Loading Now

ਗੈਸ ਸੰਕਟ: ਕੇਂਦਰ ਖ਼ਿਲਾਫ਼ ਨਿੰਦਾ ਮਤਾ ਪਾਸ

ਗੈਸ ਸੰਕਟ: ਕੇਂਦਰ ਖ਼ਿਲਾਫ਼ ਨਿੰਦਾ ਮਤਾ ਪਾਸ

ਚੰਡੀਗੜ੍ਹ, 13 ਮਾਰਚ – ਪੰਜਾਬ ਵਿਧਾਨ ਸਭਾ ਨੇ ਊਰਜਾ ਤੇ ਵਿਦੇਸ਼ ਨੀਤੀ ਦੀ ਨਾਕਾਮੀ ਕਰ ਕੇ ਦੇਸ਼ ਨੂੰ ਗੈਸ ਤੇ ਤੇਲ ਸੰਕਟ ’ਚ ਪਾਉਣ ਖ਼ਿਲਾਫ਼ ਅੱਜ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਸਰਬਸੰਮਤੀ ਨਾਲ ਨਿੰਦਾ ਮਤਾ ਪਾਸ ਕੀਤਾ। ਬਜਟ ਸੈਸ਼ਨ ਦੌਰਾਨ ਕੇਂਦਰ ਸਰਕਾਰ ਖ਼ਿਲਾਫ਼ ਇਹ ਦੂਜਾ ਨਿੰਦਾ ਪ੍ਰਸਤਾਵ ਹੈ। ਇਸ ਤੋਂ ਪਹਿਲਾਂ ਸਦਨ ਨੇ ਤਜਵੀਜ਼ਤ ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਨਿੰਦਾ ਮਤਾ ਪਾਸ ਕੀਤਾ ਸੀ। ਖ਼ੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਬੁੱਧਵਾਰ ਨੂੰ ਸਦਨ ’ਚ ਕੇਂਦਰ ਖ਼ਿਲਾਫ਼ ਨਿੰਦਾ ਪ੍ਰਸਤਾਵ ਪੇਸ਼ ਕੀਤਾ ਸੀ, ਜਿਸ ਦੀ ਤਾਈਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤੀ ਸੀ। ਕੇਂਦਰ ਸਰਕਾਰ ਖ਼ਿਲਾਫ਼ ਸਦਨ ’ਚ ਨਿੰਦਾ ਮਤਾ ਪਾਸ ਕਰਨ ਮੌਕੇ ਭਾਜਪਾ ਵਿਧਾਇਕ ਗ਼ੈਰ-ਹਾਜ਼ਰ ਸਨ।

ਖ਼ੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਸਦਨ ’ਚ ਬਹਿਸ ਨੂੰ ਸਮੇਟਦਿਆਂ ਕਿਹਾ ਕਿ ਕੇਂਦਰ ਸਰਕਾਰ ਦੀ ਨਾਕਾਮ ਊਰਜਾ ਤੇ ਵਿਦੇਸ਼ ਨੀਤੀ ਨੇ ਦੇਸ਼ ਵਿੱਚ ਊਰਜਾ ਸੰਕਟ ਪੈਦਾ ਕੀਤਾ ਹੈ, ਜਿਸ ਕਰ ਕੇ ਊਰਜਾ ਸੁਰੱਖਿਆ ਲਈ ਗੰਭੀਰ ਖ਼ਤਰਾ ਖੜ੍ਹਾ ਹੋ ਗਿਆ ਹੈ। ਇਸ ਦੇ ਉਲਟ ਕੇਂਦਰ ਨੇ ਗੈਸ ਕੀਮਤਾਂ ਵਧਾ ਦਿੱਤੀਆਂ ਹਨ। ਕਾਰਪੋਰੇਟਾਂ ਦੇ ਹਿੱਤਾਂ ਨੂੰ ਪੂਰਿਆ ਗਿਆ ਹੈ। ਖੇਤੀ ਪ੍ਰਧਾਨ ਸੂਬਾ ਹੋਣ ਕਰ ਕੇ ਪੰਜਾਬ ਨੂੰ ਸਭ ਤੋਂ ਵੱਧ ਮਾਰ ਪਈ ਹੈ। ਕੇਂਦਰ ਸਰਕਾਰ ਕੌਮੀ ਹਿੱਤਾਂ ਦੇ ਅਨੁਕੂਲ ਊਰਜਾ ਤੇ ਵਿਦੇਸ਼ ਨੀਤੀ ਨੂੰ ਪਰਿਭਾਸ਼ਤ ਕਰੇ।

ਉਧਰ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਐਪਸਟੀਨ ਫਾਈਲਾਂ ਦੇ ਡਰੋਂ ਭਾਜਪਾ ਆਗੂਆਂ ਨੇ ਟਰੰਪ ਅੱਗੇ ਗੋਡੇ ਟੇਕੇ ਹਨ। 14 ਮਾਰਚ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੋਗਾ ਰੈਲੀ ਮੌਕੇ ਪੰਜਾਬ ਦੇ ਭਾਜਪਾ ਆਗੂ ਉਨ੍ਹਾਂ ਨੂੰ ਜ਼ਰੂਰ ਪੁੱਛਣ ਕਿ ਕੇਂਦਰ ਨੇ ਪੰਜਾਬ ਦੇ ਫ਼ੰਡ ਕਿਉਂ ਰੋਕੇ ਹਨ। ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਕਿਹਾ ਕਿ ਟਰੰਪ ਦਾ ਦਖ਼ਲ ਭਾਰਤ ਦੀ ਅੰਦਰੂਨੀ ਪ੍ਰਭੂਸੱਤਾ ’ਤੇ ਹਮਲਾ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵੀ ਵਿਦੇਸ਼ ਨੀਤੀ ’ਤੇ ਉਂਗਲ ਉਠਾਈ। ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਦੇਸ਼ ਨੂੰ ਟਰੰਪ ਚਲਾ ਰਿਹਾ ਹੈ। ਬਹਿਸ ’ਚ ਮੰਤਰੀ ਲਾਲਜੀਤ ਭੁੱਲਰ, ਵਿਧਾਇਕ ਵਿਜੈ ਸਿੰਗਲਾ, ਸ਼ੈਰੀ ਕਲਸੀ, ਬ੍ਰਹਮ ਸ਼ੰਕਰ ਜਿੰਪਾ, ਅਵਤਾਰ ਹੈਨਰੀ ਆਦਿ ਵੀ ਸ਼ਾਮਲ ਹੋਏ।

Share this content:

Post Comment