ਅਮਰ ਦਾ ਪਿਤਾ ਮੋਹਰ ਸਿੰਘ ਇਕ ਦਫਤਰ ਦਾ ਕਲਰਕ ਸੀ | ਉਹ ਸਵੇਰੇ ਆਪਣੇ ਦਫਤਰ ਵਿਚ ਚਲਾ ਜਾਂਦਾ ਸੀ ਅਤੇ ਪੂਰੀ ਇਮਾਨਦਾਰੀ ਨਾਲ ਕੰਮ ਕਰਿਆ ਕਰਦਾ ਸੀ | ਉਸ ਦੇ ਅਫਸਰ ਉਸ ਦੇ ਕੰਮ ਉਪਰ ਖੁਸ਼ ਸਨ | ਉਸ ਨੂੰ ਇਕ ਵਾਰ ਕੰਮ ਦੱਸ ਦਿੱਤਾ ਜਾਂਦਾ ਤਾਂ ਜਿਨ੍ਹਾਂ ਚਿਰ ਕੰਮ ਖਤਮ ਕਰਕੇ ਫਾਈਲ ਅਫਸਰ ਤਕ ਪੁੱਜ ਨਹੀਂ ਜਾਂਦੀ ਸੀ ਉਸ ਦੀ ਤਸੱਲੀ ਨਹੀਂ ਹੁੰਦੀ ਸੀ | ਅਮਰ ਦੀ ਮਾਂ ਹਰਜੀਤ ਕੌਰ ਇਕ ਘਰੇਲੂ ਔਰਤ ਸੀ ਅਤੇ ਦੱਸ ਜਮਾਤਾਂ ਪਾਸ ਸੀ | ਬਹੁਤ ਥਾਈਂ ਅਰਜ਼ੀਆਂ ਭੇਜਣ ਦੇ ਬਾਵਜੂਦ ਵੀ ਉਸ ਦੀ ਮੇਹਨਤ ਨੂੰ ਬੂਰ ਨਹੀਂ ਪਿਆ ਸੀ | ਸਿਲਾਈ ਦੇ ਕੰਮ ਵਿਚ ਉਹ ਚੰਗੀ ਮਾਹਰ ਸੀ | ਅਮਰ ਨੇ ਜਦੋਂ ਸਤਵੇਂ ਵਰ੍ਹੇ ਵਿਚ ਪੈਰ ਧਰਿਆ ਤਾਂ ਉਸ ਨੂੰ ਸਕੂਲ ਵਿਚ ਦਾਖਲ ਕਰਵਾ ਦਿਤਾ ਗਿਆ | ਅਮਰ ਨੂੰ ਸਕੂਲ ਵਿਚ ਦਾਖਲ ਕਰਵਾਉਣ ਤੋਂ ਪਹਿਲਾਂ ਉਸ ਦੀ ਮਾਂ ਨੇ ਅੱਖਰ ਗਿਆਨ ਤੋਂ ਬਿਨਾ ਉਸ ਦੀ ਰੁਚੀ ਕਿਤਾਬਾਂ ਪੜ੍ਹਨ ਵਲ ਕੇਂਦਰਿਤ ਕਰ ਦਿਤੀ ਸੀ | ਉਸ ਦੇ ਅੰਦਰ ਪੁਸਤਕਾਂ ਪੜ੍ਹਨ ਦਾ ਸ਼ੌਂਕ ਜਾਗ ਪਿਆ ਸੀ | ਅਮਰ ਨਿੱਕੀਆਂ ਨਿੱਕੀਆਂ ਕਿਤਾਬਾਂ ਪੜ੍ਹਨੀਆਂ ਸਿੱਖ ਗਿਆ ਸੀ |
ਅਮਰ ਆਪਣੀ ਮਾਂ ਦੀ ਸਹਾਇਤਾ ਨਾਲ ਆਸਾਨੀ ਨਾਲ ਪੜ੍ਹ ਸਕਦਾ ਸੀ | ਉਸ ਨੂੰ ਸੂਰਜ,ਚੰਨ ਅਤੇ ਤਾਰਿਆਂ ਦਾ ਗਿਆਨ ਹੋ ਚੁਕਾ ਸੀ | ਆਪਣੀ ਮਨ ਤੋਂ ਉਸ ਨੂੰ ਪੌਦਿਆਂ ,ਦਰਖਤਾਂ ,ਪਸ਼ੂਆਂ ਅਤੇ ਪੰਛੀਆਂ ਬਾਰੇ ਚੰਗਾ ਗਿਆਨ ਹੋ ਗਿਆ ਸੀ | ਉਸ ਦੇ ਅੰਦਰ ਹੋਰ ਗਿਆਨ ਪ੍ਰਾਪਤ ਕਰਨ ਦੀ ਉਤਸਕਤਾ ਪੈਦਾ ਹੋ ਚੁਕੀ ਸੀ | ਉਸ ਦੀ ਮਾਂ ਨੇ ਉਸ ਨੂੰ ਲਾਇਬ੍ਰੇਰੀ ਤੋਂ ਛੋਟੀਆਂ ਛੋਟੀਆਂ ਗਿਆਨ ਵਰਧਕ ਕਿਤਾਬਾਂ ਲਿਆ ਕੇ ਦਿਤੀਆਂ ਸਨ ਜਿਸ ਨਾਲ ਉਹ ਨਵਾਂ ਨਵਾਂ ਗਿਆਨ ਪ੍ਰਾਪਤ ਕਰਦਾ ਸੀ ਅਤੇ ਫੇਰ ਉਹ ਆਪਣੀਂ ਮਾਂ ਨੂੰ ਦੱਸ ਕੇ ਖੁਸ਼ੀ ਪ੍ਰਾਪਤ ਕਰਦਾ ਸੀ | ਉਸ ਦੇ ਮਾਪੇ ਉਸ ਦੀ ਇਸ ਆਦਤ ਤੋਂ ਖੁਸ਼ੀ ਪ੍ਰਾਪਤ ਕਰ ਰਹੇ ਸਨ | ਉਹ ਚਾਹੁੰਦੇ ਸਨ ਉਹ ਹੁਣ ਸਕੂਲ ਵਿਚ ਵਧੇਰੇ ਗਿਆਨ ਪ੍ਰਾਪਤ ਕਰੇ | ਉਹ ਉਸ ਦੇ ਅਧਿਆਪਕਾਂ ਨੂੰ ਸਮੇਂ ਸਮੇਂ ਤੇ ਮਿਲਦੇ ਰਹਿੰਦੇ ਸਨ |
ਜਿਸ ਸਕੂਲ ਵਿਚ ਉਸ ਨੂੰ ਦਾਖਲ ਕਰਵਾਇਆ ਗਿਆ ਉਸ ਨੂੰ ਦੇਖ ਅਮਰ ਬਹੁਤ ਹੀ ਖੁਸ਼ ਸੀ | ਭਾਵੇਂ ਇਹ ਸਕੂਲ ਵਸੋਂ ਤੋਂ ਥੋੜਾ ਦੂਰ ਸੀ ਪਰ ਉਸ ਸਕੂਲ ਦਾ ਕੁਦਰਤੀ ਵਾਤਾਵਰਨ ਮਨ ਨੂੰ ਲੁਭਾਉਣਾ ਸੀ | ਸਕੂਲ ਦੀਆਂ ਗਰਾਊਂਡਾਂ ਵਿਚ ਫੈਲਿਆ ਮਖਮਲ ਵਰਗਾ ਘਾਹ ਦਿਲ ਨੂੰ ਬਹੁਤ ਚੰਗਾ ਲਗਦਾ ਸੀ | ਸਕੂਲ ਗਰਾਊਂਡਾਂ ਦੇ ਆਲੇ ਦੁਆਲੇ ਬਣੀਆਂ ਕਿਆਰੀਆਂ ਤੇ ਉਨ੍ਹਾਂ ਵਿਚ ਉਗੇ ਹੋਏ ਭਿੰਨ ਭਿੰਨ ਰੰਗਾਂ ਦੇ ਫੁੱਲ ਹਰ ਵਿਦਿਆਰਥੀ ਅਤੇ ਅਧਿਆਪਕ ਨੂੰ ਆਪਣੇ ਵਲ ਖਿੱਚਦੇ ਸਨ | ਇੰਜ ਜਾਪਦਾ ਸੀ ਜਿਵੇਂ ਫੁੱਲ ਆਪਣੇ ਨੇੜੇ ਬੱਚਿਆਂ ਦੀ ਰੌਣਕ ਦੇਖ ਮੁਸਕਰਾ ਰਹੇ ਹਨ | ਸਕੂਲ ਭਾਵੇਂ ਵਸੋਂ ਤੋਂ ਦੂਰ ਸੀ ਪ੍ਰੰਤੂ ਅਮਰ ਦੇ ਘਰ ਦੇ ਕਾਫੀ ਨਜ਼ਦੀਕ ਸੀ | ਉਹ ਇਕੱਲਾ ਵੀ ਸਕੂਲ ਜਾ ਸਕਦਾ ਸੀ | ਅਮਰ ਨੇ ਸਕੂਲ ਦਾ ਫੁੱਲਾਂ ਵਾਲਾ ਕਾਰਨਰ ਚੁਣ ਲਿਆ ਸੀ ਅਤੇ ਉਥੇ ਬੈਠ ਕੇ ਕੋਈ ਨਾ ਕੋਈ ਕਿਤਾਬ ਪੜ੍ਹਦਾ ਰਹਿੰਦਾ ਸੀ |
ਅਧਿਆਪਕ ਵੀ ਉਸ ਪਾਸੇ ਗੇੜਾ ਮਾਰ ਜਾਇਆ ਕਰਦੇ ਸਨ | ਇਕ ਦਿਨ ਉਸ ਨੇ ਦੋ ਅਧਿਆਪਕਾਂ ਨੂੰ ਫੁੱਲਾਂ ਦੀ ਪ੍ਰਸੰਸਾ ਕਰਦੇ ਹੋਏ ਸੁਣਿਆ ਸੀ | ਉਨ੍ਹਾਂ ਅਧਿਆਪਕਾਂ ਨੇ ਅਮਰ ਨੂੰ ਸਮਝਾਇਆ ਸੀ ਕਿ ਤੂੰ ਇਥੇ ਬੈਠ ਕੇ ਪੜ੍ਹਦਾ ਹੈਂ ਅਤੇ ਧਿਆਨ ਵੀ ਰਖਿਆ ਕਰ ਕਿ ਕੋਈ ਵੀ ਵਿਦਿਆਰਥੀ ਫੁੱਲ ਨਾ ਤੋੜੇ ਜੇ ਕਰ ਕੋਈ ਅਜਿਹਾ ਕਰਦਾ ਹੈ ਤਾਂ ਤੂੰ ਮਾਲੀ ਨੂੰ ਜਾਂ ਕਿਸੇ ਵੀ ਅਧਿਆਪਕ ਨੂੰ ਦੱਸ ਦਿਆ ਕਰ | ਉਨ੍ਹਾਂ ਨੇ ਅਮਰ ਨੂੰ ਦੱਸਿਆ ਕਿ ਭਾਈ ਵੀਰ ਸਿੰਘ ਜੀ ਇਕ ਮਹਾਨ ਲੇਖਕ ਹੋਏ ਹਨ ਜਿਨ੍ਹਾਂ ਨੇ ਫੁੱਲਾਂ ਨੂੰ ਨਾ ਤੋੜਨ ਬਾਰੇ ਫੁੱਲਾਂ ਦੀ ਪੁਕਾਰ ਦੇ ਸਬੰਧ ਵਿਚ ਕੁਝ ਇਸ ਤਰਾਂ ਲਿਖਿਆ ਹੈ ਕਿ ——–
ਡਾਲੀ ਨਾਲੋਂ ਤੋੜ ਨਾ ਸਾਨੂੰ ਅਸਾਂ ਹੱਟ ਮਹਿਕ ਦੀ ਲਾਈ ,
ਲੱਖ ਗਾਹਕ ਜੇ ਤੱਕੇ ਆ ਕੇ ਖਾਲੀ ਇਕ ਨਾ ਜਾਈ ,
ਜੇ ਤੂੰ ਇਕ ਤੋੜ ਕੇ ਲੈ ਗਿਓਂ ਇਕ ਜੋਗਾ ਰਹਿ ਜਾਸਾਂ ,
ਉਹ ਵੀ ਪਲਕ ਝਲਕ ਦਾ ਮੇਲਾ ਰੂਪ ਮਹਿਕ ਨਸ ਜਾਈ |
ਜਦੋਂ ਅਮਰ ਨੇ ਇਹ ਕਵਿਤਾ ਸੁਣੀ ਤਾਂ ਉਸ ਨੇ ਅਧਿਆਪਕ ਤੋਂ ਪੁੱਛ ਕਿ ਇਸ ਨੂੰ ਆਪਣੀ ਕਾਪੀ ਤੇ ਲਿਖ ਲਿਆ ਅਤੇ ਹੋਲੀ ਹੋਲੀ ਯਾਦ ਕਰ ਲਿਆ ਸੀ | ਜਦੋਂ ਘਰ ਜਾ ਕੇ ਉਸ ਨੇ ਆਪਣੀ ਮਾਂ ਨੂੰ ਸੁਣਾਈ ਸੀ ਉਸ ਦੀ ਮਾਂ ਵੀ ਬਹੁਤ ਹੀ ਖੁਸ਼ ਹੋਈ ਕਿ ਅਮਰ ਸਿਆਣਾ ਹੋ ਰਿਹਾ ਹੈ ਅਤੇ ਅਧਿਆਪਕ ਵੀ ਉਸ ਦਾ ਬਹੁਤ ਹੀ ਧਿਆਨ ਰੱਖ ਰਹੇ ਹਨ |
ਇਕ ਦਿਨ ਸਕੂਲ ਦੇ ਦੋ ਵਿਦਿਆਰਥੀ ਰਾਮ ਤੇ ਸ਼ਾਮ ਉਸ ਦੇ ਕੋਲ ਆ ਗਏ ਤੇ ਉਹ ਫੁੱਲਾਂ ਨੂੰ ਤੋੜਨ ਲਗੇ ਤਾਂ ਅਮਰ ਨੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਆਖਿਆ | ਉਹ ਕੁਝ ਫੁਲ ਤੋੜ ਚੁਕੇ ਸਨ | ਅਮਰ ਨੇ ਉਨ੍ਹਾਂ ਨੂੰ ਆਖਿਆ ਕਿ ਮੈਂ ਅਧਿਆਪਕਾਂ ਨੂੰ ਦੱਸਾਂਗਾ | ਇਹ ਸੁਣ ਕੇ ਉਹ ਡਰ ਗਏ | ਇਸ ਤੋਂ ਪਹਿਲਾਂ ਕਿ ਅਮਰ ਦੱਸਣ ਲਈ ਜਾਂਦਾ ਰਾਮ ਨੇ ਤੋੜੇ ਹੋਏ ਫੁੱਲ ਉਸ ਦੀ ਝੋਲੀ ਵਿਚ ਸੁਟ ਦਿਤੇ ਤੇ ਕਹਿਣ ਲੱਗੇ ਕਿ ਇਹ ਫੁਲ ਤੂੰ ਤੋੜੇ ਹਨ ਅਸੀਂ ਤੈਨੂੰ ਅਧਿਆਪਕਾਂ ਤੋਂ ਸਜ਼ਾ ਦਿਵਾਵਾਂਗੇ | ਅਮਰ ਡਰ ਗਿਆ ਤੇ ਉਨ੍ਹਾਂ ਦੀ ਮਿੰਨਤ ਕਰਨ ਲਗਾ ਕਿ ਅਜਿਹਾ ਨਾ ਕਰਨਾ | ਮੈਨੂੰ ਸਜ਼ਾ ਮਿਲੇਗੀ ਤੇ ਮੈਨੂੰ ਇਸ ਤੋਂ ਬਾਅਦ ਇਥੇ ਬੈਠਣ ਨਹੀਂ ਦਿਤਾ ਜਾਵੇਗਾ | ਮੈਨੂੰ ਇਹ ਥਾਂ ਬਹੁਤ ਹੀ ਚੰਗੀ ਲਗਦੀ ਹੈ |
ਮੈਂ ਫੁੱਲਾਂ ਦਾ ਸਾਥ ਮਾਣਦਾ ਹਾਂ | ਉਹ ਰਾਮ ਅਤੇ ਸ਼ਾਮ ਦੋਵੇਂ ਹੀ ਸ਼ਰਾਰਤੀ ਮੁੰਡੇ ਸਨ ਅਤੇ ਅਮਰ ਤੋਂ ਵੱਡੇ ਵੀ ਸਨ | ਉਨ੍ਹਾਂ ਨੇ ਕਿਹਾ ਕਿ ਜੇ ਤੂੰ ਚਾਹੁੰਦਾ ਹੈਂ ਕਿ ਤੇਰੀ ਸ਼ਿਕਾਇਤ ਨਾ ਲਾਈਏ ਤਾਂ ਇਹ ਵਾਅਦਾ ਕਰ ਕੇ ਤੂੰ ਸਾਡੀ ਕੋਈ ਵੀ ਗੱਲ ਕਿਸੇ ਨੂੰ ਵੀ ਭਾਵ ਨਾ ਘਰੇ ਅਤੇ ਨਾ ਸਕੂਲੇ ਨਹੀਂ ਦੱਸੇਂਗਾ | ਅਮਰ ਨੇ ਉਨ੍ਹਾਂ ਦੀ ਗੱਲ ਮੰਨ ਲਈ ਉਸ ਤੋਂ ਬਾਅਦ ਰਾਮ ਨੇ ਉਸ ਦੀ ਘਰੋਂ ਲਿਆਂਦੀ ਹੋਈ ਰੋਟੀ ਖੋਹ ਲਈ ਜੋ ਰਾਮ ਅਤੇ ਸ਼ਾਮ ਨੇ ਮਿਲ ਕੇ ਖਾ ਲਈ ਸੀ ਅਤੇ ਸ਼ਾਮ ਨੇ ਉਸ ਤੋਂ ਜੇਬ ਖਰਚੀ ਵੀ ਖੋਹ ਲਈ ਜੋ ਉਨ੍ਹਾਂ ਨੇ ਮਿਲ ਕੇ ਖਰਚ ਲਈ ਸੀ | ਅਮਰ ਉਸ ਦਿਨ ਭੁੱਖਾ ਹੀ ਰਹਿ ਗਿਆ ਪਰ ਉਸ ਨੇ ਕਿਸੇ ਨੂੰ ਕੁਝ ਨਾ ਕਿਹਾ | ਛੁਟੀ ਸਮੇਂ ਜਦੋਂ ਉਹ ਘਰੇ ਜਾ ਰਿਹਾ ਸੀ ਤਾਂ ਰਾਮ ਅਤੇ ਸ਼ਾਮ ਵੀ ਉਸ ਦੇ ਨਾਲ ਹੀ ਜਾ ਰਹੇ ਸੀ ਉਨ੍ਹਾਂ ਨੇ ਫੇਰ ਅਮਰ ਨੂੰ ਡਰਾ ਦਿਤਾ ਕਿ ਜੇ ਕਰ ਘਰ ਦੱਸਿਆ ਤਾਂ ਅਸੀਂ ਕੱਲ੍ਹ ਨੂੰ ਤੈਨੂੰ ਕੁਟਾਂਗੇ ਅਤੇ ਅਧਿਆਪਕਾਂ ਨੂੰ ਵੀ ਦੱਸ ਦੇਵਾਂਗੇ ਕਿ ਤੂੰ ਫੁੱਲਾਂ ਦਾ ਨੁਕਸਾਨ ਕਰਦਾ ਹੈਂ | ਉਹ ਡਰ ਗਿਆ | ਉਸ ਨੇ ਘਰ ਜਾ ਕੇ ਰੋਟੀ ਖਾਧੀ ਉਸ ਨੂੰ ਭੁੱਖ ਬਹੁਤ ਲੱਗੀ ਸੀ ਉਹ ਇਕ ਰੋਟੀ ਵੱਧ ਖਾ ਗਿਆ ਸੀ |
ਮਾਂ ਨੇ ਇਸ ਵਲ ਕੋਈ ਧਿਆਨ ਨਾ ਦਿਤਾ ਕਿ ਬੱਚਾ ਖੇਡਦਾ ਹੋਵੇਗਾ ਇਸ ਲਈ ਭੁੱਖ ਵੱਧ ਲਗੀ ਹੋਵੇਗੀ | ਅਗਲੇ ਦਿਨ ਫਿਰ ਸਕੂਲ ਗਿਆ ਤਾਂ ਅੱਧੀ ਛੁੱਟੀ ਸਮੇਂ ਉਹ ਜਦ ਪਹਿਲਾਂ ਵਾਲੀ ਥਾਂ ਤੇ ਗਿਆ ਤਾਂ ਰਾਮ ਅਤੇ ਸ਼ਾਮ ਫਿਰ ਉਸ ਕੋਲ ਆ ਗਏ ਤੇ ਉਸ ਨੂੰ ਡਰਾ ਕੇ ਉਸ ਕੋਲੋਂ ਉਸ ਦੀ ਰੋਟੀ ਖੋਹ ਕੇ ਖਾ ਗਏ ਅਤੇ ਉਸ ਦੀ ਜੇਬ ਖਰਚੀ ਵੀ ਲੈ ਗਏ | ਅਮਰ ਬਹੁਤ ਪ੍ਰੇਸ਼ਾਨ ਹੋ ਗਿਆ | ਉਸ ਦਾ ਜੀਅ ਕਿਤਾਬ ਪੜ੍ਹਨ ਵਿਚ ਬਿਲਕੁਲ ਹੀ ਨਹੀਂ ਲੱਗ ਰਿਹਾ ਸੀ | ਇਕ ਹਫਤਾ ਇਹ ਸਭ ਚਲਦਾ ਰਿਹਾ | ਅਮਰ ਬਹੁਤ ਹੀ ਡਰਿਆ ਡਰਿਆ ਰਹਿੰਦਾ ਸੀ | ਸੋਮਵਾਰ ਨੂੰ ਉਸ ਦਾ ਮਨ ਸਕੂਲ ਜਾਣ ਨੂੰ ਨਹੀਂ ਕਰ ਰਿਹਾ ਸੀ | ਅਮਰ ਨੇ ਆਪਣੇ ਪਿਤਾ ਦੇ ਦਫਤਰ ਚਲੇ ਜਾਣ ਤੋਂ ਬਾਅਦ ਆਪਣੀ ਮਾਂ ਨੂੰ ਕਿਹਾ ਕਿ ਮੈਂ ਅੱਜ ਸਕੂਲ ਨਹੀਂ ਜਾਵਾਂਗਾ | ਜਦੋਂ ਮਾਂ ਨੇ ਕਾਰਨ ਪੁੱਛਿਆ ਤਾਂ ਉਸ ਨੇ ਬਹਾਨਾ ਬਣਾਇਆ ਕਿ ਉਸ ਦਾ ਢਿੱਡ ਦੁਖਦਾ ਹੈ | ਮਾਂ ਨੇ ਉਸ ਦੇ ਢਿੱਡ ਨੂੰ ਹੱਥ ਲਾ ਕੇ ਪੁੱਛਿਆ ਤਾਂ ਉਹ ਦੱਸ ਨਾ ਸਕਿਆ ਕਿ ਕਿਥੇ ਦਰਦ ਹੋ ਰਿਹਾ ਹੈ | ਉਸ ਦੀ ਮਾਂ ਨੇ ਸੋਚਿਆ ਕੇ ਇਸ ਨੇ ਸਕੂਲ ਦਾ ਕੰਮ ਨਹੀਂ ਕੀਤਾ ਹੋਣਾ ਤਾਂ ਹੀ ਇਹ ਬਹਾਨਾ ਬਣਾ ਰਿਹਾ ਹੈ | ਮਾਂ ਨੇ ਪਿਆਰ ਨਾਲ ਸਮਝਾ ਕੇ ਸਕੂਲ ਭੇਜ ਦਿਤਾ |
ਉਸ ਦਾ ਲੰਚ ਬਾਕਸ ਦੇ ਦਿਤਾ ਤੇ ਜੇਬ ਖਰਚੀ ਵੀ ਦਿਤੀ ਤੇ ਕਿਹਾ ਕਿ ਚਲ ਮੈਂ ਤੈਨੂੰ ਸਕੂਲ ਛੱਡ ਆਓਂਦੀ ਹਾਂ | ਅਮਰ ਨੂੰ ਰਾਮ ਅਤੇ ਸ਼ਾਮ ਦਾ ਡਰ ਸਤਾ ਰਿਹਾ ਸੀ ਇਸ ਲਈ ਉਹ ਆਪਣੀ ਮਾਂ ਨੂੰ ਨਾਲ ਨਹੀਂ ਲਿਜਾਣਾ ਚਾਹੁੰਦਾ ਸੀ | ਉਸ ਨੇ ਕਿਹਾ ਕਿ ਤੁਸੀਂ ਘਰ ਦਾ ਕੰਮ ਕਰੋ ਮੈਂ ਆਪੇ ਹੀ ਚਲਾ ਜਾਵਾਂਗਾ | ਅਮਰ ਸਕੂਲ ਚਲਾ ਗਿਆ | ਅੱਧੀ ਛੁਟੀ ਸਮੇਂ ਉਹ ਫੁੱਲਾਂ ਦੇ ਸਾਥ ਵਿਚ ਜਾਣ ਦੀ ਥਾਂ ਜਮਾਤ ਵਿਚ ਹੀ ਬੈਠਾ ਰਿਹਾ | ਜਦੋਂ ਸਾਰੇ ਬੱਚੇ ਬਾਹਰ ਖੇਡਣ ਲਈ ਚਲੇ ਗਏ ਉਸ ਨੇ ਆਪਣਾ ਲੰਚ ਬਾਕਸ ਕੱਢਿਆ ਤੇ ਖੋਲਣ ਹੀ ਲਗਾ ਸੀ ਕਿ ਰਾਮ ਅਤੇ ਸ਼ਾਮ ਉਸ ਕੋਲ ਆ ਗਏ ਤੇ ਉਸ ਨੂੰ ਬਾਹਰ ਲੈ ਗਏ | ਉਹ ਡਰਦਾ ਹੋਇਆ ਉਨ੍ਹਾਂ ਨਾਲ ਚਲਾ ਗਿਆ | ਉਨ੍ਹਾਂ ਨੇ ਗਰਾਉਂਡ ਵਿਚ ਪਹੁੰਚ ਉਸ ਤੋਂ ਉਸ ਦਾ ਡੱਬਾ ਖੋਹ ਲਿਆ ਤੇ ਉਸ ਦੀ ਰੋਟੀ ਖਾ ਗਏ ਅਤੇ ਜੇਬ ਖਰਚੀ ਵੀ ਖੋਹ ਕੇ ਲੈ ਗਏ | ਅਮਰ ਬਹੁਤ ਹੀ ਪ੍ਰੇਸ਼ਾਨ ਹੋ ਗਿਆ | ਹੁਣ ਅਮਰ ਹਰ ਰੋਜ਼ ਆਪਣਾ ਲੰਚ ਬਾਕ੍ਸ ਲੈ ਕੇ ਫੁੱਲਾਂ ਦੇ ਕੋਨੇ ਕੋਲ ਪਹੁੰਚ ਜਾਇਆ ਕਰਦਾ ਸੀ ਅਤੇ ਉਥੇ ਹੀ ਰਾਮ ਅਤੇ ਸ਼ਾਮ ਪਹੁੰਚ ਜਾਂਦੇ ਉਸ ਤੋਂ ਲੰਚ ਬਾਕ੍ਸ ਲੈਂਦੇ ਲੰਚ ਖਾ ਜਾਂਦੇ ਰੇ ਉਸ ਤੋਂ ਜੇਬ ਖਰਚੀ ਲੈ ਲੈਂਦੇ ਸਨ | ਅਮਰ ਵਿਰੋਧ ਕਰਨ ਜੋਗਾ ਹੀ ਨਹੀਂ ਸੀ ਕਿਓਂ ਜੋ ਉਹ ਪੂਰੀ ਤਰਾਂ ਡਰਿਆ ਹੋਇਆ ਸੀ ਜਾਂ ਸਮਝੋ ਕਿ ਇਤਨਾ ਡਰਾਇਆ ਹੋਇਆ ਸੀ | ਉਹ ਅੰਦਰੋਂ ਵਿਰੋਧ ਕਰਨਾ ਚਾਹੁੰਦਾ ਸੀ | ਉਹ ਇਸ ਸਮਸਿਆ ਦਾ ਹੱਲ ਸੋਚਣ ਲਗਾ |
ਪ੍ਰੰਤੂ ਉਸ ਨੂੰ ਉਨ੍ਹਾਂ ਦੋਹਾਂ ਤੋਂ ਡਰ ਲੱਗ ਰਿਹਾ ਸੀ | ਉਸ ਦੀ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਉਹ ਕਿਵੇਂ ਕਰੇ ਹੁਣ ਅਮਰ ਨੂੰ ਰਾਮ ਨੇ ਆਖਿਆ ਕਿ ਤੂੰ ਹੁਣ ਲੰਚ ਨਾ ਲਿਆਇਆ ਕਰ ਆਪਣੀ ਮੰਮੀ ਤੋਂ ਹੋਰ ਪੈਸੇ ਲੈ ਆਇਆ ਕਰ | ਉਸ ਨੇ ਅਗਲੇ ਦਿਨ ਤੋਂ ਹੋਰ ਪੈਸੇ ਲਿਆਉਣੇ ਸ਼ੁਰੂ ਕਰ ਦਿਤੇ | ਰਾਮ ਅਤੇ ਸ਼ਾਮ ਨੂੰ ਹੁਣ ਮੌਜਾਂ ਬਣ ਗਈਆਂ ਸਨ ਉਹ ਜਦ ਵੀ ਅਮਰ ਨੂੰ ਮਿਲਦੇ ਉਸ ਤੋਂ ਪੈਸੇ ਲੈ ਲੈਂਦੇ ਅਤੇ ਆਪਣੇ ਰਾਹ ਪੈਂਦੇ | ਹੁਣ ਤਾਂ ਉਹ ਕਿਸੇ ਦੇ ਹੋਣ ਜਾਂ ਨਾ ਹੋਣ ਦੀ ਪ੍ਰਵਾਹ ਨਹੀਂ ਕਰਦੇ ਸਨ ਉਹ ਸਭ ਦੇ ਸਾਹਮਣੇ ਹੀ ਪੈਸੇ ਲੈ ਲਿਆ ਕਰਦੇ ਸਨ | ਅਮਰ ਵੀ ਡਰਦਾ ਹੋਇਆ ਬਿਨਾ ਹੀਲ ਹੁਜਤ ਦੇ ਪੈਸੇ ਦੇ ਕੇ ਉਨ੍ਹਾਂ ਤੋਂ ਖਹਿੜਾ ਛੁਡਾਉਣ ਦੀ ਕਰਦਾ ਸੀ | ਉਸ ਨੇ ਮੰਨ ਬਣਾਇਆ ਕਿ ਉਹ ਸਾਰੀ ਘਟਨਾ ਦਾ ਵੇਰਵਾ ਆਪਣੇ ਅਧਿਆਪਕ ਨੂੰ ਦੱਸ ਦੇਵੇ | ਉਸ ਨੇ ਡਰ ਕਾਰਨ ਅਜਿਹਾ ਨਾ ਕੀਤਾ | ਜਦੋਂ ਉਹ ਇਕ ਦੋ ਦਿਨ ਫੁੱਲਾਂ ਕੋਲ ਨਾ ਗਿਆ ਤਾਂ ਅਧਿਆਪਕ ਕਸ਼ਮੀਰ ਸਿੰਘ ਜਿਸ ਨੇ ਉਸ ਨੂੰ ਫੁੱਲਾਂ ਕੋਲ ਬੈਠਿਆਂ ਕਈ ਵਾਰ ਦੇਖਿਆ ਸੀ ਅਮਰ ਅੱਜ ਕਲ ਫੁੱਲਾਂ ਦੀਆਂ ਕਿਆਰੀਆਂ ਕੋਲ ਨਜ਼ਰ ਨਹੀਂ ਆਇਆ | ਉਨ੍ਹਾਂ ਨੇ ਕਾਰਨ ਜਾਣਨ ਲਈ ਉਸ ਨੂੰ ਆਪਣੇ ਕੋਲ ਬੁਲਾਇਆ | ਜਦੋਂ ਉਸ ਨੂੰ ਪੁੱਛਿਆ ਗਿਆ ਕਿ ਹੁਣ ਤੂੰ ਉਥੇ ਫੁੱਲਾਂ ਕੋਲ ਕਿਓਂ ਨਹੀਂ ਜਾਂਦਾ ? ਪਹਿਲਾਂ ਤਾਂ ਉਸ ਨੇ ਕਿਹਾ ਕਿ ਮੈਂ ਹੁਣ ਹੋਰ ਬੱਚਿਆਂ ਨਾਲ ਖੇਡਦਾ ਹਾਂ | ਜਦੋਂ ਫੇਰ ਪੁੱਛਿਆ ਕਿ ਤੈਨੂੰ ਤਾਂ ਅਸੀਂ ਖੇਡਦਾ ਨਹੀਂ ਦੇਖਿਆ ਤਾਂ ਉਹ ਫੁਟ ਫੁਟ ਕੇ ਰੋਣ ਲੱਗ ਪਿਆ | ਅਧਿਆਪਕ ਨੇ ਅੰਦਾਜ਼ਾ ਲਾਇਆ ਕਿ ਕੋਈ ਖਾਸ ਗੱਲ ਹੈ | ਉਸ ਨੇ ਉਸ ਨੂੰ ਪਿਆਰ ਕੀਤਾ ਤੇ ਵਿਰਾਇਆ ਅਤੇ ਕਿਹਾ ਕਿ ਘਬਰਾ ਨਾ |
ਜੇ ਕਰ ਕੋਈ ਸਮੱਸਿਆ ਹੈ ਤਾਂ ਮੈਨੂੰ ਦੱਸ ਮੇਰੇ ਤੇਰੇ ਬਾਪ ਜਿਹਾ ਹਾਂ | ਮੈਂ ਤੇਰੀ ਸਮੱਸਿਆ ਦਾ ਹੱਲ ਕਰਾਂਗਾ | ਮੈਂ ਤੇਰੀ ਹਰ ਪ੍ਰੇਸ਼ਾਨੀ ਦੂਰ ਕਰਨ ਦਾ ਯਤਨ ਕਰਾਂਗਾ | ਅਮਰ ਨੂੰ ਧਰਵਾਸ ਮਿਲਿਆ | ਉਸ ਨੇ ਕੁਝ ਸਮਾਂ ਪਹਿਲਾਂ ਰਾਮ ਅਤੇ ਸ਼ਾਮ ਦੀ ਫੁਲ ਤੋੜਨ ਵਾਲੀ ਘਟਨਾ ਇੰਨ ਬਿੰਨ ਦੱਸ ਦਿਤੀ ਅਤੇ ਬਾਅਦ ਵਿਚ ਉਸ ਦੀ ਰੋਟੀ ਖੋਹ ਲੈਣ ਵਾਲੀ ਅਤੇ ਜੇਬ ਖਰਚੀ ਵੀ ਖੋਹ ਲੈਣ ਬਾਰੇ ਸਾਰਾ ਵੇਰਵੇ ਸਹਿਤ ਦੱਸ ਦਿਤਾ ਅਤੇ ਇਹ ਵੀ ਦੱਸਿਆ ਕਿ ਉਹ ਮੈਨੂੰ ਰੋਜ਼ ਹੀ ਡਰਾਉਂਦੇ ਹਨ ਕਿ ਤੈਨੂੰ ਅਧਿਆਪਕਾਂ ਤੋਂ ਮਾਰ ਪਵਾਵਾਂਗੇ | ਮੈਂ ਡਰ ਗਿਆ ਸੀ ਅਤੇ ਘਰੇ ਜਾਂ ਸਕੂਲ ਵਿਚ ਕਿਸੇ ਨੂੰ ਨਹੀਂ ਦੱਸਿਆ ਹੈ | ਮੈਂ ਤੁਹਾਨੂੰ ਦੱਸ ਦਿਤਾ ਹੈ ਮੈਨੂੰ ਲਗਦਾ ਹੈ ਕਿ ਉਹ ਮੈਨੂੰ ਅੱਜ ਕੁਟਣਗੇ | ਮੈਨੂੰ ਬਹੁਤ ਹੀ ਡਰ ਲੱਗ ਰਿਹਾ ਹੈ | ਅਧਿਆਪਕ ਨੇ ਅਮਰ ਨੂੰ ਪੂਰਨ ਦਿਲਾਸਾ ਦਿਤਾ ਕਿ ਤੈਨੂੰ ਡਰਨ ਦੀ ਲੋੜ ਨਹੀਂ | ਮੈਂ ਤੇਰੇ ਇਸ ਮਸਲੇ ਦਾ ਹੱਲ ਕਰਾਂਗਾ | ਜਿਤਨਾ ਚਿਰ ਤਕ ਤੇਰੀ ਤਸੱਲੀ ਨਹੀਂ ਹੁੰਦੀ ਉਦੋਂ ਤਕ ਤੈਨੂੰ ਮੈਂ ਘਰ ਤੋਂ ਲੈ ਕੇ ਆਵਾਂਗਾ ਅਤੇ ਛੁਟੀ ਸਮੇਂ ਘਰ ਵੀ ਛੱਡ ਕੇ ਆਵਾਂਗਾ | ਸਕੂਲ ਵਿਚ ਤੇਰਾ ਧਿਆਨ ਰਖਾਂਗਾ | ਅੱਧੀ ਛੁਟੀ ਸਮੇਂ ਮੈਂ ਤੇਰੇ ਕੋਲ ਹੀ ਕਿਆਰੀਆਂ ਵਿਚ ਹੀ ਬੈਠਿਆਂ ਕਰਾਂਗਾ ਅਤੇ ਤੈਨੂੰ ਫੁੱਲਾਂ ਬਾਰੇ ਜਾਣਕਾਰੀ ਦਿਆ ਕਰਾਂਗਾ |
ਰਾਮ ਅਤੇ ਸ਼ਾਮ ਨੂੰ ਬਿਲਕੁਲ ਵੀ ਪਤਾ ਨਹੀਂ ਲਗੇਗਾ ਕਿ ਤੂੰ ਉਨ੍ਹਾਂ ਦੀ ਸ਼ਿਕਾਇਤ ਲਗਾਈ ਹੈ | ਤੂੰ ਬਿਲਕੁਲ ਵੀ ਫਿਕਰ ਨਹੀਂ ਕਰਨਾ ਹੈ | ਉਸ ਦਿਨ ਤੋਂ ਬਾਅਦ ਅਧਿਆਪਕ ਕਸ਼ਮੀਰ ਸਿੰਘ ਨੇ ਅਮਰ ਨਾਲ ਦੋਸਤੀ ਪਾ ਲਈ ਤੇ ਉਸ ਦਾ ਪੂਰਾ ਧਿਆਨ ਰੱਖਣ ਲੱਗ ਪਿਆ | ਛੁਟੀ ਸਮੇਂ ਕਸ਼ਮੀਰ ਸਿੰਘ ਉਸ ਨੂੰ ਆਪਣੇ ਨਾਲ ਹੀ ਸਕੂਟਰ ਤੇ ਲੈ ਗਿਆ | ਅਗਲੇ ਦਿਨ ਛੁੱਟੀ ਸੀ | ਅਗਲੇਰੇ ਦਿਨ ਸਕੂਲ ਸਮੇਂ ਤੇ ਅਮਰ ਨੂੰ ਕਸ਼ਮੀਰ ਸਿੰਘ ਨਾਲ ਲੈ ਆਇਆ ਸੀ | ਅੱਧੀ ਛੁੱਟੀ ਸਮੇਂ ਅਮਰ ਆਪਣੇ ਕੋਨੇ ਵਿਚ ਜਾ ਬੈਠਾ | ਜਦੋਂ ਰਾਮ ਅਤੇ ਸ਼ਾਮ ਨੂੰ ਇਕੱਲੇ ਨੂੰ ਕਿਆਰੀਆਂ ਕੋਲ ਬੈਠਿਆਂ ਦੇਖਿਆ ਤਾਂ ਉਹ ਉਸਦੇ ਵਲ ਨੂੰ ਤੁਰ ਪਏ | ਹਾਲੇ ਉਨ੍ਹਾਂ ਨੇ ਕੁਝ ਕਦਮ ਹੀ ਪੁਟੇ ਸਨ ਕਿ ਉਨ੍ਹਾਂ ਦੀ ਨਜ਼ਰ ਅਧਿਆਪਕ ਤੇ ਪਈ ਜਿਹੜਾ ਫੁੱਲਾਂ ਨੂੰ ਦੇਖ ਰਿਹਾ ਸੀ ਅਤੇ ਉਥੇ ਖੜੋਤਾ ਹੋਇਆ ਮਾਲੀ ਨਾਲ ਗੱਲਾਂ ਕਰ ਰਿਹਾ ਸੀ | ਮਾਲੀ ਕਿਆਰੀਆਂ ਨੂੰ ਪਾਣੀ ਲਗਾ ਰਿਹਾ ਸੀ | ਅਮਰ ਵੀ ਉਨ੍ਹਾਂ ਕੋਲ ਹੀ ਖੜਾ ਸੀ | ਰਾਮ ਅਤੇ ਸ਼ਾਮ ਉਥੋਂ ਹੀ ਵਾਪਿਸ ਮੁੜ ਗਏ | ਭਾਵੇਂ ਕਸ਼ਮੀਰ ਸਿੰਘ ਨੇ ਉਨ੍ਹਾਂ ਨੂੰ ਦੇਖ ਲਿਆ ਸੀ ਪਰ ਉਸ ਨੇ ਇਹ ਦਿਖਾਇਆ ਕਿ ਉਸ ਨੂੰ ਕੁਝ ਵੀ ਪਤਾ ਨਹੀਂ ਹੈ |
ਕਸ਼ਮੀਰ ਸਿੰਘ ਅਮਰ ਨੂੰ ਦੱਸਣ ਲੱਗਾ ਕਿ ਫੁੱਲ ਸਾਨੂੰ ਸਭ ਨੂੰ ਪਿਆਰੇ ਲਗਦੇ ਹਨ | ਫੁੱਲ ਸਾਡੀਆਂ ਖੁਸ਼ੀਆਂ ਅਤੇ ਗਮੀਆਂ ਵਿਚ ਸ਼ਰੀਕ ਹੁੰਦੇ ਹਨ | ਸਾਡੇ ਜੀਵਨ ਵਿਚ ਜਨਮ ਤੋਂ ਮੌਤ ਤਕ ਫੁਲ ਵੱਖੋ ਵੱਖਰੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੇ ਦਿਖਾਈ ਦਿੰਦੇ ਹਨ | ਜਨਮ ਦਿਨ ਦੇ ਸਮੇਂ ਫੁਲ ਖੁਸ਼ੀਆਂ ਦਾ ਮੀਂਹ ਵਰਸਾਉਂਦੇ ਪ੍ਰਤੀਤ ਹੁੰਦੇ ਹਨ ਜਦੋਂ ਕਿ ਵਿਆਹ ਸ਼ਾਦੀ ਸਮੇਂ ਫੁੱਲ ਸਾਡੇ ਸੁਪਨਿਆਂ ਦੀ ਸਜਾਵਟ ਬਣ ਸਾਨੂੰ ਖੁਸ਼ੀਆਂ ਦਿੰਦੇ ਹਨ | ਮੌਤ ਸਮੇਂ ਦੇ ਵੇਲੇ ਓਹੀ ਫੁੱਲ ਜਾਣ ਵਾਲੇ ਨੂੰ ਵਿਦਾਈ ਦੇ ਰਹੇ ਹੁੰਦੇ ਹਨ | ਫੁੱਲ ਤਾਂ ਓਹੀ ਹੁੰਦੇ ਹਨ ਪਰ ਹਰ ਸਮੇਂ ਅਨੁਸਾਰ ਆਪਣਾ ਵੱਖਰਾ ਅਹਿਸਾਸ ਦਿਆ ਕਰਦੇ ਹਨ | ਹਰੇਕ ਫੁੱਲ ਆਪਣੀ ਕਹਾਣੀ ਵੱਖਰੀ ਤਰਾਂ ਨਾਲ ਬਿਆਨ ਕਰਦਾ ਹੈ | ਗੈਂਦੇ ਦੇ ਫੁਲ ਸਾਦਗੀ ਅਤੇ ਆਮ ਲੋਕਾਂ ਨਾਲ ਜੁੜੇ ਰਹਿਣ ਦਾ ਅਹਿਸਾਸ ਦਿੰਦੇ ਹਨ ਜਦੋਂ ਕਿ ਗੁਲਾਬ ਦੇ ਫੁਲ ਦੀਆਂ ਪੰਖੜੀਆਂ ਪਿਆਰ ਦੀ ਗਰਮੀ ਝਲਕਦੀ ਹੈ ਅਤੇ ਕੰਵਲ ਦਾ ਫੁਲ ਪਵਿੱਤਰਤਾ ਦਾ ਪ੍ਰਤੀਕ ਬਣਦਾ ਹੈ | ਆਪਣੇ ਆਪ ਖਿੜਨ ਵਾਲੇ ਜੰਗਲੀ ਫੁੱਲ ਸਾਨੂੰ ਸਵੈ-ਹੋਂਦ ਅਤੇ ਆਜ਼ਾਦ ਰਹਿਣ ਦਾ ਸੰਦੇਸ਼ ਦਿੰਦੇ ਹਨ |
ਵੱਖ ਵੱਖ ਰੰਗਾਂ ਵਿਚ ਗੁੰਦੇ ਹੋਏ ਫੁਲ ਵੱਖਰੀ ਵੱਖਰੀ ਭਾਸ਼ਾ ਰਾਹੀਂ ਆਪਣਾ ਆਪਣਾ ਨਜ਼ਮਾਂ ਗਾਉਂਦੇ ਹਨ ਜਿਸ ਦੀ ਆਵਾਜ਼ ਨਹੀਂ ਸੁਣਦੀ ਪ੍ਰੰਤੂ ਅਹਿਸਾਸ ਹੋਇਆ ਕਰਦਾ ਹੈ | ਨੀਲਾ ਰੰਗ ਡੂੰਘੇ ਵਿਚਾਰਾਂ ਅਤੇ ਗੰਭੀਰਤਾ ਨੂੰ ਦਰਸਾਉਂਦਾ ਹੈ ਜਦੋਂ ਕਿ ਪੀਲਾ ਰੰਗ ਆਸਾਂ ਉਮੀਦਾਂ ਅਤੇ ਮਿੱਤਰਤਾ ਦਾ ਸੁਨੇਹਾ ਦਿੰਦਾ ਹੈ | ਜਾਮਣੀ ਰੰਗ ਨੂੰ ਆਤਮਿਕ ਅਤੇ ਰਾਜ਼ ਨੂੰ ਆਪਣੇ ਅੰਦਰ ਸਮੇਟ ਰੱਖਣ ਦੀ ਨਿਸ਼ਾਨੀ ਵਜੋਂ ਗਿਣਿਆ ਗਿਆ ਹੈ | ਬਸੰਤੀ ਰੰਗ ਦੀ ਵਿਰਾਸਤ ਨੂੰ ਸਾਰੇ ਹੀ ਜਾਣਦੇ ਹਨ ਕਿਵੇਂ ਕੁਰਬਾਨੀ ਦੇਣ ਵਾਲੇ ਆਖਿਆ ਕਰਦੇ ਸਨ —-ਸਾਡਾ ਰੰਗ ਦੇ ਬਸੰਤੀ ਚੋਲਾ ,ਸਾਡਾ ਰੰਗ ਦੇ ਬਸੰਤੀ ਚੋਲਾ | ਬਸੰਤੀ ਰੰਗ ਦੇ ਅੰਦਰ ਸਿਦਕ ,ਤਿਆਗ ਅਤੇ ਕੁਰਬਾਨੀ ਦਾ ਰੰਗ ਖੂਬ ਝਲਕਾਂ ਮਾਰਦਾ ਹੈ | ਸਰੋਂ ਦੇ ਖਿੜੇ ਹੋਏ ਬਸੰਤੀ ਫੁੱਲ ਪਹੁ ਫੁਟਾਲੇ ਦੀ ਤਰਾਂ ਚਾਨਣ ਦਾ ਦੂਤ ਲਗਿਆ ਕਰਦੀ ਹੈ | ਆਪਣੇ ਖੇਤਾਂ ਦੇ ਵਿਚ ਬਸੰਤੀ ਰੰਗ ਭਰਿਆ ਦੇਖ ਕਿਰਸਾਨ ਖੁਸ਼ ਹੋ ਨੱਚਣ ਲਗਦਾ ਹੈ | ਇਸ ਤਰਾਂ ਵੱਖਰੇ ਵੱਖਰੇ ਰੰਗ ਮਨੁੱਖ ਦੇ ਵੱਖ ਵੱਖ ਪਹਿਲੂਆਂ ਨੂੰ ਦਰਸਾਉਂਦੇ ਹਨ | ਇਕ ਬੀਜ ਧਰਤੀ ਦੇ ਗਰਭ ਵਿਚ ਰਹਿ ਕੇ, ਕਾਫੀ ਮੁਸ਼ਕਿਲਾਂ ਸਹਿਣ ਤੋਂ ਬਾਅਦ ਰੰਗ ਬਰੰਗੇ ਫੁੱਲ ਦੇ ਰੂਪ ਵਿਚ ਨਜ਼ਰ ਆਓਂਦਾ ਹੈ ਇਸ ਦੌਰਾਨ ਪੌਦਾ ਧੁੱਪ ਦੀ ਗਰਮੀ,ਹਵਾ ਦੇ ਝੋੰਕੇ ਅਤੇ ਮੀਂਹ ਦੇ ਛਿੱਟੇ ਸਹਾਰ ਕੇ ਵੀ ਨਰਮ ਹੀ ਰਹਿੰਦਾ ਹੈ ਅਤੇ ਮਨੁੱਖੀ ਮਨ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ | ਮਨੁੱਖ ਨੂੰ ਇਹ ਨਿਕੜੂ ਜਿਹਾ ਫੁਲ ਸਿਖਾਉਂਦਾ ਹੈ ਕੇ ਦੁੱਖ ਅਤੇ ਤਕਲੀਫ਼ਾਂ ਸਾਡੇ ਜੀਵਨ ਦਾ ਹਿਸਾ ਹਨ |
ਫੁੱਲ ਬਰਾਬਰੀ ਦੇ ਸੰਦੇਸ਼ ਵਾਹਕ ਹੁੰਦੇ ਹਨ ਉਨ੍ਹਾਂ ਦੀ ਮਹਿਕ ਬਿਨਾਂ ਕਿਸੇ ਵਿਤਕਰੇ ਦੇ ਸਭਨਾ ਦੀਆਂ ਨਜ਼ਰਾਂ ਦਾ ਨੂਰ ਬਣਦੀ ਹੈ | ਫੁੱਲ ਭਾਵੇਂ ਥੁੜ ਚਿਰਾ ਜੀਵਨ ਜਿਓੰਦੇ ਹਨ ਪ੍ਰੰਤੂ ਮੜ੍ਹਕ ਨਾਲ ਸਿਰ ਉਠਾ ਕੇ ਰਹਿੰਦੇ ਹਨ ਉਹ ਹੁਲਾਰੇ ਦਿੰਦੀ ਪੌਣ ਨਾਲ ਬੋਲਾਂ ਦੀ ਸਾਂਝ ਪਾ ਲੈਂਦੇ ਹਨ | ਪਹੁ ਫੁਟਾਲੇ ਤੇ ਤ੍ਰੇਲ ਨਾਲ ਨਹਾ ਕੇ ਆਏ ਫੁੱਲ ਜ਼ਿੰਦਗੀ ਦਾ ਸਬਕ ਬਣਦੇ ਹਨ | ਇਕ ਦੂਜੇ ਦਾ ਸੰਗ ਸਾਥ ਜਿਉਣ ਦਾ ਬਲ ਹੁੰਦਾ ਹੈ | ਖੁਸ਼ੀ ਨੂੰ ਦੁਗਣਾ ਕਰਦੇ ਹਨ ਅਤੇ ਦੁੱਖ ਤੇ ਔਕੜ ਦੇ ਵਿਚ ਸਹਾਰਾ ਬਣਦੇ ਹਨ | ਇਸ ਲਈ ਸਾਨੂੰ ਮੁਸ਼ਕਲਾਂ ਤੋਂ ਬਿਲਕੁਲ ਵੀ ਘਬਰਾਉਣਾ ਨਹੀਂ ਚਾਹੀਦਾ ਅਤੇ ਦਲੇਰੀ ਨਾਲ ਜੀਵਨ ਅੰਦਰ ਆਈਆਂ ਤਕਲੀਫ਼ਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ | ਫੁੱਲ ਤਾਂ ਇਹ ਆਖਦੇ ਹੋਏ ਪ੍ਰਤੀਤ ਹੁੰਦੇ ਹਨ ਕਿ ਦੂਸਰਿਆਂ ਲਈ ਜਿਓਣਾ ਅਕਾਸ਼ ਵਿਚ ਸੌਹਂਦੇ ਚੰਨ ਜਿਹਾ ਜੇਹਾ ਹੁੰਦਾ ਹੈ ਜਿਸ ਦੀ ਠੰਡੀ ਰੋਸ਼ਨੀ ਹਨੇਰੇ ਰਾਹਾਂ ਵਿਚ ਚਾਨਣ ਦਿਖਾਉਂਦੀ ਹੈ | ਜੇ ਕਰ ਤਕਲੀਫ਼ਾਂ ਇਕੱਲਿਆਂ ਤੋਂ ਹੱਲ ਨਾ ਕੀਤੀਆਂ ਜਾਣ ਤਾਂ ਆਪਣੇ ਵੱਡਿਆਂ ਦੀ ਮਦਦ ਲੈ ਲੈਣ ਵਿਚ ਕੋਈ ਹਰਜ਼ ਨਹੀਂ ਹੁੰਦਾ ਹੈ | ਇਹ ਗੱਲਾਂ ਕਰ ਹੀ ਰਹੇ ਸਨ ਕਿ ਅੱਧੀ ਛੁੱਟੀ ਬੰਦ ਹੋਣ ਦੀ ਘੰਟੀ ਵੱਜ ਗਈ ਤੇ ਅਮਰ ਆਪਣੀ ਕਲਾਸ ਵਿਚ ਚਲਾ ਗਿਆ ਅਤੇ ਕਸ਼ਮੀਰ ਸਿੰਘ ਆਪਣੀ ਜਮਾਤ ਦੇ ਬੱਚਿਆਂ ਨੂੰ ਪੜ੍ਹਾਉਣ ਵਿਚ ਰੁਝ ਗਏ | ਇਸ ਤਰਾਂ ਇਕ ਹਫਤਾ ਗੁਜ਼ਰ ਗਿਆ |
ਰਾਮ ਅਤੇ ਸ਼ਾਮ ਨੂੰ ਮੌਕਾ ਨਾ ਮਿਲਿਆ ਕਿ ਉਹ ਅਮਰ ਨੂੰ ਕੁਝ ਕਹਿ ਸਕਦੇ ਸਗੋਂ ਉਨ੍ਹਾਂ ਨੂੰ ਡਰ ਲੱਗਣ ਲੱਗ ਪਿਆ ਸੀ ਕਿ ਹੁਣ ਅਮਰ ਮਾਸਟਰ ਕਸ਼ਮੀਰ ਸਿੰਘ ਨੂੰ ਸਾਡੀ ਕਰਤੂਤ ਦੱਸ ਦੇਵੇਗਾ ਅਤੇ ਸਾਨੂੰ ਸਜ਼ਾ ਮਿਲੇਗੀ | ਉਹ ਅਮਰ ਤੋਂ ਟਲਣ ਲਗ ਪਏ ਸਨ | ਉਹ ਚਾਹੁੰਦੇ ਸਨ ਕਿ ਉਹ ਅਮਰ ਨਾਲ ਕਿਵੇਂ ਨਾ ਕਿਵੇਂ ਦੋਸਤੀ ਕਰ ਲੈਣ |ਪਰ ਕਸ਼ਮੀਰ ਸਿੰਘ ਜੀ ਦੀ ਹਾਜ਼ਰੀ ਵਿਚ ਉਨ੍ਹਾਂ ਦਾ ਹੋਂਸਲਾ ਨਹੀਂ ਪੈ ਰਿਹਾ ਸੀ | ਅਮਰ ਦਾ ਡਰ ਵੀ ਹੋਲੀ ਹੋਲੀ ਖਤਮ ਹੋ ਰਿਹਾ ਸੀ ਕਿਓਂ ਕਿ ਕਸ਼ਮੀਰ ਸਿੰਘ ਜੀ ਉਸਦਾ ਸਾਥ ਦੇ ਰਹੇ ਸਨ | ਸਮਾਂ ਤਾਂ ਕਿਸੇ ਲਈ ਵੀ ਰੁਕ ਕੇ ਇੰਤਜ਼ਾਰ ਨਹੀਂ ਕਰਦਾ ਹੈ ਇਸ ਤਰਾਂ ਸਮਾਂ ਅੱਗੇ ਵਲ ਵੱਧ ਰਿਹਾ ਸੀ | ਅਮਰ ਜਿਹੜਾ ਭੈ- ਸਾਗ਼ਰ ਦਾ ਵਾਸੀ ਹੋ ਚੁੱਕਿਆ ਸੀ ਅਤੇ ਉਸ ਦਾ ਕਿਸੇ ਕਿਤਾਬ ਪੜ੍ਹਨ ਨੂੰ ਮਨ ਨਹੀਂ ਕਰਦਾ ਸੀ | ਅਧਿਆਪਕ ਦੇ ਦਿਲਾਸੇ ਅਤੇ ਸਾਥ ਸਦਕਾ ਫਿਰ ਲਾਇਬ੍ਰੇਰੀ ਤੋਂ ਨਵੀਆਂ ਕਿਤਾਬਾਂ ਲਿਆ ਕੇ ਪੜ੍ਹਨ ਵਲ ਆਪਣੇ ਆਪ ਨੂੰ ਮੋੜ ਰਿਹਾ ਸੀ | ਉਸ ਦਾ ਮਨ ਪੜ੍ਹਾਈ ਵਲ ਆਕਰਸ਼ਿਤ ਹੋ ਰਿਹਾ ਸੀ | ਉਹ ਬਾਕੀ ਵਿਦਿਆਰਥੀਆਂ ਤੋਂ ਬਹੁਤ ਅਗੇ ਨਿਕਲ ਰਿਹਾ ਸੀ | ਇਕ ਦਿਨ ਰੈਡੀਮੇਡ ਕੱਪੜਿਆਂ ਦਾ ਮਾਲਕ ਮਲਕੀਤ,ਅਮਰ ਦੇ ਘਰ ਆਇਆ |
ਉਸ ਨੇ ਹਰਜੀਤ ਕੌਰ ਨੂੰ ਹੁਣ ਸਿਲਾਈ ਦਾ ਕੰਮ ਫੇਰ ਤੋਂ ਸ਼ੁਰੂ ਕਰਨ ਲਈ ਆਖਿਆ| ਉਸ ਨੇ ਕਿਹਾ ਕਿ ਹੁਣ ਅਮਰ ਤਾਂ ਕਾਫੀ ਵੱਡਾ ਹੋ ਚੁਕਾ ਹੈ ਤੇ ਤੁਸੀਂ ਘਰ ਦਾ ਕੰਮ ਨਬੇੜ ਕੇ ਛੇਤੀ ਵੇਹਲੇ ਹੋ ਜਾਂਦੇ ਹੋ | ਸਿਲਾਈ ਕਰਿਆ ਕਰੋ ਕੁਝ ਪੈਸੇ ਇਕੱਠੇ ਹੋ ਜਾਣਗੇ ਜੋ ਅਮਰ ਦੀ ਉਚੇਰੀ ਪੜ੍ਹਾਈ ਲਈ ਤੁਹਾਡੇ ਕੰਮ ਆਉਣਗੇ | ਮੈਨੂੰ ਵਿਸ਼ਵਾਸ ਹੈ ਕੇ ਤੁਹਾਡਾ ਬੱਚਾ ਪੜ੍ਹਾਈ ਵਿਚ ਹੁਸ਼ਿਆਰ ਹੋਵੇਗਾ | ਤੁਹਾਡੇ ਘਰ ਇਮਾਨਦਾਰੀ ਦੀ ਕਮਾਈ ਆਓਂਦੀ ਹੈ | ਇਸ ਤਰਾਂ ਪਰਮਾਤਮਾ ਵੀ ਤੁਹਾਡੀ ਮਦਦ ਕਰੇਗਾ | ਹਰਜੀਤ ਕੌਰ ਨੇ ਸਿਲਾਈ ਦੇ ਕੰਮ ਲਈ ਮਲਕੀਤ ਨੂੰ ਸਹਿਮਤੀ ਦੇ ਦਿਤੀ | ਅਗਲੇ ਦਿਨ ਆ ਕੇ ਮਲਕੀਤ ਉਨ੍ਹਾਂ ਦੇ ਘਰ ਸਿਲਾਈ ਲਈ ਕਪੜੇ ਦੇ ਗਿਆ ਅਤੇ ਚੰਗੀ ਤਰਾਂ ਸਮਝਾ ਗਿਆ | ਹਰਜੀਤ ਨੇ ਅਗਲੇ ਦਿਨ ਤੋਂ ਮਸ਼ੀਨ ਦਾ ਕੰਮ ਸ਼ੁਰੂ ਕਰ ਲਿਆ | ਅਮਰ ਵੀ ਉਸ ਦੇ ਕੰਮ ਵਿਚ ਥੋੜੀ ਬਹੁਤ ਸਹਾਇਤਾ ਕਰ ਦਿਆ ਕਰਦਾ ਸੀ |
ਅਜੀਤ ਸਿੰਘ (ਡਾਕਟਰ)
ਮੋਬਾਈਲ ਨੰਬਰ +16574644066
ਕਾਰਨਰ
Post Comment