(ਕੈਨੇਡਾ ਦੀ ਪਲੇਠੀ-ਫੇਰੀ-3)/ “ਵਿਲੱਖਣ ਵੀ.ਆਈ.ਪੀ.-ਕੈਨੇਡੀਅਨ ਹੰਸ”/ ਪ੍ਰੋ. ਜਸਵੰਤ ਸਿੰਘ ਗੰਡਮ

ਸਾਡੇ ਇਧਰ ਬਹੁਤ ਵਿਸ਼ੇਸ਼ ਵਿਅਕਤੀ ਜਾਂ ਸ਼ਖਸੀਅਤ ਉਹ ਹੁੰਦੈ ਜਿਸ ਕੋਲ ਲਾਈਟਾਂ ਵਾਲ਼ੀ ਗੱਡੀ ਹੋਵੇ ਜਾਂ ਉਂਝ ਕੋਈ ‘ਪੂਛਲ’ ਲਗੀ ਹੋਵੇ।ਇਹ ਪੂਛਲ ਜਨੌਰਾਂ ਜਾਂ ਪੰਖ-ਪਖੇਰੂਆਂ ਵਾਲੀ ਨਹੀਂ ਸਗੋਂ ਕਿਸੇ ਰੁਤਬੇ-ਅਹੁਦੇ ਦੀ ਹੁੰਦੀ ਐ।ਅਜਿਹੇ ਖਾਸਮ-ਖਾਸ ਜਣਿਆਂ ਨੂੰ ‘ਰਾਈਟ ਆਫ ਵੇਅ’,ਜਾਣੀ ਰਾਹ ਦੀ ਪ੍ਰਾਥਮਿਕਤਾ ਦਾ ਅਧਿਕਾਰ ਹੁੰਦੈ। ਭਾਵ, ਉਹ ਘੂੰ-ਘੂੰ ਕਰਦੇ, ਧੂੜਾਂ ਪੁੱਟਦੇ ਜਾਂ ਛਿੱਟੇ ਪਾਉਂਦੇ ਤੇਰ-ਮੇਰ ਨਾਲੋਂ ਅੱਖ ਦੇ ਫੋਰ ‘ਚ ਅਗੇ ਨਿਕਲ ਸਕਦੇ ਹਨ। ਉਹਨਾਂ ਨੂੰ ਅਗੇ ਜਾਣ ਦੀ ਸਹੂਲਤ ਮੁਹੱਈਆ ਕਰਵਾਉਣ ਵਾਲੇ ਵਰਧੀਧਾਰੀ ਅਧਿਕਾਰੀ ਜਨ-ਸਾਧਾਰਨ, ਜਾਣੀ ਤੇਰ-ਮੇਰ ਨੂੰ ਲੰਮੇਂ ਸਮੇਂ ਤਕ ਰੋਕੀ ਰਖ ਸਕਦੇ ਹਨ।
ਪਰ ਅਸੀਂ ਇਥੇ ਇੱਕ ਵਿਲੱਖਣ ਵੀ.ਆਈ.ਪੀ. ਦੀ ਗੱਲ ਕਰਨ ਲਗੇ ਹਾਂ। ਤੇ ਉਹ ਹੈ ‘ਕੈਨੇਡੀਅਨ ਹੰਸ’। ਆਮ ਤੌਰ ਤੇ ਹੰਸ ਚਿੱਟੇ ਰੰਗ ਦੇ ਹੁੰਦੇ ਹਨ । ਮਨੌਤ ਹੈ ਕਿ ਉਹ ਸਾਗਰ ‘ਚੋਂ ਮੋਤੀ ਚੁਗ ਕੇ ਖਾਂਦੇ ਹਨ ਅਤੇ ਮਾਨਸਰੋਵਰ ਝੀਲ ਉੱਤੇ ਹੁੰਦੇ ਹਨ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਦਾ ਜ਼ਿਕਰ ਹੈ-“ਸਰਵਰ ਅੰਦਿਰ ਹੀਰਾ ਮੋਤੀ ਸੋ ਹੰਸਾ ਕਾ ਖਾਣਾ”।।(ਅੰਗ-956)।ਉਂਝ ਵੀ ਗੁਰਬਾਣੀ ਵਿੱਚ ਹੰਸਾਂ ਦਾ ਬੜਾ ਜ਼ਿਕਰ ਹੈ- “ਹੰਸਾ ਦੇਖਿ ਤਰੰਦਿਆ ਬਗਾ ਆਇਆ ਚਾਉ”।।(ਅੰਗ-1384),”ਕਲਰ ਕੇਰੀ ਛਪੜੀ ਆਇ ਉਲਥੈ ਹੰਝ।।ਚਿੰਜੂ ਬੋੜਨਿ ਨਾ ਪੀਵਹਿ ਉਡਣ ਸੰਦੀ ਡੰਝ”(ਅੰਗ-1381),”ਹੰਸੁ ਉਡਰਿ ਕੋਧ੍ਰੈ ਪਇਆ ਲੋਕੁ ਵਿਡਾਰਣਿ ਜਾਇ।।ਗਹਿਲਾ ਲੋਕੁ ਨ ਜਾਣਦਾ ਹੰਸੁ ਨ ਕੋਧ੍ਰਾ ਖਾਇ”।।(ਅੰਗ-1381)।
ਸਾਡੇ ਇਧਰ ਇਸ ਨੂੰ ਰਾਜਹੰਸ ਕਹਿੰਦੇ ਹਨ।ਪਰ ਕੈਨੇਡੀਅਨ ਹੰਸ ਨੂੰ ਐਨਸਾਈਕਲੋਪੀਡੀਆ ਬਰਿਟੇਨਿਕਾ ਨੇ ‘ਸਲੇਟੀ-ਭੂਰੇ ਰੰਗ ਦੀ ਪਿੱਠ ਵਾਲਾ,ਹਲਕੇ ਰੰਗ ਦੀ ਛਾਤੀ, ਨਿਵੇਕਲੇ ਕਾਲੇ ਰੰਗ ਦੇ ਸਿਰ ਤੇ ਗਰਦਨ ਅਤੇ ਚਿੱਟੀਆਂ ਗੱਲ਼੍ਹਾਂ/ਠੋਡੀ ਵਾਲੇ’ ਉੱਤਰੀ ਅਮਰੀਕਾ ਦੇ ਪੰਛੀ ਦੇ ਤੌਰ ਤੇ ਵਰਗੀਕ੍ਰਿਤ ਕੀਤਾ ਹੈ। ਲੰਮੀ ਗਰਦਨ ਤੇ ਝਿੱਲੀਦਾਰ ਪੌਂਚਿਆਂ ਵਾਲਾ ਇਹ ਪੰਛੀ ਸਮੂਹ-ਪ੍ਰਿਯ ਹੁੰਦੈ।

ਕੈਨੇਡੀਅਨ ਹੰਸ ਦੇ ਨਾਮਕਰਨ ਸਬੰਧੀ ਵੀ ਵੱਖ ਵੱਖ ਧਾਰਨਾਵਾਂ ਹਨ। ਕੁਝ ਸਰੋਤ ਇਹ ਕਹਿੰਦੇ ਹਨ ਕਿ ਇਸ ਦਾ ਨਾਮ ਜੀਵ-ਵਿਗਿਆਨੀ ਜੌਹਨ ਕੈਨੇਡਾ ਦੇ ਨਾਮ ਤੇ ਪਿਆ ਨਾਂ ਕਿ ਕੈਨੇਡਾ ਮੁਲਕ ਦੇ ਨਾਮ ਤੇ।ਪਰ ਬਹੁਤੇ ਸਰੋਤ ਇਸ ਨੂੰ ਇਹ ਕਹਿ ਕੇ ਨਕਾਰਦੇ ਹਨ ਕਿ ਇਹ ਇੱਕ ਪ੍ਰਚੱਲਿਤ ਲੋਕਧਾਰਾ ਹੈ ਪਰ ਸੱਚ ਨਹੀਂ ਕਿਉਂਕਿ ਇਸ ਦੇ ਇਤਿਹਾਸਕ ਸਬੂਤ ਨਹੀਂ ਮਿਲਦੇ।
ਇਹ ਸਰੋਤ ਇਹ ਮੰਨਦੇ ਹਨ ਕਿ 18ਵੀਂ ਸਦੀ ਦੇ ਪ੍ਰਕ੍ਰਿਤੀਵਾਦੀ ਮਾਰਕ ਕੇਟਸਬਾਈ ਨੇ ਇਸ ਦਾ ਵਰਗੀਕਰਨ ਕੀਤਾ ਸੀ,ਜਿਸ ਨੂੰ ਬਾਅਦ ਵਿਚ ਵਰਗੀਕਰਨ ਵਿਗਿਆਨ ਦੇ ਪਿਤਾਮਾ ਸਮਝੇ ਜਾਂਦੇ ਪਸ਼ੂ-ਪੰਛੀ ਜੀਵਨ ਸ਼ਾਸਤਰੀ ਕਾਰਲ ਲਿੱਨਾਈਯੂਸ ਨੇ ਰਸਮੀ ਰੂਪ ‘ਚ ਆਪਣੀ ਪੁਸਤਕ ‘ਸਿਸਟਮਾ ਨੈਚੂਰਾਏ’ ‘ਚ ਜ਼ਿਕਰ ਕੀਤਾ। ਅਕਸਫੋਰਡ ਇੰਗਲਿਸ਼ ਡਿਕਸ਼ਨਰੀ ਅਨੁਸਾਰ ਕੈਨੇਡੀਅਨ ਹੰਸ ਨੂੰ ਅੰਗਰੇਜ਼ੀ ਵਿੱਚ ‘ਗੂਜ਼’ (ਬਹੁਬਚਨ ‘ਗੀਜ਼’) ਕਹਿੰਦੇ ਹਨ ਜੋ ‘ਬਰੈਂਟਾ ਕੈਨੇਡੇਨਿਸਸਿ’ ਨਾਲ ਸਬੰਧਤ ਹੈ। ਸ਼ਬਦ ਬਰੈਂਟਾ ਓਲਡ ਨੌਰਸ ਦੇ ‘ਬਰਨਟ/ਬਲੈਕ’ ਦਾ ਲਾਤੀਨੀਕ੍ਰਿਤ ਰੂਪ ਹੈ ਜੋ ਇਸ ਹੰਸ ਦੇ ਕਾਲੇ ਰੰਗ ਵਲ ਸੰਕੇਤ ਕਰਦਾ ਹੈ।ਤੇ ਜਿਥੋਂ ਤੀਕ ਲਕਬ ‘ਕੈਨੇਡੇਨਿਸਿਸ’ ਦਾ ਸਬੰਧ ਹੈ ਤਾਂ ਇਹ ‘ਨਿਓ-ਲੈਟਿਨ’ ਸ਼ਬਦ ਹੈ ਜਿਸ ਦਾ ਅਰਥ’ਕੈਨੇਡਾ ਤੋਂ’ ਹੈ, ਭਾਵ ਇਹ ਦੋਵੇਂ ਸ਼ਬਦ ਹੰਸ ਦੀ ਉਸ ਸ਼ਰੇਣੀ (‘ਜੀਨੱਸ’) ਨੂੰ ਬਿਆਨਦੇ ਹਨ ਜੋ ਕੈਨੇਡਾ ਵਿਚ ਪਾਇਆ ਜਾਂਦੈ ਤੇ ਜਿਸ ਦਾ ਰੰਗ ਕਾਲਾ/ਗੂੜ੍ਹਾ ਭੁੂਰਾ ਹੁੰਦੈ।ਇਸ ਸ਼ਬਦਕੋਸ਼ ਅਨੁਸਾਰ ਇਸ ਪੰਛੀ ਦੀ ਪਹਿਲੇ ਹਵਾਲੇ ਦੀ ਮਿਤੀ 1772 ਦੀ ਹੈ।

ਇਹ ਪੰਛੀ ਪਰਵਾਸੀ ਵੀ ਹੈ ਤੇ ਕੈਨੇਡਾ ਦਾ ਵਾਸੀ ਵੀ!ਸਰਦੀਆਂ ਦੀ ਰੁੱਤ ਵਿਚ ਇਹ ਅੰਗਰੇਜ਼ੀ ਦੇ ਅਖਰ ‘ਵੀ’ ਦੀ ਸ਼ਕਲ ਦੀ ਉਡਾਨ-ਤਰਤੀਬ ਵਿਚ ਹਜ਼ਾਰਾਂ ਕਿਲੋ ਮੀਟਰ ਦੀ ਦੂਰੀ ਤਹਿ ਕਰਕੇ ਵੀ ਆਉਂਦੈ ਪਰ ਬਹੁਤਿਆਂ ਨੂੰ ਹੁਣ ਇਥੇ ਦੂਸਰੇ ਪਰਵਾਸੀਆਂ ਵਾਂਗ ‘ਪੀ.ਆਰ.’ (ਸਦੀਵੀ ਵਾਸਾ) ਮਿਲ ਗਈ ਹੈ! ਹਾਂ, ਇਸ ਲਈ ਇਹਨਾਂ ਨੂੰ ਮਾਨਵਾਂ ਵਾਂਗ ਕਾਗਜ਼-ਪੱਤਰ ਨਹੀਂ ਬਨਾਉਣੇ ਪਏ ,ਵੀਜ਼ਾ ਨਹੀਂ ਲੈਣਾ ਪਿਆ ਜਾਂ ਫਿਰ ਲੱਖਾਂ ਰੁਪਏ ਨਹੀਂ ਖਰਚਣੇ ਪਏ!
(‘ਵੀ-ਸ਼ੇਪ’ ਉਡਾਨ ਕਾਰਨ ਹਵਾ ਦੀ ਰਗੜ-ਰੋਕ ਘਟ ਜਾਂਦੀ ਐ,ਪੰਛੀਆਂ ਦੀ ਊਰਜਾ ਬਚਦੀ ਐ,ਦਿਸ਼ਾ-ਸੇਧ ਮਿਲਦੀ ਐ ਅਤੇ ਆਗੂ ਪੰਛੀ ਵਾਰੀ ਸਿਰ ਬਦਲਦੇ ਰਹਿੰਦੇ ਹਨ ਤਾਂ ਕਿ ਸਾਹ ਆ ਸਕੇ)
ਇਸੇ ਕਾਰਨ ਹੀ ਕੈਨੇਡਾ ਵਿੱਚ ਲੱਖਾਂ ਦੀ ਗਿਣਤੀ ਵਿਚ ਕੈਨੇਡੀਅਨ ਹੰਸ ਪਰਵਾਸ ਕਰਕੇ ਵੀ ਆਉਂਦੇ ਹਨ ਤੇ ਵਸਦੇ ਵੀ ਹਨ। 60-70 ਲੱਖ ਦੀ ਗਲੋਬਲ ਗਿਣਤੀ ‘ਚੋਂ ਕਰੀਬ 10 ਲੱਖ ਕੈਨੇਡੀਅਨ ਹੰਸ ਇਕੱਲੇ ਕੈਨੇਡਾ ਵਿੱਚ ਹੀ ਰਹਿੰਦੇ ਹਨ! ਪੁਰਾਤਨ ਸਮਿਆਂ ‘ਚ ਉਜਾੜ-ਬੀਆਬਾਨ ਦਾ ਪ੍ਰਤੀਕ ਸਮਝਿਆ ਜਾਣ ਵਾਲਾ ਅਤੇ 50-55 ਸਾਲ ਪਹਿਲਾਂ ਕਿਤੇ ਕਿਤੇ ਦਿਸਣ ਵਾਲਾ ਜਾਂ ਖਪ-ਖਪਾ ਚੁੱਕਾ ਸਮਝਿਆ ਜਾਣ ਵਾਲਾ ਇਹ ਪੰਛੀ ਆਪਣੀ ਅਨੁਕੂਲਣ ਯੋਗਤਾ ਕਾਰਨ ਹੁਣ ਕੈਨੇਡਾ ਦੀ ਰਾਸ਼ਟਰੀ ਪਹਿਚਾਨ ਦੇ ਪ੍ਰਤੀਕਾਂ ‘ਚੋਂ ਇੱਕ ਸਮਝਿਆ ਜਾਂਦੈ! ਇਸ ਦਾ ਮਹੱਤਵ ਇਸ ਗੱਲ ਤੋਂ ਭਲ਼ੀ-ਭਾਂਤ ਲਾਇਆ ਜਾ ਸਕਦੈ ਕਿ ਅਗਸਤ 2024 ਤਕ ਕੈਨੇਡਾ ਵਿਚ ਇਸ ਪੰਛੀ ਦੇ ਨਾਮ ਤੇ 179 ਕੈਨੇਡੀਅਨ ਗੂਜ਼ ਸਟੋਰਜ਼ ਸਨ,ਜਿਹਨਾਂ ‘ਚੋਂ 54 ਤਾਂ ‘ਕੱਲੇ ਓਨਟਾਰੀਉ ਵਿੱਚ ਹੀ ਸਨ।
ਇਹ ਪੰਛੀ ਆਮ ਤੌਰ ਤੇ ਤਾਜ਼ਾ ਪਾਣੀਆਂ ਕੋਲ ਜਾਂ ਇਹਨਾਂ ਪਾਣੀਆਂ ਦੇ ਉੱਪਰ,ਖਾਰੀਆਂ ਝੀਲ਼ਾਂ, ਲੂਣੇ ਦਲਦਲਾਂ ਅਤੇ ਤਟਵਰਤੀ ਝੀਲਾਂ, ਗੌਲਫ ਕੋਰਸਾਂ, ਪਾਰਕਾਂ, ਬੀਚਾਂ, ਖੇਡ ਮੈਦਾਨਾਂ, ਹਰੇ-ਭਰੇ ਲਾਨਾਂ ਤੇ ਵਸੋਂ ਵਾਲੇ ਇਲਾਕਿਆਂ ਵਿਚ ਵੀ ਦੇਖੇ ਜਾ ਸਕਦੇ ਹਨ। ਇਹ ਵੱਖ ਵੱਖ ਤਰ੍ਹਾਂ ਦੇ-ਛੋਟੇ, ਦਰਮਿਆਨੇ ਆਕਾਰ ਦੇ ਅਤੇ ਵਡ-ਆਕਾਰੀ ਵੀ ਹੁੰਦੇ ਹਨ। ਭਾਂਵੇਂ ਇਹ ਸਾਗ-ਉਪਜੀਵੀ ਹਨ ਪਰ ਇਹ ਛੋਟੇ ਕੀੜੇ ਅਤੇ ਮੱਛੀਆਂ ਵੀ ਖਾ ਲੈਂਦੇ ਹਨ। ਇਸ ਨੂੰ ਕੂੜੇ ਦੇ ਡਸਟਬਿਨਾਂ ‘ਚੋਂ ਵੀ ਭੋਜਨ ਖਾਂਦੇ ਨੂੰ ਦੇਖਿਆ ਜਾ ਸਕਦੈ। ਹਰਿਆਵਲੇ ਲਾਨਾਂ ਦਾ ਘਾਹ ਇਸ ਦੀ ਮਨ-ਪਸੰਦ ਖੁਰਾਕ ਹੈ। ਕਈ ਲੋਕ ਵੀ ਇਸ ਨੂੰ ਦਾਣੇ ਆਦਿਕ ਜਾਂ ਹੋਰ ਭੋਜਨ-ਵਸਤਾਂ ਪਾਉਂਦੇ ਦੇਖੇ ਜਾ ਸਕਦੇ ਹਨ। ਇਸੇ ਕਾਰਨ ਇਹ ਮਾਨਵ ਤੋਂ ਡਰਦਾ ਨਹੀਂ ਸਗੋਂ ਕਈ ਵਾਰ ਕੋਲ ਆ ਕੇ ਖਾਣ ਲਈ ਮੰਗਣ ਵੀ ਲਗ ਪੈਂਦੈ, ਜੋ ਆਮ ਲੋਕਾਂ ਦੁਆਰਾ ਮੁਸੀਬਤ ਮੰਨਿਆਂ ਜਾਂਦੈ। ਇਸ ਦੀਆਂ ਬਿੱਠਾਂ ਦੇ ਗੰਦ, ਫਸਲਾਂ ਨੂੰ ਖਰਾਬ ਕਰਨ, ਲੋਕਾਂ ਪਿਛੇ ਜਾਣ ਅਤੇ ਕਈ ਵਾਰ ਆਕਰਮਕ ਹੋਣ ਕਾਰਨ ਕਈ ਲੋਕ ਇਸ ਨੂੰ ਮਾੜਾ ਵੀ ਸਮਝਣ ਲਗ ਪਰੇ ਹਨ।
ਖੈਰ, ਕੈਨੇਡੀਅਨ ਹੰਸ ਬਹੁਤ ਸੁਰੱਖਿਅਤ ਜੀਵ ਹੈ। ਇਸ ਨਾਲ ਛੇੜ-ਛਾੜ ਕਰਨ ਦੀ ਸਖਤ ਮਨਾਹੀ ਹੈ। ਜਿਥੇ ਵੀ ਕਿਸੇ ਜਲ-ਸਰੋਤ ਕੋਲ ਇਹ ਰਹਿੰਦੇ ਹੋਣ, ਉਸ ਲਾਗਲੀਆਂ ਸੜਕਾਂ ਉਪਰ ਇਸ ਪੰਛੀ ਦੀ ਫੋਟੋ ਵਾਲੇ ਬੋਰਡ ਲਗੇ ਹੁੰਦੇ ਹਨ ਤਾਂ ਕਿ ਸਾਵਧਾਨੀ ਵਰਤੀ ਜਾ ਸਕੇ।

ਬੇਸ਼ਕ ਅਸੀਂ ਇੱਕ ਦੋ ਵਾਰ ਨਿੱਜੀ ਚੈਨਲਾਂ ਜਾਂ ਯੂ-ਟਿਯੂਬ ਉੱਪਰ ਇਹ ਦੇਖਿਆ ਸੀ ਕਿ ਜਦ ਇਹ ਪੰਛੀ ਸੜਕ ਪਾਰ ਕਰਦੇ ਹਨ ਤਾਂ ਗੱਡੀਆਂ(ਟ੍ਰੈਫਿਕ) ਰੁਕ ਜਾਂਦੀਆਂ ਹਨ। ਪਰ ਅਸੀਂ ਆਪਣੀਆਂ ਅੱਖਾਂ ਨਾਲ ਸਿੱਧਾ ਜਾਂ ‘ਲਾਈਵ’ ਨਜ਼ਾਰਾ ਕਦੀ ਨਹੀਂ ਸੀ ਦੇਖਿਆ। ਪਰ ਇਹ ਦ੍ਰਿਸ਼ ਸਾਨੂੰ ਟੋਰਾਂਟੋ ਦੇ ਸ਼ਹਿਰ ਬ੍ਰੈਂਪਟਨ ਦੇ ਬਾਹਰ-ਵਾਰ ਇੱਕ ਖੁਲ਼੍ਹੇ ਖੇਤਰ ਵਿਚ ਦੇਖਣ ਨੂੰ ਮਿਲਿਆ। ਪਹਿਲਾਂ ਤਾਂ ਇੱਕ ਖੇਤ ਵਿਚ ਵਡ-ਆਕਾਰੀ ਪੰਛੀ ਚੁਗਦੇ ਦੇਖੇ ਪਰ ਅਸੀਂ ਫੋਟੋ ਨਹੀਂ ਖਿਚ ਸਕੇ ਕਿਉਂਕਿ ਸਾਡੇ ਬੇਟੇ ਨੇ ਇਹ ਕਹਿ ਕੇ ਮਨ੍ਹਾਂ ਕਰ ਦਿਤਾ ਕਿ ਅਜਿਹਾ ਕਰਨਾ ਵਰਜਿਤ ਹੈ।ਫਿਰ ਅਸੀਂ ਉਦੋਂ ਹੈਰਾਨ ਰਹਿ ਗਏ ਜਦ ਇਕ ਚੌਂਕ ਵਿਚ ਚਾਰੇ ਪਾਸਿਉਂ ਆਉਂਦੀਆਂ ਕਾਰਾਂ ਰੁਕ ਗਈਆਂ ਕਿਉਂਕਿ ਕੈਨੇਡੀਅਨ ਹੰਸਾਂ ਦੀ ਇੱਕ ਔਸਤ ਆਕਾਰ ਦੀ ਢਾਣੀ ਸੜਕ ਪਾਰ ਕਰ ਰਹੀ ਸੀ। ਇੱਕ ਆਗੂ ਦੀ ਅਗਵਾਈ ਵਿਚ ਬਾਕੀ ਪੰਛੀ ਮੜਕ ਮੜਕ, ਠੁਮਕ ਠੁਮਕ ਤੁਰ ਰਹੇ ਸਨ, ਬਿਨਾਂ ਕਿਸੇ ਡਰ-ਭਉ ਦੇ ਜਾਂ ਕਾਹਲ ਦੇ। ਕਿਉਂਕਿ ਹੰਸਾਂ ਦੀ ਚਾਲ ਨਿਰਾਲੀ ਹੁੰਦੀ ਹੈ(ਯਾਦ ਹੈ ਨਾ ‘ਕਊਆ ਚਲਾ ਹੰਸ ਕੀ ਚਾਲ ਅਪਨੀ ਭੀ ਭੁਲ ਗਯਾ’ਵਾਲਾ ਅਖਾਣ) ਆਰਾਮ ਨਾਲ ਚੌੜੀ ਸੜਕ ਪਾਰ ਕਰਦਿਆਂ ਕਾਫੀ ਸਮਾਂ ਲਗਾ ਪਰ ਮਜਾਲ ਹੈ ਕਿ ਇੱਕ ਕਾਰ ਵੀ ਚਲੀ ਹੋਵੇ! ਸਭ ਗੱਡੀਆਂ ਉਦੋਂ ਹੀ ਤੁਰੀਆਂ ਜਦ ਇਹ ਹੰਸ ਸੜਕ ਪਾਰ ਕਰ ਗਏ। ਬੇਟੇ ਸਿਮਰਨ ਦੀ ਕਾਰ ‘ਚ ਬੈਠਿਆਂ ਹੀ ਅਸੀਂ ਉਹਨਾਂ ਦੀ ਫੋਟੋ ਖਿੱਚੀ, ਜੋ ਬੇਸ਼ਕ ਸਾਡੀ ਇੱਛਾ ਅਨੁਸਾਰ ਤਾਂ ਨਹੀਂ ਖਿੱਚ ਹੋਈ ਪਰ ਸਨਦ ਰਹਿ ਗਈ ਕਿ ਕਿਵੇਂ ਕੈਨੇਡੀਅਨ ਹੰਸ ਕੈਨੇਡਾ ਵਿੱਚ ਇੱਕ ਵਿਲੱਖਣ ਵੀ.ਆਈ.ਪੀ. ਹੈ!
ਟੇਲਪੀਸ:ਟੋਰਾਂਟੋ ‘ਚ ਕੈਨੇਡੀਅਨ ਹੰਸਾਂ ਦੀ ਇੱਕ ਲੰਮੀ ਕਤਾਰ ਦੁਆਰਾ ਸੜਕ ਪਾਰ ਕਰਦਿਆਂ ਦੀ ਪੋਸਟ ਦੇਖੀ। ਪੋਸਟ ਪਾਉਣ ਵਾਲੇ ਮਨਚਲੇ ਨੇ ਲਿਖਿਆ ਸੀ-ਕੀ ਹੁਣ ਕੈਨੇਡਾ ਵਿਚ ਇੱਕ ਵੱਖਰੀ ‘ਗੂਸ-ਲੇਨ’(ਹੰਸਾਂ ਲਈ ਵੱਖਰਾ ਭੀੜਾ-ਰਾਹ) ਵੀ ਬਨਾਉਣੀ ਪਊ! ਉਸ ਦਾ ਮਤਲਬ ਸੀ ਕਿ ਪਹਿਲਾਂ ਹੀ ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਚਲਾਉਣ ਵਾਲਿਆਂ ਲਈ ਸੜਕਾਂ ਉੱਪਰ ਵੱਖਰੀਆਂ ਲੇਨਾਂ ਹਨ ਤੇ ਕੀ ਹੁਣ ਹੰਸਾਂ ਦੇ ਸੜਕ-ਪਾਰ ਕਰਨ ਲਈ ਵੀ ਵੱਖ ਲੇਨ ਬਨਉਣੀ ਪਵੇਗੀ!

-ਪ੍ਰੋ. ਜਸਵੰਤ ਸਿੰਘ ਗੰਡਮ,ਫਗਵਾੜਾ,98766-55055
Share this content:


Post Comment