ਦਿਆਲ ਸਿੰਘ ਮਜੀਠੀਆ ਦੀ ਵਿਰਾਸਤ ਤੇ ਯੋਗਦਾਨ/ਡਾ. ਰਾਮਜੀਲਾਲ
ਸਰਦਾਰ ਦਿਆਲ ਸਿੰਘ ਮਜੀਠੀਆ (1848-1898) ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮਜੀਠਾ ਨਾਲ ਸਬੰਧਿਤ ਇਕ ਉੱਘੇ ਅਤੇ ਧਨਾਢ ਪਰਿਵਾਰ ਵਿੱਚ ਵਾਰਾਣਸੀ ’ਚ ਹੋਇਆ ਸੀ। ਉੱਨ੍ਹੀਵੀਂ ਸਦੀ ਦੌਰਾਨ ਮਜੀਠਾ ਪਿੰਡ ਕਾਫੀ ਅਹਿਮੀਅਤ ਰੱਖਦਾ ਸੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਸੰਨ 1800 ਤੋਂ 1849 ਦਰਮਿਆਨ ਪਿੰਡ ਦੇ ਤਿੰਨ ਪਰਿਵਾਰਾਂ ਦੇ 16 ਜਰਨੈਲ ਆਪਣੀ ਫ਼ੌਜ ਵਿੱਚ ਸ਼ਾਮਲ ਕੀਤੇ ਸਨ। ਇਸ ਰਸੂਖਵਾਨ ਪਿੰਡ ਦੇ ਉੱਘੇ ਸਪੁੱਤਰ ਸ. ਦਿਆਲ ਸਿੰਘ ਇੱਕ ਪਰਉਪਕਾਰੀ ਅਤੇ ਕੌਮੀ ਨਾਇਕ ਸਨ, ਜੋ ਬਰਾਬਰੀ, ਆਜ਼ਾਦੀ, ਭਾਈਚਾਰੇ, ਉਦਾਰਵਾਦ ਅਤੇ ਮਨੁੱਖਤਾ ਨੂੰ ਸਮਰਪਿਤ ਸਨ। ਉਹ ਇੱਕ ਸੰਪਾਦਕ, ਪੱਤਰਕਾਰ, ਸਿੱਖਿਆ ਸ਼ਾਸਤਰੀ, ਅਰਥ ਸ਼ਾਸਤਰੀ, ਲੇਖਕ, ਪ੍ਰਮੁੱਖ ਕਾਂਗਰਸੀ ਆਗੂ, ਬ੍ਰਹਮ ਸਮਾਜੀ ਅਤੇ ਇੱਕ ਉੱਘੇ ਬੁਲਾਰੇ ਸਨ।
ਸ. ਦਿਆਲ ਸਿੰਘ ਆਪਣੇ ਸਮਿਆਂ ਦੀ ਭਾਵਨਾ ਦਾ ਪ੍ਰਤੀਕ ਸਨ। ਉਹ ਇੱਕ ਪ੍ਰਤਿਭਾਸ਼ਾਲੀ ਸ਼ਖਸੀਅਤ, ਦੂਰਦਰਸ਼ੀ ਅਤੇ ਬੌਧਿਕ ਆਜ਼ਾਦੀ ਦੇ ਸਮਰਥਕ ਸਨ। ਉਨ੍ਹਾਂ ਆਪਣੇ ਪਿੱਛੇ ਇੱਕ ਅਜਿਹੀ ਵਿਰਾਸਤ ਛੱਡੀ ਹੈ ਜਿਸ ’ਤੇ ਸਾਰਿਆਂ ਨੂੰ ਫਖ਼ਰ ਹੈ। ਸ੍ਰੀ ਬੀ.ਕੇ. ਨਹਿਰੂ ਦਾ ਕਹਿਣਾ ਸੀ, ‘‘ਸ. ਦਿਆਲ ਸਿੰਘ ਨੇ ਉੱਤਰੀ ਭਾਰਤ ਲਈ ਉਹ ਕੰਮ ਕੀਤਾ ਜੋ ਉੱਨ੍ਹੀਵੀਂ ਸਦੀ ਦੇ ਸ਼ੁਰੂ ਵਿਚ ਬ੍ਰਹਮ ਸਮਾਜ ਦੇ ਬਾਨੀ ਰਾਜਾ ਰਾਮ ਮੋਹਨ ਰਾਏ ਨੇ ਬੰਗਾਲ ਲਈ ਕੀਤਾ ਸੀ- ਭਾਵ ਇਸ ਖੇਤਰ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਕੇ ਆਧੁਨਿਕਤਾ ਦੀ ਰੌਸ਼ਨੀ ਵੱਲ ਲੈ ਕੇ ਜਾਣਾ।’’
ਉੱਤਰ-ਪੱਛਮੀ ਭਾਰਤ ਦੇ ਲੋਕਾਂ ਨੂੰ ਜਾਗਰੂਕ ਤੇ ਲਾਮਬੰਦ ਕਰਨ ਲਈ, ਸ. ਦਿਆਲ ਸਿੰਘ ਨੇ 2 ਫਰਵਰੀ 1881 ਨੂੰ ਲਾਹੌਰ ਤੋਂ ‘ਦਿ ਟ੍ਰਿਬਿਊਨ’ ਦੀ ਸੰਪਾਦਨਾ ਸ਼ੁਰੂ ਕੀਤੀ। ਇਸ ਦੇ ਪ੍ਰਕਾਸ਼ਨ ਤੋਂ ਪਹਿਲਾਂ, ਉਸ ਸਮੇਂ ‘ਦਿ ਸਿਵਿਲ ਐਂਡ ਮਿਲਟਰੀ ਗਜ਼ਟ’ (ਲਾਹੌਰ) ਅਤੇ ‘ਦਿ ਪਾਇਨੀਅਰ’ (ਅਲਾਹਾਬਾਦ) ਵਰਗੇ ਦੋ ਅਹਿਮ ਅਖ਼ਬਾਰ ਨਿਕਲ ਰਹੇ ਸਨ, ਪਰ ਉਹ ਬਰਤਾਨਵੀ ਮਾਲਕੀ ਵਾਲੇ ਸਨ ਅਤੇ ਸਾਮਰਾਜਵਾਦ ਦਾ ਪੱਖ ਪੂਰਦੇ ਸਨ। ਇਸ ਲਈ ਇੱਕ ਅਜਿਹੇ ਰਾਸ਼ਟਰੀ ਅਖ਼ਬਾਰ ਦੀ ਲੋੜ ਸੀ ਜੋ ਭਾਰਤੀ ਲੋਕਾਂ ਦੀ ਆਵਾਜ਼ ਬਣ ਸਕੇ।
ਸ. ਦਿਆਲ ਸਿੰਘ ਸੁਤੰਤਰਤਾ ਸੰਗਰਾਮ ਪ੍ਰਤੀ ਬਹੁਤ ਜਨੂੰਨ ਰੱਖਦੇ ਸਨ ਅਤੇ ਸੁਰੇਂਦਰਨਾਥ ਬੈਨਰਜੀ, ਰਾਏ ਬਹਾਦਰ ਮੂਲਰਾਜ ਤੇ ਜੇ. ਸੀ. ਬੋਸ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਭਾਰਤੀ ਲੋਕਾਂ ਨੂੰ ਇਕ ਆਵਾਜ਼ ਦੇਣ ਤੇ ਜਨਤਕ ਚੇਤਨਾ ਖਾਤਰ ‘ਦਿ ਟ੍ਰਿਬਿਊਨ’ ਦੀ ਸਥਾਪਨਾ ਕੀਤੀ।
‘ਦਿ ਟ੍ਰਿਬਿਊਨ’ ਦਾ ਪਹਿਲਾ ਅੰਕ 2 ਫਰਵਰੀ, 1881 ਨੂੰ ਪ੍ਰਕਾਸ਼ਿਤ ਹੋਇਆ ਤੇ ਇਹ 12 ਪੰਨਿਆਂ ਦਾ ਸੀ ਅਤੇ ਇਸ ਦੀ ਕੀਮਤ ਚਾਰ ਆਨੇ (25 ਪੈਸੇ) ਸੀ। ਇਹ ਸ਼ੁਰੂ ਵਿੱਚ ਇੱਕ ਹਫ਼ਤਾਵਾਰੀ ਅਖ਼ਬਾਰ ਸੀ, ਜੋ ਹਰ ਸ਼ਨਿਚਰਵਾਰ ਨੂੰ ਨਿਕਲਦਾ ਸੀ। ਸੀਤਲਚੰਦਰ ਮੁਖਰਜੀ ਨੇ ਪਹਿਲੇ ਸੰਪਾਦਕ ਵਜੋਂ ਕੰਮ ਕਰਨਾ ਸ਼ੁਰੂ ਕੀਤਾ । ਮੁਖਰਜੀ, ਜੋ ਅਲਾਹਾਬਾਦ ਤੋਂ ਆਪਣੇ ਅਖ਼ਬਾਰ ‘ਦਿ ਇੰਡੀਅਨ ਪੀਪਲ’ ਦਾ ਸੰਪਾਦਨ ਕਰ ਰਹੇ ਸਨ, ‘ਦਿ ਟ੍ਰਿਬਿਊਨ’ ਦਾ ਪ੍ਰਬੰਧ ਸੰਭਾਲਣ ਅਤੇ ਉੱਥੋਂ ਸੰਪਾਦਕੀ ਅਤੇ ਲੇਖ ਭੇਜਣ ਲਈ ਸਹਿਮਤ ਹੋ ਗਏ। ਸੀਤਲਕਾਂਤ ਚੈਟਰਜੀ ਨੂੰ ਲਾਹੌਰ ਵਿੱਚ ਸੰਪਾਦਕ ਵਜੋਂ ਨਿਯੁਕਤ ਕੀਤਾ ਗਿਆ ਸੀ। ਪੀ. ਕੇ. ਚੈਟਰਜੀ ਲਾਹੌਰ ਵਿੱਚ ਅਖ਼ਬਾਰ ਦੀ ਕਟਿੰਗ ਅਤੇ ਪੇਸਟਿੰਗ ਦਾ ਕੰਮ ਕਰਦੇ ਸਨ। ‘ਦਿ ਟ੍ਰਿਬਿਊਨ’ ਦੀ ਸਥਾਪਨਾ ਦੇ ਸਬੰਧ ਵਿੱਚ ਸੁਰੇਂਦਰਨਾਥ ਬੈਨਰਜੀ ਨੇ ਲਿਖਿਆ, ‘‘ਮੈਂ ਉਨ੍ਹਾਂ ਨੂੰ ਲਾਹੌਰ ਵਿੱਚ ਇੱਕ ਅਖ਼ਬਾਰ ਸ਼ੁਰੂ ਕਰਨ ਲਈ ਮਨਾ ਲਿਆ ਸੀ। ਮੈਂ ਉਨ੍ਹਾਂ ਲਈ ਕਲਕੱਤਾ ਤੋਂ ‘ਦਿ ਟ੍ਰਿਬਿਊਨ’ ਅਖ਼ਬਾਰ ਲਈ ਪਹਿਲੀ ਪ੍ਰੈੱਸ ਖਰੀਦੀ ਅਤੇ ਉਨ੍ਹਾਂ ਨੇ ਮੈਨੂੰ ਪਹਿਲੇ ਸੰਪਾਦਕ ਦੀ ਚੋਣ ਕਰਨ ਦੀ ਜ਼ਿੰਮੇਵਾਰੀ ਸੌਂਪੀ। ਮੈਂ ਇਸ ਅਹੁਦੇ ਲਈ ਢਾਕਾ (ਹੁਣ ਬੰਗਲਾਦੇਸ਼) ਦੇ ਮਰਹੂਮ ਸੀਤਲਕਾਂਤ ਚੈਟਰਜੀ ਦੇ ਨਾਮ ਦੀ ਸਿਫਾਰਸ਼ ਕੀਤੀ, ਪਹਿਲੇ ਸੰਪਾਦਕ ਵਜੋਂ ਉਨ੍ਹਾਂ ਦੇ ਸਫ਼ਲ ਕਰੀਅਰ ਨੇ ਮੇਰੀ ਚੋਣ ਨੂੰ ਪੂਰੀ ਤਰ੍ਹਾਂ ਸਹੀ ਸਾਬਿਤ ਕੀਤਾ।’’ (ਏ ਨੇਸ਼ਨ ਇਨ ਮੇਕਿੰਗ, 1931 ਵਿੱਚ ਪ੍ਰਕਾਸ਼ਿਤ)
ਸ. ਦਿਆਲ ਸਿੰਘ ਦੀ ਦਲੇਰੀ, ਡੂੰਘੀ ਸੂਝ ਅਤੇ ਆਪਣੇ ਉਦੇਸ਼ ਪ੍ਰਤੀ ਅਟੁੱਟ ਸਮਰਪਣ ਕਾਰਨ ਉਹ ਉਨ੍ਹਾਂ ਲੋਕਾਂ ਦੀ ਕਤਾਰ ਵਿੱਚ ਸਭ ਤੋਂ ਅੱਗੇ ਸਨ, ਜਿਨ੍ਹਾਂ ਨੇ ਰਾਸ਼ਟਰ ਦੇ ਕਲਿਆਣ ਲਈ ਆਪਣੀ ਕਲਮ ਦੀ ਸ਼ਾਨਦਾਰ ਵਰਤੋਂ ਕੀਤੀ। ‘ਦਿ ਟ੍ਰਿਬਿਊਨ’ ਦੇ ਸੰਸਥਾਪਕਾਂ ਅਤੇ ਪ੍ਰਬੰਧਕਾਂ ਦਾ ਮੰਨਣਾ ਸੀ ਕਿ ਸਿਰਫ਼ ਜਨਤਕ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਕਠੋਰ ਹੱਲਿਆਂ ਜਾਂ ਕੱਟੜ ਬਿਆਨਬਾਜ਼ੀ ਦੀ ਬਜਾਏ ਸੰਜਮ ਅਤੇ ਨਿਮਰਤਾ ਰਾਹੀਂ ਲੋਕ ਭਲਾਈ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਉਤਸ਼ਾਹਿਤ ਕੀਤਾ ਜਾ ਸਕਦਾ ਹੈ।
ਪਹਿਲੇ ਅੰਕ ਦਾ ਸੰਪਾਦਕੀ (2 ਫਰਵਰੀ 1881): ਅਜੋਕੇ ਸਮੇਂ ’ਚ ਸਭ ਤੋਂ ਵੱਧ ਢੁੱਕਵਾਂ
2 ਫਰਵਰੀ 1881 ਨੂੰ ਪ੍ਰਕਾਸ਼ਿਤ ਹੋਏ ਪਹਿਲੇ ਅੰਕ ਦੇ ਸੰਪਾਦਕੀ, ਜਿਸ ਦਾ ਸਿਰਲੇਖ ‘ਅਬਾਊਟ ਆਰਸੈਲਵਜ਼’ ਸੀ, ਵਿੱਚ ਇਸ ਨੂੰ ਪ੍ਰਕਾਸ਼ਿਤ ਕਰਨ ਦੇ ਕਾਰਨਾਂ ਅਤੇ ਨੀਤੀ ਬਾਰੇ ਦੱਸਿਆ ਗਿਆ ਸੀ। ਸ. ਦਿਆਲ ਸਿੰਘ ਮਜੀਠੀਆ ਨੇ ਲਿਖਿਆ ਸੀ:
‘‘ਦਿ ਟ੍ਰਿਬਿਊਨ ਦੇ ਸੰਚਾਲਕਾਂ ਦੀ ਨਾ ਤਾਂ ਕੋਈ ਵਿਅਕਤੀਗਤ ਮਾਨਤਾ ਹੈ ਅਤੇ ਨਾ ਹੀ ਇਸ ਅਖ਼ਬਾਰ ਰਾਹੀਂ ਕੋਈ ਹਿੱਤ ਪੂਰਿਆ ਜਾਣਾ ਹੈ। ਉਹ ਸਿਰਫ਼ ਲੋਕ ਭਲਾਈ ਲਈ ਕੰਮ ਕਰਨ ਦਾ ਦਾਅਵਾ ਕਰਦੇ ਹਨ ਅਤੇ ਜਾਣਦੇ ਹਨ ਕਿ ਲੋਕ ਭਲਾਈ ਕੁੜੱਤਣ ਤੇ ਸਖ਼ਤ ਸ਼ਬਦਾਂ ਦੀ ਬਜਾਏ ਉਦਾਰਤਾ ਅਤੇ ਸੰਜਮ ਨਾਲ ਜ਼ਿਆਦਾ ਹੁੰਦੀ ਹੈ। ਪੱਤਰਕਾਰੀ ਦੇ ਖੇਤਰ ਵਿੱਚ ਸਾਡਾ ਆਉਣਾ ਭਾਰਤ ਦੇ ਇਸ ਹਿੱਸੇ ਦੀ ਇੱਕ ਵੱਡੀ ਲੋੜ ਨੂੰ ਪੂਰਾ ਕਰਨਾ ਹੈ, ਭਾਵ ਕਿ ਮੂਲ ਨਿਵਾਸੀਆਂ ਦੀ ਰਾਇ ਦੀ ਨੁਮਾਇੰਦਗੀ ਲਈ ਇੱਕ ਅੰਗਰੇਜ਼ੀ ਅਖ਼ਬਾਰ… ਜਿਵੇਂ ਕਿ ਇਸ ਦੇ ਨਾਮ ਤੋਂ ਸਪੱਸ਼ਟ ਹੈ, ‘ਦਿ ਟ੍ਰਿਬਿਊਨ’ ਦਾ ਉਦੇਸ਼ ਨਿਰਪੱਖਤਾ ਅਤੇ ਸੰਜਮ ਨਾਲ ਜਨਤਾ ਦੇ ਹਿੱਤਾਂ ਦੀ ਵਕਾਲਤ ਕਰਨਾ ਹੋਵੇਗਾ। ਇਨ੍ਹਾਂ ਕਾਲਮਾਂ ਰਾਹੀਂ ਅਸੀਂ ਭਾਰਤ ਦੀ, ਖਾਸ ਕਰ ਕੇ ਉੱਤਰੀ ਭਾਰਤ ਦੀ ਜਨਤਕ ਰਾਇ ਦੀ ਪ੍ਰਤੀਨਿਧਤਾ ਕਰਨ ਦੀ ਕੋਸ਼ਿਸ਼ ਕਰਾਂਗੇ।’’
ਬਾਨੀ ਦੀ ਨਿਗ੍ਹਾ ਵਿੱਚ ‘ਦਿ ਟ੍ਰਿਬਿਊਨ’ ਦਾ ਮੁੱਖ ਟੀਚਾ ‘ਲੋਕਾਂ ਦਾ ਬੁਲਾਰਾ ਅਤੇ ਬੇਜ਼ੁਬਾਨਾਂ ਦੀ ਆਵਾਜ਼’ ਬਣਨਾ ਸੀ। ਸ. ਦਿਆਲ ਸਿੰਘ ਨੇ ਸੰਪਾਦਕੀ ਵਿੱਚ ਲਿਖਿਆ ਸੀ ਕਿ ਇਹ ‘ਲੋਕ ਆਵਾਜ਼’ ਵਜੋਂ ਕੰਮ ਕਰੇਗਾ। ਉਨ੍ਹਾਂ ਨੇ ਅੱਗੇ ਲਿਖਿਆ, ‘‘ਦਿ ਟ੍ਰਿਬਿਊਨ ਵਿਆਪਕ ਅਤੇ ਉਦਾਰਵਾਦੀ ਸਿਧਾਂਤਾਂ ’ਤੇ ਚਲਾਇਆ ਜਾਵੇਗਾ… ਅਸੀਂ ਕਿਸੇ ਖ਼ਾਸ ਨਸਲ, ਸ਼੍ਰੇਣੀ ਜਾਂ ਮਤ ਨਾਲ ਨਹੀਂ ਜੁੜਾਂਗੇ ਅਤੇ ਨਾ ਹੀ ਕਿਸੇ ਰਾਜਨੀਤਕ ਪਾਰਟੀ ਦੇ ਵਿਚਾਰਾਂ ਨੂੰ ਪ੍ਰਮੁੱਖਤਾ ਦੇਵਾਂਗੇ।’’
ਸ. ਦਿਆਲ ਸਿੰਘ ਇਸ ਤੱਥ ਤੋਂ ਚੰਗੀ ਤਰ੍ਹਾਂ ਜਾਣੂ ਸਨ ਕਿ ਭਾਰਤੀ ਸਮਾਜ ਬਹੁ-ਧਰਮੀ ਹੈ; ਇਸ ਲਈ ਸਮਾਜਿਕ ਸਦਭਾਵਨਾ, ਕੌਮੀ ਏਕਤਾ ਅਤੇ ਤਰੱਕੀ ਲਈ ਧਰਮ ਨਿਰਪੱਖਤਾ ਇੱਕ ਮੁੱਢਲਾ ਸਿਧਾਂਤ ਹੈ। ਸਿੱਟੇ ਵਜੋਂ, ਪਹਿਲੇ ਸੰਪਾਦਕੀ ਵਿੱਚ ਉਨ੍ਹਾਂ ਧਾਰਮਿਕ ਮਾਮਲਿਆਂ ਵਿੱਚ ਨਿਰਪੱਖ ਰਹਿਣ ਦਾ ਅਹਿਦ ਲਿਆ। ਉਨ੍ਹਾਂ ਸਪੱਸ਼ਟ ਲਿਖਿਆ, ‘‘ਧਾਰਮਿਕ ਮਾਮਲਿਆਂ ਵਿੱਚ ਅਸੀਂ ਸਖ਼ਤੀ ਨਾਲ ਨਿਰਪੱਖਤਾ ਬਣਾਈ ਰੱਖਾਂਗੇ।’’
ਸੰਸਥਾਪਕ ਦਾ ਇਹ ਦ੍ਰਿਸ਼ਟੀਕੋਣ ਅਜਿਹੇ ਸਮੇਂ ਬਹੁਤ ਢੁੱਕਵਾਂ ਹੈ ਜਦੋਂ ਕੱਟੜਪੰਥੀ ਵਿਚਾਰਧਾਰਾਵਾਂ, ਧਾਰਮਿਕ ਕੱਟੜਵਾਦੀ ਤੇ ਅਖੌਤੀ ਰਾਸ਼ਟਰਵਾਦੀ ਧਰਮ ਦੇ ਨਾਂ ’ਤੇ ਘੱਟਗਿਣਤੀਆਂ ਵਿਰੁੱਧ ਨਫ਼ਰਤ ਪੈਦਾ ਕਰ ਕੇ ਸਮਾਜ ਦੇ ਬੁਨਿਆਦੀ ਢਾਂਚੇ ਨੂੰ ਢਾਹ ਲਾ ਰਹੇ ਹਨ ਅਤੇ ਜੀਵਨ ਦੀਆਂ ਬੁਨਿਆਦੀ ਲੋੜਾਂ ਨੂੰ ਦਾਅ ਉਤੇ ਲਾ ਕੇ ਚੋਣਾਂ ਜਿੱਤਣ ਲਈ ਵੋਟ ਬੈਂਕ ਦੀ ਰਾਜਨੀਤੀ ਕਰ ਰਹੇ ਹਨ। ਇਸ ਤੋਂ ਇਲਾਵਾ, ਵਧ ਰਿਹਾ ‘ਫਿਰਕੂ-ਕਾਰਪੋਰੇਟ ਗੱਠਜੋੜ’ ਗਰੀਬਾਂ ਲਈ ਘਾਤਕ ਸਾਬਤ ਹੋ ਰਿਹਾ ਹੈ।
ਸਾਡੀ ਰਾਇ ’ਚ, ਉਨ੍ਹਾਂ ਸਮਿਆਂ ਵਿਚ, ਜਦੋਂ ਪੰਜਾਬ ਵਿੱਚ ਉਰਦੂ ਤੇ ਫਾਰਸੀ ਪੜ੍ਹਨ-ਲਿਖਣ ਵਾਲੇ ਲੋਕ ਜ਼ਿਆਦਾ ਸਨ, ਅੰਗਰੇਜ਼ੀ ਵਿੱਚ ‘ਦਿ ਟ੍ਰਿਬਿਊਨ’ ਸ਼ੁਰੂ ਕਰਨਾ ਇੱਕ ਦਲੇਰੀ ਭਰਿਆ ਕਦਮ ਸੀ। ਪਬਲਿਕ ਸਰਵਿਸ ਕਮਿਸ਼ਨ ਦੀ ਰਿਪੋਰਟ (1886-1887) ਅਨੁਸਾਰ, ਮਦਰਾਸ ਵਿੱਚ 16,939 ਅਤੇ ਬੰਗਾਲ ਵਿੱਚ 3,200 ਅੰਗਰੇਜ਼ੀ ਪੜ੍ਹੇ-ਲਿਖੇ ਭਾਰਤੀ ਸਨ, ਜਦਕਿ ਪੰਜਾਬ ਵਿੱਚ ਇਹ ਗਿਣਤੀ ਸਿਰਫ਼ 1,944 ਸੀ।
ਪੰਜਾਬ ਯੂਨੀਵਰਸਿਟੀ, ਲਾਹੌਰ ਦੀ ਸਥਾਪਨਾ, 1882
ਸ. ਦਿਆਲ ਸਿੰਘ ਮਜੀਠੀਆ ਦੇ ਅਣਥੱਕ ਯਤਨਾਂ ਸਦਕਾ ਹੀ 1882 ਵਿੱਚ ਪੰਜਾਬ ਯੂਨੀਵਰਸਿਟੀ, ਲਾਹੌਰ ਦੀ ਸਥਾਪਨਾ ਹੋਈ। ਉਹ ਚਾਹੁੰਦੇ ਸਨ ਕਿ ਪੰਜਾਬ ਯੂਨੀਵਰਸਿਟੀ ਕਲਕੱਤਾ, ਮਦਰਾਸ, ਬੰਬਈ ਅਤੇ ਲੰਡਨ ਦੀਆਂ ਯੂਨੀਵਰਸਿਟੀਆਂ ਵਰਗੀ ਹੋਵੇ। ਇਸੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਨੇ ਇਕ ਮੁਹਿੰਮ ਚਲਾਈ ਅਤੇ ‘ਦਿ ਟ੍ਰਿਬਿਊਨ’ ਦੇ ਪਹਿਲੇ ਅੰਕ ਤੋਂ ਹੀ ਲਗਭਗ ਦੋ ਦਰਜਨ ਲੇਖ ਪ੍ਰਕਾਸ਼ਿਤ ਕੀਤੇ। ਉਨ੍ਹਾਂ ਦੀਆਂ ਨਿਰੰਤਰ ਕੋਸ਼ਿਸ਼ਾਂ ਸਦਕਾ ਹੀ ਅੰਗਰੇਜ਼ੀ ਨੂੰ ਸਿੱਖਿਆ ਦੇ ਮਾਧਿਅਮ ਵਜੋਂ ਅਪਣਾਇਆ ਗਿਆ, ਜਿਸ ਨੂੰ ਉਹ ਸਮਾਜਿਕ ਅਤੇ ਕੌਮੀ ਤਰੱਕੀ ਦੀ ਕੁੰਜੀ ਮੰਨਦੇ ਸਨ।
ਸ. ਦਿਆਲ ਸਿੰਘ ਨੇ ‘ਦਿ ਟ੍ਰਿਬਿਊਨ’ ਦੀ ਪ੍ਰਕਾਸ਼ਨਾ 2 ਫਰਵਰੀ 1881 ਨੂੰ ਲਾਹੌਰ (ਹੁਣ ਪਾਕਿਸਤਾਨ ਵਿੱਚ) ਤੋਂ ਸ਼ੁਰੂ ਕੀਤੀ ਸੀ। ਵੰਡ ਤੋਂ ਬਾਅਦ ਇਹ ਅਖ਼ਬਾਰ ਲਾਹੌਰ ਤੋਂ ਸ਼ਿਮਲਾ ਅਤੇ ਫਿਰ ਅੰਬਾਲਾ ਤੋਂ ਪ੍ਰਕਾਸ਼ਿਤ ਹੋਇਆ। ਅੱਜ ਇਹ ਚੰਡੀਗੜ੍ਹ ਅਤੇ ਹੋਰਨਾਂ ਸ਼ਹਿਰਾਂ ਤੋਂ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿੱਚ ਪ੍ਰਕਾਸ਼ਿਤ ਹੁੰਦਾ ਹੈ।
ਟ੍ਰਿਬਿਊਨ ਟਰੱਸਟ ਅਤੇ ਮੌਜੂਦਾ ਟਰੱਸਟੀ
15 ਅਗਸਤ 1978 ਨੂੰ ਆਜ਼ਾਦੀ ਦਿਵਸ ਮੌਕੇ ‘ਦੈਨਿਕ ਟ੍ਰਿਬਿਊਨ’ ਅਤੇ ‘ਪੰਜਾਬੀ ਟ੍ਰਿਬਿਊਨ’ ਸ਼ੁਰੂ ਕੀਤੇ ਗਏ। ਟ੍ਰਿਬਿਊਨ ਦੇ ਤਿੰਨੋਂ ਅਖ਼ਬਾਰ (ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ) ‘ਟ੍ਰਿਬਿਊਨ ਟਰੱਸਟ’ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਮੌਜੂਦਾ ਸਮੇਂ ਵਿੱਚ ਟ੍ਰਿਬਿਊਨ ਟਰੱਸਟ ਦੇ ਚੇਅਰਮੈਨ ਮਾਣਯੋਗ ਐਨ ਐਨ ਵੋਹਰਾ (ਜੰਮੂ ਅਤੇ ਕਸ਼ਮੀਰ ਦੇ ਸਾਬਕਾ ਰਾਜਪਾਲ) ਹਨ ਅਤੇ ਟਰੱਸਟੀਆਂ ਵਿੱਚ ਜਸਟਿਸ ਐਸ ਐਸ ਸੋਢੀ, ਲੈਫਟੀਨੈਂਟ ਜਨਰਲ ਐਸ ਐਸ ਮਹਿਤਾ, ਗੁਰਬਚਨ ਜਗਤ (ਮਨੀਪੁਰ ਦੇ ਸਾਬਕਾ ਰਾਜਪਾਲ) ਅਤੇ ਐਸ. ਪਰਮਜੀਤ ਸਿੰਘ ਸ਼ਾਮਲ ਹਨ।
ਮੌਜੂਦਾ ਸੰਪਾਦਕ ਅਤੇ ‘ਦਿ ਟ੍ਰਿਬਿਊਨ’ ਦੇ ਮੁੱਖ ਸੰਪਾਦਕ
‘ਦਿ ਟ੍ਰਿਬਿਊਨ’ ਦੇ ਪਹਿਲੇ ਸੰਪਾਦਕ ਸੀਤਲ ਚੰਦਰ ਮੁਖਰਜੀ ਸਨ। ਉਨ੍ਹਾਂ ਤੋਂ ਬਾਅਦ ਸੀਤਾਕਾਂਤ ਚੈਟਰਜੀ, ਲਾਲਾ ਹਰਕਿਸ਼ਨ ਲਾਲ, ਜੇ ਸੀ ਬੋਸ ਅਤੇ ਬਿਪਿਨ ਚੰਦਰ ਪਾਲ (ਲਾਲਾ ਲਾਜਪਤ ਰਾਏ ਅਤੇ ਬਾਲ ਗੰਗਾਧਰ ਤਿਲਕ ਦੇ ਨਜ਼ਦੀਕੀ ਸਹਿਯੋਗੀ ਅਤੇ ਦੋਸਤ), ਕਾਲੀ ਨਾਥ ਰੇਅ, ਪ੍ਰੇਮ ਭਾਟੀਆ, ਹਰੀ ਜੈ ਸਿੰਘ, ਐਚ ਕੇ ਦੁਆ, ਰਾਜ ਚੇਂਗੱਪਾ, ਹਰੀਸ਼ ਖਰੇ ਅਤੇ ਰਾਜੇਸ਼ ਰਾਮਚੰਦਰਨ ਆਏ। ਮੌਜੂਦਾ ਸਮੇਂ ਵਿੱਚ ਮੁੱਖ ਸੰਪਾਦਕ ਸ੍ਰੀਮਤੀ ਜਯੋਤੀ ਮਲਹੋਤਰਾ ਹਨ। ‘ਦੈਨਿਕ ਟ੍ਰਿਬਿਊਨ’ ਦੇ ਸੰਪਾਦਕ ਨਰੇਸ਼ ਕੌਸ਼ਲ ਅਤੇ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਸ੍ਰੀਮਤੀ ਅਰਵਿੰਦਰ ਪਾਲ ਕੌਰ ਹਨ।
ਮਹਿਲਾ ਸਸ਼ਕਤੀਕਰਨ ਦੀ ਇੱਕ ਲਾਮਿਸਾਲ ਉਦਾਹਰਣ:
‘ਦਿ ਟ੍ਰਿਬਿਊਨ’ ਦੀ ਸਥਾਪਨਾ ਤੋਂ 143 ਸਾਲ ਬਾਅਦ 14 ਮਈ 2024 ਨੂੰ ਸ੍ਰੀਮਤੀ ਜਯੋਤੀ ਮਲਹੋਤਰਾ ਪਹਿਲੇ ਮਹਿਲਾ ਮੁੱਖ ਸੰਪਾਦਕ ਬਣੇ। ਟ੍ਰਿਬਿਊਨ ਸਮੂਹ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਜਯੋਤੀ ਮਲਹੋਤਰਾ ਕੋਲ ਪੱਤਰਕਾਰ ਵਜੋਂ 30 ਸਾਲਾਂ ਦਾ ਤਜਰਬਾ ਸੀ। ਉਨ੍ਹਾਂ ਪਹਿਲਾਂ ‘ਦਿ ਇੰਡੀਅਨ ਐਕਸਪ੍ਰੈੱਸ’ ਅਤੇ ‘ਦਿ ਪ੍ਰਿੰਟ’ ਵਰਗੇ ਅਖ਼ਬਾਰਾਂ ਵਿੱਚ ਸੀਨੀਅਰ ਸੰਪਾਦਕ ਵਜੋਂ ਜ਼ਿੰਮੇਵਾਰੀਆਂ ਨਿਭਾਈਆਂ ਸਨ। ਭਾਰਤ ਦੀ ਘਰੇਲੂ ਤੇ ਵਿਦੇਸ਼ ਨੀਤੀ ਵਰਗੇ ਖੇਤਰਾਂ ’ਚ ਉਨ੍ਹਾਂ ਦੀ ਮੁਹਾਰਤ ਹੈ।
ਮੁਸ਼ਕਿਲਾਂ ਦੇ ਬਾਵਜੂਦ ਵਿਕਾਸ ਵਿੱਚ ਨਿਰੰਤਰ ਵਾਧਾ:
2 ਫਰਵਰੀ 1881 ਤੋਂ 2 ਫਰਵਰੀ 2026 ਤੱਕ ‘ਟ੍ਰਿਬਿਊਨ’ ਨੂੰ ਕਈ ਸਮੱਸਿਆਵਾਂ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ।
ਸਭ ਤੋਂ ਪਹਿਲਾਂ, ਭਾਰਤ-ਪੱਖੀ ਸੰਪਾਦਕ ਰੌਬਰਟ ਨਾਈਟ ਨੇ ‘ਦਿ ਸਟੇਟਸਮੈਨ’ (ਲੰਡਨ ਐਡੀਸ਼ਨ) ਵਿੱਚ ਬ੍ਰਿਟਿਸ਼ ਨੌਕਰਸ਼ਾਹੀ ਦੀ ਕਾਰਜਸ਼ੈਲੀ ਅਤੇ ਰੱਖਿਆ ਖੇਤਰ ’ਚ ਧੋਖਾਧੜੀ ਬਾਰੇ ਇੱਕ ਵੱਡੀ ਰਿਪੋਰਟ ਲਿਖੀ। ਨਤੀਜੇ ਵਜੋਂ, ਇੱਕ ਅਮੀਰ ਆਦਮੀ ਨੇ ਬ੍ਰਿਟਿਸ਼ ਨੌਕਰਸ਼ਾਹੀ ਦੇ ਇਸ਼ਾਰੇ ’ਤੇ ਹੈਦਰਾਬਾਦ ਵਿੱਚ ਇਸ ਸਬੰਧੀ ਇੱਕ ਕੇਸ ਦਾਇਰ ਕਰ ਦਿੱਤਾ। ਸ. ਦਿਆਲ ਸਿੰਘ ਮਜੀਠੀਆ ਉਸ ਸਮੇਂ ਰੱਖਿਆ ਕਮੇਟੀ ਦੇ ਮੈਂਬਰ ਸਨ। ਉਨ੍ਹਾਂ ‘ਦਿ ਟ੍ਰਿਬਿਊਨ’ ਰਾਹੀਂ ਰੱਖਿਆ ਖੇਤਰ ’ਚ ਹੋਈ ਧੋਖਾਧੜੀ ਦਾ ਪਰਦਾਫਾਸ਼ ਕੀਤਾ। ਜਦੋਂ ਇੱਕ ਵਫ਼ਦ ਪੰਜਾਬ ਦੇ ਲੈਫਟੀਨੈਂਟ ਗਵਰਨਰ (1892-1897) ਡੈਨਿਸ ਫਿਟਜ਼ਪੈਟ੍ਰਿਕ ਨੂੰ ਮਿਲਣ ਗਿਆ ਤਾਂ ਉਨ੍ਹਾਂ ਵਫ਼ਦ ਨੂੰ ਆਪਣੀਆਂ ਸ਼ਿਕਾਇਤਾਂ ‘ਦਿ ਟ੍ਰਿਬਿਊਨ’ ਰਾਹੀਂ ਉਠਾਉਣ ਦੀ ਸਲਾਹ ਦਿੱਤੀ। ਨਤੀਜੇ ਵਜੋਂ ਬ੍ਰਿਟਿਸ਼ ਨੌਕਰਸ਼ਾਹੀ ਗੁੱਸੇ ਵਿੱਚ ਆ ਗਈ ਅਤੇ ਪੰਜਾਬ ਦੇ ਇੱਕ ਬਾਸ਼ਿੰਦੇ ਨੇ ‘ਦਿ ਪਾਇਨੀਅਰ’ (ਅਲਾਹਾਬਾਦ) ਵਿੱਚ ਲਿਖਿਆ, ‘‘ਪੰਜਾਬ ਦਾ ਪ੍ਰਸ਼ਾਸਨ ਰਾਜਪਾਲ ਅਤੇ ‘ਦਿ ਟ੍ਰਿਬਿਊਨ’ ਦੇ ਹੱਥਾਂ ਵਿੱਚ ਹੈ ਅਤੇ ਸਕੱਤਰ ਤੇ ਜ਼ਿਲ੍ਹਾ ਮੈਜਿਸਟ੍ਰੇਟ ਕਿਤੇ ਨਜ਼ਰੀਂ ਨਹੀਂ ਪੈਂਦੇ।’’ ਇਹ ‘ਦਿ ਟ੍ਰਿਬਿਊਨ’ ਅਤੇ ਸ. ਦਿਆਲ ਸਿੰਘ ਮਜੀਠੀਆ ਲਈ ਮਾਣ ਵਾਲੀ ਗੱਲ ਸੀ।
ਦੂਜਾ, 1890 ਵਿੱਚ ਪੁਲੀਸ ਸੁਪਰਡੈਂਟ ਨੇ ਸ. ਦਿਆਲ ਸਿੰਘ ਅਤੇ ‘ਦਿ ਟ੍ਰਿਬਿਊਨ’ ਦੇ ਸੰਪਾਦਕ ਖ਼ਿਲਾਫ਼ ਕੇਸ ਦਾਇਰ ਕੀਤਾ। ਐੱਫ ਆਈ ਆਰ ਅਨੁਸਾਰ ਸ. ਦਿਆਲ ਸਿੰਘ ਨੇ ਰਾਸ਼ਟਰਵਾਦੀ ਕਾਰਕੁਨ ਅੱਲ੍ਹਾ ਰਾਮ ਨੂੰ ਅੰਮ੍ਰਿਤਸਰ ਸਥਿਤ ਆਪਣੇ ਬੰਗਲੇ ਵਿੱਚ ਜਨਤਕ ਭਾਸ਼ਣ ਦੇਣ ਦੀ ਇਜਾਜ਼ਤ ਦਿੱਤੀ ਸੀ।
ਤੀਜਾ, 1919 ’ਚ ਪੰਜਾਬ ਵਿੱਚ ਸਿਵਿਲ ਗੜਬੜੀ ਅਤੇ ਸਿਆਸੀ ਗਤੀਵਿਧੀਆਂ ਕਰਕੇ ‘ਦਿ ਟ੍ਰਿਬਿਊਨ’ ਦੇ ਸੰਪਾਦਕ ਕਾਲੀ ਨਾਥ ਰੇਅ ਨੂੰ ਬ੍ਰਿਟਿਸ਼ ਸਾਮਰਾਜਵਾਦੀ ਸਰਕਾਰ ਨੇ ਗ੍ਰਿਫ਼ਤਾਰ ਕਰ ਲਿਆ ਸੀ। ਹਾਲਾਂਕਿ ਮਹਾਤਮਾ ਗਾਂਧੀ ਦੇ ਦਖਲ ਮਗਰੋਂ ਉਨ੍ਹਾਂ ਨੂੰ ਬਾਇੱਜ਼ਤ ਰਿਹਾਅ ਕਰ ਦਿੱਤਾ ਗਿਆ ਸੀ।
ਵਿਕਾਸ ਵਿੱਚ ਲਗਾਤਾਰ ਵਾਧਾ
ਭਗਤ ਸਿੰਘ ਅਤੇ ‘ਦਿ ਟ੍ਰਿਬਿਊਨ’: ਮੌਜੂਦਾ ਸੱਤਾਧਾਰੀ ਆਗੂਆਂ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਭਗਤ ਸਿੰਘ ਦੇ ਵਿਰੋਧੀ ਸਨ। ਇਹ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਲਈ ਕੀਤਾ ਜਾ ਰਿਹਾ ਹੈ। ਅਸੀਂ ਆਪਣੇ ਸੂਝਵਾਨ ਪਾਠਕਾਂ ਨੂੰ ਸੂਚਿਤ ਕਰਦੇ ਹਾਂ ਕਿ ਜਵਾਹਰ ਲਾਲ ਨਹਿਰੂ ਨੇ ਇਨਕਲਾਬੀਆਂ ਵੱਲੋਂ ਜੇਲ੍ਹ ਅੰਦਰ ਆਰੰਭੀ ਭੁੱਖ ਹੜਤਾਲ ਦੌਰਾਨ 8 ਅਗਸਤ 1929 ਨੂੰ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। ਇਹ ਖ਼ਬਰ ‘ਦਿ ਟ੍ਰਿਬਿਊਨ’ ਵਿੱਚ ‘The Great Sacrifice May Bear Fruit: Pandit Jawaharlal Nehru’s Impressions of Prisoners’ ਸਿਰਲੇਖ ਹੇਠ ਪ੍ਰਕਾਸ਼ਿਤ ਹੋਈ ਸੀ (‘ਦਿ ਟ੍ਰਿਬਿਊਨ, ਲਾਹੌਰ, 10 ਅਗਸਤ 1929)। ਇੰਨਾ ਹੀ ਨਹੀਂ, 23 ਮਾਰਚ 1931 ਨੂੰ ਸੁਖਦੇਵ ਥਾਪਰ, ਭਗਤ ਸਿੰਘ ਤੇ ਰਾਜਗੁਰੂ ਦੀ ਸ਼ਹਾਦਤ ਬਾਰੇ ਖ਼ਬਰ ਪਹਿਲੀ ਵਾਰ ‘ਦਿ ਟ੍ਰਿਬਿਊਨ’ ਵੱਲੋਂ 25 ਮਾਰਚ 1931 ਨੂੰ ਪਹਿਲੇ ਪੰਨੇ ’ਤੇ ‘Bhagat Singh, Rajguru and Sukhdev Executed’ ਸਿਰਲੇਖ ਹੇਠ ਪ੍ਰਕਾਸ਼ਿਤ ਕੀਤੀ ਗਈ ਸੀ (‘ਦਿ ਟ੍ਰਿਬਿਊਨ, ਲਾਹੌਰ, 25 ਮਾਰਚ 1931)। ਭਗਤ ਸਿੰਘ ਦੀ ਸ਼ਹੀਦੀ ਦੀ ਖ਼ਬਰ ਲਾਹੌਰ ਤੋਂ ਕਲਕੱਤਾ, ਮਦਰਾਸ ਅਤੇ ਬੰਬਈ ਤੱਕ ਜੰਗਲ ਦੀ ਅੱਗ ਵਾਂਗ ਫੈਲ ਗਈ। ‘ਦਿ ਟ੍ਰਿਬਿਊਨ’ ਦੀ ਪ੍ਰਸਿੱਧੀ ਪੂਰੇ ਭਾਰਤ ਅਤੇ ਵਿਦੇਸ਼ਾਂ ’ਚ ਵਸਦੇ ਭਾਰਤੀਆਂ ਵਿੱਚ ਕਈ ਗੁਣਾ ਵਧ ਗਈ।
ਦੂਜਾ ਵਿਸ਼ਵ ਯੁੱਧ ਅਤੇ ਭਾਰਤ ਦੀ ਵੰਡ (1939-1947): ਦੂਜੇ ਵਿਸ਼ਵ ਯੁੱਧ ਦੌਰਾਨ ਪੰਜਾਬ ਵਿੱਚ ‘ਦਿ ਟ੍ਰਿਬਿਊਨ’ ਦਾ ਪ੍ਰਭਾਵ ਵਧਿਆ ਕਿਉਂਕਿ ਇਸ ਦੀ ਰਿਪੋਰਟਿੰਗ ਨੇ ਯੁੱਧ ਸਮੇਂ ਦੌਰਾਨ ਵਿਸ਼ਵ ਦੀ ਸਥਿਤੀ ਅਤੇ ਸਿਆਸੀ ਜਾਗਰੂਕਤਾ, ਬਸਤੀਵਾਦ, ਰਾਸ਼ਟਰਵਾਦ ਅਤੇ ਸਵੈ-ਸ਼ਾਸਨ, ਕਿਸਾਨਾਂ, ਮਜ਼ਦੂਰਾਂ ਅਤੇ ਕੁਲੀਨ ਵਰਗ ਵਿੱਚ ਸਿਆਸੀ ਸਰਗਰਮੀ, ਲਾਮਬੰਦੀ, ਜਾਣਕਾਰੀ ਅਤੇ ਯੁੱਧ ਸਮੇਂ ਦੀ ਸਿਆਸਤ, ਨਾਗਰਿਕ ਆਜ਼ਾਦੀ ਅਤੇ ਸੰਵਿਧਾਨਕ ਮੁੱਦਿਆਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ। ਇਸ ਤੋਂ ਇਲਾਵਾ ਅਖ਼ਬਾਰ ਨੇ ਆਰਥਿਕ ਉਥਲ-ਪੁਥਲ ਅਤੇ ਅਕਾਲ ਪੈਣ ਵੇਲੇ ਰਾਹਤ ਬਾਰੇ ਰਿਪੋਰਟਿੰਗ ਕੀਤੀ ਜਿਸ ਨੇ ਸਿੱਧੇ ਤੌਰ ’ਤੇ ਪੰਜਾਬ ਵਾਸੀਆਂ ਨੂੰ ਪ੍ਰਭਾਵਿਤ ਕੀਤਾ। ‘ਦਿ ਟ੍ਰਿਬਿਊਨ’ ਨੇ ਵਿਸ਼ਵਵਿਆਪੀ ਘਟਨਾਵਾਂ ਦੇ ਸਥਾਨਕ ਲੋਕਾਂ ’ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਦੱਸਿਆ, ਜਿਸ ਨਾਲ ਪਾਠਕ ਨਿੱਜੀ ਤੌਰ ’ਤੇ ਯੁੱਧ ਸਬੰਧੀ ਖ਼ਬਰਾਂ ਨਾਲ ਜੁੜੇ।
ਇਸ ਨੇ ਸਥਾਨਕ ਲਾਮਬੰਦੀ ਦੇ ਪ੍ਰਭਾਵ, ਜੰਗ ਵਿਰੋਧੀ ਭਾਵਨਾ ਅਤੇ ਲੋਕਾਂ ਦੀਆਂ ਮੰਗਾਂ ਬਾਰੇ ਰਿਪੋਰਟਿੰਗ ਕੀਤੀ। ਸਿਆਸੀ ਬਹਿਸਾਂ, ਸਥਾਨਕ ਲੀਡਰਸ਼ਿਪ, ਨੌਕਰਸ਼ਾਹੀ ਅਤੇ ਲੋਕਾਂ ਵਿਚਕਾਰ ਸਬੰਧ ਹਮੇਸ਼ਾ ਇਸ ਦੀ ਰਿਪੋਰਟਿੰਗ ਦਾ ਹਿੱਸਾ ਰਹੇ ਹਨ ਅਤੇ ਰਹਿਣਗੇ। ਭਾਰਤ ਛੱਡੋ ਅੰਦੋਲਨ (1942), ਇੰਡੀਅਨ ਨੈਸ਼ਨਲ ਆਰਮੀ (ਆਈ ਐੱਨ ਏ) ਅਤੇ ਲਾਲ ਕਿਲ੍ਹਾ ਮੁਕੱਦਮੇ (ਨਵੰਬਰ 1945-ਮਈ 1946), ਰੌਇਲ ਇੰਡੀਅਨ ਨੇਵੀ, ਰੌਇਲ ਇੰਡੀਅਨ ਏਅਰ ਫੋਰਸ, ਇੰਡੀਅਨ ਆਰਮੀ ਅਤੇ ਇੰਡੀਅਨ ਪੁਲੀਸ ਵਿੱਚ ਬਗਾਵਤ (1946), ਸੰਵਿਧਾਨਕ ਵਿਕਾਸ ਤੇ 1946 ਦੀਆਂ ਚੋਣਾਂ ਅਤੇ ਅੰਤਰਿਮ ਸਰਕਾਰ ਦਾ ਗਠਨ ‘ਦਿ ਟ੍ਰਿਬਿਊਨ’ ਦੇ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਕਾਲਮ ਸਨ। 1947 ਦੇ ਫਿਰਕੂ ਦੰਗਿਆਂ ਅਤੇ ਭਾਰਤ ਦੀ ਵੰਡ ਦੌਰਾਨ ਇਸ ਨੇ ਬਹੁਤ ਸੰਜਮ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ।
ਕੌਮੀ ਐਮਰਜੈਂਸੀ (25 ਜੂਨ 1975-21 ਮਾਰਚ 1977): ਸੰਤੁਲਿਤ ਪਹੁੰਚ: ਕੌਮੀ ਐਮਰਜੈਂਸੀ (ਸੰਵਿਧਾਨ ਦੀ ਧਾਰਾ 352) ਦੌਰਾਨ ਜਦੋਂ 25 ਜੂਨ 1975 ਤੋਂ 21 ਮਾਰਚ 1977 ਤੱਕ ਅਖ਼ਬਾਰਾਂ ’ਤੇ ਪਾਬੰਦੀਆਂ ਲਗਾਈਆਂ ਗਈਆਂ ਸਨ ਤਾਂ ‘ਦਿ ਟ੍ਰਿਬਿਊਨ’ ਦੇ ਤਤਕਾਲੀ ਮੁੱਖ ਸੰਪਾਦਕ ਨੇ ਅਖ਼ਬਾਰ ਨੂੰ ਸੰਤੁਲਿਤ ਢੰਗ ਨਾਲ ਪ੍ਰਕਾਸ਼ਿਤ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਅਤੇ ਸਰਕਾਰ ਦੇ ਰੋਹ ਤੋਂ ਬਚਦਿਆਂ ਲਗਾਤਾਰ ਲੋਕਾਂ ਦੀ ਆਵਾਜ਼ ਬੁਲੰਦ ਕੀਤੀ।
ਕਿਸਾਨਾਂ ਦੇ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ’ਤੇ ਲਗਾਤਾਰ ਕੇਂਦਰਿਤ: ‘ਦਿ ਟ੍ਰਿਬਿਊਨ’ ਪ੍ਰਕਾਸ਼ਨ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਇਹ ਲਗਾਤਾਰ ਕਿਸਾਨਾਂ ਦੇ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ’ਤੇ ਕੇਂਦਰਿਤ ਰਹਿੰਦਾ ਹੈ। ਖੇਤੀਬਾੜੀ ਨਾਲ ਸਬੰਧਤ ਲੇਖ ਪ੍ਰਕਾਸ਼ਿਤ ਕਰਨ ਦੀ ਇਸ ਦੀ ਇੱਕ ਲੰਮੀ ਪਰੰਪਰਾ ਹੈ, ਜੋ ਅੱਜ ਵੀ ਜਾਰੀ ਹੈ। ਜਿਸ ਢੰਗ ਨਾਲ ਅਖ਼ਬਾਰ ਨੇ 2020-21 ਦੇ ਕਿਸਾਨ ਅੰਦੋਲਨ ਤੇ ਉਸ ਤੋਂ ਬਾਅਦ ਦੇ ਕਿਸਾਨੀ ਵਿਰੋਧ ਪ੍ਰਦਰਸ਼ਨਾਂ ਬਾਰੇ ਰਿਪੋਰਟਿੰਗ ਕੀਤੀ ਹੈ, ਉਹ ਆਪਣੇ ਆਪ ਵਿੱਚ ਇੱਕ ਵਿਲੱਖਣ ਕਾਰਜ ਹੈ। ਨਤੀਜੇ ਵਜੋਂ, ਪੜ੍ਹੇ-ਲਿਖੇ ਕਿਸਾਨਾਂ ਅਤੇ ਖੇਤੀਬਾੜੀ ਮਜ਼ਦੂਰਾਂ ਵਿੱਚ ਇਸ ਦੀ ਪ੍ਰਸਿੱਧੀ ਵਧੀ ਹੈ। ਇਸ ਦੇ ਸਾਰੇ ਐਡੀਸ਼ਨ ਦਿੱਖ ਪੱਖੋਂ ਵੀ ਆਕਰਸ਼ਕ ਹਨ।
ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ‘ਦਿ ਟ੍ਰਿਬਿਊਨ’ ਨੇ ਵਪਾਰਕ ਮੁਨਾਫ਼ਿਆਂ ਨਾਲੋਂ ਇਥੋਂ ਦੇ ਵਸਨੀਕਾਂ ਦੀ ਰਾਏ ਨੂੰ ਤਰਜੀਹ ਦੇ ਕੇ ਮਹੱਤਵਪੂਰਨ ਢੰਗ ਨਾਲ ਵਿਕਾਸ ਕੀਤਾ ਹੈ। ਪੰਜਾਬ ਅਤੇ ਉੱਤਰੀ ਭਾਰਤ ਵਿੱਚ ਇੱਕ ਮੋਹਰੀ ਅਖਬਾਰ ਹੋਣ ਦੇ ਨਾਤੇ ਇਹ ਜਨਤਕ ਭਲਾਈ ਦੇ ਮੁੱਦਿਆਂ ’ਤੇ ਕੇਂਦਰਿਤ ਸੰਪਾਦਕੀ ਅਤੇ ਲੇਖ ਪ੍ਰਕਾਸ਼ਿਤ ਕਰਦਾ ਹੈ। ਇਸ ਦੇ ਮੁੱਖ ਆਦਰਸ਼ਾਂ ਵਿੱਚ ਹਾਸ਼ੀਏ ’ਤੇ ਧੱਕੇ ਸਮੂਹਾਂ ਦੇ ਅਧਿਕਾਰ, ਔਰਤਾਂ ਦੇ ਅਧਿਕਾਰ, ਲਿੰਗ ਸਮਾਨਤਾ, ਧਰਮ ਨਿਰਪੱਖਤਾ ਅਤੇ ਵਿਭਿੰਨਤਾ ਵਿੱਚ ਏਕਤਾ ਦੀ ਵਕਾਲਤ ਕਰਨਾ ਸ਼ਾਮਲ ਹੈ, ਜੋ ਇਸ ਦੇ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਪ੍ਰਕਾਸ਼ਨਾਂ ਵਿੱਚ ਪ੍ਰਤੀਬਿੰਬਤ ਹੁੰਦੇ ਹਨ। ਦਰਅਸਲ ‘ਦਿ ਟ੍ਰਿਬਿਊਨ’ ਦੇ ਤਿੰਨੋਂ ਅਖ਼ਬਾਰ ਸੰਸਥਾਪਕ ਸ. ਦਿਆਲ ਸਿੰਘ ਮਜੀਠੀਆ ਦੀ ਕੀਮਤੀ ਵਿਰਾਸਤ ਹਨ।
Share this content:


Post Comment