Loading Now

ਤਬਾਹੀ ਦੇ ਗਰਦ-ਗੁਬਾਰ ’ਚ ਘਿਰੀ ਤਹਿਜ਼ੀਬ ਤੇ ਸ਼ਾਇਰੀ

ਤਬਾਹੀ ਦੇ ਗਰਦ-ਗੁਬਾਰ ’ਚ ਘਿਰੀ ਤਹਿਜ਼ੀਬ ਤੇ ਸ਼ਾਇਰੀ

ਅੱਜ ਇਰਾਨ ’ਚ ਚਾਰੋਂ ਪਾਸੇ ਤਬਾਹੀ ਹੀ ਤਬਾਹੀ ਨਜ਼ਰ ਆ ਰਹੀ ਹੈ, ਅਣਗਣਿਤ ਲਾਸ਼ਾਂ, ਬਾਰੂਦ ਦੀ ਗੰਧ ਤੇ ਧੂੰਆਂ। ਦੁਨੀਆ ਖ਼ਾਮੋਸ਼ੀ ਨਾਲ ਇਹ ਸਭ ਕੁਝ ਵੇਖ ਰਹੀ ਹੈ। ਗਾਜ਼ਾ ਵਿੱਚ ਜਿਵੇਂ ਅਣਗਿਣਤ ਬੇਗੁਨਾਹ ਲੋਕ ਮਾਰੇ ਗਏ ਹਨ, ਲਗਭਗ ਉਹੋ ਜਿਹਾ ਮੰਜ਼ਰ ਹੁਣ ਦੁਨੀਆ ਦੇ ਏਸ਼ਿਆਈ ਖਿੱਤੇ ਦੇ ਸਭ ਤੋਂ ਖ਼ੂਬਸੂਰਤ ਦੇਸ਼ਾਂ ਵਿੱਚ ਸ਼ੁਮਾਰ ਅਤੇ ਸੱਭਿਅਤਾ ਦੇ ਕੇਂਦਰ ਰਹੇ ਇਰਾਨ ਅਰਥਾਤ ਫ਼ਾਰਸ ਦੀ ਧਰਤੀ ’ਤੇ ਹੋ ਰਿਹਾ ਹੈ। ਇਹ ਉਹ ਮੁਕੱਦਸ ਧਰਤੀ ਹੈ, ਜਿੱਥੇ ਸੂਫ਼ੀਆਂ ਦਾ ਸੂਫ਼ੀਆਨਾ ਕਲਾਮ ਸਦੀਆਂ ਤੋਂ ਮੁਹੱਬਤ, ਪ੍ਰੇਮ, ਭਾਈਚਾਰੇ ਤੇ ਸਦਭਾਵਨਾ ਦਾ ਸੰਦੇਸ਼ ਦਿੰਦਾ ਆ ਰਿਹਾ ਹੈ, ਜਿਸ ਨੇ ਉੱਥੋਂ ਦੇ ਸਾਹਿਤ, ਸੱਭਿਆਚਾਰ, ਕਲਾਕਾਰੀ ਤੇ ਸੁਹੱਪਣ ਨੂੰ ਹਾਲੇ ਵੀ ਜ਼ਿੰਦਾ ਰੱਖਿਆ ਹੋਇਆ ਹੈ।

ਅੱਜ ਇਰਾਨ ’ਚ ਹੋ ਰਹੀ ਤਬਾਹੀ ਸਾਡੇ ਸਭ ਲਈ ਚਿੰਤਾ ਦਾ ਵਿਸ਼ਾ ਹੈ। ਜੰਗ ਦੀਆਂ ਲਪਟਾਂ ਵਿੱਚ ਸੜਦੀ ਹੋਈ ਇਹ ਤਹਿਜ਼ੀਬ, ਫ਼ਾਰਸੀ ਸਾਹਿਤ ਅਤੇ ਅਮਨ ਲਈ ਤਾਂਘਦੀ ਕਵਿਤਾ ਦੀ ਪੁਕਾਰ ਇਸ ਜ਼ੁਬਾਨ ਦੇ ਸਾਹਿਤ ਵਿੱਚ ਅਜੇ ਵੀ ਜ਼ਿੰਦਾ ਹੈ। ਇਹ ਸੱਚ ਹੈ ਕਿ ਕਿਸੇ ਦੇਸ਼ ਉੱਤੇ ਜੰਗ ਦਾ ਸਾਇਆ ਪੈਂਦਾ ਹੈ ਤਾਂ ਅਕਸਰ ਖ਼ਬਰਾਂ ਵਿੱਚ ਸਿਰਫ਼ ਹਥਿਆਰਾਂ ਦੀ ਗੂੰਜ ਸੁਣਾਈ ਦਿੰਦੀ ਹੈ। ਮਿਜ਼ਾਈਲਾਂ, ਬੰਬਾਂ, ਫ਼ੌਜਾਂ ਅਤੇ ਰਣਨੀਤੀਆਂ ਦੀਆਂ ਗੱਲਾਂ ਹੁੰਦੀਆਂ ਹਨ, ਪਰ ਇਤਿਹਾਸ ਸਾਨੂੰ ਦੱਸਦਾ ਹੈ ਕਿ ਜੰਗ ਸਿਰਫ਼ ਸਿਆਸੀ ਟਕਰਾਅ ਨਹੀਂ ਹੁੰਦੀ ਸਗੋਂ ਇਹ ਤਹਿਜ਼ੀਬਾਂ ਦੀ ਕਸਵੱਟੀ ਵੀ ਹੁੰਦੀ ਹੈ। ਅੱਜ ਮੱਧ-ਪੂਰਬ ਦੀ ਧਰਤੀ ਇੱਕ ਵਾਰ ਫਿਰ ਉਸੇ ਦਰਦਨਾਕ ਮੋੜ ’ਤੇ ਖੜ੍ਹੀ ਹੈ, ਜਿੱਥੇ ਇਨਸਾਨੀਅਤ, ਸਿਆਸਤ ਅਤੇ ਸੱਤਾ ਦਾ ਟਕਰਾਅ ਹੈ। ਇਰਾਨ ਸਦੀਆਂ ਤੱਕ ਗਿਆਨ, ਕਵਿਤਾ ਅਤੇ ਰੂਹਾਨੀਅਤ ਦਾ ਮਰਕਜ਼ ਰਿਹਾ ਹੈ। ਅੱਜ ਬਾਰੂਦ ਦੇ ਧੂੰਏਂ ਨਾਲ ਭਰੀ ਹਵਾ ਵਿੱਚ ਇੱਕ ਸਵਾਲ ਲਟਕ ਰਿਹਾ ਹੈ: ਕੀ ਜੰਗ ਸਿਰਫ਼ ਅੱਜ ਦੀ ਰਾਜਨੀਤੀ ਨੂੰ ਤਬਾਹ ਕਰੇਗੀ ਜਾਂ ਉਸ ਤਹਿਜ਼ੀਬ ਨੂੰ ਵੀ ਨੁਕਸਾਨ ਪਹੁੰਚਾਏਗੀ ਜਿਸ ਨੇ ਦੁਨੀਆ ਨੂੰ ਰੂਮੀ, ਹਾਫਿਜ਼, ਸਾਦੀ ਅਤੇ ਫਿਰਦੌਸੀ ਵਰਗੇ ਮਹਾਨ ਸ਼ਾਇਰ ਦਿੱਤੇ?

ਹੁਣ ਇਹ ਸਵਾਲ ਸਿਰਫ਼ ਇਰਾਨ ਦਾ ਨਹੀਂ। ਇਹ ਸਵਾਲ ਪੂਰੀ ਮਨੁੱਖਤਾ ਦਾ ਹੈ। ਰੂਮੀ ਦਰਵੇਸ਼ ਸੀ, ਜਿਸ ਦਾ ਪੂਰਾ ਨਾਮ ਜਲਾਲ-ਉਦ-ਦੀਨ ਰੂਮੀ ਸੀ। ਉਹ ਫ਼ਾਰਸੀ ਸ਼ਾਇਰੀ ਦਾ ਉਹ ਨਾਮ ਹੈ, ਜਿਸ ਦੀ ਆਵਾਜ਼ ਦੇ ਕਦਰਦਾਨ ਸਰਹੱਦਾਂ ਤੋਂ ਪਾਰ ਹਰ ਮੁਲਕ ਵਿੱਚ ਅੱਜ ਵੀ ਹਨ। ਰੂਮੀ ਦੀ ਸ਼ਾਇਰੀ ਸਿਰਫ਼ ਇਰਾਨ ਦੀ ਨਹੀਂ, ਪੂਰੀ ਮਨੁੱਖਤਾ ਦੀ ਸ਼ਾਇਰੀ ਹੈ। ਉਹ ਲਿਖਦਾ ਹੈ:

ਜਿੱਥੇ ਜ਼ਖ਼ਮ ਹੁੰਦਾ ਹੈ, ਓਥੇ ਹੀ ਰੌਸ਼ਨੀ ਦਾਖ਼ਲ ਹੁੰਦੀ ਹੈ।

ਇਹ ਸਤਰ ਮਨੁੱਖੀ ਦਰਦ ਨੂੰ ਨਵੇਂ ਅਰਥ ਦਿੰਦੀ ਹੈ।

ਅੱਜ ਜਦੋਂ ਲੋਕ ਜੰਗ ਦੀਆਂ ਲਪਟਾਂ ਵਿੱਚ ਘਿਰੇ ਹੋਏ ਹਨ, ਰੂਮੀ ਦੀ ਕਵਿਤਾ ਇੱਕ ਵਾਰ ਫਿਰ ਅਮਨ ਦੀ ਆਵਾਜ਼ ਬਣ ਕੇ ਉੱਭਰਦੀ ਹੈ। ਦਰਅਸਲ, ਫ਼ਾਰਸ ਦੀ ਇਹ ਧਰਤੀ ਮਨੁੱਖੀ ਸੱਭਿਆਚਾਰ ਦਾ ਪ੍ਰਾਚੀਨ ਕੇਂਦਰ ਸੀ। ਇਰਾਨ ਦੀ ਤਹਿਜ਼ੀਬ ਨੂੰ ਸਮਝਣ ਲਈ ਸਾਨੂੰ ਕਈ ਹਜ਼ਾਰ ਸਾਲ ਪੁਰਾਣੇ ਇਤਿਹਾਸ ਬਾਰੇ ਜਾਣਨਾ ਪੈਂਦਾ ਹੈ। ਇਤਿਹਾਸ ਵਿੱਚ ਦਰਜ ਹੈ ਕਿ ਪੁਰਾਤਨ ਫ਼ਾਰਸ ਦੁਨੀਆ ਦੀਆਂ ਮੋਹਰੀ ਸਲਤਨਤਾਂ ਵਿੱਚੋਂ ਇੱਕ ਸੀ। ਇਸ ਖਿੱਤੇ ਵਿੱਚ ਅਕੀਮੇਨੇਡ ਸਲਤਨਤ ਲਗਭਗ 550 ਈਸਾ ਪੂਰਵ ਉੱਭਰੀ। ਉਸ ਦੌਰ ਵਿੱਚ ਫ਼ਾਰਸ ਨੇ ਇੱਕ ਵਿਸ਼ਾਲ ਸੱਭਿਆਚਾਰਕ ਅਤੇ ਪ੍ਰਸ਼ਾਸਕੀ ਮਾਡਲ ਪੇਸ਼ ਕੀਤਾ। ਇਸੇ ਸਲਤਨਤ ਦੇ ਸਾਇਰਸ ਮਹਾਨ ਦਾ ਨਾਮ ਇਤਿਹਾਸ ਵਿੱਚ ਇਸ ਲਈ ਵੀ ਦਰਜ ਹੈ ਕਿ ਉਸ ਨੇ ਸ਼ਾਸਨ ਦਾ ਅਜਿਹਾ ਮਾਡਲ ਪੇਸ਼ ਕੀਤਾ, ਜਿਸ ਵਿੱਚ ਵੱਖ-ਵੱਖ ਧਰਮਾਂ ਤੇ ਕੌਮਾਂ ਨੂੰ ਜਿਊਣ ਦੀ ਆਜ਼ਾਦੀ ਦਿੱਤੀ ਗਈ।

ਅੱਜ ਵੀ ਇਤਿਹਾਸਕਾਰ ਇਸ ਗੱਲ ਨੂੰ ਮੰਨਦੇ ਹਨ ਕਿ ਉਸ ਦੌਰ ’ਚ ਫ਼ਾਰਸ ਦੀ ਸਲਤਨਤ ਨੇ ਰਾਜ ਪ੍ਰਬੰਧ, ਕਾਨੂੰਨ ਅਤੇ ਸੱਭਿਆਚਾਰਕ ਸਹਿਣਸ਼ੀਲਤਾ ਦੀ ਇੱਕ ਨਵੀਂ ਰੀਤ ਪੈਦਾ ਕੀਤੀ, ਪਰ ਫ਼ਾਰਸ ਦੀ ਅਸਲ ਤਾਕਤ ਉਸ ਦੀਆਂ ਫ਼ੌਜਾਂ ਨਹੀਂ ਸਨ ਸਗੋਂ ਉਸ ਦੀ ਤਹਿਜ਼ੀਬ ਸੀ।

ਇਰਾਨ ਦੀ ਧਰਤੀ ’ਤੇ ਸਦੀਆਂ ਤੋਂ ਫ਼ਾਰਸੀ ਭਾਸ਼ਾ ਮਹਿਜ਼ ਸੰਚਾਰ ਦਾ ਸਾਧਨ ਨਹੀਂ ਸੀ ਸਗੋਂ ਇਹ ਸੱਭਿਆਚਾਰ ਦੀ ਧੜਕਣ ਸੀ। ਇਸ ਭਾਸ਼ਾ ਵਿੱਚ ਲਿਖੇ ਗਏ ਦਰਸ਼ਨ ਅਤੇ ਸ਼ਾਇਰੀ ਨੇ ਪੂਰਬੀ ਦੁਨੀਆ ਦੇ ਵੱਡੇ ਹਿੱਸੇ ਨੂੰ ਇੱਕ ਸੱਭਿਆਚਾਰਕ ਸੂਤਰ ਵਿੱਚ ਪਰੋਇਆ।

ਅੱਜ ਵੀ ਮੱਧ ਏਸ਼ੀਆ ਤੋਂ ਲੈ ਕੇ ਭਾਰਤ ਤੱਕ ਫ਼ਾਰਸੀ ਜ਼ੁਬਾਨ ਨੇ ਇੱਕ ਬੌਧਿਕ ਸੰਸਾਰ ਤਿਆਰ ਕੀਤਾ ਹੈ। ਮੁਗ਼ਲ ਦੌਰ ਵਿੱਚ ਸਲਤਨਤ ਦੇ ਦਰਬਾਰਾਂ ਅਤੇ ਅਦਾਲਤਾਂ ’ਚ ਇਸੇ ਭਾਸ਼ਾ ’ਚ ਕੰਮ ਹੁੰਦਾ ਸੀ। ਦਿੱਲੀ, ਲਾਹੌਰ, ਆਗਰਾ ਅਤੇ ਲਖਨਊ ਦੀਆਂ ਮਹਿਫ਼ਿਲਾਂ ਵਿੱਚ ਫ਼ਾਰਸੀ ਸ਼ਾਇਰੀ ਦੀ ਗੂੰਜ ਸੁਣੀਂਦੀ ਸੀ। ਸਦੀਆਂ ਤੋਂ ਇਰਾਨ ਅਤੇ ਭਾਰਤ ਦਾ ਰਿਸ਼ਤਾ ਰਿਹਾ ਹੈ। ਇਹ ਮਹਿਜ਼ ਵਪਾਰ ਜਾਂ ਸਿਆਸਤ ਤੱਕ ਮਹਿਦੂਦ ਨਹੀਂ ਸੀ ਸਗੋਂ ਇਹ ਤਹਿਜ਼ੀਬ ਦਾ ਰਿਸ਼ਤਾ ਸੀ। ਭਾਰਤ ਦੇ ਸੰਗੀਤ, ਖਾਣ-ਪੀਣ, ਕੱਪੜਿਆਂ ਅਤੇ ਇਮਾਰਤਸਾਜ਼ੀ ਵਿੱਚ ਫ਼ਾਰਸ ਦਾ ਪ੍ਰਭਾਵ ਸਾਫ਼ ਦਿਖਾਈ ਦਿੰਦਾ ਹੈ। ਬਾਗ਼ਾਂ ਦੀ ਯੋਜਨਾਬੰਦੀ, ਤਾਜ ਮਹੱਲ ਦੀ ਨਫ਼ਾਸਤ, ਸ਼ਾਇਰੀ ਦੀ ਲਹਿਰ- ਇਹ ਸਭ ਫ਼ਾਰਸੀ ਰੂਹ ਦੀਆਂ ਛਾਪਾਂ ਹਨ। ਫ਼ਾਰਸੀ ਅਤੇ ਭਾਰਤੀ ਤਹਿਜ਼ੀਬ ਦੇ ਸੁਮੇਲ ਨੇ ਇੱਕ ਨਵੀਂ ਸੱਭਿਆਚਾਰਕ ਦੁਨੀਆ ਪੈਦਾ ਕੀਤੀ, ਜਿਸ ਨੂੰ ਅੱਜ ਲੋਕ ਮੁਗ਼ਲ-ਇੰਡੋ-ਪਰਸ਼ੀਅਨ ਕਲਚਰ ਦੇ ਨਾਂ ਨਾਲ ਜਾਣਦੇ ਹਨ। ਇਰਾਨ ਕਵਿਤਾ ਦਾ ਦੇਸ਼ ਹੈ। ਇਹ ਅਤਿਕਥਨੀ ਨਹੀਂ ਹੋਵੇਗੀ ਕਿ ਇਸ ਦੀ ਕਵਿਤਾ ਹੀ ਇਸ ਦੀ ਸਭ ਤੋਂ ਵੱਡੀ ਪਛਾਣ ਹੈ। ਇਹ ਉਹ ਧਰਤੀ ਹੈ, ਜਿੱਥੇ ਕਵਿਤਾ ਮਹਿਜ਼ ਸਾਹਿਤ ਦੀ ਇੱਕ ਵੰਨਗੀ ਨਹੀਂ ਸਗੋਂ ਜੀਵਨ ਦਾ ਹਿੱਸਾ ਹੈ। ਫਿਰਦੌਸੀ ਨੇ ਆਪਣੀ ਮਹਾਨ ਰਚਨਾ ‘ਸ਼ਾਹਨਾਮਾ’ ਵਿੱਚ ਇਰਾਨ ਦੇ ਇਤਿਹਾਸ ਨੂੰ ਕਾਵਿ ਰੂਪ ਵਿੱਚ ਬਿਆਨ ਕੀਤਾ। ਹਾਫ਼ਿਜ਼ ਦੀਆਂ ਗ਼ਜ਼ਲਾਂ ਅੱਜ ਵੀ ਇਰਾਨ ਦੇ ਘਰਾਂ ਵਿੱਚ ਪੜ੍ਹੀਆਂ ਜਾਂਦੀਆਂ ਹਨ। ਸ਼ੇਖ਼ ਸਾਦੀ ਦੀਆਂ ਨਜ਼ਮਾਂ ਮਨੁੱਖੀ ਭਾਈਚਾਰੇ ਦਾ ਸਭ ਤੋਂ ਵੱਡਾ ਪੈਗ਼ਾਮ ਦਿੰਦੀਆਂ ਹਨ। ਸਾਦੀ ਲਿਖਦਾ ਹੈ:

ਬਨੀ ਆਦਮ ਅਜ਼ਾਏ ਯਕਦੀਗਰ-ਅੰਦ

ਕਿ ਦਰ ਆਫ਼ਰੀਨ-ਅਸ਼ ਜ਼ੇ ਯਕ ਗੌਹਰ-ਅੰਦ।

ਇਸ ਦਾ ਮਤਲਬ ਹੈ ਕਿ ਸਾਰੇ ਮਨੁੱਖ ਇੱਕ ਹੀ ਸਰੋਤ ਤੋਂ ਬਣੇ ਹਨ, ਇਸ ਲਈ ਉਹ ਇੱਕ-ਦੂਜੇ ਨਾਲ ਜੁੜੇ ਹਨ। ਤਬਾਹੀ ਮਚਾਉਣ ਵਾਲੇ ਦੇਸ਼ਾਂ ਨੂੰ ਵੀ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਲਫ਼ਜ਼ ਅੱਜ ਵੀ ਸੰਯੁਕਤ ਰਾਸ਼ਟਰ ਦੇ ਦਫ਼ਤਰ ਵਿੱਚ ਲਿਖੇ ਹੋਏ ਹਨ।

ਮਹਾਨ ਇਰਾਨੀ ਸ਼ਾਇਰ ਰੂਮੀ ਨੇ ਆਪਣੀ ਸ਼ਾਇਰੀ ਰਾਹੀਂ ਕੁੱਲ ਆਲਮ ਨੂੰ ਮੋਹ-ਮੁਹੱਬਤ ਨਾਲ ਜਿਊਣ ਦਾ ਸੁਨੇਹਾ ਦਿੱਤਾ। ਅੱਜ ਜਦੋਂ ਜੰਗ ਦੀਆਂ ਲਪਟਾਂ ਵਿੱਚ ਲੋਕ ਸੜ ਰਹੇ ਹਨ, ਰੂਮੀ ਦੀ ਕਵਿਤਾ ਇੱਕ ਵਾਰ ਫਿਰ ਅਮਨ ਦੀ ਆਵਾਜ਼ ਬਣ ਕੇ ਉੱਭਰਦੀ ਹੈ।

ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਅਮਰੀਕੀ-ਇਜ਼ਰਾਇਲੀ ਹਮਲੇ ਵਿੱਚ ਮਾਰਿਆ ਗਿਆ ਇਰਾਨੀ ਸਰਬਰਾਹ ਆਇਤੁੱਲਾ ਅਲੀ ਖ਼ਮੇਨੇਈ ਫ਼ਾਰਸੀ ਦਾ ਸ਼ਾਇਰ ਵੀ ਸੀ। ਉਸ ਦੀਆਂ ਬਹੁਤ ਸਾਰੀਆਂ ਰਚਨਾਵਾਂ ਨੂੰ ਇਬਾਦਤ ਕਰਨ ਵਾਂਗ ਪੜ੍ਹਿਆ ਜਾਂਦਾ ਹੈ। ਕੁਝ ਮੀਡੀਆ ਰਿਪੋਰਟਾਂ ਵਿੱਚ ਇੱਕ ਦੁਰਲੱਭ ਗ਼ਜ਼ਲ (ਫ਼ਾਰਸੀ ਦੀ ਇੱਕ ਸੰਖੇਪ ਕਾਵਿ-ਵਿਧਾ) ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਨੂੰ ਖ਼ਮੇਨੇਈ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਆਇਤੁੱਲਾ ਅਲੀ ਖ਼ਮੇਨੇਈ ਲਿਖਦਾ ਹੈ:

ਮੈਂ ਆਪਣੇ ਅੰਦਰਲੇ ਸ਼ੋਰਗੁਲ ਤੋਂ ਬੇਚੈਨ ਹਾਂ…

… ਮੈਂ ਆਪਣੇ ਲਹੂ-ਲੁਹਾਣ ਸੀਨੇ ’ਚ

ਆਪਣੇ ਹੀ ਨਹੁੰ ਗੱਡ ਦਿੱਤੇ ਨੇ।

ਕਿਸੇ ਭੇੜੀਏ ਵਾਂਗ ਮੈਂ ਆਪਣੇ ਹੀ ਝੁੰਡ ’ਤੇ

ਹਮਲਾ ਕੀਤਾ ਏ।

ਕਦੇ ਮੈਂ ਖ਼ਾਲਿਸ ਸ਼ਰਾਬ ਜਿਹਾ ਹਾਂ,

ਕਦੇ ਮਾਰੂ ਜ਼ਹਿਰ ਜਿਹਾ।

ਮੈਂ ਆਪਣੇ ਹੀ ਇਨ੍ਹਾਂ ਰੰਗਾਂ ’ਤੇ ਰੋ ਪੈਂਦਾ ਹਾਂ।

ਮੈਂ ਇੱਕ ਬੱਚਾ ਹਾਂ, ਮੁਹੱਬਤ ਦੀ ਗੋਦੀ ਵਿੱਚ ਸਿਰ ਰੱਖੀ,

ਉਮੀਦ ਕਰਦਾ ਹਾਂ ਕਿ ਕੋਈ ਲੋਰੀ

ਮੈਨੂੰ ਹੰਕਾਰ ਤੋਂ ਮੁਕਤ ਕਰ ਦੇਵੇ।

ਮੈਂ ਮਸਤ ਹਾਂ, ਪੂਰੀ ਤਰ੍ਹਾਂ ਮਗਨ, ਐ ਅਮੀਨ,

ਅਤੀਤ ਤੇ ਵਰਤਮਾਨ ਤੋਂ ਬੇਖ਼ਬਰ।

ਆਪਣੇ ਨਾਲ ਹੋਏ ਅਨਿਆਂ ਦਾ ਇਨਸਾਫ਼

ਮੈਂ ਕਿਸ ਕੋਲੋਂ ਮੰਗਾਂ?

ਇਸ ਨਜ਼ਮ ਨੂੰ ਕਦੇ-ਕਦੇ ‘ਖ਼ਾਲਿਸ ਸ਼ਰਾਬ ਅਤੇ ਮਾਰੂ ਜ਼ਹਿਰ’ ਸਿਰਲੇਖ ਹੇਠ ਵੀ ਦਰਸਾਇਆ ਜਾਂਦਾ ਹੈ, ਜੋ ਆਤਮ-ਮੰਥਨ ਦੌਰਾਨ ਨਿੱਜੀ ਭਾਵਨਾਤਮਕ ਸੰਘਰਸ਼ ਨੂੰ ਕਾਵਿ ਰੂਪ ਵਿੱਚ ਪ੍ਰਗਟ ਕਰਦੀ ਹੈ। ਆਇਤੁੱਲਾ ਅਲੀ ਖ਼ਮੇਨੇਈ ਨੇ ਆਪਣੀਆਂ ਰਚਨਾਵਾਂ ਵਿੱਚ ‘ਅਮੀਨ’ ਕਲਮੀ ਨਾਮ ਵਰਤਿਆ। ਉਸ ਨੇ ਆਪਣੀ ਜ਼ਿਆਦਾਤਰ ਸ਼ਾਇਰੀ ਨੂੰ ਨਿੱਜੀ ਰੱਖਿਆ ਅਤੇ ਵਿਸ਼ਾਲ ਪੱਧਰ ’ਤੇ ਪ੍ਰਕਾਸ਼ਿਤ ਨਹੀਂ ਕਰਵਾਇਆ। ਉਹ ਜਵਾਨੀ ਤੋਂ ਹੀ ਕਵਿਤਾ ਲਿਖਦਾ ਰਿਹਾ ਅਤੇ ਕਦੇ-ਕਦੇ ਆਪਣੇ ਨਜ਼ਦੀਕੀ ਸਾਥੀਆਂ ਨੂੰ ਆਪਣੀ ਸ਼ਾਇਰੀ ਸੁਣਾਉਂਦਾ ਸੀ, ਪਰ ਉਸ ਦਾ ਕੋਈ ਅਧਿਕਾਰਕ ਪ੍ਰਕਾਸ਼ਿਤ ਦੀਵਾਨ (ਨਜ਼ਮਾਂ ਦਾ ਸੰਗ੍ਰਹਿ) ਜਨਤਕ ਤੌਰ ’ਤੇ ਉਪਲਬਧ ਨਹੀਂ ਹੈ।

ਰੂਮੀ ਦੀ ਗੱਲ ਕਰੀਏ ਤਾਂ ਉਸ ਦੀ ਸ਼ਾਇਰੀ ਆਧੁਨਿਕ ਅਰਥਾਂ ਵਿੱਚ ‘ਇਰਾਨੀ ਲੋਕਾਂ’ ਜਾਂ ‘ਇਰਾਨੀ ਸੱਭਿਆਚਾਰ’ ਬਾਰੇ ਸਿੱਧੀ ਟਿੱਪਣੀ ਕਰਨ ਦੀ ਬਜਾਏ ਸਰਬਵਿਆਪੀ ਆਧਿਆਤਮਿਕ ਵਿਸ਼ਿਆਂ ਨੂੰ ਦਰਸਾਉਂਦੀ ਹੈ। ਫਿਰ ਵੀ ਉਸ ਦੀ ਸ਼ਾਇਰੀ ਵਿੱਚ ਫ਼ਾਰਸੀ ਸੱਭਿਆਚਾਰਕ ਪਛਾਣ ਪੂਰੀ ਤਰ੍ਹਾਂ ਗੁੰਨ੍ਹੀ ਹੋਈ ਹੈ, ਜੋ ਮਨੁੱਖੀ ਏਕਤਾ, ਆਪਣੇਪਣ ਅਤੇ ਸੱਭਿਆਚਾਰਕ ਡੂੰਘਾਈ ਦੇ ਵਿਸ਼ਿਆਂ ਨਾਲ ਗੂੰਜਦੀ ਹੈ। ਰੂਮੀ ਦੇ ਇੱਕ ਹੋਰ ਸ਼ਿਅਰ ਦੇ ਪੰਜਾਬੀ ਅਰਥ ਹਨ:

“ਤੂੰ ਸਮੁੰਦਰ ਵਿੱਚ ਇੱਕ ਬੂੰਦ ਨਹੀਂ; ਤੂੰ ਇੱਕ ਬੂੰਦ ਵਿੱਚ ਪੂਰਾ ਸਮੁੰਦਰ ਹੈਂ।”

ਅਨੁਵਾਦ ਵਿੱਚ ਆਮ ਤੌਰ ’ਤੇ ਰੂਮੀ ਨਾਲ ਜੋੜੀ ਜਾਣ ਵਾਲੀ ਇਹ ਸਤਰ ਮਨੁੱਖੀ ਪਛਾਣ ਦੀ ਡੂੰਘਾਈ ਅਤੇ ਸਰਬਵਿਆਪਕਤਾ ਨੂੰ ਉਜਾਗਰ ਕਰਦੀ ਹੈ, ਜੋ ਫ਼ਾਰਸ ਦੇ ਸੱਭਿਆਚਾਰ ਵਿੱਚ ਬਹੁਤ ਪਿਆਰਾ ਵਿਸ਼ਾ ਹੈ। ਅੱਜ ਜੰਗ ਕਾਰਨ ਤਹਿਜ਼ੀਬ ਨੂੰ ਵੱਡਾ ਖ਼ਤਰਾ ਹੈ, ਪਰ ਇਤਿਹਾਸ ਸਾਨੂੰ ਸਿਖਾਉਂਦਾ ਹੈ ਕਿ ਜੰਗਾਂ ਤਹਿਜ਼ੀਬਾਂ ਨੂੰ ਨਿਗਲ ਜਾਂਦੀਆਂ ਹਨ। ਮੰਗੋਲ ਹਮਲਿਆਂ ਨੇ ਬਗ਼ਦਾਦ ਦੀਆਂ ਲਾਇਬ੍ਰੇਰੀਆਂ ਸਾੜ ਦਿੱਤੀਆਂ। ਜਹਾਦਾਂ ਨੇ ਮੱਧ-ਪੂਰਬ ਦੇ ਸੱਭਿਆਚਾਰਾਂ ਨੂੰ ਝੰਜੋੜ ਦਿੱਤਾ। ਦੂਜੀ ਆਲਮੀ ਜੰਗ ਨੇ ਯੂਰੋਪ ਦੇ ਕਈ ਇਤਿਹਾਸਕ ਸ਼ਹਿਰਾਂ ਨੂੰ ਖੰਡਰ ਬਣਾ ਦਿੱਤਾ। ਹੁਣ ਜਦੋਂ ਸ਼ਹਿਰਾਂ ਉੱਤੇ ਬੰਬ ਵਰ੍ਹਦੇ ਹਨ ਤਾਂ ਸਿਰਫ਼ ਇਮਾਰਤਾਂ ਨਹੀਂ ਡਿੱਗਦੀਆਂ, ਉਨ੍ਹਾਂ ਨਾਲ ਲਾਇਬ੍ਰੇਰੀਆਂ, ਅਜਾਇਬਘਰ, ਕਲਾਵਾਂ ਅਤੇ ਲੋਕਾਂ ਦੀਆਂ ਯਾਦਾਂ ਵੀ ਮਿਟ ਜਾਂਦੀਆਂ ਹਨ। ਤ੍ਰਾਸਦੀ ਇਹ ਹੈ ਕਿ ਜੰਗਾਂ ਵਿੱਚ ਸਭ ਤੋਂ ਵੱਡੀ ਕੀਮਤ ਆਮ ਲੋਕ ਚੁਕਾਉਂਦੇ ਹਨ। ਬੱਚੇ, ਔਰਤਾਂ ਅਤੇ ਹੋਰ ਬੇਗੁਨਾਹ ਲੋਕ ਉਹ ਪਹਿਲੇ ਸ਼ਿਕਾਰ ਹੁੰਦੇ ਹਨ, ਜਿਨ੍ਹਾਂ ਦੀ ਕੋਈ ਗ਼ਲਤੀ ਨਹੀਂ ਹੁੰਦੀ।

ਜਦੋਂ ਕਿਸੇ ਹਮਲੇ ਵਿੱਚ ਸੈਂਕੜੇ ਮਾਸੂਮ ਬੱਚੀਆਂ ਮਰਦੀਆਂ ਹਨ ਤਾਂ ਇਹ ਮਹਿਜ਼ ਇੱਕ ਅੰਕੜਾ ਨਹੀਂ ਹੁੰਦਾ। ਇਹ ਇੱਕ ਸਮਾਜ ਦੇ ਟੁੱਟਦੇ ਸੁਪਨਿਆਂ ਦੀ ਕਹਾਣੀ ਹੁੰਦੀ ਹੈ। ਇਸ ਮੌਕੇ ਦੁਨੀਆ ਦੀ ਖ਼ਾਮੋਸ਼ੀ ਮਨੁੱਖਤਾ ਲਈ ਨਮੋਸ਼ੀ ਹੈ।

ਜੰਗਾਂ ਦੌਰਾਨ ਦੁਨੀਆ ਅਕਸਰ ਦੋ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ: ਸਹਿਯੋਗੀ ਅਤੇ ਵਿਰੋਧੀ। ਇਸ ਦੇ ਨਾਲ ਹੀ ਇਨਸਾਨੀਅਤ ਦੀ ਆਵਾਜ਼ ਅਕਸਰ ਇਸ ਰਾਜਨੀਤੀ ਦੇ ਸ਼ੋਰ ਵਿੱਚ ਦਬ ਜਾਂਦੀ ਹੈ। ਕੌਮਾਂਤਰੀ ਸੰਸਥਾਵਾਂ, ਵੱਡੀਆਂ ਤਾਕਤਾਂ ਅਤੇ ਹੋਰ ਸਿਆਸੀ ਮੰਚ ਬਿਆਨ ਦੇਣ ਤੱਕ ਸੀਮਿਤ ਰਹਿ ਜਾਂਦੇ ਹਨ।

ਇਹ ਸਵਾਲ ਅਕਸਰ ਪੁੱਛਿਆ ਜਾਂਦਾ ਹੈ: ਕੀ ਕਵਿਤਾ ਜੰਗ ਰੋਕ ਸਕਦੀ ਹੈ? ਸ਼ਾਇਦ ਕਵਿਤਾ ਮਿਜ਼ਾਈਲਾਂ ਨੂੰ ਨਹੀਂ ਰੋਕ ਸਕਦੀ, ਪਰ ਮਨੁੱਖ ਦੇ ਦਿਲ ਨੂੰ ਜ਼ਰੂਰ ਬਦਲ ਸਕਦੀ ਹੈ। ਜਦੋਂ ਦਿਲ ਬਦਲਦੇ ਹਨ ਤਾਂ ਇਤਿਹਾਸ ਦੀ ਦਿਸ਼ਾ ਵੀ ਬਦਲ ਜਾਂਦੀ ਹੈ। ਫ਼ੈਜ਼ ਅਹਿਮਦ ਫ਼ੈਜ਼ ਨੇ ਲਿਖਿਆ ਸੀ:

‘ਬੋਲ ਕਿ ਲਬ ਆਜ਼ਾਦ ਹੈਂ ਤੇਰੇ…।’

ਇਹ ਸਿਰਫ਼ ਨਜ਼ਮ ਨਹੀਂ ਸਗੋਂ ਇਨਸਾਨੀ ਆਜ਼ਾਦੀ ਦਾ ਐਲਾਨ ਹੈ। ਅੱਜ ਦੀ ਦੁਨੀਆ ਵਿੱਚ ਪਰਮਾਣੂ ਹਥਿਆਰ ਮੌਜੂਦ ਹਨ। ਇਸ ਲਈ ਜੰਗ ਸਿਰਫ਼ ਇੱਕ ਖੇਤਰ ਤੱਕ ਸੀਮਿਤ ਨਹੀਂ ਰਹਿੰਦੀ। ਇੱਕ ਛੋਟਾ ਟਕਰਾਅ ਵੀ ਪੂਰੀ ਦੁਨੀਆ ਲਈ ਖ਼ਤਰਾ ਬਣ ਸਕਦਾ ਹੈ। ਇਸ ਲਈ ਅਮਨ ਦੀ ਲੋੜ ਪਹਿਲਾਂ ਨਾਲੋਂ ਕਈ ਗੁਣਾ ਵੱਧ ਹੈ।

ਇਰਾਨ ਦੇ ਸੰਦਰਭ ਵਿੱਚ ਸਾਨੂੰ ਇਤਿਹਾਸ ਦਾ ਇਹ ਸਬਕ ਚੇਤੇ ਰੱਖਣਾ ਚਾਹੀਦਾ ਹੈ ਕਿ ਤਹਿਜ਼ੀਬਾਂ ਕਈ ਵਾਰ ਤਬਾਹੀਆਂ ਦਾ ਸਾਹਮਣਾ ਕਰਦੀਆਂ ਹਨ, ਪਰ ਉਹ ਮਿਟਦੀਆਂ ਨਹੀਂ। ਫ਼ਾਰਸੀ ਕਵਿਤਾ, ਇਰਾਨੀ ਕਲਾ ਅਤੇ ਉਸ ਦੀ ਰੂਹਾਨੀ ਰਵਾਇਤ ਮਨੁੱਖਤਾ ਦੀ ਸਾਂਝੀ ਵਿਰਾਸਤ ਹਨ। ਸ਼ਾਇਦ ਸ਼ਹਿਰ ਖੰਡਰ ਬਣ ਜਾਣ, ਪਰ ਕਵਿਤਾ ਨਹੀਂ ਮਰਦੀ। ਕਵਿਤਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਅਸੀਂ ਸਿਰਫ਼ ਵੱਖ-ਵੱਖ ਮੁਲਕਾਂ ਦੀਆਂ ਸਰਹੱਦਾਂ ’ਚ ਵੰਡੇ ਲੋਕ ਨਹੀਂ ਸਗੋਂ ਇੱਕ ਹੀ ਮਨੁੱਖੀ ਪਰਿਵਾਰ ਦਾ ਹਿੱਸਾ ਹਾਂ। ਰੂਮੀ ਦੀ ਇੱਕ ਸਤਰ ਇਸ ਸੱਚਾਈ ਨੂੰ ਬਹੁਤ ਸੁੰਦਰ ਢੰਗ ਨਾਲ ਬਿਆਨ ਕਰਦੀ ਹੈ:

‘ਪਿਆਰ ਉਹ ਪੁਲ ਹੈ ਜੋ ਤੈਨੂੰ ਹਰ ਚੀਜ਼ ਨਾਲ ਜੋੜਦਾ ਹੈ।’

ਸ਼ਾਇਦ ਇਹੀ ਉਹ ਪੁਲ ਹੈ, ਜੋ ਅੱਜ ਦੀ ਦੁਨੀਆ ਨੂੰ ਤਬਾਹੀ ਤੋਂ ਬਚਾ ਸਕਦਾ ਹੈ। ਸ਼ਾਇਦ ਇਹੀ ਉਹ ਆਵਾਜ਼ ਹੈ, ਜੋ ਜੰਗ ਦੇ ਸ਼ੋਰ ਵਿੱਚ ਵੀ ਅਮਨ ਦੀ ਉਮੀਦ ਜਗਾਉਂਦੀ ਹੈ।

Share this content:

Post Comment