ਚੀਨ ਤੇ ਪਾਕਿ ਦਾ ਖ਼ਤਰਨਾਕ ਗੱਠਜੋੜ
ਆਪ੍ਰੇਸ਼ਨ ਸਿੰਧੂਰ ਦੌਰਾਨ ਜਦ ਭਾਰਤੀ ਫ਼ੌਜੀ ਦਸਤੇ ਪਾਕਿਸਤਾਨ ਨੂੰ ਸਬਕ ਸਿਖਾਉਣ ’ਚ ਰੁੱਝੇ ਹੋਏ ਸਨ ਤਾਂ ਚੀਨ ਵੱਲੋਂ ਉਸ ਨੂੰ ਪੂਰੀ ਮਦਦ ਮਿਲ ਰਹੀ ਸੀ। ਸਿਰਫ਼ ਫ਼ੌਜੀ ਪੱਧਰ ’ਤੇ ਹੀ ਨਹੀਂ, ਬਲਕਿ ਪਾਕਿਸਤਾਨੀ ਪ੍ਰਾਪੇਗੰਡਾ ਨੂੰ ਅੱਗੇ ਵਧਾਉਣ ’ਚ ਵੀ ਚੀਨੀ ਮੀਡੀਆ ਪੂਰੀ ਕੋਸ਼ਿਸ਼ ’ਚ ਲੱਗਾ ਸੀ। ਇਸ ’ਚ ਇਕ ਕਾਰਨ ਉਨ੍ਹਾਂ ਚੀਨੀ ਹਥਿਆਰਾਂ ਦੀ ਕਥਿਤ ਕਾਮਯਾਬੀ ਨੂੰ ਰੇਖਾਂਕਿਤ ਕਰਨਾ ਵੀ ਸੀ, ਜਿਨ੍ਹਾਂ ਦੀ ਵਰਤੋਂ ਪਾਕਿਸਤਾਨੀ ਫ਼ੌਜ ਕਰ ਰਹੀ ਸੀ। ਪਾਕਿਸਤਾਨ ਨੂੰ ਚੀਨ ਦੇ ਹਥਿਆਰਾਂ ਤੋਂ ਲੈ ਕੇ ਤਕਨੀਕੀ ਸਮਰਥਨ ਦਾ ਵਧਦਾ ਸਿਲਸਿਲਾ ਭਾਰਤ ਦੀਆਂ ਚੁਣੌਤੀਆਂ ਵਧਾਉਣ ਵਾਲਾ ਹੈ। ਡਿਪਟੀ ਆਰਮੀ ਚੀਫ ਲੈਫਟੀਨੈਂਟ ਜਨਰਲ ਰਾਹੁਲ ਆਰ ਸਿੰਘ ਨੇ ਪਿਛਲੇ ਦਿਨੀਂ ਚੀਨ-ਪਾਕਿਸਤਾਨ ਦੀ ਇਸ ਸਾਜ਼ਿਸ਼ ਬਾਰੇ ਵਿਸਥਾਰ ਨਾਲ ਸਮਝਾਇਆ।
ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਇਸਤੇਮਾਲ ਕੀਤੇ ਗਏ ਡ੍ਰੋਨਾਂ ਤੋਂ ਇਲਾਵਾ ਸਾਈਬਰ ਆਪ੍ਰੇਸ਼ਨ ਤੇ ਨੈਟਵਰਕ ਆਧਾਰਿਤ ਵਾਰਫੇਅਰ ਐਲੀਮੈਂਟਸ ’ਤੇ ਚੀਨੀ ਫ਼ੌਜੀ ਨਿਰਮਾਣ ਦੀ ਛਾਪ ਦਿਖਾਈ ਦਿੱਤੀ। ਉਨ੍ਹਾਂ ਨੇ ਇਹ ਵੀ ਕਿਹਾ ਕੀ ਚੀਨੀ ਆਈਐੱਸਆਰ ਸਿਸਟਮ ਨੇ ਪਾਕਿਸਤਾਨੀ ਫ਼ੌਜੀ ਦਸਤਿਆਂ ਨੂੰ ਰੀਅਲ ਟਾਈਮ ਡਾਟਾ, ਹਾਲਾਤ ਦੀ ਸਥਿਤੀ ਨਾਲ ਜੁੜੀਆਂ ਜਾਣਕਾਰੀਆਂ ਤੇ ਨਿਗਰਾਨੀ ਸਮਰੱਥਾਵਾਂ ਵੀ ਉਪਲੱਬਧ ਕਰਵਾਈਆਂ। ਇੱਥੇ ਤੱਕ ਕਿ ਮੱਛੀ ਫੜਨ ਵਾਲੇ ਚੀਨੀ ਬੇੜੇ ਦੀ ਵਰਤੋਂ ਵੀ ਭਾਰਤੀ ਫ਼ੌਜ ’ਤੇ ਨਜ਼ਰ ਰੱਖਣ ਲਈ ਕੀਤੀ ਗਈ, ਜਦਕਿ ਪਾਕਿਸਤਾਨੀ ਨੇਵੀ ਆਪਣੇ ਤੱਟਾਂ ’ਤੇ ਹੀ ਸੀਮਤ ਰਹੀ। ਜਦ ਫ਼ੌਜੀ ਮੁਹਿੰਮ ਡਾਇਰੈਕਟਰ ਜਨਰਲ ਭਾਵ ਡੀਜੀਐੱਮਓ ਪੱਧਰ ’ਤੇ ਗੱਲਬਾਤ ਜਾਰੀ ਸੀ ਤਾਂ ਪਾਕਿਸਤਾਨ ਵੱਲੋਂ ਕਿਹਾ ਗਿਆ ਕਿ ਸਾਨੂੰ ਪਤਾ ਹੈ ਕਿ ਤੁਹਾਡੇ ਫ਼ੌਜੀ ਸਾਧਨ ਕਿੱਥੇ, ਕਿੰਨੀ ਗਿਣਤੀ ’ਚ ਲੱਗੇ ਹੋਏ ਹਨ, ਇਸ ਲਈ ਬੇਨਤੀ ਹੈ ਕਿ ਉਨ੍ਹਾਂ ਨੂੰ ਹਟਾ ਲਿਆ ਜਾਵੇ। ਇਹ ਦਰਸਾਉਂਦਾ ਹੈ ਕਿ ਪਾਕਿਸਤਾਨ ਦੇ ਕੋਲ ਭਾਰਤੀ ਫ਼ੌਜੀ ਤਾਇਨਾਤੀ ਨਾਲ ਜੁੜੀਆਂ ਕਾਫ਼ੀ ਸੂਚਨਾਵਾਂ ਸਨ, ਜੋ ਉਸ ਨੂੰ ਕਿਸੇ ਹੋਰ ਤੋਂ ਨਹੀਂ, ਬਲਕਿ ਚੀਨ ਵੱਲੋਂ ਉਪਲੱਬਧ ਕਰਵਾਈਆਂ ਜਾ ਰਹੀਆਂ ਸਨ।
ਆਪ੍ਰੇਸ਼ਨ ਸਿੰਧੂਰ ਚੀਨੀ ਰੱਖਿਆ ਉਦਯੋਗ ਲਈ ਆਪਣੀ ਸਮਰੱਥਾ ਦੇ ਪ੍ਰੀਖਣ ਦਾ ਵੀ ਇਕ ਪੜਾਅ ਬਣਿਆ, ਜਿਸ ’ਚ ਅਸਲ ਜੰਗ ਦੀ ਸਥਿਤੀ ’ਚ ਉਸ ਦੇ ਉਪਕਰਣਾਂ ਦੀ ਪਰਖ ਹੋਣੀ ਸੀ। ਬੀਤੇ ਪੰਜ ਸਾਲ ’ਚ ਪਾਕਿਸਤਾਨ ਵੱਲੋਂ ਖ਼ਰੀਦੇ ਗਏ ਰੱਖਿਆ ਉਪਕਰਣਾਂ ’ਚ ਲਗਪਗ 81 ਫ਼ੀਸਦੀ ਚੀਨ ਤੋਂ ਲਏ ਗਏ। ਇਸ ਤਰ੍ਹਾਂ ਚੀਨ ਨੇ ਪਾਕਿਸਤਾਨ ਨੂੰ ਆਪਣੀ ਪ੍ਰਯੋਗਸ਼ਾਲਾ ਦੇ ਰੂਪ ’ਚ ਇਸਤੇਮਾਲ ਕੀਤਾ, ਜਿਸ ’ਚ ਉਸ ਦੇ ਹਥਿਆਰਾਂ ਦਾ ਹੋਰ ਹਥਿਆਰ ਪ੍ਰਣਾਲੀਆਂ ਦੇ ਅੱਗੇ ਪ੍ਰਦਰਸ਼ਨ ਦਿਖ ਜਾਵੇ। ਇਸ ਤੋਂ ਸਬਕ ਲੈ ਕੇ ਚੀਨ ਆਪਣੀਆਂ ਰੱਖਿਆ ਪ੍ਰਣਾਲੀਆਂ ਨੂੰ ਉੱਨਤ ਬਣਾਏਗਾ, ਜਿਸ ਦਾ ਲਾਭ ਆਖ਼ਰ ਪਾਕਿਸਤਾਨ ਵਰਗੇ ਖ਼ਰੀਦਦਾਰਾਂ ਨੂੰ ਹੀ ਮਿਲੇਗਾ।
ਆਪ੍ਰੇਸ਼ਨ ਸਿੰਧੂਰ ਦੌਰਾਨ ਭਾਰਤ ਨੂੰ ਇਕੱਠੇ ਤਿੰਨ ਮੋਰਚਿਆਂ ’ਤੇ ਜੂਝਣਾ ਪੈ ਰਿਹਾ ਸੀ। ਪਾਕਿਸਤਾਨ ਨਾਲ ਸਿੱਧਾ ਮੁਕਾਬਲਾ ਸੀ, ਚੀਨ ਤੋਂ ਹਰ ਸੰਭਵ ਸਹਿਯੋਗ ਤੋਂ ਇਲਾਵਾ ਤੁਰਕੀਏ ਤੋਂ ਉਸ ਨੂੰ ਡ੍ਰੋਨ ਅਤੇ ਸਿਖਲਾਈ ਹਾਸਲ ਮੁਲਾਜ਼ਮਾਂ ਦੇ ਰਾਹੀਂ ਵੀ ਮਦਦ ਮਿਲੀ। ਪਿਛਲੇ ਸਾਲਾਂ ’ਚ ਚੀਨ ਨੇ ਪਾਕਿਸਤਾਨ ਦਾ ਲਗਪਗ ਹਰ ਅੰਤਰਰਾਸ਼ਟਰੀ ਮੰਚ ’ਤੇ ਬਚਾਅ ਕਰਦੇ ਹੋਏ ਉਸ ਨੂੰ ਆਧੁਨਿਕ ਮਿਜ਼ਾਈਲਾਂ ਤੇ ਪਰਮਾਣੂ ਤਕਨੀਕ ਉਪਲੱਬਧ ਕਰਵਾਈ ਹੈ। ਆਪ੍ਰੇਸ਼ਨ ਸਿੰਧੂਰ ਦੌਰਾਨ ਸਾਰੀਆਂ ਹਥਿਆਰ ਪ੍ਰਣਾਲੀਆਂ ਤੋਂ ਇਲਾਵਾ ਚੀਨੀ ਬਾਇਡੂ ਨੇਵੀਗੇਸ਼ਨ ਸਿਸਟਮ ਨੇ ਵੀ ਪਾਕਿਸਤਾਨ ਨੂੰ ਵੱਡੀ ਮਦਦ ਪਹੁੰਚਾਈ। ਇਸ ’ਚ ਪੀਐੱਲ-15 ਲਈ ਮਿਜ਼ਾਈਲ ਗਾਈਡੈਂਸ ਵਰਗੀ ਸਹੂਲਤ ਵੀ ਸ਼ਾਮਲ ਰਹੀ। ਇਹ ਦਰਸਾਉਂਦਾ ਹੈ ਕਿ ਪਾਕਿਸਤਾਨੀ ਰਣਨੀਤਕ ਸੰਚਾਲਨ ’ਚ ਚੀਨੀ ਪ੍ਰਣਾਲੀਆਂ ਦਾ ਸਿੱਧਾ ਜੁੜਾਵ ਵਧ ਰਿਹਾ ਹੈ। ਕੁਝ ਰਿਪੋਰਟਾਂ ਇਹ ਇਸ਼ਾਰਾ ਵੀ ਕਰਦੀਆਂ ਹਨ ਕਿ ਸਵੀਡਿਸ਼ ਸਾਬ 2000 ਏਰੀਏ ਏਅਰਬੋਰਡ ਅਰਲੀ ਵਾਰਨਿੰਗ ਐਂਡ ਕੰਟਰੋਲ (ਏਈਡਬਲਯੂਐਂਡਸੀ) ਪਲੇਟਫਾਰਮ ਦੀ ਚੀਨੀ ਸਿਸਟਮ ਦੇ ਨਾਲ ਜੁਗਲਬੰਦੀ ਰਾਹੀਂ ਭਾਰਤੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਗਿਆ। ਸਪੱਸ਼ਟ ਹੈ ਕਿ ਵੱਖ-ਵੱਖ ਸ੍ਰੋਤਾਂ ਵਾਲੀਆਂ ਪ੍ਰਣਾਲੀਆਂ ਨੂੰ ਵੀ ਚੀਨੀ ਤਕਨੀਕ ਦੇ ਨਾਲ ਜੋੜ ਕੇ ਉਨ੍ਹਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਪਾਕਿਸਤਾਨ ਨੂੰ ਪੰਜਵੀਂ ਪੀੜ੍ਹੀ ਦੇ ਜੇ-37 ਚੀਨੀ ਲੜਾਕੂ ਜਹਾਜ਼ ਵੀ ਮਿਲਣ ਵਾਲੇ ਹਨ। ਚੀਨ-ਪਾਕਿਸਤਾਨ ਆਰਥਿਕ ਗਲਿਆਰੇ-ਸੀਪੈਕ ਦੇ ਅੰਤਰਗਤ ਵੀ ਚੀਨ ਨੇ ਗਵਾਦਰ ਵਰਗੀ ਬੰਦਰਗਾਹ ਤੋਂ ਇਲਾਵਾ ਰਣਨੀਤਕ ਮਹੱਤਵ ਦਾ ਦੂਜਾ ਇਨਫਰਾਸਟ੍ਰਕਚਰ ਵੀ ਪਾਕਿਸਤਾਨ ’ਚ ਵਿਕਸਿਤ ਕੀਤਾ ਹੈ। ਇਹ ਪਾਕਿਸਤਾਨ ਦੇ ਅਰਥਚਾਰੇ ਦੇ ਨਾਲ ਹੀ ਉਸ ਦੀਆਂ ਫ਼ੌਜੀ ਸਮਰੱਥਾਵਾਂ ਨੂੰ ਲਾਭ ਪਹੁੰਚਾਉਂਦਾ ਹੈ। ਆਪਣੀ-ਭੂ-ਰਣਨੀਤਕ ਭੂਗੋਲਿਕ ਸਥਿਤੀ ਨੂੰ ਦੇਖਦੇ ਹੋਏ ਪਾਕਿਸਤਾਨ ਮਹਾਸ਼ਕਤੀ ਬਣਨ ਦੀਆਂ ਚੀਨੀ ਇੱਛਾਵਾਂ ਦੇ ਲਿਹਾਜ਼ ਨਾਲ ਮਹੱਤਵਪੂਰਨ ਹੈ, ਕਿਉਂਕਿ ਉਹ ਸੀਪੈਕ ਤੇ ਸਮੁੰਦਰੀ ਸਿਲਕ ਰੂਟ ਰਾਹੀਂ ਬੀਜਿੰਗ ਨੂੰ ਅਹਿਮ ਕੁਨੈਕਟੀਵਿਟੀ ਉਪਲੱਬਧ ਕਰਵਾਉਂਦਾ ਹੈ। ਇਸ ਤੱਖ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਇਕ ਲੰਬੇ ਸਮੇਂ ਤੋਂ ਚੀਨ ਤੇ ਪਾਕਿਸਤਾਨ ਦੇ ਨਾਲ ਵੀ ਭਾਰਤ ਦਾ ਸਰਹੱਦੀ ਵਿਵਾਦ ਚੱਲਿਆ ਆ ਰਿਹਾ ਹੈ। ਇਸ ਕਾਰਨ ਆਪਣੀ ਖੇਤਰੀ ਅਖੰਡਤਾ ਦੀ ਰੱਖਿਆ ਲਈ ਸਾਨੂੰ ਫ਼ੌਜੀ ਦਸਤਿਆਂ ਦੀ ਵਿਆਪਕ ਤਾਇਨਾਤੀ ਰੱਖਣੀ ਪੈਂਦੀ ਹੈ। ਗਲਵਾਨ ਸੰਕਟ ਤੋਂ ਬਾਅਦ ਤੋਂ ਤਲਖੀ ਘਟਾਉਣ ਦੀਆਂ ਕੁਝ ਕੋਸ਼ਿਸ਼ਾਂ ਹੋਈਆਂ ਹਨ, ਪਰ ਫ਼ੌਜੀਆਂ ਦੀ ਵਾਪਸੀ ਪੂਰੀ ਤਰ੍ਹਾਂ ਨਹੀਂ ਹੋ ਸਕੀ ਹੈ।
ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਤੋਂ ਕੰਟਰੋਲ ਰੇਖਾ ’ਤੇ ਵੀ ਸੰਘਰਸ਼ ਵਿਰਾਮ ਦੀਆਂ ਧੱਜੀਆਂ ਉੱਡਦੀਆਂ ਦਿਖਾਈ ਦਿੱਤੀਆਂ। ਆਪ੍ਰੇਸ਼ਨ ਸਿੰਧੂਰ ਦੌਰਾਨ ਚੀਨ ਨੇ ਵੀ ਬਿਨਾਂ ਕੋਈ ਰਸਮੀ ਲਕਸ਼ਮਣ ਰੇਖਾ ਪਾਰ ਕੀਤੇ ਆਪਣੀ ਸਮਰੱਥਾ ਨੂੰ ਪਰਖਿਆ। ਇਹ ਭਾਰਤ ਦੀ ਕਾਟ ਲਈ ਪਾਕਿਸਤਾਨ ਦੀ ਰਣਨੀਤਕ ਅਤੇ ਰਵਾਇਤੀ ਸਮਰੱਥਾ ਨੂੰ ਵਧਾਉਣ ਦੀ ਚੀਨੀ ਰਣਨੀਤੀ ’ਚ ਇਕ ਅਹਿਮ ਮੋੜ ਰਿਹਾ। ਇਨ੍ਹਾਂ ਦੋਵਾਂ ਦੇਸ਼ਾਂ ਦੀ ਗੰਢਤੁਪ ’ਚ ਕੋਈ ਪਰਦਾ ਬਾਕੀ ਨਹੀਂ ਰਿਹਾ। ਆਪ੍ਰੇਸ਼ਨ ਸਿੰਧੂਰ ਦੇ ਸਬਕ ਸਪੱਸ਼ਟ ਹਨ ਕਿ ਭਾਰਤ ਨੂੰ ਖ਼ਤਰੇ ਦੇ ਮੁਲਾਂਕਣ, ਫ਼ੌਜੀ ਆਧੁਨੀਕੀਕਰਨ ਤੇ ਸੰਚਾਲਨ ਸਬੰਧੀ ਪ੍ਰਕਿਰਿਆਵਾਂ ਨੂੰ ਹੋਰ ਵੀ ਦਰੁਸਤ ਬਣਾਉਣਾ ਚਾਹੀਦਾ ਹੈ। ਇਸ ਨੇ ਭਾਰਤ ਦੇ ਰਣਨੀਤਕ ਗੁਣਾ-ਗਣਿਤ ਤੇ ਰੱਖਿਆ ਯੋਜਨਾਬੰਧੀ ਵਰਗੇ ਪਹਿਲੂਆਂ ਨੂੰ ਮੁੱਢਲੇ ਤੌਰ ’ਤੇ ਬਦਲ ਕੇ ਰੱਖ ਦਿੱਤਾ, ਕਿਉਂਕਿ ਦੋ ਮੋਰਚਿਆਂ ’ਤੇ ਲੜਾਈ ਕੋਈ ਕਲਪਨਾ ਨਹੀਂ, ਬਲਕਿ ਅਸਲੀਅਤ ਦਾ ਰੂਪ ਲੈਂਦੀ ਦਿਖਾਈ ਦੇ ਰਹੀ ਹੈ।
ਇਸ ਲਈ ਸਾਨੂੰ ਆਪਣੇ ਅਰਥਚਾਰੇ ਨੂੰ ਮਜ਼ਬੂਤ ਬਣਾਉਂਦੇ ਹੋਏ ਫ਼ੌਜੀ ਸਮਰੱਥਾ ਨੂੰ ਹੋਰ ਮਜ਼ਬੂਤ ਬਣਾਉਣਾ ਹੀ ਪਵੇਗਾ, ਤਦ ਹੀ ਸੁਰੱਖਿਆ ਯਕੀਨੀ ਬਣ ਸਕੇਗੀ। ਚੀਨ-ਪਾਕਿਸਤਾਨ ਦੀ ਜੋੜੀ ਤੇ ਉਨ੍ਹਾਂ ਦੀ ਸਾਂਝ ਲਗਾਤਾਰ ਖ਼ਤਰਨਾਕ ਹੁੰਦੀ ਜਾ ਰਹੀ ਹੈ। ਇਸ ’ਚ ਵੀ ਕਿਸੇ ਨੂੰ ਕੋਈ ਸ਼ੱਕ ਨਹੀਂ ਕਿ ਇਸ ਖੇਤਰ ’ਚ ਚੀਨ ਦਾ ਭੂ-ਸਿਆਸੀ ਫੋਕਸ ਭਾਰਤ ਦੇ ਰਾਹ ’ਚ ਰੋੜੇ ਪਾਉਣ ਲਈ ਪਾਕਿਸਤਾਨ ਨੂੰ ਆਪਣੇ ਪਿੱਠੂ ਵਜੋਂ ਇਸਤੇਮਾਲ ਕਰਦੇ ਰਹਿਣਾ ਹੈ। ਆਪ੍ਰੇਸ਼ਨ ਸਿੰਧੂਰ ਨੇ ਇਹ ਵੀ ਦਰਸਾਇਆ ਕਿ ਨਵੀਆਂ ਲੜਾਈਆਂ ਪੁਰਾਣੇ ਤੌਰ-ਤਰੀਕਿਆਂ ਨਾਲ ਨਹੀਂ ਲੜੀਆਂ ਜਾਣਗੀਆਂ।
Share this content:



Post Comment