ਛੱਜੂ ਦਾ ਚੁਬਾਰਾ
ਛੱਜੂ ਦੇ ਚੁਬਾਰੇ ਦਾ ਜ਼ਿਕਰ ਬਹੁਤ ਸਾਰੇ ਪੰਜਾਬੀ ਮੁਹਾਵਰਿਆਂ ਅਤੇ ਗੀਤਾਂ ਵਿੱਚ ਆਉਂਦਾ ਹੈ। ਇਹ ਚੁਬਾਰਾ ਮੌਜੂਦਾ ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਹੈ। ਕਿਹਾ ਜਾਂਦਾ ਹੈ ਕਿ ਇਸ ਦਾ ਸਬੰਧ ਛੱਜੂ ਭਗਤ ਨਾਲ ਸੀ। ਭਾਈ ਕਾਹਨ ਸਿੰਘ ਨਾਭਾ ‘ਮਹਾਨ ਕੋਸ਼’ ਦੇ ਸਫ਼ਾ 485 ਅਨੁਸਾਰ ਛੱਜੂ ਭਗਤ ਦਾ ਚੌਬਾਰਾ ਲਾਹੌਰ ਦੀ ਪੁਰਾਣੀ ਅਨਾਰਕਲੀ ਵਿੱਚ ਮੈਓ ਹਸਪਤਾਲ ਦੇ ਨਾਲ ਹੀ ਰਤਨ ਚੰਦ ਦੀ ਸਰਾਂ ਦੇ ਦੱਖਣ ਵੱਲ ਹੈ। ਛੱਜੂ ਭਗਤ ਦੇ ਫ਼ਿਰਕੇ ਨੂੰ ਲੋਕ ਛੱਜੂ ਪੰਥੀ ਅਤੇ ਦਾਦੂ ਪੰਥੀ ਕਹਿ ਕੇ ਸੰਬੋਧਨ ਕਰਦੇ ਹਨ। ਇਸ ਫਿਰਕੇ ਦਾ ਮੁੱਖ ਅਸਥਾਨ ਮਿੰਟਗੁਮਰੀ (ਹੁਣ ਸਾਹੀਵਾਲ) ਦੀ ਤਹਿਸੀਲ ਮਲਕਾ-ਹਾਂਸ ਵਿੱਚ ਹੈ। ਛੱਜੂ ਭਗਤ ਦੇ ਫ਼ਿਰਕੇ ਦੇ ਨਿਯਮ ਹਿੰਦੂਆਂ ਅਤੇ ਮੁਸਲਮਾਨ ਧਰਮ ਦੇ ਮਿਲਵੇਂ ਹਨ। ਇਸ ਫ਼ਿਰਕੇ ਦੇ ਲੋਕ ਨਾ ਕੋਈ ਨਸ਼ਾ ਵਰਤਦੇ ਅਤੇ ਨਾ ਹੀ ਮਾਸ ਖਾਂਦੇ ਹਨ। ਛੱਜੂ ਭਗਤ ਦੇ ਬਾਰੇ ਇਹ ਵੀ ਪੜ੍ਹਨ ਨੂੰ ਮਿਲਦਾ ਹੈ ਕਿ ਇਨ੍ਹਾਂ ਨੇ ਹੀ ਪਹਿਲੀ ਵਾਰ ਸੂਫ਼ੀ ਕਵੀ ਲਾਲ ਹੁਸੈਨ ਨੂੰ ਸ਼ਾਹ ਹੁਸੈਨ ਕਹਿ ਕੇ ਸੰਬੋਧਨ ਕੀਤਾ ਸੀ।
ਸਿੱਖ ਵਿਦਵਾਨਾਂ ਅਨੁਸਾਰ ਛੱਜੂ ਭਗਤ ਨੇ ਲਾਹੌਰ ਵਿੱਚ ਹੀ ਪਹਿਲੀ ਵਾਰ ਗੁਰੂ ਅਰਜਨ ਦੇਵ ਜੀ ਦੇ ਵੀ ਦਰਸ਼ਨ ਕੀਤੇ। ਸਯਦ ਮੁਹੰਮਦ ਲਤੀਫ਼ (ਸੰਨ 1892) ਨੇ ਪੁਸਤਕ ‘ਲਾਹੌਰ’ ਦੇ ਸਫ਼ਾ 207 ‘ਤੇ ਛੱਜੂ ਭਗਤ ਦੇ ਸਬੰਧ ਵਿੱਚ ਲਿਖਿਆ ਹੈ-‘ਰੱਬੀ ਸੁਭਾਅ ਹੋਣ ਕਰਕੇ ਛੱਜੂ ਭਗਤ ਲਈ ਬਾਦਸ਼ਾਹ ਜਹਾਂਗੀਰ ਅਤੇ ਸ਼ਾਹਜਹਾਨ ਦੇ ਦਿਲ ਵਿੱਚ ਵਿਸ਼ੇਸ਼ ਇੱਜ਼ਤ ਰਹੀ। ਹਿੰਦੂ-ਮੁਸਲਮਾਨ ਕਿਸੇ ਅਵਤਾਰ ਵਾਂਗ ਉਸ ਦੀ ਪੂਜਾ ਕਰਦੇ ਸਨ। ਸੰਨ 1640 ਵਿੱਚ ਆਪਣੇ ਅੰਤ ਸਮੇਂ ਛੱਜੂ ਭਗਤ ਆਪਣੇ ਕਮਰੇ ਵਿੱਚ ਗਿਆ ਅਤੇ ਕਾਫੀ ਸਮੇਂ ਤੱਕ ਬਾਹਰ ਨਾ ਆਇਆ। ਉਸ ਦੇ ਸ਼ਰਧਾਲੂਆਂ ਨੇ ਜਦੋਂ ਕਮਰਾ ਖੋਲ੍ਹਿਆ ਤਾਂ ਉਹ ਉਥੋਂ ਅਲੋਪ ਹੋ ਚੁੱਕਾ ਸੀ, ਜਿਸ ਤੋਂ ਬਾਅਦ ਉਹਨਾਂ ਉਸੇ ਕਮਰੇ ਵਿੱਚ ਇੱਕ ਸਫੈਦ ਸੰਗਮਰਮਰ ਦਾ ਥੜ੍ਹਾ ਤਿਆਰ ਕਰਕੇ ਉਸ ਉੱਪਰ ਛੱਜੂ ਭਗਤ ਦੀ ਸਮਾਧ ਬਣਾ ਦਿੱਤੀ। ਛੱਜੂ ਭਗਤ ਦੇ ਚੌਬਾਰੇ ‘ਚ ਠਹਿਰਨ ਵਾਲੇ ਸਾਧੂਆਂ, ਫ਼ਕੀਰਾਂ ਅਤੇ ਰਾਹਗੀਰਾਂ ਨੂੰ ਮੁਫ਼ਤ ਭੋਜਨ, ਫਲ ਅਤੇ ਪਹਿਨਣ ਲਈ ਕੱਪੜੇ ਦਿੱਤੇ ਜਾਂਦੇ ਸਨ। ਇਸ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਨੇ ਇਸ ਸਥਾਨ ‘ਤੇ ਕੁਝ ਸ਼ਾਹੀ ਹਕੀਮ ਵੀ ਰੱਖੇ ਹੋਏ ਸਨ, ਜੋ ਸਭ ਦਾ ਮੁਫ਼ਤ ਇਲਾਜ ਕਰਦੇ ਸਨ। ਸੰਭਵ ਹੈ ਉਸੇ ਦੌਰਾਨ ਇਥੋਂ ਇਸ ਪ੍ਰਕਾਰ ਦੀਆਂ ਮਿਲਣ ਵਾਲੀਆਂ ਸੇਵਾਵਾਂ ਅਤੇ ਇਸ ਦੇ ਆਸ-ਪਾਸ ਦੇ ਸ਼ਾਂਤ ਅਤੇ ਖ਼ੁਸ਼ਗ਼ਵਾਰ ਵਾਤਾਵਰਨ ਕਰਕੇ ਇਸ ਸਥਾਨ ਨਾਲ ਸਬੰਧਤ ਇਹ ਅਖਾਣ ‘ਜੋ ਸੁੱਖ ਛੱਜੂ ਦੇ ਚੌਬਾਰੇ, ਨਾ ਬਲਖ਼ ਨਾ ਬੁਖ਼ਾਰੇ’ ਮਸ਼ਹੂਰ ਹੋ ਗਿਆ ਹੋਵੇਗਾ।
Share this content:



Post Comment