Loading Now

ਜ਼ਰਾ ਸੋਚੋ! ਕੀ ਹੁੰਦਾ ਦਾਨ/ਡਾ. ਦਲੇਰ ਸਿੰਘ ਮੁਲਤਾਨੀ

ਜ਼ਰਾ ਸੋਚੋ! ਕੀ ਹੁੰਦਾ ਦਾਨ/ਡਾ. ਦਲੇਰ ਸਿੰਘ ਮੁਲਤਾਨੀ

ਸਾਨੂੰ ਇਹ ਤਾਂ ਪਤਾ ਨਹੀਂ ਲੱਗਣਾ ਕਿ ਦਾਨ ਸ਼ਬਦ ਕਿਵੇਂ ਬਣਿਆ ਪਰ ਜੋ ਅੱਜ ਕੱਲ ਲੋਕ , ਦਾਨ ਦਾ ਮਤਲਬ ਕੱਢਦੇ , ਉਸ ਬਾਰੇ ਜਰੂਰ ਵਿਚਾਰ ਕੀਤਾ ਜਾ ਸਕਦਾ। ਬਹੁਤ ਸਾਰੇ ਲੋਕ ਦਾਨ ਦਾ ਮਤਲਬ ਕੱਢਦੇ ਕਿ ਜੋਕਰ ਕਿਸੇ ਨੇ ਕੋਈ ਮਦਦ ਕਰ ਦਿੱਤੀ ਤਾਂ ਸਵਰਗ ਵਿੱਚ ਵਾਪਸੀ ਮਿਲੇਗੀ । ਜੋ ਕਿ ਇੱਕ ਭਰਮ ਹੈ । ਇਸੇ ਕਰਕੇ ਆਮ ਲੋਕ ਧਾਰਮਿਕ ਸਥਾਨਾਂ ਤੇ ਚੜ੍ਹਾਵੇ ਚੜ੍ਹਾ ਰਹੇ ਤੇ ਅੱਜ ਕੱਲ ਤਾਂ ਧਾਰਮਿਕ ਸਥਾਨਾਂ ਤੇ ਰੰਗ ਬਰੰਗੇ ਖਾਣੇ ਵੀ ਖੁਆ ਰਹੇ, ਪਾਠ ਪੂਜਾ ਹਵਨ ਜਗਰਾਤੇ ਕਰਵਾ ਰਹੇ । ਪਰ ਕਦੀ ਸੋਚ ਕੇ ਵੇਖੋ , ਇਹ ਸਭ ਵਿਖਾਵਾ ਹੋ ਰਿਹਾ ਤੇ ਬੇਲੋੜੇ ਲੋਕਾਂ ਦੇ ਢਿੱਡ ਭਰ ਨਿਕੰਮਾ ਬਣਾ ਰਹੇ । ਅੱਜ ਕੱਲ ਇੱਕ ਹੋਰ ਬਹੁਤ ਵੱਡੀ ਪ੍ਰਥਾ ਚੱਲ ਪਈ , ਉਹ ਹੈ ਐਨ ਆਰ ਆਈ ਵੀਰਾਂ ਭੈਣਾਂ ਦੀ ਮਿਹਨਤ ਦੀ ਕਮਾਈ , ਇਕੱਠੀ ਤਾਂ ਕੀਤੀ ਜਾਂਦੀ ਲੋੜਵੰਦਾਂ ਦੀ ਮਦਦ ਲਈ ਪਰ ਬਹੁਤ ਵਾਰ ਵਰਤੀ ਜਾਂਦੀ ਨਿਜੀ ਹਿਤਾਂ ਲਈ ਜਾਂ ਫਿਰ ਕਈ ਵਾਰ ਬੇਫਜੂਲ ਜ਼ਿਆਦਾ ਤੇ ਲੋੜ ਵਾਲੇ ਥਾਵਾਂ ਘੱਟ ਵਰਤੀ ਜਾਂਦੀ । ਯਾਦ ਕਰੋ ਖਾਸ ਕਰਕੇ 2017 , 2022 ਵਿੱਚ ਸਿਆਸੀ ਪਾਰਟੀਆਂ ਨੂੰ ਦਿੱਤੇ ਪੈਸੇ ਤੇ ਅੱਜ ਦੇ ਸਿਆਸੀ ਹਾਲਾਤ । 2020 ਵਿੱਚ ਕਰੋਨਾ ਦੌਰਾਨ ਅਤੇ 2021 ਵਿੱਚ ਕਿਸਾਨ ਅੰਦੋਲਨ ਵਿੱਚ ਪੰਜਾਬ ਦੇ ਲੋਕਾਂ ਅਤੇ ਐਨ ਆਰ ਆਈਜ ਨੇ ਰੱਜ ਕੇ ਮਦਦ ਕੀਤੀ ਪਰ ਨਤੀਜੇ ਕੀ ਨਿਕਲੇ ? ਕਰੋਨਾ ਦੌਰਾਨ ਕੇਰਲਾ ਤੋਂ ਬਾਅਦ ਸਭ ਤੋਂ ਜ਼ਿਆਦਾ ਮੌਤਾਂ ਪੰਜਾਬ ਵਿੱਚ ਹੋਈਆਂ ਤੇ ਕਿਸਾਨ ਅੰਦੋਲਨ ਵਿਚ ਕਿਸਾਨੀ ਨੇਤਾਵਾਂ ਤੇ ਪੈਸੇ ਦੁਰਵਰਤੋਂ ਦੇ ਵੱਡੇ ਇਲਜ਼ਾਮ , ਸੜਕਾਂ ਬੰਦ ਕਰਨ ਦੀਆਂ ਆਦਤਾਂ ਤੇ ਸੋਸ਼ਲ ਪੁਲੀਸਿੰਗ ਜਿਸ ਨਾਲ ਪੰਜਾਬ ਦੀ ਤਰੱਕੀ ਹੀ ਨਹੀਂ ਰੁਕੀ ਸਗੋਂ ਸਿਆਸੀ ਢਾਂਚਾ ਵੀ ਉਲਟ ਪੁਲਟ ਹੋ ਗਿਆ। ਉੱਪਰੋਂ ਦਿੱਲੀ ਵਾਲਿਆਂ ਨੇ ਕਾਬੂ ਕਰ ਰੱਖਿਆ।

ਦੋਸਤੋ ਮਦਦ ਕਰੋ ਪਰ ਤਰਸ ਕਰਕੇ ਨਹੀਂ। ਅੱਜ ਅਸੀਂ ਤਰਸ ਕਰ ਰਹੇ ਤੇ ਮਿਹਨਤ ਦੀ ਕਮਾਈ ਗੈਰ ਜਿੰਮੇਵਾਰ ਹੱਥਾਂ ਵਿੱਚ ਦੇ ਰਹੇ । ਜੇਕਰ ਵਾਕਿਆ ਹੀ ਪੰਜਾਬ ਦੀ ਮਦਦ ਕਰਨਾ ਚਾਹੁੰਦੇ ਤਾਂ ਕੁਝ ਸੁਝਾਵਾਂ ਤੇ ਵਿਚਾਰ ਕਰ ਸਕਦੇ ਜਿਵੇਂ ——
 ਅਪਣੇ ਪਿੰਡ ਦੇ ਹਰ ਸਕੂਲ ਵਿੱਚ ਇੱਕ ਜਾਂ ਦੋ ਠੰਡੇ ਪਾਣੀ ਦੇ ਕੂਲਰ ਅਤੇ ਆਰ ਓ ਲਗਵਾਓ ਤਾਂ ਕਿ ਸਾਰਾ ਸਾਲ ਛਬੀਲ ਲੱਗੀ ਰਹੇ ਨਾਲੇ ਬੱਚਿਆਂ ਦੀ ਸਿਹਤ ਠੀਕ ਰਹੇ।
 ਸਕੂਲ ਵਿੱਚ ਮਿਡ ਡੇ ਮੀਲ ਲਈ ਲੱਕੜਾਂ ਬਾਲਣ ਦੀ ਥਾਂ ਗੈਸ ਚੁਲੇ ਭੱਠੀਆਂ ਸਲੰਡਰ ਦਾਨ ਕਰ ਦਿਓ ਜਿਸ ਨਾਲ ਪ੍ਰਦੂਸ਼ਣ ਘਟੇਗਾ ਤੇ ਜੰਗਲਾਂ ਦਾ ਬਚਾਅ ਹੋਵੇਗਾ ।
 ਹਰੇਕ ਪਿੰਡ ਵਿੱਚ ਬੱਚਿਆਂ ਦੇ ਖੇਡਣ ਲਈ ਛੋਟਾ ਮੋਟਾ ਖੇਡ ਗਰਾਊਂਡ ਬਣਾਓ ਤੇ ਪੰਜਾਬ ਦੀਆਂ ਪੁਰਾਣੀਆਂ ਖੇਡਾਂ ਅਤੇ ਸਿਹਤਮੰਦ ਹੋਣ ਦਾ ਵਿਰਸਾ ਸੰਭਾਲੋ ।
 ਪਿੰਡਾਂ ਵਿੱਚ ਮੱਛਰਾਂ ਨਾਲ ਲੱਗਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਲਈ ਹਰ ਪਿੰਡ ਵਿੱਚ ਇੱਕ ਫੌਗਿੰਗ ਮਸ਼ੀਨ ਦਾ ਪ੍ਰਬੰਧ ਕਰੋ।
 ਪਿੰਡਾਂ ਵਿੱਚ ਸਭ ਤੋਂ ਵੱਡੀ ਸਮੱਸਿਆ ਸੀਵਰੇਜ ਦੀ ਹੈ । ਉਸ ਵਿੱਚ ਸੁਧਾਰ ਅਤੇ ਸਫਾਈ ਦਾ ਪ੍ਰਬੰਧ ਕਰੋ।
ਪੰਜਾਬ ਵਿੱਚ ਤਕਰੀਬਨ 3% ਜੰਗਲ ਹੈ ਜਦੋਂ ਕਿ ਕੁਦਰਤ ਦੇ ਸੰਤੁਲਨ ਲਈ 33% ਜੰਗਲ ਚਾਹੀਦਾ। ਜਿਹਨਾਂ ਐਨ ਆਰ ਆਈ ਵੀਰਾਂ ਕੋਲ ਜ਼ਮੀਨ ਹੈ ਉਹ ਲੰਬੇ ਸਮੇ ਲਈ ਪਾਪੂਲਰ , ਸਫੇਦਾ ਜਾਂ ਫਲਾਂ ਦੇ ਬਾਗ ਆਦਿ ਲਾ ਕੇ ਪੰਜਾਬ ਦੇ ਪਾਣੀ ਅਤੇ ਹਰਿਆਵਲ ਨਾਲ ਵੱਡਾ ਯੋਗਦਾਨ ਪਾ ਸਕਦੇ ਜੋ ਮਾਰੂ ਬਣ ਚੁੱਕੇ ਪੰਜਾਬ ਲਈ ਸਭ ਤੋਂ ਵੱਡਾ ਦਾਨ ਹੋਵੇਗਾ ਨਾਲੇ ਐਨ ਆਰ ਆਈ ਵੀਰਾਂ ਦਾ ਰੋਜ਼ਾਨਾ ਦਾ ਝੰਜਟ ਖਤਮ ਹੋਵੇਗਾ।

ਦੋ ਤਿੰਨ ਪਿੰਡਾਂ ਵਿੱਚ ਰਲ ਕੇ ਇਕ ਬਿਜਲੀ ਵਾਲਾ ਸ਼ਮਸ਼ਾਨਘਾਟ ਬਣਾਓ ਜਿਸ ਨਾਲ ਲੱਕੜਾਂ ਤੋਂ ਬਚਾ ਨਾਲੇ ਸਮਾਜਿਕ ਸਮਾਨਤਾ ਬਣੇਗੀ ਤੇ ਜਾਤੀਵਾਦ ਘਟੇਗਾ ਤੇ ਹਰਿਆਵਲ ਵਧੇਗੀ। ਇਹਨਾਂ ਕੰਮਾਂ ਲਈ ਅਪਣੇ ਅਪਣੇ ਪਿੰਡਾਂ ਵਿਚ ਇਕ ਕਮੇਟੀ ਬਣਾ ਕੇ ਉਸ ਦੀ ਜ਼ੁੰਮੇਵਾਰੀ ਫਿਕਸ ਕਰੋ ਤੇ ਹਰ ਮਹੀਨੇ/ ਸਾਲ ਉਸ ਦਾ ਹਿਸਾਬ ਰੱਖੋ। ਅੱਜ ਕੱਲ ਡਿਜੀਟਲ ਜ਼ਮਾਨਾ ਹੈ ਜਿਸ ਵਿਚ ਵਟਸਅਪ ਗਰੁੱਪ ਬਣਾਓ ਤੇ ਸਾਰਾ ਹਿਸਾਬ ਕਿਤਾਬ ਲਵੋ । ਉਹ ਜ਼ਮਾਨਾ ਲੰਘ ਗਿਆ ਜਦੋਂ ਦਾਨ ਕਰਕੇ ਭੁੱਲ ਜਾਣਾ ਸਿਖਾਇਆ ਜਾਂਦਾ ਸੀ। ਦੋਸਤੋ ਅਸੀਂ ਚੈਰੀਟੇਬਲ ਟਰੱਸਟ ਲਾਲੜੂ ਜੋ ਕੇ ਪਿਛਲੇ ਤੀਹ ਪੈਂਤੀ ਸਾਲਾਂ ਤੋਂ ਸਿਹਤ ਤੇ ਸਿੱਖਿਆ ਵਿੱਚ ਮਦਦ ਕਰ ਰਿਹਾ ਨੇ ਇਹੀ ਮਾਡਲ ਅਪਨਾਇਆ ਹੋਇਆ । ਜਿਸ ਦਾ ਨਤੀਜਾ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਜਿਲਾ ਮੁਹਾਲੀ ਦੇ ਲਾਲੜੂ, ਡੇਰਾਬੱਸੀ, ਬੂਥਗੜ੍ਹ, ਘੜੂੰਆਂ ਤੇ ਪੰਜਾਬ ਦੇ ਕਈ ਹੋਰ ਥਾਵਾਂ ਜਿਥੇ ਮੇਰੀ ਪੋਸਟਿੰਗ ਰਹੀ ਦੇਖਿਆ ਜਾ ਸਕਦਾ । ਪੁਰਾਣੇ ਸਮੇਂ ਵਿੱਚ ਪਿੰਡਾਂ ਵਿੱਚ ਮਾਂਗੀ ਪਾ ਕੇ ਰਲ ਮਿਲ ਕੇ ਕੰਮ ਕਰਦੇ ਸੀ । ਅੱਜ ਵੀ ਸਮਾਂ ਆ ਗਿਆ ਕਿ ਖੇਤੀ ਛੋਟੀ ਹੋ ਗਈ ਪਰ ਸੰਦ ਮਹਿੰਗੇ ਹੋ ਗਏ । ਉਸ ਦਾ ਹੱਲ ਵੀ ਪਿੰਡਾਂ ਵਿੱਚ ਗਰੁੱਪ ਬਣਾ ਕੇ ਲੋੜੀਂਦੇ ਸੰਦ ਸਾਂਝੇ ਖਰੀਦ ਲਵੋ , ਜਿਸ ਨਾਲ ਪਿੰਡਾਂ ਵਿੱਚ ਆਪਸੀ ਭਾਈਚਾਰਾ ਵਧੇਗਾ ਤੇ ਖਰਚਾ ਘਟੇਗਾ । ਅਖੋਤੀ ਨਰਕ ਸਵਰਗ ਦੇ ਚੱਕਰਾਂ ਵਿੱਚੋਂ ਬਾਹਰ ਨਿਕਲੋ ਅਤੇ ਵਾਸਵਿਕਤਾ ਵੱਲ ਤੁਰੋ। ਧਰਮ ਜੀਵਨ ਜਾਂਚ ਹੈ ਜੋ ਸਿਰਫ ਹੱਥੀਂ ਕੰਮ ਤੇ ਲੋੜਵੰਦਾਂ ਦੀ ਮਦਦ ਨਾਲ ਪੂਰਾ ਹੋਣਾ , ਸੜਕਾਂ ਤੇ ਲੰਗਰ ਲਾਉਣ ਜਾਂ ਧਾਰਮਿਕ ਸਥਾਨਾਂ ਤੇ ਨੱਕਾਂ ਰਗੜਣ ਤੇ ਚੜ੍ਹਾਵੇ ਚੜ੍ਹਾਉਣ ਨਾਲ ਨਹੀਂ ।

ਯਾਦ ਰੱਖੋ ਮੁਸ਼ਕਲਾਂ ਹੀ ਹੱਲ ਨੂੰ ਜਨਮ ਦਿੰਦੀਆਂ। ਜੋ ਐਨ ਜੀ ਓਜ, ਐਨ ਆਰ ਆਈ ਕਮੇਟੀਆਂ ਤੇ ਅਮੀਰ ਲੋਕ ਹੜ੍ਹਾਂ ਵਿੱਚ ਹੋਏ ਵੱਡੇ ਨੁਕਸਾਨ ਵਿੱਚ ਮਦਦ ਕਰ ਰਹੇ , ਉਹ ਉਪਰੋਕਤ ਸੁਝਾਵਾਂ ਤੇ ਵਿਚਾਰ ਕਰਨ ਤਾਂ ਕਿ ਪਿੰਡਾਂ ਦੀਆਂ ਸਮੱਸਿਆਵਾਂ ਦਾ ਸਦੀਵੀ ਹੱਲ ਨਿਕਲ ਸਕੇ ਤੇ ਪਿੰਡਾਂ ਨੂੰ ਵਿਕਸਤ ਬਣਾਇਆ ਜਾ ਸਕੇ । ਇਕ ਗੱਲ ਹੋਰ ਯਾਦ ਰੱਖੋ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਲੰਗਰ ਕਿਸੇ ਸਮੱਸਿਆ ਦਾ ਹੱਲ ਨਹੀਂ ਸਗੋਂ ਲੋਕ ਵਿਖਾਵੇ ਹਨ ਜਿਹੜੇ ਅਖੌਤੀ ਧਰਮ ਦੇ ਠੇਕੇਦਾਰਾਂ ਨੇ ਲੋਕਾਂ ਨੂੰ ਗੁੰਮਰਾਹ ਕਰਕੇ ਸਵਰਗ ਜਾਣ ਦੇ ਰਸਤੇ ਦਾ ਲਾਲਚ ਦੇ ਰੱਖਿਆ। ਪੰਜਾਬ ਵਸੇਗਾ ਕੰਮ ਦੇ ਨਾਲ ।

-ਡਾ ਦਲੇਰ ਸਿੰਘ ਮੁਲਤਾਨੀ
-ਸਿਵਲ ਸਰਜਨ ( ਰਿਟਾ )
-9814127296, 7717319896

Share this content:

Post Comment