Loading Now

ਕਹਾਣੀ/ਟੱਕਰ/ਡਾਕਟਰ ਅਜੀਤ ਸਿੰਘ ਕੋਟਕਪੂਰਾ

ਕਹਾਣੀ/ਟੱਕਰ/ਡਾਕਟਰ ਅਜੀਤ ਸਿੰਘ ਕੋਟਕਪੂਰਾ

ਪੂਰੋ ਦੀਆਂ ਬਲੋਰੀ ਅੱਖਾਂ ਨੂੰ ਵੇਖ ਕੇ ਤਾਂ ਉਹ ਉਸ ਤੇ ਲੱਟੂ ਹੋਇਆ ਸੀ | ਉਸ ਦਾ ਭਰਵਾਂ ਸਰੀਰ ਉਸ ਦੀ ਜਵਾਨੀ ਨੂੰ ਹੋਰ ਹੁਸੀਨ ਬਣਾ ਰਿਹਾ ਸੀ | ਉਨ੍ਹਾਂ ਦੀ ਮੁਲਾਕਾਤ ਮੇਲੇ ਵਿਚ ਹੋ ਚੁਕੀ ਸੀ | ਪੂਰੋ ਨੂੰ ਉਹ ਇਸ ਮੁਲਾਕਾਤ ਤੋਂ ਪਹਿਲਾਂ ਵੀ ਵੇਖ ਚੁਕਾ ਸੀ ਕਦੇ ਕਦੇ ਸਕੂਲ ਤੋਂ ਆਓਂਦੀ ਜਾਂਦੀ ਨੂੰ ਕਈ ਵਾਰ ਉਸ ਡਿਠਾ ਸੀ ਉਸ ਦੀਆਂ ਬਲੋਰੀ ਮੋਟੀਆਂ ਅੱਖਾਂ ਉਸ ਨੂੰ ਪਸੰਦ ਸਨ | ਉਸ ਦੇ ਹੁਸਨ ਦੀ ਵੀ ਉਹ ਸਲਾਹੁਤਾ ਕਰਦਾ ਸੀ | ਗੱਜਣ ਇਕ ਮੇਲੇ ਵਿਚ ਘੁੰਮ ਰਿਹਾ ਸੀ | ਅਚਾਨਕ ਉਸ ਦੀ ਨਜ਼ਰ ਸਾਹਮਣੇ ਤੋਂ ਆਓਂਦੀ ਔਰਤ ਤੇ ਪਈ | ਉਸ ਔਰਤ ਦਾ ਮੂੰਹ ਉਡਿਆ ਹੋਇਆ ਸੀ ਪਰ ਨੈਣਾ ਵਿਚ ਕਜਰਾ ਬੋਲੀਆਂ ਪਾ ਰਿਹਾ ਸੀ | ਗੱਜਣ ਦੀ ਉਸ ਤੇ ਅੱਖ ਪਈ ਤਾਂ ਉਸ ਮੁਟਿਆਰ ਵਲ ਉਹ ਖਿਚਿਆ ਗਿਆ | ਉਹ ਇਨ੍ਹਾਂ ਖਿਆਲਾ ਵਿਚ ਗੁਆਚਿਆ ਹੋਇਆ ਜਾ ਰਿਹਾ ਸੀ ਕਿ ਪੂਰੋ ਵਿਚ ਟਕਰਾ ਗਿਆ | ਪੂਰੋ ਦਾ ਝੋਲਾ ਥੱਲੇ ਡਿਗ ਪਿਆ ਉਸ ਝੋਲੇ ਨੂੰ ਚੁੱਕਣ ਖਾਤਿਰ ਉਹ ਇਕੋ ਵੇਲੇ ਦੋਵੇਂ ਹੀ ਝੁਕ ਗਏ |
ਇਹ ਤਾਂ ਪਤਾ ਨਹੀਂ ਲੱਗ ਸਕਿਆ ਕਿ ਪਹਿਲ ਕਿਸ ਨੇ ਕੀਤੀ ਸੀ ਪਰ ਝੁਕਣ ਸਮੇਂ ਦੋਵਾਂ ਦੀਆਂ ਅੱਖਾਂ ਚਾਰ ਹੋਈਆਂ | ਗੱਜਣ ਨੇ ਪੂਰੋ ਦੀਆਂ ਅੱਖਾਂ ਅੰਦਰ ਇਕ ਅਜੀਬ ਕਿਸਮ ਦੀ ਖਿੱਚ ਪ੍ਰਤੀਤ ਹੋਈ | ਨਜ਼ਰਾਂ ਹਟਾਉਣ ਦੀ ਕਿਸੇ ਨੂੰ ਵੀ ਕਾਹਲੀ ਨਹੀਂ ਸੀ ਅਤੇ ਉਹ ਦੋਵੇਂ ਹੀ ਇਕ ਦੂਜੇ ਨਾਲ ਗੱਲਾਂ ਆਪਣੀਆਂ ਅੱਖਾਂ ਰਾਹੀਂ ਹੀ ਕਰਨ ਲੱਗੇ | ਗੱਜਣ ਨੇ ਆਪਣੇ ਆਪ ਨੂੰ ਸੰਭਾਲਿਆ | ਪੂਰੋ ਨੇ ਆਪਣੀ ਅੱਖਾਂ ਦੀਆਂ ਪਲਕਾਂ ਨੂੰ ਝਪਕਿਆ ਤੇ ਉਹ ਖੁਲ ਕੇ ਹੱਸਣ ਲਗੀ ਜਿਵੇ ਉਸ ਨੇ ਕਿਸੇ ਆਪਣੇ ਨੂੰ ਹੀ ਵੇਖ ਲਿਆ ਹੁੰਦਾ ਹੈ | ਗੱਜਣ ਨੂੰ ਲੱਗਾ ਕਿ ਉਸ ਦੇ ਮੂੰਹ ਉਪਰ ਅਜੇ ਵੀ ਚੱਟਣੀ ਲਗੀ ਹੋਵੇ, ਤਾਂ ਹੀ ਇਹ ਮੁਟਿਆਰ ਮੇਰੇ ਚੇਹਰੇ ਵਲ ਦੇਖ ਕੇ ਉਸ ਦਾ ਹਾਸਾ ਛੁਟ ਗਿਆ ਸੀ, ਕਿਓਂ ਕਿ ਉਹ ਕੁਝ ਦੇਰ ਪਹਿਲਾਂ ਚੱਟਣੀ ਨਾਲ ਪਕੌੜੇ ਖਾ ਕੇ ਹਟਿਆ ਸੀ | ਉਸ ਨੇ ਆਪਣਾ ਮੂੰਹ ਆਪਣੇ ਹੀ ਝੱਗੇ ਨਾਲ ਸਵਾਰ ਕੇ ਪੂੰਝ ਲਿਆ ਸੀ ਤੇ ਉਸ ਨੇ ਫੇਰ ਮੁਟਿਆਰ ਵਲ ਡਿਠਾ | ਇਸ ਤਰਾਂ ਉਨ੍ਹਾਂ ਦੀ ਪਹਿਲੀ ਮੁਲਾਕਾਤ ਅਚਾਨਕ ਹੋਈ ਸੀ | ਉਹ ਇਕ ਦੂਜੇ ਦੇ ਸੰਗ ਸੰਗ ਤੁਰਨ ਲਗ ਪਏ ਸੀ | ਮੇਲਾ ਦੋਹਾਂ ਨੂੰ ਹੁਣ ਭਰਿਆ ਭਰਿਆ ਮਹਿਸੂਸ ਹੋ ਰਿਹਾ ਸੀ | ਉਹ ਆਪਣੀ ਵੱਖਰੀ ਦੁਨੀਆ ਵਿਚ ਮਸਤ ਹੋ ਗਏ ਸਨ | ਦੋਵੇਂ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲਗੇ | ਅਜਨਬੀ ਹੁੰਦੇ ਹੋਏ ਵੀ ਹੁਣ ਲੋਕਾਂ ਨੂੰ ਇੰਜ ਲਗਦੇ ਸਨ ਜਿਵੇਂ ਉਨ੍ਹਾਂ ਦੀ ਲੰਮੇ ਸਮੇਂ ਤੋਂ ਜਾਣ ਪਛਾਣ ਹੋਵੇ |
ਪੂਰੋ ਨੇ ਗੱਜਣ ਨੂੰ ਦੱਸਿਆ ਕਿ ਉਸ ਨੇ ਦਸਵੀਂ ਜਮਾਤ ਆਪਣੇ ਪਿੰਡ ਦੇ ਸਕੂਲ ਵਿਚੋਂ ਹੀ ਕੀਤੀ ਹੋਈ ਹੈ | ਉਸ ਨੇ ਆਪਣੇ ਪਿੰਡ ਬਾਰੇ ਵੀ ਦੱਸਿਆ | ਗੱਜਣ ਉਸ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣ ਰਿਹਾ ਸੀ | ਗੱਜਣ ਨੇ ਵੀ ਦੱਸਿਆ ਕਿ ਉਸ ਨੇ ਤਾਂ ਕਾਲਿਜ ਵਿਚੋਂ ਬੀ ਏ ਕਰ ਲਈ ਹੈ ਤੇ ਹੁਣ ਆਪਣੇ ਮਾਪਿਆਂ ਨਾਲ ਖੇਤੀ ਦੇ ਕੰਮ ਵਿਚ ਲੱਗਾ ਹੋਇਆ ਹੈ | ਫਸਲ ਦੀ ਸਾਂਭ ਸੰਭਾਲ ਤੋਂ ਬਾਅਦ ਅੱਜ ਮੇਲਾ ਵੇਖਣ ਲਈ ਆ ਗਿਆ ਸੀ | ਉਸ ਨੇ ਦੱਸਿਆ ਕਿ ਮੈਂ ਤਾਂ ਮੇਲੇ ਵਿਚੋਂ ਪਕੌੜੇ ਖਾਧੇ ਹੋਏ ਹਨ ਤੂੰ ਦੱਸ ਤੈਨੂੰ ਕਿ ਖਵਾਂਵਾ | ਪਹਿਲਾਂ ਤਾਂ ਪੂਰੋ ਸ਼ਰਮਾਈ ਫਿਰ ਉਸ ਨੇ ਅਗੇ ਸਮੋਸੇ ਵਾਲਾ ਸਟਾਲ ਦੇਖਿਆ ਤਾਂ ਉਥੇ ਰੁਕ ਗਈ ਗੱਜਣ ਵੀ ਸਮਝ ਗਿਆ ਕਿ ਇਸ ਮੁਟਿਆਰ ਦਾ ਚਾਹ ਨਾਲ ਸਮੋਸੇ ਖਾਣ ਦਾ ਮਨ ਹੈ | ਉਸ ਨੇ ਸਮੋਸਿਆਂ ਵਾਲੇ ਨੂੰ ਸਮੋਸੇ ਅਤੇ ਚਾਹ ਦੇਣ ਲਈ ਆਖ ਦਿਤਾ ਤੇ ਆਪ ਉਥੇ ਪਏ ਬੇਂਚ ਤੇ ਬੈਠ ਕੇ ਚਾਹ ਦਾ ਇੰਤਜ਼ਾਰ ਕਰਨ ਲੱਗੇ |
ਹੁਣ ਉਹ ਮਹਿਸੂਸ ਕਰ ਰਹੇ ਸਨ ਕਿ ਇਸ ਮੇਲੇ ਦੇ ਅੰਦਰ ਸਾਨੂੰ ਕੋਈ ਵੀ ਜਾਣਦਾ ਨਹੀਂ ਹੈ | ਅਸੀਂ ਕੁਝ ਦੇਰ ਇਥੇ ਬਿਤਾ ਕੇ ਮੌਜ ਮੇਲਾ ਕਰ ਘਰ ਚਲੇ ਜਾਵਾਂਗੇ | ਗੱਲਾਂ ਗੱਲਾਂ ਵਿਚ ਉਨ੍ਹਾਂ ਨੇ ਇਕ ਦੂਸਰੇ ਦੇ ਫੋਨ ਨੰਬਰ ਨੋਟ ਕਰ ਲਏ | ਇਕ ਦੂਜੇ ਦੇ ਪਿੰਡਾਂ ਬਾਰੇ ਵੀ ਜਾਣਕਾਰੀ ਦੀ ਅਦਲਾ ਬਦਲੀ ਕਰ ਲਈ | ਹੁਣ ਉਹ ਇਕ ਦੂਜੇ ਦੇ ਨਾਂ ਤੋਂ ਵੀ ਵਾਕਫ਼ ਹੋ ਚੁਕੇ ਸਨ | ਚਾਹ ਪੀਂਦੇ ਹੋਏ ਉਨ੍ਹਾਂ ਨੇ ਕਾਫੀ ਸਾਰੀਆਂ ਗੱਲਾਂ ਕੀਤੀਆਂ | ਦੋਹਾਂ ਦਾ ਹਾਲੇ ਹੋਰ ਗੱਲਾਂ ਕਰਨ ਦਾ ਮਨ ਸੀ ਪਰ ਸਮੋਸੇ ਤੇ ਚਾਹ ਮੁੱਕਣ ਤੇ ਉਹ ਉਥੋਂ ਉੱਠ ਪਏ ਤੇ ਮੇਲੇ ਦੇ ਅੰਦਰ ਵਲ ਨੂੰ ਹੋ ਤੁਰੇ | ਉਨ੍ਹਾਂ ਨੇ ਇਕ ਚੂੜੀਆਂ ਵਾਲੇ ਦੀ ਸਟਾਲ ਦੇਖੀ ਉਸ ਵਿਚ ਰੰਗ ਬਰੰਗੀਆਂ ਚੂੜੀਆਂ ਮਨ ਨੂੰ ਮੋਹ ਰਹੀਆਂ ਸਨ | ਪੂਰੋ ਦਾ ਚੂੜੀਆਂ ਚੜਾਉਣ ਨੂੰ ਮਨ ਕਰ ਆਇਆ ਪ੍ਰੰਤੂ ਉਸ ਨੂੰ ਕੁਝ ਸ਼ਰਮ ਮਹਿਸੂਸ ਹੋਈ ਅਤੇ ਵਿਚਾਰ ਤਿਆਗ ਦਿਤਾ |
ਭਾਵੇਂ ਗੱਜਣ ਨੂੰ ਵੀ ਸਮਝ ਪੈ ਗਈ ਸੀ ਕਿ ਮੁਟਿਆਰ ਚੂੜੀਆਂ ਚੜਾਉਣ ਲਈ ਤਿਆਰ ਹੈ ਪਰ ਉਸ ਨੇ ਵੀ ਜਿਆਦਾ ਜ਼ੋਰ ਨਾ ਪਾਇਆ ਅਤੇ ਅਗੇ ਵਲ ਵੱਧ ਗਏ | ਸ਼ਾਮ ਢੱਲਣ ਤੇ ਦੋਵੇਂ ਇਕ ਦੂਜੇ ਤੋਂ ਫਿਰ ਕਦੇ ਮਿਲਣ ਲਈ ਆਪੋ ਆਪਣੇ ਰਾਹ ਪੈ ਗਏ | ਗੱਜਣ ਨੇ ਉਸ ਨੂੰ ਛੇਤੀ ਮਿਲਣ ਦਾ ਇਕਰਾਰ ਕੀਤਾ ਅਤੇ ਪੂਰੋ ਨੇ ਵੀ ਹਾਮੀ ਭਰ ਦਿਤੀ | ਪੂਰੋ ਨੂੰ ਉਸ ਦਾ ਮਾਮਾ ਟੱਕਰ ਗਿਆ ਜਿਹੜਾ ਉਸ ਨੂੰ ਹੀ ਲੱਭ ਰਿਹਾ ਸੀ ਕਿਓਂ ਜੋ ਉਹ ਘਰੇ ਬਿਨਾ ਦਸੇ ਹੀ ਕਿਤੇ ਚਲੀ ਗਈ ਸੀ | ਉਸ ਦੇ ਮਾਮੇ ਨੇ ਮੇਲੇ ਵਿਚ ਲੱਭਣ ਦਾ ਮਨ ਬਣਾਇਆ ਅਤੇ ਮੇਲੇ ਵਿਚ ਇਸ ਮੰਤਵ ਨਾਲ ਆ ਗਿਆ ਸੀ | ਜਦੋਂ ਉਸ ਨੇ ਪੂਰੋ ਨੂੰ ਵੇਖਿਆ ਤਾਂ ਉਸ ਦਾ ਗੁੱਸਾ ਠੰਡਾ ਹੋ ਗਿਆ ਤੇ ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਮਨਾਇਆ ਕਿਓਂਕਿ ਪੂਰੋ ਮਿਲ ਗਈ ਸੀ | ਉਸ ਦੇ ਮਨ ਅੰਦਰ ਦਾ ਉਬਾਲ ਵੀ ਠੰਡਾ ਹੋ ਗਿਆ ਸੀ | ਉਸ ਨੇ ਮੇਲੇ ਵਿਚ ਪੂਰੋ ਨੂੰ ਆਖਿਆ ਚਲ ਪੁੱਤ ਘਰ ਚਲੀਏ | ਪੂਰੋ ਵੀ ਉਸ ਦੇ ਨਾਲ ਚਲ ਪਈ | ਮਾਮਾ ਉਸ ਨਾਲ ਮਿਠੀਆਂ ਮਿਠੀਆਂ ਗੱਲਾਂ ਕਰ ਉਸ ਦਾ ਮਨ ਠੰਡਾ ਕਰ ਰਿਹਾ ਸੀ ਉਸ ਨੂੰ ਪਤਾ ਸੀ ਕਿ ਉਹ ਮਾਮੀ ਨਾਲ ਲੜ ਕੇ ਘਰੋਂ ਝੋਲਾ ਚੁੱਕ ਕੇ ਕਿਸੇ ਅਣਜਾਣ ਥਾਂ ਲਈ ਨਿਕਲੀ ਸੀ ਅਤੇ ਮਾਮੀ ਨੂੰ ਆਖ ਕੇ ਆਈ ਸੀ ਜੇ ਕਰ ਤੁਸੀਂ ਮੇਰਾ ਵਿਆਹ ਆਪਣੀ ਰਿਸ਼ਤੇਦਾਰੀ ਵਾਲੇ ਲੜਕੇ ਜੋਰੇ ਨਾਲ ਕਰਨਾ ਹੈ ਤਾਂ ਮੈਂ ਇਸ ਘਰ ਵਿਚ ਨਹੀਂ ਰਹਾਂਗੀ ਤੇ ਆਪਣੇ ਮਾਪਿਆਂ ਦੇ ਪਿੰਡ, ਉਸ ਘਰ ਵਿਚ ਚਲੀ ਜਾਵਾਂਗੀ ਜਿਥੋਂ ਮੇਰੇ ਮਾਪੇ ਮੈਨੂੰ ਛੋਟੀ ਜਿਹੀ ਨੂੰ ਛੱਡ ਕੇ ਉਥੇ ਚਲੇ ਗਏ ਸਨ ਜਿਥੋਂ ਕਦੇ ਕੋਈ ਵਾਪਸ ਨਹੀਂ ਆਇਆ, ਵਾਪਸ ਚਲੀ ਜਾਵਾਂਗੀ ਤੇ ਇਸ ਖਿਆਲ ਨੂੰ ਲੈ ਕੇ ਘਰੋਂ ਨਿਕਲ ਤੁਰੀ ਸੀ | ਮੇਲੇ ਵਿਚ ਗੱਜਣ ਉਸ ਨੂੰ ਮਿਲ ਗਿਆ ਸੀ ਅਤੇ  ਉਸ ਨੇ ਇਹ ਜਾਣ ਲਿਆ ਸੀ ਕਿ ਗੱਜਣ ਚੰਗੇ ਘਰ ਦਾ ਲੜਕਾ ਹੈ ਇਨ੍ਹਾਂ ਕੋਲ ਪੈਲੀ ਵੀ ਚੰਗੀ ਹੈ ਮਾਪਿਆਂ ਦਾ ਇਕਲੌਤਾ ਹੀ ਪੁੱਤਰ ਹੈ | ਸਾਰਾ ਦਿਨ ਉਸ ਨਾਲ ਬਿਤਾ ਕੇ ਉਸ ਨੇ ਅੰਦਾਜ਼ਾ ਕਰ ਲਿਆ ਕਿ ਨਸ਼ਾ ਨਹੀਂ ਕਰਦਾ ਹੈ | ਮੇਲੇ ਵਿਚ ਆ ਕਿ ਜੱਟ ਨੇ ਦਾਰੂ ਨਾ ਪੀਤੀ ਹੋਵੇ ਇਹ ਤਾਂ ਸੰਭਵ ਹੀ ਨਹੀਂ ਹੈ | ਇਸ ਲਈ ਮੈਂ ਇਸ ਨਾਲ ਆਪਣਾ ਜੀਵਨ ਗੁਜ਼ਾਰ ਸਕਦੀ ਹਾਂ |
ਘਰੇ ਜਿਥੇ ਰਿਸ਼ਤੇ ਦੀ ਗੱਲ ਚਲਾਈ ਹੋਈ ਸੀ ਉਸ ਜੋਰੇ ਨੂੰ ਤਾਂ ਉਹ ਜਾਣਦੀ ਸੀ | ਉਹ ਤਾਂ ਚੰਗੀ ਪੈਲੀ ਹੋਣ ਦੇ ਬਾਵਜੂਦ ਵੀ ਆਪਣੇ ਮਾਪਿਆਂ ਤੋਂ ਬਾਹਰੀ ਸੀ | ਨਸ਼ਾ ਕਰ ਕੇ ਉਹ ਗਲੀਆਂ ਦੇ ਗੇੜੇ ਲਾਉਂਦਾ ਰਹਿੰਦਾ ਸੀ | ਇਕ ਦੋ ਵਾਰ ਤਾਂ ਉਸ ਨੂੰ ਉਸ ਦੇ ਸਾਥੀਆਂ ਨੂੰ ਸੜਕ ਤੇ ਡਿਗੇ ਹੋਏ ਨੂੰ ਲੋਕਾਂ ਨੇ ਚੁੱਕ ਕੇ ਘਰ ਪੁਚਾਇਆ ਸੀ | ਉਸ ਦੇ ਮਾਪਿਆਂ ਨੇ ਇਸ ਗੱਲ ਦੀ ਸ਼ਰਮਿੰਦਗੀ ਮਹਿਸੂਸ ਕੀਤੀ ਸੀ ਅਤੇ ਉਨ੍ਹਾਂ ਲੋਕਾਂ ਦਾ ਤਹਿਦਿਲ ਤੋਂ ਧੰਨਵਾਦ ਕੀਤਾ ਸੀ | ਪੂਰੋ ਨੂੰ ਇਹ ਸਾਰੀਆਂ ਗੱਲਾਂ ਉਸ ਦੀ ਜਮਾਤਣ ਨੇ ਦੱਸੀਆਂ ਸੀ ਜਿਹੜੀ ਉਸ ਨੂੰ ਚੰਗੀ ਤਰਾਂ ਜਾਣਦੀ ਸੀ | ਉਸ ਨੇ ਇਹ ਵੀ ਦੱਸਿਆ ਸੀ ਕਿ ਉਹ ਲੜਕਾ ਤਾਂ ਦਸਵੀਂ ਵਿਚ ਦੋ ਵਾਰ ਫੇਲ ਹੋ ਜਾਣ ਤੋਂ ਬਾਅਦ ਵੀ ਦਸਵੀਂ ਪਾਸ ਨਹੀਂ ਕਰ ਸਕਿਆ ਸੀ | ਇਹ ਸਭ ਕੁਝ ਜਾਣ ਲੈਣ ਤੋਂ ਬਾਅਦ ਪੂਰੋ ਉਸ ਨਾਲ ਵਿਆਹ ਕਰਵਾਉਣ ਤੋਂ ਇਨਕਾਰੀ ਸੀ | ਪਰ ਉਸ ਦੀ ਮਾਮੀ ਪੂਰੋ ਨੂੰ ਮਜ਼ਬੂਰ ਕਰ ਰਹੀ ਸੀ ਕਿ ਚੰਗਾ ਘਰ ਹੈ ਚੰਗੀ ਪੈਲੀ ਹੈ ਅਤੇ ਉਨ੍ਹਾਂ ਦੀ ਕੋਈ ਮੰਗ ਵੀ ਨਹੀਂ ਹੈ | ਮਾਮੀ ਦੀ ਪੇਕਿਆਂ ਵਿਚੋਂ ਰਿਸ਼ਤੇਦਾਰੀ ਵਿਚੋਂ ਸੀ ਇਸ ਲਈ ਉਹ ਮੈਨੂੰ ਜੋਰੇ ਨਾਲ ਮੜ੍ਹਨਾ ਚਾਹੁੰਦੀ ਸੀ ਜਿਸ ਦੇ ਲਈ ਮੈਂ ਤਿਆਰ ਨਹੀਂ ਸੀ | ਮੈਂ ਮਾਮੀ ਨੂੰ ਉਹ ਸਾਰਾ ਕੁਝ ਨਹੀਂ ਦੱਸ ਸਕਦੀ ਸੀ ਇਹ ਮੇਰੀ ਮਜ਼ਬੂਰੀ ਸੀ | ਮੈਂ ਆਪਣੀ ਦੋਸਤ ਨਾਲ ਵਿਸ਼ਵਾਸਘਾਤ ਨਹੀਂ ਕਰ ਸਕਦੀ ਸੀ |
ਮੇਰੀ ਪਛਾਣ ਤਾਂ ਕੁਝ ਸਮਾਂ ਪਹਿਲਾਂ ਹੀ ਗੁੰਮ ਹੋ ਚੁਕੀ ਸੀ | ਹਰ ਮਨੁੱਖ ਦੀ ਪਛਾਣ ਉਸ ਦੇ ਮਾਤਾ ਪਿਤਾ ਨਾਲ ਹੀ ਹੋਇਆ ਕਰਦੀ ਹੈ | ਇਹ ਇਕ ਅਟੱਲ ਸਚਾਈ ਹੈ ਕਿ ਹਰ ਕਿਸੇ ਦੇ ਮਾਤਾ ਪਿਤਾ ਜ਼ਿੰਦਗੀ ਦੇ ਉਸ ਪਾਰ ਵਾਲੀ ਕਿਸੇ ਹੋਰ ਦੁਨੀਆ ਵਿਚ ਗੁਆਚ ਜਾਇਆ ਕਰਦੇ ਹਨ | ਇਕ ਇਨਸਾਨ ਨੂੰ ਗੁੰਮ ਹੋਣ ਵਿਚ ਕਿੰਨਾ ਕੁ ਸਮਾਂ ਲਗਦਾ ਹੈ | ਇਹੀ ਕੁਝ ਮੇਰੇ ਨਾਲ ਹੋਇਆ ਸੀ ਮੇਰੇ ਪਿਤਾ ਦੇ ਜਾਣ ਤੋਂ ਪਿੱਛੋਂ ਮੇਰੀ ਮਾਂ ਵੀ ਉਥੇ ਚਲੀ ਗਈ ਉਸੇ ਦੇਸ਼ ਵਿਚ ਜਿਥੇ ਸ਼ਾਇਦ ਮੇਰੇ ਬਾਪ ਚਲਾ ਗਿਆ ਸੀ | ਅਸੀਂ ਸਾਰਿਆਂ ਨੇ ਵੀ ਹੋਲੀ ਹੋਲੀ ਉਸੇ ਜਹਾਨ ਵਿਚ ਚਲੇ ਹੀ ਜਾਣਾ ਹੈ | ਉਨ੍ਹਾਂ ਸਾਰਿਆਂ ਨੇ ਵੀ ਉਥੇ ਜਾਣਾ ਹੈ ਜਿਨ੍ਹਾਂ ਦੀ ਸਾਨੂੰ ਕੋਈ ਪ੍ਰਵਾਹ ਨਹੀਂ ਹੁੰਦੀ | ਪਰ ਜਦੋਂ ਸਾਡੇ ਪਿਆਰੇ ਸਾਨੂੰ ਛੱਡ ਚਲੇ ਜਾਂਦੇ ਹਨ ਤਾਂ ਬਹੁਤ ਹੀ ਦੁੱਖ ਮਹਿਸੂਸ ਹੁੰਦਾ ਹੈ | ਲੜਕੀਆਂ ਦੀ ਜ਼ਿੰਦਗੀ ਤਾਂ ਹਨੇਰੇ ਵਿਚ ਹੀ ਧਕੀ ਜਾਂਦੀ ਹੈ | ਉਹ ਹੀ ਮੇਰੇ ਨਾਲ ਵਾਪਰਿਆ ਸੀ | ਜਿਵੇਂ ਮੈਂ ਦੱਸਿਆ ਹੈ ਸਾਡੀ ਤਾਂ ਪੈਲੀ ਬਹੁਤ ਸਾਰੀ ਤੇ ਹੁਣ ਮੈਂ ਉਸ ਦੀ ਮਾਲਕਣ ਸਾਂ | ਮੇਰਾ ਮਾਮਾ ਮੈਨੂੰ ਆਪਣੇ ਘਰ ਹੀ ਲੈ ਆਇਆ ਸੀ ਕਿ ਉਹ ਮੇਰੀ ਦੇਖ ਭਾਲ ਕਰਨਗੇ | ਮਾਮਾ ਤਾਂ ਸੁਭਾਅ ਦਾ ਬਹੁਤ ਚੰਗਾ ਸੀ ਮੈਨੂੰ ਆਪਣੇ ਬਚਿਆ ਵਾਂਗ ਹੀ ਸਮਝਦਾ ਸੀ ਪਰ ਮਾਮੀ ਬਹੁਤ ਹੀ ਵਿਤਕਰਾ ਕਰਦੀ ਸੀ| ਹੁਣ ਮੈਨੂੰ ਮਾਂ ਦੀ ਕਮੀਂ ਮਹਿਸੂਸ ਹੋਣ ਲੱਗ ਪਈ ਸੀ | ਮੇਰੀ ਮਾਮੀ ਦਾ ਮੇਰੇ ਪ੍ਰਤੀ ਵਰਤਾਵ ਕੌੜਾ ਸੀ |
ਮੈਂ ਮਤਰੇਈ ਮਾਂ ਦੇਖੀ ਤਾਂ ਨਹੀਂ ਹੈ ਪਰ ਜਿਵੇਂ ਸੁਣਿਆ ਸੀ ਮੇਰੀ ਮਾਮੀ ਦਾ ਮੇਰੇ ਪ੍ਰਤੀ ਵਰਤਾਵ ਮਤਰੇਈਆਂ ਮਾਵਾਂ ਨਾਲ ਬਿਲਕੁਲ ਵੀ ਘਟ ਨਹੀਂ ਸੀ | ਉਹ ਆਪਣੇ ਬੱਚਿਆਂ ਨੂੰ ਚੰਗਾ ਖਾਣਾ ਦੀਆ ਕਰਦੀ ਸੀ ਅਤੇ ਮੇਰੇ ਲਈ ਬਚਿਆ ਖੁਚਿਆ ਦਿਆ  ਕਰਦੀ ਸੀ | ਭਾਵੇਂ ਮੈਂ ਇਹ ਸਭ ਸਮਝਦੀ ਸੀ ਪਰ ਘਰੇ ਕਲੇਸ਼ ਦੇ ਡਰ ਤੋਂ ਕਦੇ ਵੀ ਆਪਣਾ ਮੂੰਹ ਨਹੀਂ ਖੋਲ੍ਹਦੀ ਸੀ | ਮਾਮਾ ਤਾਂ ਆਪਣੇ ਖੇਤੀ ਦੇ ਕੰਮਾਂ ਵਿਚ ਰੁੱਝਾ ਰਹਿੰਦਾ ਸੀ | ਮਾਮੇ ਦੇ ਦੋਵੇਂ ਬੱਚੇ ਵੀ ਮੇਰੇ ਨਾਲ ਖੇਡਣਾ ਪਸੰਦ ਨਹੀਂ ਕਰਦੇ ਸੀ | ਖਿਡੌਣੇ ਵੀ ਮੈਨੂੰ ਉਨ੍ਹਾਂ ਦੁਆਰਾ ਨਕਾਰਾ ਕੀਤੇ ਹੋਏ ਖੇਡਣ ਲਈ ਦਿਤੇ ਜਾਂਦੇ ਸੀ | ਮੈਂ ਆਪਣੀ ਪੜ੍ਹਾਈ ਵਿਚ ਹੀ ਧਿਆਨ ਰੱਖਦੀ ਸੀ | ਮੈਂ ਦਸਵੀਂ ਪਾਸ ਕਰ ਲਈ ਸੀ ਅਤੇ ਅਗੇ ਪੜ੍ਹਨਾ ਚਾਹੁੰਦੀ ਸੀ | ਮੇਰੀ ਮਾਮੀ ਮੈਨੂੰ ਹੋਰ ਪੜ੍ਹਾਉਣ ਲਈ ਬਿਕੁਲ ਵੀ ਤਿਆਰ ਨਹੀਂ ਸੀ ਉਹ ਮੇਰੀ ਪੈਲੀ ਦੇ ਲਾਲਚ ਕਰ ਕੇ ਮੈਨੂੰ ਆਪਦੀ ਰਿਸ਼ਤੇਦਾਰੀ ਵਿਚ ਹੀ ਵਿਆਹ ਦੇਣਾ ਚਾਹੁੰਦੀ ਸੀ |
 ਮੇਲੇ ਵਿਚ ਜਦੋਂ ਗੱਜਣ ਮੈਨੂੰ ਮਿਲ ਗਿਆ ਸੀ ਤਾਂ ਮੈਂ ਮਨ ਹੀ ਮਨ ਉਸ ਨਾਲ ਜ਼ਿੰਦਗੀ ਬਿਤਾਉਣ ਦਾ ਮਨ ਬਣਾ ਲਿਆ ਸੀ | ਪਰ ਇਸ ਦੀ ਭਿਣਕ ਮੈਂ ਆਪਣੀ ਮਾਮੀ ਨੂੰ ਨਹੀਂ ਦਿਤੀ ਸੀ ਕਿਓਂ ਜੋ ਉਹ ਇਹ ਨਹੀਂ ਚਾਹੁੰਦੀ ਸੀ ਮੇਰਾ ਰਿਸ਼ਤਾ ਕਿਸੇ ਹੋਰ ਥਾਂ ਤੇ ਹੋਵੇ | ਮੈਂ ਆਨੇ ਬਹਾਨੇ ਗੱਜਣ ਨੂੰ ਫੋਨ ਕਰ ਲਿਆ ਕਰਦੀ ਸੀ | ਇਕ ਦਿਨ ਮੈਂ ਉਸ ਨਾਲ ਗੁਰਦੁਆਰੇ ਵਿਚ ਮਿਲਣ ਦਾ ਪ੍ਰੋਗਰਾਮ ਬਣਾ ਲਿਆ | ਅਸੀਂ ਮਿਲੇ ਤਾਂ ਮੈਂ ਉਸ ਨੂੰ ਸਪਸ਼ਟ ਹੀ ਪੁੱਛ ਲਿਆ ਕਿ ਤੂੰ ਮੇਰੇ ਨਾਲ ਟਾਇਮ ਪਾਸ ਕਰ ਰਿਹਾ ਹੈਂ ਕਿ ਜ਼ਿੰਦਗੀ ਇਕੱਠੇ ਬਿਤਾਉਣ ਦੇ ਮਨ ਵੀ ਹੈ | ਉਹ ਇਹ ਸੁਣ ਇਕ ਵਾਰ ਤਾਂ ਹੈਰਾਨ ਹੋ ਗਿਆ ਫਿਰ ਉਸ ਨੇ ਸੰਭਲ ਕੇ ਆਖਿਆ ਕਿ ਜੇ ਕਰ ਤੇਰੀ ਮੇਰੇ ਨਾਲ ਅਗਲੇਰੀ ਜ਼ਿੰਦਗੀ ਬਿਤਾਉਣ ਦੀ ਮਰਜ਼ੀ ਹੈ ਤਾਂ ਮੈਨੂੰ ਵੀ ਕੋਈ ਇਤਰਾਜ਼ ਨਹੀਂ ਹੈ | ਮੈਂ ਆਪਣੇ ਮਾਪਿਆਂ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਤੁਹਾਡੇ ਘਰ ਰਿਸ਼ਤੇ ਲਈ ਭੇਜ ਸਕਦਾ ਹਾਂ | ਜੇ ਕਰ ਆਪਣੇ ਮਾਪੇ ਮੰਨ ਜਾਣਗੇ ਤਾਂ ਆਪਾਂ ਛੇਤੀ ਹੀ ਵਿਆਹ ਬੰਧਨ ਵਿਚ ਬੱਝ ਸਕਦੇ ਹਾਂ | ਮੈਨੂੰ ਉਸਦੀ ਇਸ ਗੱਲ ਨਾਲ ਤਸੱਲੀ ਗਈ |
ਮੈਂ ਘਰੇ ਪੁੱਜ ਕੇ ਮੌਕਾ ਦੇਖ ਆਪਣੇ ਮਾਮੇ ਨੂੰ ਦੱਸ ਦਿਤਾ ਕਿ ਮੈਂ ਗੁਆਂਢੀ ਪਿੰਡ ਦੇ ਮੁੰਡੇ ਨਾਲ ਵਿਆਹ ਕਰਵਾਉਣਾ ਹੈ | ਉਸ ਦੇ ਮਾਪੇ ਤਿਆਰ ਹਨ ਅਤੇ ਇਸ ਐਤਵਾਰ ਤੁਹਾਡੇ ਗੱਲ ਕਰਨ ਲਈ ਆਉਣਗੇ | ਤੁਸੀਂ ਉਨ੍ਹਾਂ ਨਾਲ ਸਾਰੇ ਪ੍ਰੋਗਰਾਮ ਬਣਾ ਲੈਣਾ | ਜੇ ਕਰ ਤੁਹਾਨੂੰ ਠੀਕ ਨਾ ਲੱਗਿਆ ਤਾਂ ਹੋਰ ਵਿਚਾਰ ਕਰ ਸਕਦੇ ਹਾਂ | ਮਾਮੇ ਨੇ ਜਦੋਂ ਮਾਮੀ ਦੇ ਰਿਸ਼ਤੇਦਾਰਾਂ ਵਲੋਂ ਆਏ ਰਿਸ਼ਤੇ ਬਾਰੇ ਮੈਨੂੰ ਦੱਸਿਆ ਤਾਂ ਮੈਂ ਉਨ੍ਹਾਂ ਨੂੰ ਉਸ ਲੜਕੇ ਦੇ ਸਾਰੇ ਔਗਣ ਮਾਮੇ ਨੂੰ ਦੱਸ ਦਿਤੇ ਅਤੇ ਉਨ੍ਹਾਂ ਦੀ ਤਸੱਲੀ ਕਰ ਲੈਣ ਲਈ ਆਖ ਦਿਤਾ | ਮਾਮੇ ਨੂੰ ਜਦੋਂ ਅਸਲੀਅਤ ਸਮਝ ਆ ਗਈ ਤਾਂ ਉਸ ਨੇ ਮੈਨੂੰ ਗੱਜਣ ਨਾਲ ਰਿਸ਼ਤਾ ਜੋੜਨ ਸਬੰਧੀ ਹਰੀ ਝੰਡੀ ਦੇ ਦਿਤੀ | ਮੈਂ ਮਨ ਹੀ ਮਨ ਖੁਸ਼ ਹੋ ਗਈ | ਮੈਨੂੰ ਇਹ ਪੂਰਨ ਤਸੱਲੀ ਸੀ ਕਿ ਹੁਣ ਮਾਮਾ ਮੇਰੇ ਨਾਲ ਹੈ ਤੇ ਉਹ ਮੇਰੀ ਖੁਸ਼ੀ ਲਈ ਹਰ ਸੰਭਵ ਯਤਨ ਕਰੇਗਾ | ਜਦੋਂ ਮਾਮੀ ਨੂੰ ਪਤਾ ਲਗਾ ਤਾਂ ਉਹ ਕਲੇਸ਼ ਕਰਨ ਲੱਗ ਪਈ ਕਿਓਂਕਿ ਉਸ ਦੀਆਂ ਸਕੀਮਾਂ ਫੇਲ ਹੋ ਰਹੀਆਂ ਸਨ | ਐਤਵਾਰ ਗੱਜਣ ਦੇ ਮਾਤਾ,ਪਿਤਾ ਗੱਜਣ ਨੂੰ ਲੈ ਕੇ ਆ ਗਏ | ਉਨ੍ਹਾਂ ਦੀ ਸੇਵਾ ਕੀਤੀ ਗਈ | ਗੱਲਾਂ ਬਾਤਾਂ ਹੋਈਆਂ | ਵਿਚਾਰ ਵਟਾਂਦਰਾ ਕਾਫੀ ਦੇਰ ਤਕ ਚਲਦਾ ਰਿਹਾ | ਮਾਮੀ ਨੇ ਕਈ ਗੱਲਾਂ ਪੁਛੀਆਂ ਉਹ ਨਾਂਹ ਲਈ ਕੋਈ ਨਾ ਕੋਈ ਬਹਾਨਾ ਲੱਭ ਰਹੀ ਸੀ | ਜਦੋਂ ਕੋਈ ਵਾਹ ਨਾ ਚਲੀ ਤਾਂ ਗੱਜਣ ਦੀ ਝੋਲੀ ਵਿਚ ਸ਼ਗਨ ਪਾ ਦਿੱਤਾ ਗਿਆ | ਵਿਆਹ ਦੀ ਤਰੀਕ ਇਕ ਮਹੀਨੇ ਬਾਅਦ ਦੀ ਬੰਨ ਲਈ ਗਈ |
ਇਹ ਖਬਰ ਮਾਮੀ ਨੇ ਜੋਰੇ ਨੂੰ ਪੁੱਜਦੀ ਕਰ ਦਿਤੀ | ਜੋਰੇ ਅਤੇ ਉਸ ਦੇ ਮਾਪਿਆਂ ਨੂੰ ਇਹ ਬਿਲਕੁਲ ਹੀ ਮਨਜ਼ੂਰ ਨਹੀਂ ਸੀ | ਉਨ੍ਹਾਂ ਨੇ ਮਾਮੇ ਨੂੰ ਆਪਣੇ ਕੋਲ ਸੱਦ ਲਿਆ ਅਤੇ ਸਮਝਾਉਣ ਦੀ ਕੋਸ਼ਿਸ਼ ਕੀਤੀ | ਪਰ ਮਾਮਾ ਉਨ੍ਹਾਂ ਨੂੰ ਕੋਰਾ ਜਵਾਬ ਦੇ ਆਇਆ ਅਤੇ ਆ ਕੇ ਉਸ ਨੇ ਸਾਰੀ ਗੱਲ ਮੈਨੂੰ ਤੇ ਮਾਮੀ ਨੂੰ ਦੱਸ ਦਿਤੀ | ਮੈਂ ਤਾਂ ਮਨ ਹੀ ਮਨ ਖੁਸ਼ ਹੋ ਗਈ ਪਰ ਮਾਮੀ ਨੂੰ ਇਹ ਗੱਲ ਬਿਲਕੁਲ ਹੀ ਨਾ ਭਾਈ | ਉਸ ਦਾ ਮੇਰੇ ਪ੍ਰਤੀ ਵਤੀਰਾ ਹੋਰ ਸਖਤ ਹੋ ਗਿਆ | ਪਰ ਮੈਂ ਇਹ ਸਭ ਸਮਝ ਰਹੀ ਸੀ ਮੈਂ ਥੋੜੇ ਸਮੇਂ ਦੀ ਗੱਲ ਜਾਣ ਕੇ ਮਾਮੀ ਨਾਲ ਪਿਆਰ ਭਰਿਆ ਵਰਤਾਵ ਕਰਨ ਲੱਗੀ | ਜਦੋਂ ਵੀ ਉਹ ਮੇਰੇ ਨਾਲ ਕੌੜਾ ਬੋਲਦੀ ਮੈਂ ਹੱਸ ਕੇ ਟਾਲ ਦਿੰਦੀ ਸੀ | ਵਿਆਹ ਲਈ ਖਰੀਦ ਕਰਨ ਲਈ ਮੈਂ ਆਪਣੀ ਮਾਮੀ ਨਾਲ ਸ਼ਹਿਰ ਗਈ ਸੀ | ਤਾਂ ਸਾਨੂੰ ਬਜ਼ਾਰ ਵਿਚ ਗੱਜਣ ਤੇ ਉਸ ਦੇ ਮਾਪੇ ਵੀ ਮਿਲੇ ਉਹ ਵੀ ਖਰੀਦ ਕਰਨ ਆਏ ਹੋਏ ਸੀ | ਅਸੀਂ ਹਾਲੇ ਗੱਲਾਂ ਕਰ ਰਹੇ ਸੀ ਕਿ ਸਾਡੇ ਸਾਹਮਣੇ ਵਾਲੇ ਪਾਸੇ ਤੋਂ ਤਿੰਨ ਚਾਰ ਆਦਮੀ ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ ਅਤੇ ਉਨ੍ਹਾਂ ਦੇ ਹੱਥਾਂ ਵਿਚ ਲਾਠੀਆਂ ਸਨ ਅਤੇ ਇਕ ਆਦਮੀ ਕੋਲ ਪਿਸਤੌਲ ਸੀ ਜਿਹੜਾ ਪੂਰੀ ਆਕੜ ਨਾਲ ਚਲ ਰਿਹਾ ਸੀ, ਸਾਡੇ ਕੋਲ ਆ ਕੇ ਰੁਕੇ | ਅਸੀਂ ਹਾਲੇ ਦੁਕਾਨ ਦੇ ਅੰਦਰ ਵੜਨਾ ਹੀ ਸੀ ਕਿ ਉਨ੍ਹਾਂ ਨੇ ਸਾਨੂੰ ਘੇਰਾ ਪਾ ਲਿਆ | ਪਿਸਤੌਲ ਵਾਲੇ ਨੇ ਮੇਰੇ ਵਲ ਪਿਸਤੌਲ ਸਿਧਾ ਕਰ ਲਿਆ ਤੇ ਮੈਨੂੰ ਨਾਲ ਚਲਣ ਦਾ ਇਸ਼ਾਰਾ ਕੀਤਾ | ਗੱਜਣ ਵੀ ਉਨ੍ਹਾਂ ਵਲ ਸਿਧਾ ਹੋ ਗਿਆ | ਇਸ ਤੋਂ ਪਹਿਲਾਂ ਕਿ ਗੱਜਣ ਕੁਝ ਬੋਲਦਾ ਲਾਠੀਆਂ ਵਾਲਿਆਂ ਨੇ ਗੱਜਣ ਤੇ ਲਾਠੀਆਂ ਨਾਲ ਹਮਲਾ ਕਰ ਦਿਤਾ |
ਬਜ਼ਾਰ ਵਿਚ ਭਾਜੜ ਪੈ ਗਈ | ਗੱਜਣ ਨੇ ਵੀ ਡੱਟ ਕੇ ਮੁਕਾਬਲਾ ਕੀਤਾ | ਇਕ ਲਾਠੀ ਉਸ ਦੇ ਹੱਥ ਆ ਗਈ ਫਿਰ ਉਸ ਨੇ ਲਾਠੀਆਂ ਵਾਲਿਆਂ ਨਾਲ ਮੁਕਾਬਲਾ ਕੀਤਾ | ਪਿਸਤੌਲ ਵਾਲਾ ਮੈਨੂੰ ਚੁੱਕਣ ਲਈ ਮੇਰੇ ਵਲ ਅਹੁਲਿਆ | ਮੈਂ ਮਾਮੀ ਦੇ ਓਹਲੇ ਹੋ ਗਈ | ਉਸ ਨੇ ਮਾਮੀ ਨੂੰ ਧੱਕਾ ਮਾਰਿਆ ਤੇ ਫਿਰ ਮੇਰੇ ਵਲ ਹੋਇਆ ਮੈਂ ਭੱਜ ਪਈ ਤੇ ਇਕ ਮੋੜ ਮੁੜ ਗਈ ਉਹ ਵੀ ਮੇਰੇ ਪਿਛੇ ਭੱਜਿਆ | ਜਦੋਂ ਗੱਜਣ ਨੇ ਦੇਖਿਆ ਕਿ ਮੈਂ ਗਾਇਬ ਹਾਂ ਉਹ ਵੀ ਉਸੇ ਪਾਸੇ ਵਲ ਭਜਿਆ ਜਿਧਰ ਮੈਂ ਤੇ ਪਿਸਤੌਲ ਵਾਲਾ ਗਏ ਸਾਂ | ਪਿਸਤੌਲ ਵਾਲੇ ਨੇ ਗੱਜਣ ਤੇ ਪਿਸਤੌਲ ਤਾਣ ਲਿਆ ਮੈਂ ਵੇਖ ਰਹੀ ਸਾਂ | ਮੈਨੂੰ ਲਗਿਆ ਕਿ ਇਹ ਤਾਂ ਮੇਰੀ ਦੁਨੀਆ ਉਜਾੜ ਦੇਵੇਗਾ | ਮੈਂ ਵੀ ਉਨ੍ਹਾਂ ਵਲ ਹੀ ਮੁੜ ਆਈ | ਮੈਨੂੰ ਵੇਖ ਕੇ ਪਿਸਤੌਲ ਵਾਲਾ ਮੇਰੇ ਵਲ ਹੋਇਆ ਤਾਂ ਗੱਜਣ ਨੇ ਪੂਰੇ ਜ਼ੋਰ ਨਾਲ ਉਸ ਨੂੰ ਧੱਕਾ ਮਾਰਿਆ | ਉਹ ਡਿਗ ਪਿਆ ਅਤੇ ਉਸ ਦੇ ਹੱਥੋਂ ਪਿਸਤੌਲ ਛੁਟ ਗਿਆ ਜਿਸ ਨੂੰ ਗੱਜਣ ਚੁੱਕਣ ਹੀ ਲੱਗਾ ਸੀ ਕਿ ਪਿੱਛੋਂ ਲਾਠੀਆਂ ਵਾਲਿਆਂ ਵਿਚੋਂ ਇਕ ਨੇ ਪਿਸਤੌਲ ਨੂੰ ਠੁਡਾ ਮਾਰਿਆ ਤੇ ਪਿਸਤੌਲ ਨਾਲੀ ਕੋਲ ਜਾ ਕੇ ਰੁਕ ਗਿਆ | ਪਿੱਛੋਂ ਗੱਜਣ ਦਾ ਬਾਪੂ ਵੀ ਉਥੇ ਪਹੁੰਚ ਗਿਆ ਸੀ ਉਸ ਨੇ ਝੱਟ ਪਿਸਤੌਲ ਨੂੰ ਹੱਥ ਪਾ ਲਿਆ | ਇਸ ਝਗੜੇ ਵਿਚ ਪਿਸਤੌਲ ਵਾਲੇ ਦੇ ਮੂੰਹ ਤੋਂ ਕਪੜਾ ਖੁਲ ਗਿਆ | ਮੈਂ ਉਸ ਨੂੰ ਪਛਾਣ ਲਿਆ ਕਿ ਇਹ ਤਾਂ ਜੋਰਾ ਹੈ | ਜ਼ੋਰਾ  ਹੁਣ ਨਿਹੱਥਾ ਸੀ ਉਸ ਨੇ ਭੱਜਣ ਵਿਚ ਹੀ ਆਪਣੀ ਭਲਾਈ ਸਮਝੀ |
ਹੁਣ ਜ਼ੋਰਾ ਤੇ ਉਸ ਦੇ ਸਾਥੀ ਉਥੋਂ ਭੱਜ ਗਏ | ਮੈਂ ਸਾਰਿਆਂ ਨੂੰ ਜੋਰੇ ਦੀ ਕਰਤੂਤ ਤੋਂ ਜਾਣੂ ਕਰਵਾ ਦਿਤਾ | ਜਦੋਂ ਮਾਮੀ ਨੂੰ ਗਿਆਨ ਹੋਇਆ ਤਾਂ ਉਹ ਬਹੁਤ ਹੀ ਘਬਰਾ ਗਈ ਅਤੇ ਬੇਹੋਸ਼ ਹੋ ਕੇ ਡਿਗ ਪਈ | ਅਸੀਂ ਉਸ ਦੀ ਸੰਭਾਲ ਵਿਚ ਲੱਗ ਗਏ | ਉਸ ਨੂੰ ਨੇੜੇ ਹਸਪਤਾਲ ਵਿਚ ਲੈ ਕੇ ਗਏ | ਮਾਮੇ ਨੂੰ ਬੁਲਵਾ ਲਿਆ | ਗੱਜਣ ਤੇ ਉਸ ਦੇ ਮਾਪੇ ਵੀ ਸਾਡੇ ਨਾਲ ਹੀ ਸਨ | ਖਰੀਦ ਤਾਂ ਵਿਚੇ ਹੀ ਰਹਿ ਗਈ | ਮਾਮਾ ਹਸਪਤਾਲ ਪੁੱਜ ਗਿਆ | ਉਸ ਨੇ ਮਾਮੀ ਨੂੰ ਦੇਖਿਆ ਤੇ ਫਿਰ ਮੈਨੂੰ ਸਾਰੀ ਘਟਨਾ ਪੁੱਛੀ | ਮੈਂ ਵਿਸਥਾਰ ਨਾਲ ਦੱਸ ਦਿਤੀ | ਜਦੋਂ ਮੈਂ ਮਾਮੇ ਨੂੰ ਦੱਸਿਆ ਕੇ ਇਹ ਹਮਲਾ ਕਰਨ ਵਾਲਾ ਕੋਈ ਹੋਰ ਨਹੀਂ ਜੋਰਾ ਹੀ ਸੀ | ਮਾਮਾ ਬਹੁਤ ਗੁਸੇ ਵਿਚ ਆ ਗਿਆ | ਮਾਮੇ ਨੂੰ ਜੋਰੇ ਦੀ ਇਸ ਗੰਦੀ ਹਰਕਤ ਦਾ ਗਿਆਨ ਹੋ ਗਿਆ | ਉਸ ਨੇ ਪਿੰਡ ਜਾ ਕੇ ਪੰਚਾਇਤ ਕੀਤੀ | ਗੱਜਣ ਦੇ ਮਾਪਿਆਂ ਨਾਲ ਸਲਾਹ ਕਰ ਆਓਂਦੇ ਐਤਵਾਰ ਨੂੰ ਮੇਰਾ ਵਿਆਹ ਪੰਚਾਇਤ ਦੀ ਹਾਜ਼ਰੀ ਵਿਚ ਕਰ ਦਿਤਾ | ਪੰਚਾਇਤ ਨੇ ਸਾਨੂੰ ਹਦਾਇਤ ਕੀਤੀ ਕਿ ਤੁਸੀਂ ਹੁਣ ਕੋਈ ਬਦਲਾ ਲੈਣ ਵਾਲੀ ਹਰਕਤ ਨਹੀਂ ਕਰਨੀ ਹੈ ਜੇ ਕਰ ਉਸ ਨੇ ਕੋਈ ਹਰਕਤ ਕੀਤੀ ਤਾਂ ਅਸੀਂ ਜੋਰੇ ਨਾਲ ਅਤੇ ਉਸ ਦੇ ਮਾਪਿਆਂ ਨਾਲ ਨਜਿੱਠਾਂਗੇ |
ajit-singh-kotakpura-768x1024 ਕਹਾਣੀ/ਟੱਕਰ/ਡਾਕਟਰ ਅਜੀਤ ਸਿੰਘ ਕੋਟਕਪੂਰਾ
ਡਾਕਟਰ ਅਜੀਤ ਸਿੰਘ ਕੋਟਕਪੂਰਾ 
ਮੋਬਾਈਲ +16574644066

Share this content:

Previous post

ਅਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਗੁਰਦੁਆਰਾ ਸ੍ਰੀ ਚਰਨਕੰਵਲ ਸਾਹਿਬ ਮਾਛੀਵਾੜਾ ਤੋਂ ਅਗਲੇ ਪੜਾਅ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਲਈ ਰਵਾਨਾ

Next post

ਦੇਸ਼ ਦੇ ਨਾਗਰਿਕਾਂ ਨੂੰ ਗ੍ਰਿਫਤਾਰ ਕਰਨ ਪਿੱਛੋਂ ਫ਼ਰਜ਼ੀ ਮੁਕਾਬਲੇ ਬਣਾ ਕੇ ਮਾਰਨਾ ਇੱਕ ਖ਼ਤਰਨਾਕ ਵਰਤਾਰਾ

Post Comment