ਤਰਨਤਾਰਨ ਵਿਚ ਵਿਆਹ ਸਮਾਗਮ ਦੌਰਾਨ ਸਰਪੰਚ ਦੀ ਗੋਲੀ ਮਾਰ ਦੇ ਹੱਤਿਆ
ਤਰਨਤਾਰਨ, 19 ਫਰਵਰੀ – ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਵਿਚਾਲੇ ਪੰਜਾਬ ਦੀ ਵਿਗੜੀ ਕਾਨੂੰਨ ਵਿਵਸਥਾ ਦੀ ਤਾਜ਼ਾ ਤਸਵੀਰ ਤਰਨ ਤਾਰਨ ਤੋਂ ਸਾਹਮਣੇ ਆਈ ਹੈ। ਪਿੰਡ ਸ਼ੇਰੋਂ ‘ਚ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਚਿੱਟੇ ਦਿਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਘਟਨਾ ਨੂੰ ਦੋ ਅਣਪਛਾਤੇ ਨੌਜਵਾਨਾਂ ਨੇ ਅੰਜਾਮ ਦਿੱਤਾ, ਜਿਸ ਦੌਰਾਨ ਸਰਪੰਚ ਦੀ ਮੌਤ ਹੋ ਗਈ। ਸਰਪੰਚ ਹਰਬਰਿੰਦਰ ਸਿੰਘ, ਮੰਤਰੀ ਲਾਲਜੀਤ ਭੁੱਲਰ ਦਾ ਕਰੀਬੀ ਦੱਸਿਆ ਗਿਆ ਹੈ।
ਚਲਦੇ ਵਿਆਹ ਸਮਾਗਮ ‘ਚ ਮਾਰੀਆਂ ਗੋਲੀਆਂ
ਜਾਣਕਾਰੀ ਅਨੁਸਾਰ, ਆਮ ਆਦਮੀ ਪਾਰਟੀ ਪੰਜਾਬ ਦਾ ਪਿੰਡ ਠੱਠੀਆਂ ਮਹੰਤਾਂ ਦਾ ਸਰਪੰਚ ਹਰਬਰਿੰਦਰ ਸਿੰਘ, ਪਿੰਡ ਸ਼ੇਰੋਂ ਵਿਖੇ ਸਿੱਧੂ ਫਾਰਮ ‘ਤੇ ਇੱਕ ਵਿਆਹ ਸਮਾਗਮ ਵਿੱਚ ਆਇਆ ਹੋਇਆ ਸੀ। ਸਰਪੰਚ ਨਾਲ ਉਸ ਦਾ ਭਰਾ ਜਰਮਨ ਸਿੰਘ ਵੀ ਨਾਲ ਸੀ। ਇਸ ਦੌਰਾਨ ਮੁਲਜ਼ਮਾਂ ਨੇ ਬਿਨਾਂ ਕਿਸੇ ਦੀ ਪਰਵਾਹ ਕੀਤੇ ਸਰਪੰਚ ਹਰਬਰਿੰਦਰ ਸਿੰਘ ਉਪਰ ਚਲਦੇ ਵਿਆਹ ਸਮਾਗਮ ਵਿੱਚ ਹੀ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਸਰਪੰਚ ਦਾ ਚਚੇਰਾ ਭਰਾ ਹੋਇਆ ਜ਼ਖ਼ਮੀ
ਜਦੋਂ ਮੁਲਜ਼ਮ ਫਰਾਰ ਹੋਣ ਲੱਗੇ ਤਾਂ ਸਰਪੰਚ ਦੇ ਭਰਾ ਨੇ ਪਿੱਛਾ ਕਰਨ ਚਾਹਿਆ, ਪਰੰਤੂ ਮੁਲਜ਼ਮਾਂ ਨੇ ਉਸ ਉਪਰ ਵੀ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਉਹ ਜ਼ਖ਼ਮੀ ਹੋ ਗਿਆ। ਜਰਮਨ ਸਿੰਘ ਨੂੰ ਲੋਕਾਂ ਨੇ ਤੁਰੰਤ ਤਰਨਤਾਰਨ ਹਸਪਤਾਲ ਦਾਖਲ ਕਰਵਾਇਆ, ਜਿਥੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।
ਘਟਨਾ ਦੌਰਾਨ ਸਟੇਜ ‘ਤੇ ਖੁਸ਼ੀ ਮਨਾ ਰਿਹਾ ਸੀ ਹਰਬਰਿੰਦਰ ਸਿੰਘ
ਦੱਸਿਆ ਜਾ ਰਿਹਾ ਹੈ ਕਿ ਹਰਬਰਿੰਦਰ ਸਿੰਘ, ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸਟੇਜ ‘ਤੇ ਨੱਚ ਰਿਹਾ ਸੀ, ਜਦੋਂ ਅਣਪਛਾਤੇ ਹਮਲਾਵਰਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਘਟਨਾ ਵਾਲੀ ਥਾਂ ‘ਤੇ ਚਾਰ ਲੋਕ ਮੌਜੂਦ ਸਨ, ਜਿਨ੍ਹਾਂ ਵਿੱਚੋਂ ਇੱਕ AK-47 ਵਰਗੇ ਹਥਿਆਰ ਨਾਲ ਲੈਸ ਸੀ। ਹਮਲਾਵਰਾਂ ਨੇ ਹਰਬਰਿੰਦਰ ਸਿੰਘ ਦੇ ਢਿੱਡ ਅਤੇ ਸਿਰ ਵਿੱਚ ਗੋਲੀਆਂ ਚਲਾਈਆਂ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਤਲ ਦੀ ਸੂਚਨਾ ਮਿਲਦੇ ਹੀ ਭਾਰੀ ਗਿਣਤੀ ਪੁਲਿਸ ਮੌਕੇ ‘ਤੇ ਪਹੁੰਚੀ ਹੋਈ ਸੀ ਅਤੇ ਸੀਸੀਟੀਵੀ ਰਾਹੀਂ ਵੱਖ ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਕਬਜ਼ੇ ‘ਚ ਲੈ ਕੇ ਹਸਪਤਾਲ ਭਿਜਵਾ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਚੁੱਕੇ ਸਵਾਲ
ਉਧਰ, ਸ਼੍ਰੋਮਣੀ ਅਕਾਲੀ ਦਲ ਨੇ ਇਸ ਘਟਨਾ ਦਾ ਸਖਤ ਪ੍ਰਤੀਕਰਮ ਲੈਂਦਿਆਂ ਆਮ ਆਦਮੀ ਪਾਰਟੀ ‘ਤੇ ਤਿੱਖਾ ਨਿਸ਼ਾਨ ਲਾਇਆ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਚਲਦੇ ਵਿਆਹ ਵਿੱਚ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਤਰਾਂ ਦੀ ਜਾਣਕਾਰੀ ਅਨੁਸਾਰ ਕਤਲ ਲਈ ਸੈਮੀ ਆਟੋਮੈਟਿਕ ਹਥਿਆਰ ਵਰਤੇ ਗਏ ਹਨ।
Share this content:


Post Comment