Loading Now

ਚਾਚਾ ਮੁੜ ਗਿਆ ਵਤਨਾ ਨੂੰ/ਦਲਜੀਤ ਸਿੰਘ ਕਾਹਲੋਂ

ਚਾਚਾ ਮੁੜ ਗਿਆ ਵਤਨਾ ਨੂੰ/ਦਲਜੀਤ ਸਿੰਘ ਕਾਹਲੋਂ

ਵਤਨੋਂ ਦੂਰੇ ਯਾਦ ਸਤਾਵੇ।ਗਾਣੇ ਸੁਣ ਸੁਣ ਦਿਲ ਪਰਚਾਵੇ॥

ਉੱਠ ਸਵੇਰੇ ਨਾਮ ਧਿਆਵੇ । ਫਿਰ ਸਾਰਾ ਦਿਨ ਕਰਮ ਕਮਾਵੇ॥

ਥੱਕ ਹਾਰਕੇ ਬਹਿ ਬਈ ਜਾਵੇ। ਹੋਏ ਹਨੇਰਾ ਪੈ ਬਈ ਜਾਵੇ॥

ਤਾਣਾ ਬਾਣਾ ਐਸਾ ਤਣ ਗਿਆ। ਬੱਸ ਕੋਹਲੂ ਦਾ ਬੱਲਦ ਬਣ ਗਿਆ॥

ਕਦੇ ਨਹੀਂ ਕਰਦਾ ਮੰਨ ਤੇ ਝੇਰਾ। ਇੱਕ ਦਿਨ ਆਊ ਨਵਾਂ ਸਵੇਰਾ॥

ਇਹੀ ਆਸ ਤੇ ਜ਼ਿੰਦਗੀ ਖੁਰ ਗਈ। ਵਾਂਗ ਪਤਾਸੇ ਐਸੀ ਭੁਰ ਗਈ ॥

ਚਹੁੰਦੇ ਹੋਏ ਵੀ ਜਾ ਨਹੀਂ ਸਕਿਆ। ਵਤਨੀ ਫੇਰਾ ਪਾ ਨਹੀਂ ਸਕਿਆ॥

ਸੈੱਟ ਹੋਣ ਤੱਕ ਬਹੁਤ ਝੇੜੀਆਂ। ਪਾ ਰੱਖੀਆਂ ਸੀ ਪੈਰ ਬੇੜੀਆਂ॥

ਚਾਚਾ ਫਿਰਦਾ ਮਾਰੇ ਮਾਰੇ। ਅੰਤ ਚਿ ਖੁੱਲ ਗਏ ਸੰਗਲ ਸਾਰੇ॥

ਕੰਮ ਦਾ ਕੋਟਾ ਹੋ ਗਿਆ ਪੂਰਾ। ਕੋਈ ਕੰਮ ਨਹੀਂ ਰਿਹਾ ਅਧੂਰਾ॥

ਨਿਆਣੇ ਤੱਕਣ ਕੰਮ ਤੇ ਜਾਵੇ। ਅਖੇ ਕਰੂੰਗਾ ਉਹ ਜੋ ਮੰਨ ਨੂੰ ਭਾਵੇ॥

ਇੱਕ ਦਿਨ ਐਸਾ ਖੌਰੂ ਪਾਤਾ। ਸਾਰਾ ਟੱਬਰ ਸੋਚਣ ਲਾਤਾ॥

ਬਗਾਨੀ ਮਿੱਟੀ ਲੋਕ ਪਰਾਏ। ਹੁਣ ਚਾਚਾ ਮੁੜ ਵਤਨੀ ਜਾਏ॥

ਰਾਤ ਨੂੰ ਸੁੱਤਾ ਉੱਠ ਉੱਠ ਬੋਲੇ। ਭੇਦ ਦਿਲਾਂ ਦੇ ਸਾਰੇ ਖੋਲ੍ਹੇ॥

ਇੱਕ ਦਿਨ ਉੱਚੀ ਹੇਕ ਲਗਾਈ। ਚਾਚੀ ਦੌੜੀ ਦੌੜੀ ਆਈ॥

ਕਹਿੰਦਾ ਚੱਕ ਕਾਪੀਆਂ ਪੈਕਿੰਗ ਕਰਦੇ। ਮੇਰੇ ਤਿੰਨੇ ਅਟੈਚੀ ਭਰਦੇ॥

ਇਸੇ ਸੁਪਨੇ ਨਾਲ ਸੋਚ ਦੌੜਾਈ। ਸਮਝੋ ਜੱਟ ਹੋ ਗਿਆ ਹਵਾਈ॥

ਸਾਂਭ ਲਓ ਹੁਣ ਜ਼ੁੰਮੇਵਾਰੀ। ਆਪਣੀ ਵਤਨਾਂ ਵੱਲ ਤਿਆਰੀ॥

ਇੱਕ ਦੱਮ ਜਾ ਕੇ ਟਿੱਕਟ ਕਟਾਈ। ਚਾਚਾ ਹੋ ਗਿਆ ਵਿੱਚ ਹਵਾਈ॥

ਆਪਣੀ ਮਿੱਟੀ ਆਪਣੇ ਲੋਕ। ਪੋਰਟ ਤੇ ਉਤਰਿਆ ਛਾਤੀ ਠੋਕ॥

ਜਾ ਕੇ ਪਿੰਡ ਵਿੱਚ ਡੇਰੇ ਲਾਏ ।ਆਂਢ ਗੁਆਂਢੀ ਸਾਰੇ ਆਏ॥

ਚਾਚਾ ਜਿਉਂ ਵਿਹੜੇ ਵਿੱਚ ਵੜਿਆ। ਸਾਰੇ ਟੱਬਰ ਨੂੰ ਚਾਅ ਜਿਹਾ ਚੜ੍ਹਿਆ॥

ਚਾਚਾ ਚਾਚਾ ਹੋ ਗਈ ਸਾਰੇ ।

ਪਿੰਡ ਸਾਰੇ ਪੈ ਗਏ ਖਲਾਰੇ॥

ਵਾਰੋ ਵਾਰੀ ਸਾਰੇ ਆਉਣ। ਗੱਲਾਂ ਕਰ ਕਰ ਖੁਸ਼ੀ ਮਨਾਉਣ॥

ਐਸੀਆਂ ਯਾਦਾਂ ਦੇ ਪੁਲ ਬੰਨ੍ਹੇ । ਚਾਚਾ ਸਮਝੇ ਆਪਨੂੰ ਫੰਨੇ॥

ਖੁਸ਼ੀ ਚਿ ਚਾਚਾ ਲੱਗ ਪਿਆ ਗਾਉਣ। ਉੱਤੋਂ ਚੱਲ ਪਈ ਪਰਬੱਤੀ ਪੌਣ॥

ਉਸਨੇ ਐਸੀ ਢੰਡ ਵਰਤਾਈ। ਬਹਿ ਗਈ ਖਲਕੱਤ ਝੁੰਡ ਬਣਾਈ॥

ਰੌਣਕ ਹੋ ਗਈ ਚਾਰ ਚੁਫੇਰ। ਚਾਚੇ ਰਤਾ ਨਾ ਲਾਈ ਦੇਰ॥

ਘਰ ਦੇ ਵਿੱਚ ਹੀ ਮਹਿਫ਼ਲ ਸੱਜ ਗਈ। ਇੱਕ ਦੱਮ ਸੋਚ ਦੀ ਘੰਟੀ ਵੱਜ ਗਈ॥ ਸ਼ੁ

ਰੂ ਹੋ ਗਿਆ ਫੇਰ ਨਹੀਂ ਰੁੱਕਿਆ। ਚਾਚਾ ਵਾਂਗ ਸ਼ੇਰ ਦੇ ਬੁੱਕਿਆ॥

ਗੱਲਾਂ ਬਾਤਾਂ ਬੋਲੀ ਜਾਵੇ। ਭੇਦ ਬਦੇਸ਼ੀ ਖੋਲ੍ਹੀ ਜਾਵੇ॥

ਗੱਲਾਂ ਕਰਦਿਆਂ ਪੈ ਗਈ ਰਾਤ । ਚਾਚੇ ਫੇਰ ਮੁਕਾਈ ਬਾਤ॥

ਚਾਚੀ ਦਾ ਫਿਰ ਫੋਨ ਬਈ ਆਇਆ। ਚੱਕ ਕਾਹਲੋਂ ਫੱਟ ਕੰਨ ਨੂੰ ਲਾਇਆ॥

ਕਹਿੰਦੀ ਮਿੱਸ ਤੈਨੂੰ ਕਰਨ ਨਿਆਣੇ। ਛੱਡ ਗਿਆਂ ਸੱਭ ਨੂੰ ਰੱਬ ਦੇ ਭਾਣੇ॥

ਕਹਿੰਦੇ ਸਾਰ ਹੀ ਭਾਵੁਕ ਹੋ ਗਈ। ਵਿੱਚੇ ਈ ਗੱਲ ਦੇ ਇੱਕਦੱਮ ਰੋ ਪਈ॥

ਮੈਂ ਕਿਹਾ ਚਿੰਤਾ ਕਰਦੀ ਕਾਹਤੋਂ ।

ਠੰਡੇ ਹਾਉਕੇ ਭਰਦੀ ਕਾਹਤੋਂ ॥

ਚੜ੍ਹਦੇ ਸਾਲ ਨੂੰ ਆ ਜਾਵਾਂਗਾ।ਆਖਰੀ ਗੇੜਾ ਲਾ ਜਾਵਾਂਗਾ॥

ਏਨਾ ਕਹਿ ਕੇ ਫੋਨ ਸੀ ਕੱਟਿਆ ।

ਝੱਟ ਮੰਜੇ ਤੇ ਪਾਸਾ ਵੱਟਿਆ॥

ਪੈਂਦਿਆਂ ਸਾਰ ਹੀ ਨੀਂਦ ਜਿਹੀ ਆ ਗਈ।

ਚਾਚੀ ਬਾਹਲ਼ੀ ਮੰਨ ਨੂੰ ਭਾ ਗਈ॥

ਪਤਾ ਈ ਨਾ ਲੱਗਾ ਕਿਵੇਂ ਸਾਲ ਚੜ ਗਿਆ। ਚੱਕ ਫੋਨ ਚਾਚਾ ਅੰਦਰ ਵੜ ਗਿਆ॥

ਉੱਚੀ ਉੱਚੀ ਬੋਲੀ ਜਾਵੇ। ਆਪਣੀਆਂ ਖੁਸ਼ੀਆਂ ਫੋਲੀ ਜਾਵੇ॥

ਕਹਿੰਦਾ ਮੈਂ ਮੁੜ ਇੱਥੇ ਈ ਆਊਂ । ਮੰਜਾ ਪੱਕਾ ਇੱਥੇ ਈ ਡਾਂਊਂ॥

ਤੂੰ ਵੀ ਭੁੱਲ ਜਾ ਝਗੜੇ ਝੇੜੇ। ਮੁੜ ਬੈਠਾਂਗੇ ਆਪਣੇ ਵਿਹੜੇ ॥

ਛੱਡ ਪਰਾਂਹ ਕੰਮ ਕੱਸ ਤਿਆਰੀ। ਆ ਗਈ ਹੁਣ ਤੇਰੀ ਵੀ ਵਾਰੀ ॥

ਸਿਆਲ ਦੀਆਂ ਧੁੱਪਾਂ ਬਈ ਆਉਣ । ਸਾਡੇ ਵਿਹੜੇ ਰੌਣਕਾਂ ਲਾਉਣ।

ਸੁਣ ਫੁਰਮਾਨ ਚਾਚੀ ਖੁਸ਼ ਬਾਹਲ਼ੀ। ਚੋਰ ਨਾਲੋਂ ਜਿਵੇਂ ਪੰਡ ਸੀ ਕਾਹਲੀ ॥

ਨਿਆਣਿਆਂ ਤਾਂਈਂ ਪੁੱਜਾ ਫੁਰਮਾਨ । ਉਤਾਂਹ ਮੂੰਹ ਚੱਕ ਤੱਕਣ ਅਸਮਾਨ ॥

ਦੋ ਕਹਿੰਦੇ ਅਸੀਂ ਘੁੰਮਣ ਜਾਣਾ। ਪਰ ਪੱਕਾ ਡੇਰਾ ਅਸਾਂ ਇੱਥੇ ਲਾਣਾ॥

ਤੀਜਾ ਕਹਿੰਦਾ ਮੈਂ ਵੀ ਜਾਊਂ। ਪਰ ਮਾਮੇ/ਮਾਸੀ ਦੇ ਡੇਰੇ ਲਾਊਂ॥

ਸੁਣੀ ਫ਼ਰਿਆਦ ਤੇ ਪੈੱਨ ਜਿਹਾ ਚੱਕ ਲਿਆ । ਪਰ ਆਪਣਾ ਫੈਸਲਾ ਰਾਖਵਾਂ ਰੱਖ ਲਿਆ॥

ਕਹਿੰਦਾ ਹੈਥੇ ਆ ਕੇ ਕਰੂੰ ਨਬੇੜਾ। ਕੌਣ ਰਹੂ ਤੇ ਜਾਊਗਾ ਕਿਹੜਾ?

ਐਨਾ ਕਹਿ ਕੇ ਫਤਿਹ ਬੁਲਾਈ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ ॥

WhatsApp-Image-2025-10-17-at-2.01.54-PM ਚਾਚਾ ਮੁੜ ਗਿਆ ਵਤਨਾ ਨੂੰ/ਦਲਜੀਤ ਸਿੰਘ ਕਾਹਲੋਂ

-ਦਲਜੀਤ ਸਿੰਘ ਕਾਹਲੋਂ (ਸੁਪਰਡੈਂਟ)

Share this content:

Post Comment