Loading Now

ਦਹਿਸ਼ਤਗਰਦੀ ਦੀ ਕਰੜੀ ਨਿੰਦਾ, ਮਿਲ ਕੇ ਲੜਨ ਦਾ ਸੱਦਾ

ਦਹਿਸ਼ਤਗਰਦੀ ਦੀ ਕਰੜੀ ਨਿੰਦਾ, ਮਿਲ ਕੇ ਲੜਨ ਦਾ ਸੱਦਾ

ਤਿਆਨਜਿਨ, 2 ਸਤੰਬਰ – ਸ਼ੰਘਾਈ ਸਹਿਯੋਗ ਸੰਗਠਨ (ਐੱਸ ਸੀ ਓ) ਨੇ ਸੋਮਵਾਰ ਪਹਿਲਗਾਮ ਦਹਿਸ਼ਤੀ ਹਮਲੇ ਦੀ ਸਖਤ ਨਿੰਦਾ ਕੀਤੀ ਅਤੇ ਭਾਰਤ ਦੇ ਇਸ ਸਟੈਂਡ ਨਾਲ ਸਹਿਮਤੀ ਪ੍ਰਗਟਾਈ ਕਿ ਦਹਿਸ਼ਤਗਰਦੀ ਵਿਰੁੱਧ ਲੜਾਈ ਵਿੱਚ ‘ਦੋਹਰੇ ਮਾਪਦੰਡ’ ਸਵੀਕਾਰਯੋਗ ਨਹੀਂ ਹਨ। ਇਸ ਪ੍ਰਭਾਵਸ਼ਾਲੀ ਸਮੂਹ ਨੇ ਸਾਂਝੇ ਐਲਾਨਨਾਮੇ ਵਿੱਚ ਦਹਿਸ਼ਤਗਰਦੀ ਨਾਲ ਲੜਨ ਲਈ ਮਜ਼ਬੂਤ ਇਰਾਦਾ ਦਿਖਾਇਆ। ਇਹ ਸਾਂਝਾ ਐਲਾਨਨਾਮਾ ਚੀਨੀ ਬੰਦਰਗਾਹ ਸ਼ਹਿਰ ਵਿੱਚ ਦੋ-ਰੋਜ਼ਾ ਐੱਸ ਸੀ ਓ ਸਿਖਰ ਸੰਮੇਲਨ ਦੇ ਅੰਤ ਵਿੱਚ ਜਾਰੀ ਕੀਤਾ ਗਿਆ। ਸੰਮੇਲਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਕਈ ਹੋਰ ਆਲਮੀ ਆਗੂ ਸ਼ਾਮਲ ਹੋਏ।

ਐੱਸ ਸੀ ਓ ਮੈਂਬਰ ਮੁਲਕਾਂ ਨੇ ਗਾਜ਼ਾ ਵਿੱਚ ਇਜ਼ਰਾਈਲ ਵੱਲੋਂ ਕੀਤੇ ਗਏ ਫੌਜੀ ਹਮਲਿਆਂ ਦੀ ਵੀ ਨਿੰਦਾ ਕੀਤੀ, ਕਿਉਂਕਿ ਇਸ ਨਾਲ ਨਾਗਰਿਕ ਆਬਾਦੀ ਵਾਲੇ ਇਲਾਕਿਆਂ ਵਿੱਚ ਜਾਨੀ ਨੁਕਸਾਨ ਹੋਇਆ ਹੈ ਅਤੇ ਖਿੱਤੇ ਵਿੱਚ ਵਿਨਾਸ਼ਕਾਰੀ ਮਾਨਵਤਾਵਾਦੀ ਸਥਿਤੀ ਪੈਦਾ ਹੋਈ ਹੈ। ਐਲਾਨਨਾਮੇ ਵਿੱਚ ਖੇਤਰੀ ਸੁਰੱਖਿਆ ਨੂੰ ਵਧਾਉਣ ਦੇ ਤਰੀਕਿਆਂ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਦਹਿਸ਼ਤਗਰਦੀ ਨਾਲ ਲੜਨ ਨੂੰ ਇੱਕ ਵੱਡੀ ਚੁਣੌਤੀ ਵਜੋਂ ਪਛਾਣਿਆ ਗਿਆ ਹੈ। ਐੱਸ ਸੀ ਓ ਮੈਂਬਰ ਮੁਲਕਾਂ ਨੇ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਖੁਜ਼ਦਾਰ ਅਤੇ ਜਾਫਰ ਐਕਸਪ੍ਰੈਸ ’ਤੇ ਹੋਏ ਦਹਿਸ਼ਤੀ ਹਮਲਿਆਂ ਦੀ ਵੀ ਨਿੰਦਾ ਕੀਤੀ। ਐਲਾਨਨਾਮੇ ਮੁਤਾਬਕ ਅਜਿਹੇ ਹਮਲਿਆਂ ਦੇ ਦੋਸ਼ੀਆਂ, ਪ੍ਰਬੰਧਕਾਂ ਅਤੇ ਸਰਪ੍ਰਸਤਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਐੱਸ ਸੀ ਓ ਦਹਿਸ਼ਤਗਰਦੀ, ਵੱਖਵਾਦ ਅਤੇ ਕੱਟੜਵਾਦ ਵਿਰੁੱਧ ਲੜਾਈ ਪ੍ਰਤੀ ਆਪਣੀ ਦਿ੍ਰੜ੍ਹ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ ਦਹਿਸ਼ਤਗਰਦ, ਵੱਖਵਾਦੀ ਅਤੇ ਕੱਟੜਪੰਥੀ ਸਮੂਹਾਂ ਨੂੰ ‘ਭਾੜੇ ਦੇ ਉਦੇਸ਼ਾਂ’ ਲਈ ਵਰਤਣ ਦੀਆਂ ਕੋਸ਼ਿਸ਼ਾਂ ਨੂੰ ਅਸਵੀਕਾਰ ਕੀਤੇ ਜਾਣ ’ਤੇ ਜ਼ੋਰ ਦਿੰਦਾ ਹੈ।

ਐੱਸ ਸੀ ਓ ਨੇ ਕਿਹਾ ਕਿ ਉਹ ਦਹਿਸ਼ਤਗਰਦੀ ਅਤੇ ਕੱਟੜਪੰਥੀ ਖਤਰਿਆਂ ਦਾ ਮੁਕਾਬਲਾ ਕਰਨ ਵਿੱਚ ਪ੍ਰਭੂਸੱਤਾ ਸੰਪੰਨ ਰਾਜਾਂ ਅਤੇ ਉਨ੍ਹਾਂ ਦੇ ਸਮਰੱਥ ਅਧਿਕਾਰੀਆਂ ਦੀ ਮੋਹਰੀ ਭੂਮਿਕਾ ਨੂੰ ਮਾਨਤਾ ਦਿੰਦਾ ਹੈ। ਐਲਾਨਨਾਮੇ ਵਿਚ ਕਿਹਾ ਗਿਆ, ‘‘ਮੈਂਬਰ ਮੁਲਕ ਦਹਿਸ਼ਤਗਰਦੀ ਦੀ ਇਸ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਵਿੱਚ ਸਖ਼ਤ ਨਿੰਦਾ ਕਰਦੇ ਹਨ ਅਤੇ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਦਹਿਸ਼ਤਗਰਦੀ ਵਿਰੁੱਧ ਲੜਾਈ ਵਿੱਚ ਦੋਹਰੇ ਮਾਪਦੰਡ ਅਸਵੀਕਾਰਯੋਗ ਹਨ ਅਤੇ ਕੌਮਾਂਤਰੀ ਭਾਈਚਾਰੇ ਨੂੰ ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਦਾ ਸੱਦਾ ਦਿੰਦੇ ਹਨ, ਜਿਸ ਵਿੱਚ ਦਹਿਸ਼ਤਗਰਦਾਂ ਦੀਆਂ ਸਰਹੱਦ ਪਾਰੋਂ ਸਰਗਰਮੀਆਂ ਵੀ ਸ਼ਾਮਲ ਹਨ।

ਐੱਸ ਸੀ ਓ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਕੇਂਦਰੀ ਭੂਮਿਕਾ ਹੈ ਕਿ ਉਹ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵ ਅਤੇ ਸੰਯੁਕਤ ਰਾਸ਼ਟਰ ਦੀ ਗਲੋਬਲ ਦਹਿਸ਼ਤਗਰਦੀ ਵਿਰੋਧੀ ਰਣਨੀਤੀ ਨੂੰ ਯੂ ਐੱਨ ਚਾਰਟਰ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਸਿਧਾਂਤਾਂ ਅਨੁਸਾਰ ਪੂਰੀ ਤਰ੍ਹਾਂ ਲਾਗੂ ਕਰੇ, ਤਾਂ ਜੋ ਸਾਰੇ ਦਹਿਸ਼ਤਗਰਦ ਸਮੂਹਾਂ ਦਾ ਸਾਂਝੇ ਤੌਰ ’ਤੇ ਮੁਕਾਬਲਾ ਕੀਤਾ ਜਾ ਸਕੇ। ਐੱਸ ਸੀ ਓ ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦਹਿਸ਼ਤਗਰਦੀ ਮਨੁੱਖਤਾ ਲਈ ਸਮੂਹਕ ਚੁਣੌਤੀ ਹੈ ਅਤੇ ਭਾਰਤ ਪਿਛਲੇ ਸੱਤ ਦਹਾਕਿਆਂ ਤੋਂ ਦਹਿਸ਼ਤਗਰਦੀ ਦੀ ਪੀੜ ਨੂੰ ਹੰਢਾ ਰਿਹਾ ਹੈ। ਉਨ੍ਹਾ ਕਿਹਾ, ‘‘ਅਸੀਂ ਹਾਲ ਹੀ ਵਿੱਚ ਪਹਿਲਗਾਮ ਵਿੱਚ ਦਹਿਸ਼ਤਗਰਦੀ ਦਾ ਬਦਸੂਰਤ ਚਿਹਰਾ ਦੇਖਿਆ ਹੈ।

Share this content:

Post Comment