਹਨ। ਕਿਉਂਕਿ ਇਹ ਉਸਤੋਂ ਵੀਹ ਦਿਨ ਬਾਦ ਆਉਂਦੀ ਹੈ।

ਹੋਰ ਕਿਸੇ ਤਿਉਹਾਰ ਦੀ ਏਨੀ ਤਿਆਰੀ ਨਹੀਂ ਕਰਨੀ ਪੈਂਦੀ, ਜਿੰਨੀ ਦੀਵਾਲੀ ਦੀ ਹੁੰਦੀ ਹੈ ਤੇ ਖਾਸ ਗਲ ਇਹ ਹੈ ਕਿ ਇਸਦੀ ਤਿਆਰੀ ਵਿਚ ਘਰ ਦੇ ਸਾਰੇ ਹੀ ਜੀ ਸ਼ਾਮਲ ਹੁੰਦੇ ਹਨ। ਇਸ ਤਿਉਹਾਰ ਦਾ ਹਰ ਕਿਸੇ ਨੂੰ ਚਾਅ ਚੜ੍ਹਦਾ ਹੈ ਤੇ ਚਾਅ ਵੀ ਏਨਾ ਚੜ੍ਹਦਾ ਹੈ, ਜਿਵੇਂ ਦੇਸ਼ ਦਾ ਵਿਆਹ ਹੋਣਾ ਹੋਵੇ ਤੇ ਅਸੀਂ ਇਸਦੀ ਜੰਞੇ ਜਾਣਾ ਹੋਵੇ।

ਇਹ ਤਿਉਹਾਰ ਸਾਡੇ ਮੁਲਕ ਦੀ ਸਾਂਝੀਵਾਲਤਾ ਦਾ ਪ੍ਰਤੀਕ ਹੈ। ਕਿਉਂਕਿ ਇਸ ਦਿਨ ਸੋਗ ਵਾਲੇ ਘਰਾਂ ਦਾ ਵੀ ਲੋਕ ਸੋਗ ਖੁਲਵਾ ਦਿੰਦੇ ਹਨ ਤਾਂ ਜੋ ਉਹ ਵੀ ਇਸ ਦਿਨ ਖੁਸ਼ ਹੋ ਸਕਣ। ਜਿਵੇਂ ਇਸ ਦਿਨ ਖੁਸ਼ ਨਾ ਹੋਣਾ ਅਸ਼ੁੱਭ ਹੋਵੇ। ਅਸ਼ੁੱਭ ਤੋਂ ਯਾਦ ਆਇਆ ਕਿ ਅਜਕਲ ਬਹੁਤ ਲੋਕ ਅਜਿਹੇ ਹਨ, ਜਿਹੜੇ ਕਿਸੇ ਵੀ ਤਰਾਂ ਦੀ ਸਾਂਝੀਵਾਲਤਾ ਨੂੰ ਪਸੰਦ ਨਹੀਂ ਕਰਦੇ। ਉਹ ਹਰ ਸਾਂਝ ਨੂੰ ਤਾਰ ਤਾਰ ਕਰਨ ਦੀ ਕੋਈ ਨਾ ਕੋਈ ਤਾਰ ਲੱਭ ਹੀ ਲੈਂਦੇ ਹਨ ਤੇ ਉਹ ਉਸੇ ਤਾਰ ‘ਤੇ ਆਪਣਾ ਅਸ਼ੁੱਭ ਰਾਗ ਅਲਾਪਣ ਲਗ ਪੈਂਦੇ ਹਨ।

ਸਾਂਝੀਵਾਲਤਾ ਅਜਿਹਾ ਦੈਵੀ ਅਹਿਸਾਸ ਹੈ, ਜੋ ਫੁਟ ਪਸੰਦ ਨਹੀਂ ਕਰਦਾ। ਇਸ ਕਰਕੇ ਸਾਂਝੀਵਾਲਤਾ ਦੇ ਦੈਵੀਤਵ ਨੂੰ ਹਮੇਸ਼ਾ ਨਤਮਸਤਕ ਰਹਿਣਾ ਚਾਹੀਦਾ ਹੈ। ਜਦ ਵੀ ਲੱਗੇ ਕਿ ਸਾਂਝੀਵਾਲਤਾ ਨੂੰ ਆਂਚ ਆ ਰਹੀ ਹੈ ਤਾਂ ਇਸਨੂੰ ਉਸੇਤਰਾਂ ਮੁੜ ਕਾਇਮ ਕਰਨਾ ਚਾਹੀਦਾ ਹੈ, ਜਿਵੇਂ ਅਸੀਂ ਦੀਵਾਲੀ ਨੂੰ ਘਰ ਦੀ ਹਰ ਨਵੀਂ ਪੁਰਾਣੀ ਸ਼ੈਅ ਦੀ ਸਫਾਈ ਕਰਦੇ ਹਾਂ।

ਇਸ ਦਿਨ ਸਾਨੂੰ ਆਪਣੇ ਮਸਤਕ ਦੀ ਵੀ ਝਾੜ ਪੂੰਝ ਕਰਨੀ ਚਾਹੀਦੀ ਹੈ। ਇਸ ਵਿਚ ਗਿਆਨ ਦੇ ਚਿਰਾਗ ਬਾਲਣੇ ਚਾਹੀਦੇ ਹਨ ਤਾਂ ਜੋ ਸਾਡਾ ਮਸਤਕ ਰੌਸ਼ਨ ਹੋ ਸਕੇ। ਦੀਵਾਲੀ ਦੇ ਅਵਸਰ ‘ਤੇ ਚਿਰਾਗ ਬਾਲਦੇ ਹੋਏ ਸਾਨੂੰ ਖੁਦ ਇਕ ਤੁਰਦਾ ਫਿਰਦਾ ਚਿਰਾਗ ਹੋ ਜਾਣਾ ਚਾਹੀਦਾ ਹੈ ਤਾਂ ਜੋ ਅਸੀਂ ਜਿਥੇ ਵੀ ਜਾਈਏ ਰੌਸ਼ਨੀ ਕਰ ਸਕੀਏ।

ਇਹ ਤਿਉਹਾਰ ਅਸਲ ਵਿਚ ਖਾਣ ਪੀਣ ਤੇ ਪਟਾਕਿਆਂ ਦੇ ਸ਼ੋਰ ਦਾ ਤਿਉਹਾਰ ਨਹੀਂ ਹੈ, ਬਲਕਿ ਇਹ ਰੌਸ਼ਨੀਆਂ ਦਾ ਚੁੱਪ ਤਿਉਹਾਰ ਹੈ। ਇਸ ਕਰਕੇ ਚੁੱਪ ਦੇ ਇਸ ਅਵਸਰ ਨੂੰ ਠਾਹ ਠਾਹ ਨਾਲ ਬਰਬਾਦ ਨਹੀਂ ਕਰਨਾ ਚਾਹੀਦਾ।

ਕਿਸੇ ਵੀ ਬਲਦੇ ਚਿਰਾਗ ਨੂੰ ਚੁੱਪ ਰਹਿ ਕੇ ਦੇਖੋ ਤਾਂ ਉਸਦੀ ਅਵਾਜ਼ ਸੁਣਨ ਲਗ ਪੈਂਦੀ ਹੈ ਤੇ ਉਹ ਗੱਲਾਂ ਕਰਨ ਲਗ ਪੈਂਦੇ ਹਨ। ਇਹ ਗੱਲਾਂ ਜੀਭ ਬਿਨਾ ਬੋਲਣ ਤੇ ਕੰਨਾਂ ਬਿਨਾ ਸੁਣਨ ਵਾਲੀਆਂ ਹੁੰਦੀਆਂ ਹਨ।

ਪਰ ਅਸੀਂ ਇਹੋ ਜਿਹੀ ਗੋਸ਼ਟੀ ਦੇ ਆਦੀ ਨਹੀਂ ਹਾਂ। ਸਾਨੂੰ ਸਿਰਫ ਜੁਬਾਨ ਚਲਾਉਣੀ ਆਉਂਦੀ ਹੈ ਤੇ ਉਹ ਵੀ ਆਰੀ ਦੀ ਤਰਾਂ। ਚੁੱਪ ਦੀ ਭਾਸ਼ਾ ਅਸੀਂ ਕਦੇ ਸਿਖਦੇ ਹੀ ਨਹੀਂ।

ਸਿਰਫ ਚਿਰਾਗ ਹੀ ਹਨ, ਜਿਨ੍ਹਾਂ ਦੀ ਚੁੱਪ ਬੋਲਦੀ ਹੈ। ਇਹ ਆਪਣੀ ਚੁੱਪ ਨਾਲ ਹੀ ਏਨਾ ਕੁਝ ਕਹਿ ਜਾਦੇ ਹਨ ਕਿ ਲੱਖਾਂ ਜੀਭਾਂ ਉਸਦਾ ਮੁਕਾਬਲਾ ਨਹੀਂ ਕਰ ਸਕਦੀਆਂ। ਚਿਰਾਗ ਤਾਂ ਅਜਿਹੇ ਧਰਮੀ ਪੁਰਸ਼ ਹਨ, ਜਿਨ੍ਹਾਂ ਦਾ ਧਰਮ ਹੀ ਚੁੱਪ ਹੈ।

ਧਰਮ ਬਾਰੇ ਕਿਹਾ ਜਾਂਦਾ ਹੈ ਕਿ ਇਹ ਇਤਿਹਾਸ ਤੇ ਹਿਸਾਬ ਦੀ ਤਰਾਂ ਸਿਖਾਇਆ ਨਹੀਂ ਜਾ ਸਕਦਾ। ਬਲਕਿ ਇਹ ਤਾਂ ਤਾਪ ਅਤੇ ਪ੍ਰਕਾਸ਼ ਦੀ ਤਰਾਂ ਆਪਣਾ ਪ੍ਰਭਾਵ ਛਡਦਾ ਹੈ; ਕਿਤੇ ਹੋਵੇ ਸਹੀ।

ਆਉ ਅਜ ਦੀਵਾਲੀ ਦੇ ਸ਼ੁੱਭ ਅਵਸਰ ‘ਤੇ ਚਿਰਾਗ ਬਾਲੀਏ ਤੇ ਉਨ੍ਹਾਂ ਕੋਲ ਚੁੱਪ ਬੈਠੀਏ। ਇਸਤਰਾਂ ਅਸੀਂ ਆਪਣੇ ਮਨ ਰੌਸ਼ਨ ਕਰ ਸਕਦੇ ਹਾਂ ਤੇ ਸ਼ੋਰ ਸ਼ਰਾਬੇ ਤੋਂ ਬਚ ਸਕਦੇ ਹਾਂ। ਧਰਮ ਸ਼ੋਰ ਨਹੀਂ ਬਲਕਿ ਚੁਪ ਹੁੰਦਾ ਹੈ ਤੇ ਚੁਪ ਹਮੇਸ਼ਾ ਦੈਵੀ ਹੁੰਦੀ ਹੈ। ਫਿਰ ਮੁਬਾਰਕ!

avtar-singh ਦੀਵਾਲੀ ਮੁਬਾਰਕ! / (ਪ੍ਰੋ.) ਅਵਤਾਰ ਸਿੰਘ

(ਪ੍ਰੋ.)ਅਵਤਾਰ ਸਿੰਘ

– ਫੋਨ: 9417518384

Share this content:

Post Comment