ਈਰਾਨ ਨੂੰ ਟਰੰਪ ਦੀ ਧਮਕੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ’ਚ ਫ਼ੌਜੀ ਦਖ਼ਲ ਦੇਣ ਦੇ ਜੋ ਨਵੇਂ ਸੰਕੇਤ ਦਿੱਤੇ, ਉਸ ਨਾਲ ਇਹ ਸਪੱਸ਼ਟ ਹੈ ਕਿ ਵੈਨੇਜ਼ੁਏਲਾ ’ਤੇ ਹਮਲੇ ਤੋਂ ਬਾਅਦ ਉਹ ਪੂਰੀ ਤਰ੍ਹਾਂ ਬੇਲਗਾਮ ਹੋ ਗਏ ਹਨ। ਉਨ੍ਹਾਂ ਦੀ ਮਨਮਰਜ਼ੀ ਇਸ ਲਈ ਵਧਦੀ ਜਾ ਰਹੀ ਹੈ, ਕਿਉਂਕਿ ਵੈਨੇਜ਼ੁਏਲਾ ’ਚ ਅਮਰੀਕੀ ਫ਼ੌਜਾਂ ਦੇ ਹਮਲੇ ਦਾ ਵਿਸ਼ਵ ਭਾਈਚਾਰੇ ਵੱਲੋਂ ਇਕ ਸੁਰ ’ਚ ਵਿਰੋਧ ਤੇ ਨਿੰਦਾ ਨਹੀਂ ਹੋਈ। ਚਾਰ ਸਾਲ ਪਹਿਲਾਂ ਜਦ ਰੂਸ ਨੇ ਯੂਕਰੇਨ ’ਤੇ ਹਮਲਾ ਕੀਤਾ ਸੀ ਤਾਂ ਅਮਰੀਕਾ ਤੇ ਉਸ ਦੇ ਸਹਿਯੋਗੀ ਦੇਸ਼ਾਂ ਨੇ ਉਸ ’ਤੇ ਅੰਤਰਰਾਸ਼ਟਰੀ ਨਿਯਮ-ਕਾਨੂੰਨਾਂ ਦੀ ਅਣਦੇਖੀ ਕਰਨ ਦੇ ਦੋਸ਼ ਲਾਏ ਸਨ। ਪਿਛਲੇ ਚਾਰ ਸਾਲਾਂ ’ਚ ਇਹ ਦੋਸ਼ ਲਗਾਤਾਰ ਦੁਹਰਾਏ ਗਏ ਹਨ, ਪਰ ਹੁਣ ਟਰੰਪ ਰੂਸੀ ਰਾਸ਼ਟਰਪਤੀ ਪੁਤਿਨ ਦੀ ਹੀ ਤਰ੍ਹਾਂ ਮਨਮਰਜ਼ੀ ਕਰ ਰਹੇ ਹਨ। ਸਪੱਸ਼ਟ ਹੈ ਕਿ ਉਨ੍ਹਾਂ ਦਾ ਵਤੀਰਾ ਵਿਸ਼ਵ ਨੂੰ ਹੋਰ ਵੱਧ ਅਸਥਿਰ ਅਤੇ ਅਸ਼ਾਂਤ ਕਰਨ ਵਾਲਾ ਹੀ ਹੈ। ਇਹ ਸਹੀ ਹੈ ਕਿ ਈਰਾਨ ਦੀ ਕੱਟੜਪੰਥੀ ਇਸਲਾਮੀ ਸੱਤਾ ਖ਼ਿਲਾਫ਼ ਉਥੇ ਦੇ ਲੋਕ ਸੜਕਾਂ ’ਤੇ ਹਨ ਤੇ ਉਨ੍ਹਾਂ ਪ੍ਰਤੀ ਸਖ਼ਤੀ ਦਿਖਾਈ ਜਾ ਰਹੀ ਹੈ, ਪਰ ਇਹ ਹਾਲਾਤ ਅਮਰੀਕਾ ਜਾਂ ਕਿਸੇ ਹੋਰ ਦੇਸ਼ ਨੂੰ ਉਥੇ ਫ਼ੌਜੀ ਦਖ਼ਲ ਦੇਣ ਦੀ ਇਜਾਜ਼ਤ ਨਹੀਂ ਦਿੰਦੇ।
ਜੇ ਈਰਾਨ ’ਚ ਕਿਸੇ ਤਰ੍ਹਾਂ ਦੇ ਦਖ਼ਲ ਦੀ ਜ਼ਰੂਰਤ ਹੈ ਤਾਂ ਉਸ ਦੀ ਪੂਰਤੀ ਸੰਯੁਕਤ ਰਾਸ਼ਟਰ ਦੀ ਸਹਿਮਤੀ ਨਾਲ ਅਤੇ ਉਸ ਦੀ ਅਗਵਾਈ ’ਚ ਹੀ ਹੋਣੀ ਚਾਹੀਦੀ ਹੈ। ਸੰਯੁਕਤ ਰਾਸ਼ਟਰ ਦੀ ਸਹਿਮਤੀ ਤੋਂ ਬਿਨਾਂ ਕਿਸੇ ਦੇਸ਼ ਨੂੰ ਅਜਿਹੀ ਕਾਰਵਾਈ ਕਰਨ ਦਾ ਹੱਕ ਨਹੀਂ ਹੋਣਾ ਚਾਹੀਦਾ। ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਈਰਾਨ ਦੇ ਸ਼ਾਸਕ ਤੇ ਵਿਸ਼ੇਸ਼ ਰੂਪ ਨਾਲ ਉਥੇ ਦੀ ਸੱਤਾ ਦਾ ਸੰਚਾਲਨ ਕਰ ਰਹੇ ਸਰਬ ਉੱਚ ਆਗੂ ਅਯਾਤੁੱਲ੍ਹਾ ਖਾਮੇਨੇਈ ਇਹ ਸਮਝਣ ਕਿ ਆਪਣੇ ਲੋਕਾਂ ਦਾ ਦਮਨ ਕਰ ਕੇ ਹਾਲਾਤ ਨੂੰ ਨਹੀਂ ਸੁਧਾਰਿਆ ਜਾ ਸਕਦਾ। ਲੋਕਾਂ ’ਤੇ ਜ਼ੁਲਮ ਨਾਲ ਹਾਲਾਤ ਹੋਰ ਵਿਗੜਨਗੇ। ਈਰਾਨ ਦੇ ਲੋਕ ਜਿਨ੍ਹਾਂ ਕਾਰਨਾਂ ਨਾਲ ਸੜਕਾਂ ’ਤੇ ਹਨ, ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਹ ਵਧਦੀ ਮਹਿੰਗਾਈ ਤੋਂ ਬੁਰੀ ਤਰ੍ਹਾਂ ਦੁਖੀ ਹਨ।
ਈਰਾਨ ਦੀ ਆਰਥਿਕ ਸਥਿਤੀ ਇਸ ਲਈ ਵਿਗੜੀ ਹੋਈ ਹੈ ਕਿਉਂਕਿ ਅਮਰੀਕਾ ਨੇ ਇਸ ਆਧਾਰ’ ਤੇ ਉਸ ’ਤੇ ਸਖ਼ਤ ਪਾਬੰਦੀਆਂ ਲਾ ਰੱਖੀਆਂ ਹਨ ਕਿ ਉਹ ਪਰਮਾਣੂ ਹਥਿਆਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਈਰਾਨ ਦੀ ਅਜਿਹੀ ਕੋਸ਼ਿਸ਼ ’ਤੇ ਇਜ਼ਰਾਈਲ ਨੂੰ ਵੀ ਸ਼ੱਕ ਹੈ ਤੇ ਕੁਝ ਮਹੀਨੇ ਪਹਿਲਾਂ ਇਸੇ ਕਾਰਨ ਉਸ ਨੇ ਉਥੇ ਹਮਲਾ ਵੀ ਕੀਤਾ ਸੀ।ਇਸ ਹਮਲੇ ’ਚ ਅਮਰੀਕਾ ਨੇ ਵੀ ਇਜ਼ਰਾਈਲ ਦਾ ਸਾਥ ਦਿੱਤਾ ਸੀ। ਇਕ ਵਾਰ ਮੁੜ ਅਮਰੀਕਾ ਤੇ ਇਜ਼ਰਾਈਲ ਈਰਾਨ ਦੀ ਘੇਰਾਬੰਦੀ ਕਰਨ ਤਾਂ ਹੈਰਾਨੀ ਨਹੀਂ, ਪਰ ਇਸ ਨਾਲ ਪੱਛਮੀ ਏਸ਼ੀਆ ਦੇ ਹਾਲਾਤ ਹੋਰ ਵਿਗੜਨਗੇ। ਈਰਾਨ ਅਮਰੀਕੀ ਪਾਬੰਦੀਆਂ ਕਾਰਨ ਪਹਿਲਾਂ ਹੀ ਆਰਥਿਕ ਰੂਪ ਨਾਲ ਕਮਜ਼ੋਰ ਹੈ। ਇਸ ਦੇ ਬਾਵਜੂਦ ਉਹ ਹਿਜ਼ਬੁੱਲ੍ਹਾ, ਹਮਾਸ ਵਰਗੇ ਸੰਗਠਨਾਂ ਦੇ ਨਾਲ-ਨਾਲ ਯਮਨ ’ਚ ਕਾਬਜ ਹਾਊਤੀ ਵਿਦਰੋਹੀਆਂ ਨੂੰ ਆਰਥਿਕ ਅਤੇ ਫ਼ੌਜੀ ਸਹਾਇਤਾ ਦੇਣ ’ਚ ਲੱਗਾ ਹੋਇਆ ਹੈ। ਸੁਭਾਵਿਕ ਰੂਪ ਨਾਲ ਈਰਾਨ ਦੀ ਜਨਤਾ ਇਸ ਦੇ ਵੀ ਖ਼ਿਲਾਫ਼ ਹੈ।ਜੇ ਈਰਾਨੀ ਸੱਤਾ ਅਮਰੀਕੀ ਦਖ਼ਲ ਤੋਂ ਬਚਣਾ ਚਾਹੁੰਦੀ ਹੈ ਤਾਂ ਉਸ ਨੂੰ ਆਪਣੇ ਵਤੀਰੇ ’ਚ ਤਬਦੀਲੀ ਕਰਨੀ ਪਵੇਗੀ।
Share this content:



Post Comment