ਉੱਤਰ-ਪੂਰਬ ਵੱਲ ਧਿਆਨ ਦੇਣ ਦੀ ਲੋੜ/ਗੁਰਬਚਨ ਜਗਤ
ਪੁਰਾਤਨ ਸਮਿਆਂ ਵਿੱਚ ਭਾਰਤ ਅਣਗਿਣਤ ਹਮਲਿਆਂ ਦਾ ਨਿਸ਼ਾਨਾ ਬਣਦਾ ਰਿਹਾ ਹੈ। ਇਥੋਂ ਦੀ ਸੱਭਿਅਤਾ ਬਹੁਤ ਅਮੀਰ ਤੇ ਪ੍ਰਾਚੀਨ ਸੀ। ਇਹੀ ਕਾਰਨ ਹੈ ਕਿ ਮੱਧ ਏਸ਼ੀਆ, ਇਰਾਨ, ਯੂਨਾਨ ਆਦਿ ਦੀਆਂ ਹਕੂਮਤਾਂ ਸਦਾ ਭਾਰਤ ’ਤੇ ਹਮਲਾ ਕਰਨ ਅਤੇ ਇਸ ਨੂੰ ਲੁੱਟਣ ਦੀ ਕੋਸ਼ਿਸ਼ ਕਰਦੀਆਂ ਰਹੀਆਂ। ਗੌਰੀ, ਗਜ਼ਨਵੀ, ਅਬਦਾਲੀ, ਮੁਗ਼ਲ ਆਦਿ ਸਾਰੇ ਹਮਲਾਵਰ ਉੱਤਰ-ਪੱਛਮ ਵੱਲੋਂ ਖ਼ੈਬਰ ਦੱਰੇ ਜਾਂ ਇਰਾਨ ਅਤੇ ਮੌਜੂਦਾ ਪਾਕਿਸਤਾਨ ਰਾਹੀਂ ਹਿੰਦੋਸਤਾਨ ਆਏ। ਉਨ੍ਹਾਂ ਨੇ ਹਿੰਦੋਸਤਾਨ ਦੀ ਧਰਤ ਨੂੰ ਲੁੱਟਿਆ ਅਤੇ ਬੇਦੋਸ਼ਿਆਂ ਦਾ ਕਤਲੇਆਮ ਕੀਤਾ। ਸਮੁੱਚੇ ਤੌਰ ’ਤੇ ਆਖੀਏ ਤਾਂ ਉਸ ਧਰਤ ਨੂੰ ਤਬਾਹ ਕਰ ਦਿੱਤਾ ਜੋ ਅਮੀਰ ਤਾਂ ਸੀ ਪਰ ਆਪਣੀ ਰੱਖਿਆ ਕਰਨ ਤੋਂ ਅਸਮਰੱਥ ਸੀ।
ਮੁਗ਼ਲਾਂ ਨੇ ਇੱਕ ਕਦਮ ਹੋਰ ਅੱਗੇ ਜਾਂਦਿਆਂ ਇੱਥੇ ਆਪਣੀ ਜੜ੍ਹ ਲਗਾਈ ਅਤੇ ਸਦੀਆਂ ਤੱਕ ਹਕੂਮਤ ਕੀਤੀ। ਹਮਲਾਵਰਾਂ ਦੇ ਇਸ ਰਾਹ ਤੋਂ ਦੂਰ-ਦੁਰਾਡੇ ਸਥਿਤ ਹੋਣ ਕਾਰਨ ਸਾਡੇ ਦੱਖਣੀ ਸੂਬਿਆਂ ਅਤੇ ਰਾਜਾਂ ਨੂੰ ਇਨ੍ਹਾਂ ਹਮਲਿਆਂ ਦਾ ਸਾਹਮਣਾ ਨਹੀਂ ਕਰਨਾ ਪਿਆ ਅਤੇ ਨਾ ਹੀ ਉਨ੍ਹਾਂ ਨੂੰ ਲੰਮੇ ਸਮੇਂ ਤੱਕ ਸਮੁੰਦਰ ਰਸਤਿਉਂ ਕੋਈ ਹਮਲਾ ਝੱਲਣਾ ਪਿਆ। ਉਨ੍ਹਾਂ ਨੇ ਪੂਰਬ ਨਾਲ ਵਪਾਰ ਕੀਤਾ ਅਤੇ ਉਹ ਵਪਾਰ ਅੰਤ ਵਿੱਚ ਯੂਰੋਪੀਅਨਾਂ ਦੇ ਰੂਪ ਵਿੱਚ ਕਿਤੇ ਵੱਧ ਖ਼ਤਰਨਾਕ ਹਮਲਾਵਰਾਂ ਨੂੰ ਹਿੰਦੋਸਤਾਨ ਤੱਕ ਲੈ ਆਇਆ।
ਪੁਰਾਣੇ ਉੱਤਰ-ਪੂਰਬੀ ਰਾਜ (ਅਹੋਮ, ਮੈਤੇਈ, ਕਚਾਰੀ, ਤ੍ਰਿਪੁਰੀ ਆਦਿ) ਲੰਮੇ ਸਮੇਂ ਤੋਂ ਚਲਦੇ ਰਹੇ ਲਗਾਤਾਰ ਆਪਸੀ ਟਕਰਾਅ ਕਾਰਨ ਅਸ਼ਾਂਤ ਸਨ। ਇਹ ਪੁਰਾਣੀਆਂ ਤਰੇੜਾਂ ਅੰਗਰੇਜ਼ਾਂ ਦੇ ਆਉਣ ’ਤੇ ਉਨ੍ਹਾਂ ਵੱਲੋਂ ਕੀਤੇ ਗਏ ਵਰਗੀਕਰਨ ਨਾਲ ਹੋਰ ਵੀ ਵਧ ਗਈਆਂ। ਇਸ ਤੋਂ ਇਲਾਵਾ ਬਰਮਾ ਹਕੂਮਤ ਨਾਲ ਜੰਗਾਂ ਅਤੇ ਟਕਰਾਅ ਬਲਦੀ ’ਚ ਤੇਲ ਪਾਉਣ ਵਾਲੀ ਗੱਲ ਸੀ। ਅੱਜ ਮੈਂ ਉੱਤਰ-ਪੂਰਬੀ ਖਿੱਤੇ ’ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਹਾਂ ਕਿਉਂਕਿ ਭਾਰਤੀ ਉਪ-ਮਹਾਂਦੀਪ ਦੇ ਇਸ ਦੂਰ-ਦੁਰਾਡੇ ਕੋਨੇ ਵਿੱਚ ਅਸੰਤੁਸ਼ਟੀ ਵਧ ਰਹੀ ਹੈ। ਜੇਕਰ ਇਸ ਨੂੰ ਸਮਾਂ ਰਹਿੰਦਿਆਂ ਠੱਲ੍ਹ ਨਾ ਪਾਈ ਗਈ ਤਾਂ ਅੰਤ ਇਹ ਇਸ ਖਿੱਤੇ ਵਿੱਚ ਵੱਡੀ ਅਸਥਿਰਤਾ ਦਾ ਕਾਰਨ ਬਣ ਜਾਵੇਗੀ। ਕੁਦਰਤ ਖਲਾਅ ਨੂੰ ਨਫ਼ਰਤ ਕਰਦੀ ਹੈ ਅਤੇ ਜਦੋਂ ਸੱਤਾ ਤੇ ਅਧਿਕਾਰ ਦੀ ਗੱਲ ਆਉਂਦੀ ਹੈ ਤਾਂ ਅਜਿਹਾ ਹੋਰ ਵੀ ਜ਼ਿਆਦਾ ਹੁੰਦਾ ਹੈ। ਅੱਜ ਮਾਮੂਲੀ ਜਾਪਦੀ ਹਿੰਸਾ ਦੀ ਧੁਖ਼ਦੀ ਅੱਗ ਨੂੰ ਜਦੋਂ ਕੁੱਝ ‘ਅਨਸਰ’ ਭੜਕਾਉਂਦੇ ਹਨ ਤਾਂ ਇਸਦੇ ਬੇਕਾਬੂ ਹੋ ਕੇ ਵਿਕਰਾਲ ਰੂਪ ਧਾਰਣ ਕਰਨ ਦਾ ਖ਼ਦਸ਼ਾ ਪੈਦਾ ਹੋ ਜਾਂਦਾ ਹੈ, ਜੋ ਵਿਸ਼ਾਲ ਸਰੋਤਾਂ ਨੂੰ ਖ਼ਤਮ ਕਰ ਕੇ ਸਾਨੂੰ ਕਮਜ਼ੋਰ ਕਰ ਸਕਦੀ ਹੈ। ਇਸੇ ਕਮਜ਼ੋਰੀ ਕਾਰਨ ਸਦੀਆਂ ਤੱਕ ਹਮਲਾਵਰ ਚੜ੍ਹ ਕੇ ਆਉਂਦੇ ਰਹੇ।
ਅੱਜ ਸਮੁੰਦਰ ਰਸਤੇ ਹੁੰਦੀ ਵਿਆਪਕ ਤਸਕਰੀ ਨੂੰ ਛੱਡ ਕੇ ਦੇਸ਼ ਦਾ ਦੱਖਣੀ ਹਿੱਸਾ ਫਿਰ ਵੀ ਮੁਕਾਬਲਤਨ ਸੁਰੱਖਿਅਤ ਹੈ। ਇਸ ਸਮੱਸਿਆ ਦਾ ਟਾਕਰਾ ਕਰਨ ਲਈ ਸਾਡੇ ਕੋਲ ਕੋਸਟ ਗਾਰਡ ਅਤੇ ਜਲ ਸੈਨਾ ਹੈ। ਉੱਤਰੀ ਅਤੇ ਉੱਤਰ-ਪੱਛਮੀ ਪਾਸੇ ਕੰਟਰੋਲ ਰੇਖਾ ਤੋਂ ਪਾਰ ਪਾਕਿਸਤਾਨ ਅਤੇ ਲੱਦਾਖ ਵੱਲੋਂ ਚੀਨ ਚੁਣੌਤੀ ਬਣਿਆ ਹੋਇਆ ਹੈ। ਇਹ ਜੰਗ ਦੇ ਪੁਰਾਣੇ ਮੁਹਾਜ਼ ਹਨ ਅਤੇ ਲੋਕ ਤੇ ਸਾਡੇ ਸੁਰੱਖਿਆ ਬਲ, ਹਮਲਾਵਰਾਂ ਅਤੇ ਘੁਸਪੈਠੀਆਂ ਦੀਆਂ ਪਰੇਸ਼ਾਨ ਕਰਨ ਵਾਲੀਆਂ ਲਹਿਰਾਂ ਦੇ ਉਤਰਾਅ-ਚੜ੍ਹਾਅ ਦੇ ਆਦੀ ਹਨ। ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹ ਤੇਜ਼ੀ ਨਾਲ ਬਦਲਦੀ ਚੁਣੌਤੀ ਨਹੀਂ ਸਗੋਂ ਇਹ ਸ਼ਾਇਦ ਲੰਮੇ ਸਮੇਂ ਤੋਂ ਚੱਲੀ ਆ ਰਹੀ ਚੁਣੌਤੀ ਹੈ। ਉੱਤਰ-ਪੂਰਬ ਦੇ ਸਬੰਧ ਵਿੱਚ ਸਾਨੂੰ ਆਉਣ ਵਾਲੇ ਖ਼ਤਰੇ ਨੂੰ ਸਮਝਣਾ ਚਾਹੀਦਾ ਹੈ, ਜੋ ਸਾਨੂੰ ਇਸ ਮੁਹਾਜ਼ ’ਤੇ ਦਰਪੇਸ਼ ਆ ਸਕਦਾ ਹੈ। ਅੱਜ ਦੀ ਗੱਲ ਕਰੀਏ ਤਾਂ ਸਾਡਾ ਗੁਆਂਢੀ ਮੁਲਕ ਮਿਆਂਮਾਰ ਅਸਥਿਰ ਹੈ ਅਤੇ ਪਹਿਲਾਂ ਮਿੱਤਰ ਦੇਸ਼ ਰਿਹਾ ਬੰਗਲਾਦੇਸ਼ ਹੁਣ ਤਲਖ਼ ਦੁਸ਼ਮਣ ਹੈ। ਬੰਗਲਾਦੇਸ਼ ਸਰਕਾਰ ਦੇ ਸੀਨੀਅਰ ਮੰਤਰੀ ਭਾਰਤ ਅੰਦਰ ਬਗ਼ਾਵਤ ਭੜਕਾ ਅਤੇ ਚੀਨ ਦੀ ਮਦਦ ਲੈ ਕੇ ਉੱਤਰ-ਪੂਰਬੀ ਸੂਬਿਆਂ ਨੂੰ ਅਲੱਗ-ਥਲੱਗ ਕਰਨ ਦੀ ਲੋੜ ਬਾਰੇ ਲਗਾਤਾਰ ਬਿਆਨ ਦਿੰਦੇ ਰਹੇ ਹਨ।
ਚੀਨ ਦੀ ਗੁਪਤ ਹਮਾਇਤ ਨਾਲ ਪਾਕਿਸਤਾਨ ਇਸ ਦਾ ਸਮਰਥਨ ਕਰਦਿਆਂ ਉਨ੍ਹਾਂ ਨੂੰ ਮਨੁੱਖੀ ਸਰੋਤ, ਉਪਕਰਨ ਅਤੇ ਨੈਤਿਕ ਬਲ ਮੁਹੱਈਆ ਕਰਵਾ ਰਿਹਾ ਹੈ। ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਿਮ ਮੁਨੀਰ ਨੂੰ ਭਾਰਤ ਪ੍ਰਤੀ ਵੈਰ ਵਿਰੋਧ ਅਤੇ ਕਸ਼ਮੀਰ ਪ੍ਰਤੀ ਆਪਣੀਆਂ ਇੱਛਾਵਾਂ ਜ਼ਾਹਰ ਕਰਨ ਵਿੱਚ ਕੋਈ ਝਿਜਕ ਨਹੀਂ। ਬੰਗਲਾਦੇਸ਼ ਵਿੱਚ ਘੱਟਗਿਣਤੀਆਂ ਦਾ ਗੰਭੀਰ ਦਮਨ ਅਤੇ ਨਿਸ਼ਾਨਾ ਬਣਾ ਕੇ ਕਤਲ ਕੀਤਾ ਜਾ ਰਿਹਾ ਹੈ। ਚੀਨ ਦਾ ਦਬਦਬਾ ਇੱਕ ਖ਼ਤਰਾ ਹੈ ਜੋ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਪੈਂਟਾਗਨ ਦੀਆਂ ਰਿਪੋਰਟਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਤਾਇਵਾਨ ਵਾਂਗ ਅਰੁਣਾਚਲ ਪ੍ਰਦੇਸ਼ ਵੀ ਚੀਨ ਲਈ ਵਿਸ਼ੇਸ਼ ਦਿਲਚਸਪੀ ਵਾਲਾ ਖੇਤਰ ਹੈ। ਅਰੁਣਾਚਲ ਦੀ ਸਰਹੱਦ ਦੇ ਨਾਲ-ਨਾਲ ਚੀਨ ਆਪਣੇ ਫ਼ੌਜੀ ਟਿਕਾਣਿਆਂ ਦਾ ਤੇਜ਼ੀ ਨਾਲ ਵਿਸਥਾਰ ਕਰ ਰਿਹਾ ਹੈ, ਜਿਸ ਵਿੱਚ ਸਰਹੱਦ ਉਤਲੇ ਭਾਰਤੀ ਫ਼ੌਜੀ ਟਿਕਾਣਿਆਂ ਨੇੜੇ ਬਣਾਏ ਗਏ ਏਅਰਬੇਸ ਅਤੇ ਹੈਂਗਰ ਸ਼ਾਮਲ ਹਨ।
ਇਸ ਖੇਤਰ ਵਿੱਚ ਪਿੰਡ ਵੀ ਵਸਾ ਦਿੱਤੇ ਗਏ ਹਨ। ਚੇਤੇ ਰਹੇ ਕਿ ਲੱਦਾਖ ਖੇਤਰ ਰਾਹੀਂ ਚੀਨੀ ਸਾਡੇ ’ਤੇ ਨਜ਼ਰ ਰੱਖ ਰਹੇ ਹਨ। ਚੀਨ ਲਗਾਤਾਰ ਅਜਿਹੇ ਖੇਤਰਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ , ਜਿੱਥੇ ਸਰਹੱਦ ਨੇੜਲੇ ਭਾਰਤੀ ਫ਼ੌਜੀ ਟਿਕਾਣਿਆਂ ਨੇੜੇ ਚੀਨੀ ਅੱਡੇ ਸਥਾਪਿਤ ਕੀਤੇ ਜਾ ਸਕਣ। ਇਸੇ ਦੌਰਾਨ ਕਈ ‘ਉਲਫਾ’ ਤੱਤਾਂ ਦੇ ਚੀਨ ਤੋਂ ਲੈ ਕੇ ਬੰਗਲਾਦੇਸ਼ ਵਿੱਚ ਟਿਕਾਣੇ ਸਥਾਪਤ ਕਰਨ ਅਤੇ ਹੋਰ ਅਜਿਹੀਆਂ ਤਾਕਤਾਂ ਨਾਲ ਮਿਲ ਕੇ ਕੰਮ ਕਰਨ ਦੀਆਂ ਖ਼ਬਰਾਂ ਹਨ। ਇਹ ਤੱਤ ਪੱਛਮੀ ਬੰਗਾਲ, ਆਸਾਮ, ਮਿਜ਼ੋਰਮ, ਮਨੀਪੁਰ ਅਤੇ ਤ੍ਰਿਪੁਰਾ ਵਿੱਚ ਉਥਲ-ਪੁਥਲ ਪੈਦਾ ਕਰ ਸਕਣ ਵਾਲੀਆਂ ਮੁਹਿੰਮਾਂ ਨੂੰ ਵੀ ਹਵਾ ਦੇਣਗੇ। ਸਾਡੇ ਸੂਬਿਆਂ ਵਿੱਚ ਪਹਿਲਾਂ ਹੀ ਅੰਦਰੂਨੀ ਸਮੱਸਿਆਵਾਂ ਹਨ, ਜੋ ਹਾਲ ਹੀ ਦੇ ਸਾਲਾਂ ਵਿੱਚ ਵਧ ਗਈਆਂ ਹਨ। ਉਦਾਹਰਣ ਵਜੋਂ, ਮੈਤੇਈ ਅਤੇ ਪਹਾੜੀ ਕਬੀਲਿਆਂ- ਕੁਕੀ, ਨਾਗਾ ਆਦਿ ਦਰਮਿਆਨ ਇਤਿਹਾਸਕ ਮਤਭੇਦਾਂ ਕਾਰਨ ਮਨੀਪੁਰ ਵੰਡਿਆ ਹੋਇਆ ਹੈ। ਇਹ ਪਹਾੜੀ ਕਬੀਲੇ ਮਿਜ਼ੋਰਮ, ਮੇਘਾਲਿਆ ਅਤੇ ਨਾਗਾਲੈਂਡ ਵਿੱਚ ਵੀ ਫੈਲੇ ਹੋਏ ਹਨ।
ਮਨੀਪੁਰ ਵਿੱਚ ਲਗਾਤਾਰ ਹਿੰਸਾ ਹੁੰਦੀ ਆ ਰਹੀ ਹੈ ਅਤੇ ਫ਼ੌਜ, ਨੀਮ ਫ਼ੌਜੀ ਬਲਾਂ ਅਤੇ ਪੁਲੀਸ ਬਲਾਂ ਦੀ ਭਾਰੀ ਮੌਜੂਦਗੀ ਹੈ। ਇਸ ਸਮੱਸਿਆ ਨੂੰ ਹੱਲ ਕਰਨ ਦੀ ਲੋੜ ਹੈ ਅਤੇ ਫ਼ੌਜ ਨੂੰ ਇੱਕ ਸਪੱਸ਼ਟ ਕਾਰਜ ਯੋਜਨਾ ਦਿੱਤੀ ਜਾਣੀ ਚਾਹੀਦੀ ਹੈ। ਮਿਜ਼ੋਰਮ, ਮੇਘਾਲਿਆ ਅਤੇ ਨਾਗਾਲੈਂਡ ਵਿੱਚ ਮੌਜੂਦ ਸ਼ਰਨਾਰਥੀ ਕੈਂਪ ਕਬੀਲਿਆਂ ਦੇ ਉੱਜੜ ਕੇ ਆਏ ਲੋਕਾਂ ਲਈ ਹਮਦਰਦੀ ਦਾ ਪ੍ਰਗਟਾਵਾ ਹਨ। ਪਾਕਿਸਤਾਨ, ਬੰਗਲਾਦੇਸ਼, ਚੀਨ ਅਤੇ ਮਿਆਂਮਾਰ ਦੀ ਹਮਾਇਤ ਨਾਲ ਅੰਦਰੂਨੀ ਬਗ਼ਾਵਤਾਂ ਦੇ ਮੁੜ ਉੱਭਰਨ ਦੀ ਸੰਭਾਵਨਾ ਇਸ ਸਮੱਸਿਆ ਨੂੰ ਹੋਰ ਵੀ ਵਧਾ ਰਹੀ ਹੈ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਨ੍ਹਾਂ ਬਗ਼ਾਵਤਾਂ ਨੂੰ ਪਹਿਲਾਂ ਲੋਕਾਂ ਦੀ ਹਮਾਇਤ ਹਾਸਲ ਸੀ। ਇਨ੍ਹਾਂ ਖੇਤਰਾਂ ਵਿੱਚ ਆਮ ਸਿਆਸੀ ਸਰਗਰਮੀਆਂ ਲੰਮਾ ਸਮਾਂ ਬੰਦ ਰਹੀਆਂ ਅਤੇ ਫ਼ੌਜੀ, ਕੂਟਨੀਤਕ ਅਤੇ ਸਿਵਿਲ ਪ੍ਰਸ਼ਾਸਨ ਨੂੰ ਇਨ੍ਹਾਂ ਨੂੰ ਕਾਬੂ ਕਰਨ ਵਿੱਚ ਦਹਾਕੇ ਲੱਗ ਗਏ।
ਇਨ੍ਹਾਂ ਸੰਗਠਨਾਂ ਦੇ ਸਾਂਝੇ ਯਤਨਾਂ ਸਦਕਾ ਹੀ ਸਿਆਸੀ ਕਾਰਵਾਈ ਸੰਭਵ ਹੋ ਸਕੀ। ਅੱਜ ਵੀ ਕੁਝ ਨਾਗਰਿਕਾਂ, ਸੇਵਾਮੁਕਤ ਫ਼ੌਜੀਆਂ ਤੇ ਪੁਲੀਸ ਅਧਿਕਾਰੀਆਂ ਨੂੰ ਉਸ ਸਮੇਂ ਦੀਆਂ ਭਿਆਨਕ ਕਹਾਣੀਆਂ ਯਾਦ ਹਨ। ਪਿਛਲੇ ਕਈ ਦਹਾਕਿਆਂ ਦੌਰਾਨ ਬਹੁਤ ਸਾਰਾ ਲਹੂ ਵਹਾਇਆ ਜਾ ਚੁੱਕਾ ਹੈ – ਸਾਡੇ ਸੁਰੱਖਿਆ ਕਰਮਚਾਰੀਆਂ ਅਤੇ ਇਨ੍ਹਾਂ ਸੂਬਿਆਂ ਵਿੱਚ ਰਹਿਣ ਵਾਲੇ ਸਾਡੇ ਆਪਣੇ ਲੋਕਾਂ ਦਾ ਲਹੂ। ਹੁਣ ਸਾਨੂੰ ਇਸ ਸਮੱਸਿਆ ਨੂੰ ਹੱਲ ਕਰਨ ਲਈ ਆਪਣੇ ਸਿਆਸੀ ਅਤੇ ਨਾਗਰਿਕ ਸਮਾਜ ਦੇ ਸਾਰੇ ਸਰੋਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਸਾਨੂੰ ਮੁੜ ਹਥਿਆਰਾਂ ਦਾ ਸਹਾਰਾ ਨਾ ਲੈਣਾ ਪਵੇ। ਜਿਵੇਂ ਵੀ ਸਹੀ ਲੱਗੇ, ਸਾਨੂੰ ਦੁਸ਼ਮਣ ਦਾ ਦ੍ਰਿੜ੍ਹਤਾ ਨਾਲ ਸਾਹਮਣਾ ਕਰਨਾ ਚਾਹੀਦਾ ਹੈ, ਪਰ ਸਾਨੂੰ ਉਨ੍ਹਾਂ ਦੇ ਗ਼ਲਤ ਮਨਸੂਬਿਆਂ ਨੂੰ ਕਿਸੇ ਵੀ ਸੂਰਤ ਸਫ਼ਲ ਨਹੀਂ ਹੋਣ ਦੇਣਾ ਚਾਹੀਦਾ। ਪਾਕਿਸਤਾਨ, ਬੰਗਲਾਦੇਸ਼, ਮਿਆਂਮਾਰ ਅਤੇ ਚੀਨ ਦੀ ਆਪਸੀ ਸਾਂਝ ਇੱਕ ਹਕੀਕਤ ਹੈ, ਕੋਰੀ ਕਲਪਨਾ ਨਹੀਂ। ਜੇਕਰ ਇਸ ਨਾਲ ਨਾ ਸਿੱਝਿਆ ਗਿਆ ਤਾਂ ਇਹ ਬਾਗ਼ੀ ਤੱਤਾਂ ਨਾਲ ਜੁੜ ਜਾਵੇਗੀ ਅਤੇ ਹਾਲਾਤ ਵਿਗੜ ਜਾਣਗੇ। ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਅੱਜ ਅਮਰੀਕਾ ਆਪਣੇ ਹਿੱਤਾਂ ਨੂੰ ਵਾਰਾ ਖਾਂਦੀ ਰਣਨੀਤੀ ਅਪਣਾ ਰਿਹਾ ਹੈ। ਅਮਰੀਕੀਆਂ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਸਾਡੇ ਦੇਸ਼ ਦੇ ਹਿੱਤ ਅਮਰੀਕਾ ਦੇ ਹਿੱਤਾਂ ਨਾਲ ਮੇਲ ਖਾਂਦੇ ਹਨ ਜਾਂ ਨਹੀਂ। ਹੁਣ ਕਾਰਵਾਈ ਕਰਨ ਦਾ ਸਮਾਂ ਹੈ।
Share this content:



Post Comment