ਜਾਸੂਸੀ ਦੇ ਦੋਸ਼ ‘ਚ 2 ਦਿਨਾਂ ਦੀ ਰਿਮਾਂਡ ‘ਤੇ ਭੇਜਿਆ ਗਿਆ ਗ੍ਰਿਫਤਾਰ ਯੂਟਿਊਬਰ ਜਸਬੀਰ ਸਿੰਘ

ਚੰਡੀਗੜ੍ਹ, 7 ਜੂਨ – ਯੂਟਿਊਬਰ ਜਸਬੀਰ ਸਿੰਘ ਨੂੰ ਮੁਹਾਲੀ ਅਦਾਲਤ ਨੇ ਮੁੜ 2 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿਤਾ ਹੈ। ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਵਲੋਂ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ ਯੂਟਿਊਬਰ ਜਸਬੀਰ ਸਿੰਘ ਦਾ 3 ਦਿਨਾਂ ਦਾ ਪੁਲਿਸ ਰਿਮਾਂਡ ਖ਼ਤਮ ਹੋ ਗਿਆ ਤੇ ਉਸ ਨੂੰ ਅੱਜ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਨੇ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ। ਜਿੱਥੇ ਅਦਾਲਤ ਨੇ ਉਸ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿਤਾ ਹੈ।
ਜ਼ਿਕਰਯੋਗ ਹੈ ਕਿ ਜਸਬੀਰ ਸਿੰਘ ਰੋਪੜ ਦੇ ਮਹਲਾਂ ਪਿੰਡ ਦਾ ਰਹਿਣ ਵਾਲਾ ਹੈ, ਉਸ ਦੇ ਯੂਟਿਊਬ ਚੈਨਲ ਦਾ ਨਾਂ- ‘ਜਾਨ ਮਹਲ’ ਹੈ। ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ਾਂ ਤਹਿਤ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਉਹ ਆਈਐਸਆਈ ਏਜੰਟ ਸ਼ਾਕਿਰ ਉਰਫ਼ ਜੱਟ ਰੰਧਾਵਾ ਦੇ ਸੰਪਰਕ ’ਚ ਸੀ। ਉਸ ਦੇ ਫ਼ੋਨ ’ਚੋਂ ਕਈ ਪਾਕਿਸਤਾਨੀ ਨੰਬਰ ਵੀ ਮਿਲੇ ਹਨ। ਉਸ ਦਾ ਸੰਪਰਕ ਹਰਿਆਣਾ ਤੋਂ ਗ੍ਰਿਫ਼ਤਾਰ ਕੀਤੀ ਗਈ ਯੂਟਿਊਬਰ ਜੋਤੀ ਮਲਹੋਤਰਾ ਤੇ ਪਾਕਿਸਤਾਨ ਉੱਚਆਯੋਗ ਤੋਂ ਬਰਖ਼ਾਸਤ ਅਧਿਕਾਰੀ ਅਹਿਸਾਨ-ਉਰ-ਰਹੀਮ ਉਰਫ਼ ਦਾਨਿਸ਼ ਨਾਲ ਵੀ ਸਨ।
ਜੋਤੀ ਮਲਹੋਤਰਾ ਨਾਲ ਇਕ ਯੂਟਿਊਬਰ ਵੀਡੀਉ ਕਰ ਕੇ ਹੀ ਜਸਬੀਰ ਸਿੰਘ ਪੁਲਿਸ ਦੀ ਰਡਾਰ ’ਤੇ ਆਇਆ। ਦੱਸਣਾ ਬਣਦਾ ਹੈ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਡੀਐਸਪੀ ਪਵਨ ਸ਼ਰਮਾ ਨੇ ਜਾਣਕਾਰੀ ਦਿਤੀ ਸੀ ਕਿ ਜਸਬੀਰ ਸਿੰਘ ਦੇ ਵਿਰੁਧ ਮੋਹਾਲੀ ’ਚ ਕੇਸ ਦਰਜ਼ ਹੋਇਆ ਸੀ। ਅੱਜ ਜਸਬੀਰ ਸਿੰਘ ਨੂੰ ਕੋਰਟ ’ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਮੁੜ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿਤਾ ਗਿਆ ਹੈ।
Share this content:

Post Comment