ਕਵਿਤਾ/ਫ਼ੁਰਮਾਨ/ਯਸ਼ ਪਾਲ
*ਸੁਲਤਾਨ ਦਾ ਫ਼ੁਰਮਾਨ ਹੈ-*
*ਇਤਲਾਹ ਦਿੱਤੀ ਜਾਂਦੀ ਹੈ*
*ਸਲਤਨਤ ਦੇ*
*ਖ਼ਾਸੋ-ਆਮ ਨੂੰ*
*ਹਾਕਮੋ-ਹੁਕਾਮ ਨੂੰ*
*ਕਿ ਸਭ*
*ਬੱਚੇ ਬੁੱਢੇ ਜਵਾਨ*
*ਮਰਦ ਔਰਤ ਸਭ*
*ਹਰ ਹਾਲ*
*ਖ਼ੁਦਵਾ ਲੈਣਗੇ*
*ਆਪਣੇ ਮੱਥੇ ਵਿਚਕਾਰ*
*ਚੜ੍ਹਦੇ ਮਹੀਨੇ ਤੋਂ ਪਹਿਲਾਂ*
*ਮੋਟੇ ਹਰਫ਼ਾਂ ਨਾਲ*
*ਆਪਣਾ ਨਾਂ*
*ਆਪਣਾ ਮਜ਼੍ਹਬ*
*ਮਜ੍ਹਬ ਦਾ ਫ਼ਿਰਕਾ*
*ਫ਼ਿਰਕੇ ਦਾ ਵਿਸਥਾਰ*
*ਖ਼ੁਦਵਾਈ ਦਾ ਖਰਚਾ*
*ਚੁਕਾਇਆ ਜਾਵੇਗਾ*
*ਆਲੀਜਾਂਹ ਸੁਲਤਾਨ ਦੇ*
*ਖ਼ਜ਼ਾਨੇ ‘ਚੋਂ*
*ਤਾਂ ਜੋ*
*ਬੇਲੋੜਾ ਬੋਝ ਨਾ ਪਏ*
*ਰਿਆਇਆ ‘ਤੇ*
*ਪਰਦਾ-ਨਸ਼ੀਨਾਂ ਨੂੰ*
*ਹਦਾਇਤ ਕੀਤੀ ਜਾਂਦੀ ਹੈ*
*ਕਿ ਹਿਜਾਬ*
*ਇਸ ਤਰ੍ਹਾਂ ਪਾਇਆ ਜਾਏ*
*ਕਿ ਢਕੀ ਰਹੇ*
*ਸੂਰਤ*
*ਪਰ ਖੁਲ੍ਹਾ ਰਹੇ*
*ਮੱਥਾ*
*ਜਿਸ ਨਾਲ*
*ਸਰਕਾਰ ਵਾਕ਼ਫ਼ ਰਹੇ*
*ਆਵਾਮ ਦੇ*
*ਮਜ੍ਹਬ ਤੋਂ*
*ਜੇ ਜ਼ਰੂਰਤ ਪਈ*
*ਤਾਂ ਉਨ੍ਹਾਂ ਦੇ*
*ਜਾਨਵਰਾਂ ਦੇ*
*ਜਿਸਮ ‘ਤੇ*
*ਹੋਣਗੀਆਂ ਇਬਾਰਤਾਂ*
*ਅਜਿਹੀਆਂ ਹੀ*
*ਜੋ ਦਰਜ ਨੇ*
*ਉਨ੍ਹਾਂ ਦੇ ਮਾਲਕਾਂ ਦੇ*
*ਮੱਥੇ ‘ਤੇ*
*ਸਲਤਨਤ ਦੇ*
*ਗੁਣੀ-ਗਿਆਨੀ*
*ਤੇ ਵਿਗਿਆਨੀ*
*ਲੱਗੇ ਹੋਏ ਨੇ*
*ਇੱਕ ਅਜਿਹੀ ਖੋਜ ‘ਚ*
*ਕਿ*
*ਫਲਾਂ-ਸਬਜ਼ੀਆਂ ਦੇ ਵੀ*
*ਤਹਿ ਕਰ ਦਿੱਤੇ ਜਾਣ*
*ਮਜ੍ਹਬ ਤੇ ਫ਼ਿਰਕੇ*
*ਅਨਾਜਾਂ ‘ਤੇ ਵੀ*
*ਲਿਖੇ ਜਾਣ ਮਜ੍ਹਬ*
*ਉਨ੍ਹਾਂ ਸਭਨਾਂ ਦੇ*
*ਜੋ ਜਿੰਮੇਵਾਰ ਨੇ*
*ਉਨ੍ਹਾਂ ਦੇ ਵਜ਼ੂਦ ਦੇ*
*ਰੁੱਖਾਂ ਤੇ ਪਰਿੰਦਿਆਂ ਨੂੰ ਵੀ*
*ਸ਼ਾਮਲ ਕਰਨ ਦੀ*
*ਤਜਵੀਜ ਹੈ*
*ਇੱਕ ਰੋਜ਼ ਇਸ ਲੜੀ ‘ਚ*
*ਇਹ ਸਲਤਨਤ*
*ਆਵਾਮ ਦੀ*
*ਸਖ਼ਸ਼ੀਅਤ ਉੱਪਰ*
*ਕਿਸੇ ਪਰਦਾਪੋਸ਼ੀ ਦੇ*…
*ਖ਼ਿਲਾਫ਼ ਹੈ*
*ਇਸ ਸਲਤਨਤ ‘ਚ*
*ਜੋ ਵੀ ਹੈ*
*ਜਿਵੇਂ ਵੀ ਹੈ*
*ਇਕ-ਦਮ ਸਾਫ਼ ਹੈ*
*ਸਲਤਨਤ*
*ਬਿਲਕੁੱਲ ਨਹੀਂ ਚਾਹੁੰਦੀ*
*ਕਿ ਕਿਸੇ ਵੀ ਸਖ਼ਸ਼ ਦਾ*
*ਮਜ੍ਹਬ ਨਾਪਾਕ ਹੋਵੇ*
*ਗੈਰਮਜ਼੍ਹਬੀ*
*ਹਰਕਤਾਂ ਨਾਲ*
*ਜਿੰਨੀ ਫ਼ਿਕਰ ਹੈ*
*ਇਸ ਸੁਲਤਾਨ ਨੂੰ*
*ਆਵਾਮ ਦੇ*
*ਇਖ਼ਲਾਕ ਤੇ ਜੰਨਤ ਦੀ*
*ਕਿਸੇ ਨੂੰ ਵੀ ਨਹੀਂ ਰਹੀ*
*ਇਨਸਾਨੀਅਤ ਦੇ*
*ਕਿਸੇ ਵੀ ਦੌਰ ‘ਚ*
*ਜਿਸਮ ਤਾਂ ਫ਼ਾਨੀ ਹੈ*
*ਦਫ਼ਨ ਹੋ ਜਾਣਾ ਹੈ*
*ਇੱਕ ਦਿਨ*
*ਅਸਲ ਸ਼ੈਅ ਤਾਂ ਹੈ*
*ਮਜ੍ਹਬ*
*ਤੇ*
*ਇੰਨੀ ਅਹਿਮ ਸ਼ੈਅ ਲਈ*
*ਕੀਮਤ ਤਾਂ*
*ਚੁਕਾਉਣੀ ਹੀ ਪਵੇਗੀ*
*ਜਦ*
*ਉੱਪਰ ਵਾਲੇ ਵੱਲੋਂ*
*ਮੁਫ਼ਤ ‘ਚ ਦਿੱਤੇ ਗਏ*…..
*ਪਾਣੀ,ਹਵਾ*
*ਤੇ ਮਿੱਟੀ ਤੱਕ ਦੀ*
*ਚੁਕਾਉਣੀ ਪੈਂਦੀ ਹੈ ਕੀਮਤ*
*ਤਾਂ ਫਿਰ*
*ਪਾਕ ਮਜ੍ਹਬ ਲਈ ਕਿਉਂ ਨਹੀਂ!*
*#ਹੂਬ ਨਾਥ*
ਹਿੰਦੀ ਤੋਂ ਪੰਜਾਬੀ ਰੂਪ:
*ਯਸ਼ ਪਾਲ ਵਰਗ ਚੇਤਨਾ*
(98145 35005)
Share this content:


Post Comment