ਡਾਕ ਵਿਭਾਗ ਨੇ 13 ਸਾਲਾ ਬਾਅਦ ਟੈਰਿਫ ’ਚ ਕੀਤਾ ਵੱਡਾ ਵਾਧਾ
ਐੱਸਏਐੱਸ ਨਗਰ, 2 ਅਕਤੂਬਰ – ਭਾਰਤੀ ਡਾਕ ਵਿਭਾਗ ਨੇ ਪਹਿਲੀ ਅਕਤੂਬਰ 2025 ਤੋਂ ਲਾਗੂ ਹੋਣ ਵਾਲੇ ਅੰਤਰ-ਦੇਸ਼ੀ ਸਪੀਡ ਪੋਸਟ ਦੀਆਂ ਦਰਾਂ ਵਿਚ ਵਾਧਾ ਕਰ ਦਿੱਤਾ ਹੈ। ਇਹ ਬਦਲਾਅ ਲਗਭਗ 13 ਸਾਲਾ ਬਾਅਦ ਕੀਤਾ ਗਿਆ ਹੈ ਕਿਉਂਕਿ ਆਖ਼ਰੀ ਵਾਰ ਸਪੀਡ ਪੋਸਟ ਦੇ ਟੈਰਿਫ ਵਿਚ ਬਦਲਾਅ ਅਕਤੂਬਰ 2012 ਵਿਚ ਕੀਤਾ ਗਿਆ ਸੀ। ਡਾਕ ਵਿਭਾਗ ਨੇ ਇਹ ਫ਼ੈਸਲਾ ਵਧਦੇ ਆਪ੍ਰੇਸ਼ਨਲ ਖ਼ਰਚਿਆਂ ਨੂੰ ਪੂਰਾ ਕਰਨ ਤੇ ਆਪਣੀਆਂ ਸੇਵਾਵਾਂ ਨੂੰ ਆਧੁਨਿਕ ਤਕਨਾਲੋਜੀ ਨਾਲ ਅਪਗ੍ਰੇਡ ਕਰਨ ਲਈ ਲਿਆ ਹੈ।
ਨਵੀਆਂ ਦਰਾਂ ਤੇ ਮੁੱਖ ਬਦਲਾਅ :
ਬੇਸ ਪ੍ਰਾਈਸ ਵਿਚ ਵਾਧਾ: ਸਥਾਨਕ ਖੇਤਰਾਂ ਵਿਚ 50 ਗ੍ਰਾਮ ਤਕ ਦੇ ਦਸਤਾਵੇਜ਼ਾਂ ਲਈ ਨਵਾਂ ਖ਼ਰਚਾ ਹੁਣ 19 ਰੁਪਏ ਹੋ ਗਿਆ ਹੈ, ਜੋ ਪਹਿਲਾਂ 15 ਰੁਪਏ ਸੀ। 200 ਕਿਲੋਮੀਟਰ ਤੋਂ ਵੱਧ ਦੂਰੀ ਲਈ, 50 ਗ੍ਰਾਮ ਤਕ ਦੇ ਦਸਤਾਵੇਜ਼ਾਂ ਦੀ ਮੁੱਢਲੀ ਕੀਮਤ ਹੁਣ 47 ਰੁਪਏ (ਜੀਐੱਸਟੀ ਤੋਂ ਇਲਾਵਾ) ਹੋ ਗਈ ਹੈ।
ਦੂਰੀ ਤੇ ਵਜ਼ਨ ਅਧਾਰਤ ਟੈਰਿਫ: ਨਵੀਆਂ ਦਰਾਂ ਨੂੰ ਵਜ਼ਨ (50 ਗ੍ਰਾਮ, 51-250 ਗ੍ਰਾਮ, 251-500 ਗ੍ਰਾਮ) ਤੇ ਦੂਰੀ ਦੇ ਅਧਾਰ ‘ਤੇ ਵੱਖ-ਵੱਖ ਸ਼੍ਰੇਣੀਆਂ ’ਚ ਵੰਡਿਆ ਗਿਆ ਹੈ, ਜਿਸ ਵਿਚ ਜ਼ਿਆਦਾਤਰ ਲੰਬੀ ਦੂਰੀ ਦੀਆਂ ਸ਼੍ਰੇਣੀਆਂ ਵਿਚ ਕੀਮਤਾਂ ’ਚ ਵਾਧਾ ਹੋਇਆ ਹੈ।
ਗਾਹਕਾਂ ਲਈ ਨਵੀਆਂ ਤੇ ਸੁਰੱਖਿਅਤ ਸੇਵਾਵਾਂ : ਟੈਰਿਫ ਵਧਾਉਣ ਦੇ ਨਾਲ ਹੀ, ਡਾਕ ਵਿਭਾਗ ਨੇ ਸਪੀਡ ਪੋਸਟ ਨੂੰ ਹੋਰ ਸੁਰੱਖਿਅਤ ਤੇ ਸੁਵਿਧਾਜਨਕ ਬਣਾਉਣ ਲਈ ਹੇਠ ਲਿਖੀਆਂ ਨਵੀਆਂ ਵਿਸ਼ੇਸ਼ਤਾਵਾਂ ਪੇਸ਼ ਕੀਤੀਆਂ ਹਨ।
ਓਟੀਪੀ ਅਧਾਰਤ ਸੁਰੱਖਿਅਤ ਡਿਲੀਵਰੀ : ਪਾਰਸਲ ਪ੍ਰਾਪਤਕਰਤਾ ਨੂੰ ਸਿਰਫ਼ ਓਟੀਪੀ ਦੀ ਪੁਸ਼ਟੀ ਤੋਂ ਬਾਅਦ ਹੀ ਸੌਂਪਿਆ ਜਾਵੇਗਾ। (ਇਸ ਵਾਧੂ ਸੇਵਾ ਲਈ 5 ਰੁਪਏ ਤੇ ਲਾਗੂ ਜੀਐੱਸਟੀ ਲੱਗੇਗਾ)।
ਆਨਲਾਈਨ ਭੁਗਤਾਨ ਸਹੂਲਤ : ਗਾਹਕ ਹੁਣ ਆਨਲਾਈਨ ਬੁਕਿੰਗ ਲਈ ਆਨਲਾਈਨ ਭੁਗਤਾਨ ਕਰ ਸਕਣਗੇ।
ਐੱਸਐੱਮਐੱਸ ਅਧਾਰਤ ਡਿਲੀਵਰੀ ਨੋਟੀਫਿਕੇਸ਼ਨ : ਡਾਕ ਭੇਜਣ ਤੇ ਪ੍ਰਾਪਤ ਕਰਨ ਬਾਰੇ ਐੱਸਐੱਮਐੱਸ ਰਾਹੀਂ ਸੂਚਨਾ ਮਿਲੇਗੀ।
ਰੀਅਲ-ਟਾਈਮ ਡਿਲੀਵਰੀ ਅੱਪਡੇਟ: ਪੈਕੇਜ ਨੂੰ ਲਾਈਵ ਟਰੈਕ ਕਰਨ ਦੀ ਸਹੂਲਤ।
ਰਜਿਸਟ੍ਰੇਸ਼ਨ ਸਹੂਲਤ: ਇਹ ਵੈਲਿਊ-ਐਡਡ ਸੇਵਾ ਵਜੋਂ ਉਪਲਬਧ ਹੋਵੇਗੀ, ਜੋ ਯਕੀਨੀ ਬਣਾਏਗੀ ਕਿ ਡਿਲੀਵਰੀ ਸਿਰਫ਼ ਪ੍ਰਾਪਤ ਕਰਤਾ ਜਾਂ ਉਸ ਦੁਆਰਾ ਅਧਿਕਾਰਤ ਵਿਅਕਤੀ ਨੂੰ ਹੀ ਹੋਵੇ।
Share this content:



Post Comment