Loading Now

ਅਟਾਰੀ-ਵਾਹਗਾ ਬਾਰਡਰ ਰਿਟਰੀਟ ਸੈਰੇਮਨੀ ਦਾ ਬਦਲਿਆ ਸਮਾਂ

ਅਟਾਰੀ-ਵਾਹਗਾ ਬਾਰਡਰ ਰਿਟਰੀਟ ਸੈਰੇਮਨੀ ਦਾ ਬਦਲਿਆ ਸਮਾਂ

ਅੰਮ੍ਰਿਤਸਰ, 17 ਫਰਵਰੀ – ਭਾਰਤ-ਪਾਕਿਸਤਾਨ ਸਰਹੱਦ ‘ਤੇ ਸਥਿਤ ਅਟਾਰੀ ਬਾਰਡਰ ‘ਤੇ ਹਰ ਰੋਜ਼ ਹੋਣ ਵਾਲੀ ਮਸ਼ਹੂਰ ਰਿਟ੍ਰੀਟ ਸੈਰੇਮਨੀ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਸਬੰਧੀ ਅਟਾਰੀ ਬਾਰਡਰ ਦੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਪਰੇਡ ਦਾ ਟਾਈਮ ਸੂਰਜ ਡੁੱਬਣ ਦੇ ਸਮੇਂ ਅਨੁਸਾਰ ਘਟਦਾ-ਵਧਦਾ ਰਹਿੰਦਾ ਹੈ। ਅਰੁਣ ਮਾਹਲ ਨੇ ਦੱਸਿਆ ਕਿ ਪਹਿਲਾਂ ਸ਼ਾਮ ਦੇ ਸਮੇਂ ਰਿਟ੍ਰੀਟ ਸੈਰੇਮਨੀ ਦਾ ਟਾਈਮ ਸਾਢੇ ਚਾਰ ਵਜੇ ਤੋਂ ਪੰਜ ਵਜੇ ਤੱਕ ਹੁੰਦਾ ਸੀ, ਪਰ ਹੁਣ 16 ਫਰਵਰੀ 2026 ਤੋਂ ਇਸ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਨਵੇਂ ਸ਼ਡਿਊਲ ਅਨੁਸਾਰ ਹੁਣ ਰਿਟ੍ਰੀਟ ਪਰੇਡ ਸ਼ਾਮ ਪੰਜ ਵਜੇ ਤੋਂ ਸਾਢੇ ਪੰਜ ਵਜੇ ਤੱਕ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਤਬਦੀਲੀ ਹਰ ਸਾਲ ਮੌਸਮੀ ਹਾਲਾਤ ਤੇ ਦਿਨ ਦੀ ਰੌਸ਼ਨੀ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਜਾਂਦੀ ਹੈ, ਤਾਂ ਜੋ ਪਰੇਡ ਨਿਯਮਤ ਅਤੇ ਸੁਚੱਜੇ ਢੰਗ ਨਾਲ ਸੰਪੰਨ ਹੋ ਸਕੇ।

ਪ੍ਰੋਟੋਕੋਲ ਅਧਿਕਾਰੀ ਨੇ ਸਾਰੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਜੋ ਵੀ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਣ ਵਾਲੀ ਰਿਟਰੀਟ ਸੈਰਮਨੀ ਨੂੰ ਦੇਖਣ ਲਈ ਆਉਣਾ ਚਾਹੁੰਦੇ ਹਨ, ਉਹ ਸਮੇਂ ਸਿਰ ਅਟਾਰੀ ਬਾਰਡਰ ‘ਤੇ ਪਹੁੰਚਣ। ਉਨ੍ਹਾਂ ਸਮਝਾਇਆ ਕਿ ਸਮੇਂ ਸਿਰ ਪਹੁੰਚਣ ਦਾ ਅਰਥ ਹੈ ਕਿ ਸੈਲਾਨੀ ਦੁਪਹਿਰ ਲਗਭਗ ਤਿੰਨ ਵਜੇ ਤੱਕ ਬਾਰਡਰ ‘ਤੇ ਆਪਣੀ ਵਿਜ਼ਿਟ ਪੂਰੀ ਕਰ ਲੈਣ, ਤਾਂ ਜੋ ਉਨ੍ਹਾਂ ਨੂੰ ਦਾਖ਼ਲੇ, ਬੈਠਕ ਅਤੇ ਸੁਰੱਖਿਆ ਸੰਬੰਧੀ ਕਾਰਵਾਈਆਂ ਵਿੱਚ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਕਿਹਾ ਕਿ ਸਮੇਂ ਸਿਰ ਪਹੁੰਚਣ ਨਾਲ ਸੈਲਾਨੀ ਬੀਐਸਐਫ ਅਤੇ ਪਾਕ ਰੇਂਜਰਜ਼ ਵੱਲੋਂ ਕੀਤੀ ਜਾਣ ਵਾਲੀ ਸ਼ਾਨਦਾਰ ਰਿਟਰੀਟ ਪਰੇਡ ਨੂੰ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਦੇਖ ਸਕਣਗੇ। ਪਰਿਵਾਰਾਂ ਅਤੇ ਮਹਿਮਾਨਾਂ ਸਮੇਤ ਆਏ ਦਰਸ਼ਕਾਂ ਲਈ ਇਹ ਇਕ ਯਾਦਗਾਰ ਅਨੁਭਵ ਹੁੰਦਾ ਹੈ, ਜਿਸਦਾ ਆਨੰਦ ਲੈਣ ਲਈ ਸਮੇਂ ਦੀ ਪਾਬੰਦੀ ਬਹੁਤ ਜ਼ਰੂਰੀ ਹੈ।

Share this content:

Post Comment