Loading Now

ਡਾਕਟਰ ਸੁਰਜੀਤ ਸਿੰਘ ਭੱਟੀ ਕੈਲਗਰੀ ਸਦੀਵੀ ਵਿਛੋੜਾ ਦੇ ਗਏ

ਡਾਕਟਰ ਸੁਰਜੀਤ ਸਿੰਘ ਭੱਟੀ ਕੈਲਗਰੀ ਸਦੀਵੀ ਵਿਛੋੜਾ ਦੇ ਗਏ

ਕੈਲਗਰੀ, 20 ਫਰਵਰੀ (ਜਸਵਿੰਦਰ ਸਿੰਘ ਰੁਪਾਲ) – ਕੈਲਗਰੀ ਦੇ ਵਿਗਿਆਨਕ ਅਤੇ ਗੁਰਸਿੱਖ ਵਿਦਵਾਨ ਡਾਕਟਰ ਸੁਰਜੀਤ ਸਿੰਘ ਭੱਟੀ, ਰਿਟਾਇਰਡ ਡੀਨ ,ਗੁਰੂ ਨਾਨਕ ਯੂਨਵਰਸਿਟੀ ਅੰਮ੍ਰਿਤਸਰ ਅੱਜ ਸਵੇਰੇ ਸਦੀਵੀ ਵਿਛੋੜਾ ਦੇ ਗਏ ਹਨ। ਉਹ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸਨ ਅਤੇ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਸਨ । ਪ੍ਰੋ. ਡਾ. ਸੁਰਜੀਤ ਸਿੰਘ ਭੱਟੀ — ਜਿਨ੍ਹਾਂ ਦਾ ਜਨਮ 1943 ਵਿੱਚ ਅੰਮ੍ਰਿਤਸਰ ਦੇ ਪਿੰਡ ਕੋਟ ਖਾਲਸਾ ਵਿੱਚ ਹੋਇਆ — ਇੱਕ ਅੰਤਰਰਾਸ਼ਟਰੀ ਪੱਧਰ ਦੇ ਭੌਤਿਕ ਵਿਗਿਆਨੀ , ਵਧੀਆ ਸਿੱਖਿਆ ਸ਼ਾਸਤਰੀ, ਕੁਸ਼ਲ ਪ੍ਰਬੰਧਕ ਅਤੇ ਸਿੱਖ ਵਿਦਵਾਨ ਸਨ।ਉਨ੍ਹਾਂ ਦਾ ਬਚਪਨ ਲਾਹੌਰ ਵਿੱਚ ਬੀਤਿਆ, ਜਿੱਥੇ ਉਨ੍ਹਾਂ ਦੇ ਪਿਤਾ ਸਰਦਾਰ ਬਲਬੀਰ ਸਿੰਘ ਪੰਜਾਬ ਪੁਲਿਸ ਵਿੱਚ ਅਫ਼ਸਰ ਸਨ ਅਤੇ ਬਾਅਦ ਵਿੱਚ ਭਾਰਤੀ ਫੌਜ ਨਾਲ ਜੁੜੇ। ਫੌਜੀ ਪਰਿਵਾਰ ਹੋਣ ਕਰਕੇ ਉਨ੍ਹਾਂ ਨੇ ਦੇਸ਼ ਦੇ ਵੱਖ‑ਵੱਖ ਸ਼ਹਿਰਾਂ — ਪੁਣੇ, ਜਬਲਪੁਰ ਅਤੇ ਅਲਹਾਬਾਦ — ਵਿੱਚ ਪੜ੍ਹਾਈ ਕੀਤੀ। ਨੌਜਵਾਨ ਦੌਰ ਵਿੱਚ ਉਨ੍ਹਾਂ ਦੀ ਐੱਨ ਡੀ ਏ ਖਡਕਵਾਸਲਾ ਵਿੱਚ ਚੋਣ ਹੋਈ ਤੇ ਉਹ ਕਮੀਸ਼ਨ ਪ੍ਰਾਪਤ ਕਰਨ ਵਾਲੇ ਸਨ, ਪਰ ਉਨ੍ਹਾਂ ਦੇ ਪਿਤਾ ਦੀ ਸਲਾਹ ਤੇ ਉਨ੍ਹਾਂ ਨੇ ਅੱਗੇ ਵਿਦਿਆ ਦਾ ਰਾਹ ਚੁਣਿਆ। ਇਹ ਫੈਸਲਾ ਉਨ੍ਹਾਂ ਦੇ ਜੀਵਨ ਦਾ ਅਸਲ ਮੋੜ ਸਾਬਤ ਹੋਇਆ।ਉਨ੍ਹਾਂ ਨੇ ਇਲਾਹਾਬਾਦ ਯੂਨੀਵਰਸਿਟੀ ਤੋਂ ਫਿਜਿਕਸ ਵਿੱਚ ਪੀ. ਐਚ. ਡੀ.(1969) ਦੀ ਡਿਗਰੀ ਪ੍ਰਾਪਤ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੇ ਇਟਲੀ, ਪੈਰਿਸ ਅਤੇ ਯੂ.ਐਸ.ਏ. ਤੋਂ ਵੱਖ‑ਵੱਖ ਪ੍ਰਸਿੱਧ ਫੈਲੋਸ਼ਿਪ ਪੂਰੀਆਂ ਕੀਤੀਆਂ । 1972 ਵਿੱਚ ਡਾ. ਭੱਟੀ ਨੇ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਸ਼ਾਮਲ ਹੋ ਕੇ ਫਿਜਿਕਸ ਵਿਭਾਗ ਦੇ ਮੁਖੀ ਪ੍ਰੋਫੈਸਰ ਵਜੋਂ ਅਤੇ ਫੇਰ ਡੀਨ ਵਜੋਂ ਇੱਥੋਂ ਹੀ 2003 ਵਿੱਚ ਰਿਟਾਇਰ ਹੋਏ।

WhatsApp-Image-2026-02-20-at-8.22.56-AM-1024x1005 ਡਾਕਟਰ ਸੁਰਜੀਤ ਸਿੰਘ ਭੱਟੀ ਕੈਲਗਰੀ ਸਦੀਵੀ ਵਿਛੋੜਾ ਦੇ ਗਏ

ਸਿੱਖਿਆ ਸ਼ਾਸਤਰੀ ਵਜੋਂ ਉਹ ਬੀ ਕੇ ਐਸ ਇੰਜੀਨੀਅਰਿੰਗ ਕਾਲਜ ਅੰਮ੍ਰਿਤਸਰ ਦੇ ਸੰਸਥਾਪਕ ਡਾਇਰੈਕਟਰ ਬਣੇ ਅਤੇ ਬੜੂ ਸਾਹਿਬ ਕਾਲਜ ਆਫ ਇੰਜੀਨੀਅਰਿੰਗ ਨਾਲ ਜੁੜ ਕੇ ਅਕਾਲ ਇਟਰਨਲ ਯੂਨੀਵਰਸਿਟੀ ਦੇ ਵਿਕਾਸ ਵਿੱਚ ਮੁੱਖ ਭੂਮਿਕਾ ਨਿਭਾਈ । ਆਦੇਸ਼ ਇੰਜੀਨੀਅਰਿੰਗ ਇੰਸਟੀਚਿਊਟ ਦੇ ਡਾਇਰੈਕਟਰ ਪ੍ਰਿੰਸੀਪਲ ਵੀ ਰਹੇ। ਆਪਣੇ 40 ਸਾਲਾਂ ਦੇ ਅਕਾਦਮਿਕ ਜੀਵਨ ਦੌਰਾਨ 17 ਪੀ ਐਚ ਡੀ ਅਤੇ 35 ਐਮ ਐਸ ਸੀ ਅਤੇ ਕਈ ਪੋਸਟ ਡਾਕਟਰੇਟ ਫੈਲੋਜ ਦੀ ਰਹਿਨੁਮਾਈ ਕੀਤੀ। ਉਹਨਾਂ ਨੇ 6 ਵੱਡੇ ਖੋਜ ਪ੍ਰੋਜੈਕਟ ਪੂਰੇ ਕੀਤੇ,100 ਤੋਂ ਵੱਧ ਖੋਜ ਪੱਤਰ ਅੰਤਰਰਾਸ਼ਟਰੀ ਜਰਨਲਾਂ ਲਈ ਲਿਖੇ ਅਤੇ 3 ਪਾਠ ਪੁਸਤਕਾਂ ਵੀ ਲਿਖੀਆਂ । ਉਹਨਾਂ ਨੂੰ ਵਿਗਿਆਨਕ ਖੋਜਾਂ ਵਿੱਚ ਉੱਚ ਯੋਗਦਾਨ ਲਈ ਕਈ ਮਾਣ ਸਨਮਾਨ ਮਿਲੇ ਜਿਨਾਂ ਵਿਚ ਅਲਟਰਾਸੋਨਿਕ ਸੋਸਾਇਟੀ ਆਫ ਇੰਡੀਆ ਵੱਲੋਂ ਲਾਈਫ ਟਾਈਮ ਅਚੀਵਮੈਂਟ ਐਵਾਰਡ ਪ੍ਰਮੁੱਖ ਹੈ। ਉਹ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੰਗਲੌਰ ਅਤੇ ਟਾਟਾ ਇੰਸਟੀਚਿਊਟ ਦੇ ਬੋਰਡ ਅਤੇ ਸੈਨੇਟ ਦੇ ਮੈਂਬਰ ਵੀ ਰਹੇ। ਵਿਗਿਆਨ ਦੇ ਨਾਲ ਨਾਲ ਡਾਕਟਰ ਭੱਟੀ ਨੇ ਗੁਰਮਤਿ ਸਿਧਾਂਤ ਅਤੇ ਫਲਸਫੇ ਦੇ ਪ੍ਰਸਾਰ ਲਈ ਵੀ ਭਰਪੂਰ ਯੋਗਦਾਨ ਪਾਇਆ। ਕੋਵਿਡ ਦੌਰਾਨ ਆਪਣੇ ਬੇਟੇ ਨੂੰ ਪ੍ਰੇਰਿਤ ਕਰਕੇ ਆਨਲਾਈਨ ਗੁਰਮਤਿ ਫੋਰਮ-ਈ ਦੀਵਾਨ ਸੋਸਾਇਟੀ ਸ਼ੁਰੂ ਕਰਵਾਈ। ਜਿਹੜੀ ਹੁਣ ਵੀ ਸਿੱਖ ਵਿਦਵਾਨਾਂ ਦੀ ਵਾਰਤਾ ਕਰਵਾਉਂਦੀ ਹੈ। ਇੱਕ ਆਨਲਾਈਨ ਮੈਗਜ਼ੀਨ ਸਾਂਝੀ ਵਿਰਾਸਤ ਦੇ ਮੁੱਖ ਸੰਪਾਦਕ ਰਹੇ ਜਿਸ ਰਾਹੀਂ ਗੁਰਬਾਣੀ ਦਾ ਵਿਗਿਆਨਕ ਗਿਆਨ ਹੁਣ ਤੱਕ ਦਿੱਤਾ ਜਾ ਰਿਹਾ ਹੈ। ਉਹਨਾਂ ਨੇ ਇੱਕ ਪੁਸਤਕ ਸਮ ਪ੍ਰੌਮੀਨੈਂਟ ਸਿੱਖ ਸਾਇੰਸਿਟਸ ਲਿਖੀ । ਅਤੇ ਇਸਦੇ ਦੂਸਰੇ ਭਾਗ ਤੇ ਕੰਮ ਕਰ ਰਹੇ ਸਨ, ਕਿ ਉਹਨਾਂ ਨੂੰ ਪਰਮੇਸ਼ਰ ਦਾ ਬੁਲਾਵਾ ਆ ਗਿਆ। ਉਹ ਦੇ ਦੋਵੇਂ ਬੇਟੇ ਡਾਕਟਰ ਬਲਰਾਜ ਸਿੰਘ ਭੱਟੀ ਅਤੇ ਡਾਕਟਰ ਰਾਜਬੀਰ ਸਿੰਘ ਭੱਟੀ ਗੁਰਸਿੱਖ ਵੀ ਹਨ ਅਤੇ ਉੱਚੀਆਂ ਪੋਸਟਾਂ ਤੇ ਕੰਮ ਕਰ ਰਹੇ ਹਨ। ਸਾਰਾ ਪਰਿਵਾਰ ਗੁਰਸਿੱਖੀ ਨੂੰ ਸਮਰਪਿਤ ਹੈ।

Share this content:

Post Comment