ਆਰਮੀ ਡੈਂਟਲ ਕਰਪਸ ਭਰਤੀ ਲਈ ਆਨਲਾਈਨ ਅਰਜ਼ੀਆਂ ਮੰਗੀਆਂ
ਨਵੀਂ ਦਿੱਲੀ, 19 ਅਗਸਤ – ਮੈਡੀਕਲ ਖੇਤਰ ‘ਚ ਕਰੀਅਰ ਬਣਾਉਣ ਦੀ ਖ਼ਾਹਿਸ਼ ਰੱਖਣ ਵਾਲੇ ਨੌਜਵਾਨਾਂ ਲਈ ਵੱਡੀ ਖ਼ਬਰ ਹੈ। ਭਾਰਤੀ ਫੌਜ ਨੇ ਆਰਮੀ ਡੈਂਟਲ ਕੌਰਪਸ ਸ਼ਾਰਟ ਸਰਵਿਸ ਕਮਿਸ਼ਨ ਭਰਤੀ 2025 ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਅਤੇ ਅਰਜ਼ੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜੋ ਵੀ ਉਮੀਦਵਾਰ ਇਸ ਭਰਤੀ ਲਈ ਯੋਗਤਾ ਪੂਰੀ ਕਰਦੇ ਹਨ, ਉਹ ਆਨਲਾਈਨ ਮੋਡ ਰਾਹੀਂ ਅਧਿਕਾਰਤ ਵੈਬਸਾਈਟ join.afms.gov.in ‘ਤੇ ਜਾ ਕੇ ਫਾਰਮ ਭਰ ਸਕਦੇ ਹਨ। ਆਨਲਾਈਨ ਫਾਰਮ ਭਰਨ ਦੀ ਆਖਰੀ ਮਿਤੀ 17 ਸਤੰਬਰ 2025 ਨਿਰਧਾਰਤ ਕੀਤੀ ਗਈ ਹੈ।
ਅਪਲਾਈ ਕਰਨ ਤੋਂ ਪਹਿਲਾਂ ਚੈੱਕ ਕਰ ਲਓ ਯੋਗਤਾ
ਇਸ ਭਰਤੀ ‘ਚ ਭਾਗ ਲੈਣ ਲਈ ਉਮੀਦਵਾਰ ਦਾ ਡੈਂਟਲ ਕੌਂਸਿਲ ਆਫ ਇੰਡੀਆ (DCI) ਵੱਲੋਂ ਮਾਨਤਾ ਪ੍ਰਾਪਤ ਕਿਸੇ ਕਾਲਜ/ਯੂਨੀਵਰਸਿਟੀ ਤੋਂ ਬੀਡੀਐਸ/ਐਮਡੀਐਸ ਪਾਸ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਉਮੀਦਵਾਰ ਦੀ ਘੱਟੋ-ਘੱਟ ਉਮਰ 21 ਸਾਲ ਤੇ ਵੱਧ ਤੋਂ ਵੱਧ ਉਮਰ 45 ਸਾਲ ਹੋਣੀ ਚਾਹੀਦੀ ਹੈ। ਉੱਪਰੀ ਉਮਰ ਹੱਦ ‘ਚ ਰਾਖਵੇਂ ਵਰਗ ਨੂੰ ਨਿਯਮਾਂ ਮੁਤਾਬਕ ਛੋਟ ਦਿੱਤੀ ਜਾਵੇਗੀ। ਧਿਆਨ ਰੱਖੋ ਕਿ ਉਮਰ ਦੀ ਗਣਨਾ 31 ਦਸੰਬਰ 2025 ਮੁਤਾਬਕ ਕੀਤੀ ਜਾਵੇਗੀ।
ਸਰੀਰਕ ਯੋਗਤਾ
ਇਸ ਭਰਤੀ ‘ਚ ਭਾਗ ਲੈਣ ਲਈ ਉਮੀਦਵਾਰ ਦੀ ਘੱਟੋ-ਘੱਟ ਲੰਬਾਈ 157 ਸੈਂਟੀਮੀਟਰ ਤੇ ਔਰਤ ਉਮੀਦਵਾਰ ਦੀ ਘੱਟੋ-ਘੱਟ ਲੰਬਾਈ 152 ਸੈਂਟੀਮੀਟਰ ਹੋਣੀ ਚਾਹੀਦੀ ਹੈ। ਪਹਾੜੀ ਤੇ ਉੱਤਰੀ ਪੂਰਬ ਦੇ ਸੂਬਿਆਂ ਤੋਂ ਆਉਣ ਵਾਲੇ ਉਮੀਦਵਾਰਾਂ ਲਈ ਘੱਟੋ-ਘੱਟ ਲੰਬਾਈ 152 ਅਤੇ ਔਰਤ ਲਈ 147 ਸੈਂਟੀਮੀਟਰ ਨਿਰਧਾਰਤ ਕੀਤੀ ਗਈ ਹੈ।
ਕਿਵੇਂ ਅਪਲਾਈ ਕਰੀਏ
ਇਸ ਭਰਤੀ ‘ਚ ਸ਼ਾਮਲ ਹੋਣ ਲਈ ਅਧਿਕਾਰਤ ਵੈਬਸਾਈਟ join.afms.gov.in ‘ਤੇ ਜਾ ਕੇ ਅਪਲਾਈ ਕਰਨਾ ਪਵੇਗਾ। ਅਪਲਾਈ ਕਰਨ ਦੇ ਨਾਲ ਸਾਰੇ ਵਰਗਾਂ ਤੋਂ ਆਉਣ ਵਾਲੇ ਉਮੀਦਵਾਰਾਂ ਨੂੰ ਨਿਰਧਾਰਤ 200 ਰੁਪਏ ਫੀਸ ਦਾ ਭੁਗਤਾਨ ਕਰਨਾ ਲਾਜ਼ਮੀ ਹੈ। ਬਿਨਾਂ ਫੀਸ ਦੇ ਭਰੇ ਗਏ ਫਾਰਮ ਸਵੀਕਾਰ ਨਹੀਂ ਕੀਤੇ ਜਾਣਗੇ। ਅਰਜ਼ੀ ਫੀਸ ਆਨਲਾਈਨ ਮੋਡ ਰਾਹੀਂ ਜਮ੍ਹਾਂ ਕੀਤੀ ਜਾ ਸਕਦੀ ਹੈ।
ਚੋਣ ਪ੍ਰਕਿਰਿਆ
ਇਸ ਭਰਤੀ ‘ਚ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਸਕ੍ਰੀਨਿੰਗ ਕਰ ਕੇ ਸ਼ਾਰਟਲਿਸਟ ਕੀਤਾ ਜਾਵੇਗਾ ਅਤੇ ਪਹਿਲੇ ਇੰਟਰਵਿਊ ਲਈ ਬੁਲਾਇਆ ਜਾਵੇਗਾ। ਇੰਟਰਵਿਊ ਵਿਚ ਸਫਲ ਹੋਣ ਵਾਲੇ ਉਮੀਦਵਾਰਾਂ ਨੂੰ ਮੈਡੀਕਲ ਪ੍ਰੀਖਿਆ ‘ਚ ਹਿੱਸਾ ਲੈਣਾ ਹੋਵੇਗਾ। ਇਸ ਤੋਂ ਬਾਅਦ ਉਮੀਦਵਾਰਾਂ ਦੀ ਫਾਈਨਲ ਲਿਸਟ ਤਿਆਰ ਕੀਤੀ ਜਾਵੇਗੀ। ਇੰਟਰਵਿਊ ਦੇ ਸਮੇਂ ਉਮੀਦਵਾਰਾਂ ਦੇ ਸਾਰੇ ਮੂਲ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ। ਇਸ ਭਰਤੀ ਰਾਹੀਂ ਕੁੱਲ 30 ਪੋਸਟਾਂ ‘ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਭਰਤੀ ਨਾਲ ਜੁੜੀਆਂ ਹੋਰ ਜਾਣਕਾਰੀਆਂ ਲਈ ਉਮੀਦਵਾਰਾਂ ਨੂੰ ਅਧਿਕਾਰਤ ਨੋਟੀਫਿਕੇਸ਼ਨ ਦਾ ਜ਼ਰੂਰ ਜਾਇਜ਼ਾ ਲੈਣਾ ਚਾਹੀਦਾ ਹੈ।
Share this content:



Post Comment