ਕਵਿਤਾਵਾਂ/ ਗੋਰਖ ਪਾਂਡੇ/ ਪੰਜਾਬੀ ਅਨੁਵਾਦਕ ਯਸ਼ ਪਾਲ

ਬਘਿਆੜ

(1)

ਸ਼ੇਰ ਜੰਗਲ ਦਾ ਰਾਜਾ ਹੈ
ਬਘਿਆੜ ਕਾਨੂੰਨ ਮੰਤਰੀ
ਬਲਵਾਨ ਤੇ ਨਿਰਬਲ ਦਰਮਿਆਨ
ਹੈ ਦੰਗਲ।
ਜਗ੍ਹਾ ਜਗ੍ਹਾ ਡਿੱਗੇ ਪਏ ਨੇ
ਲਹੂ ਦੇ ਤੁਪਕੇ ਤੇ ਹੱਡੀਆਂ
ਜੰਗਲ ‘ਚ ਹੈ ਮੰਗਲ।

(2)

ਸ਼ਿਕਾਰ ‘ਤੇ ਨਿਕਲਿਆ ਹੈ ਬਘਿਆੜ
ਭੂਗੋਲ ਦੇ ਹਨੇਰੇ ਕੋਨਿਆਂ ‘ਚ
ਭੇਡ ਦੀ ਖੱਲ ਲਪੇਟ ਕੇ।
ਜਾਗਦੇ ਰਹੋ,ਸੌਣ ਵਾਲਿਓ
ਬਘਿਆੜ ਤੋਂ ਬਚਾਓ
ਬੱਚਿਆਂ ਨੂੰ।

ਦੰਗਾ

ਇਸ ਵਾਰ ਦੰਗਾ
ਬਹੁਤ ਭਾਰੀ ਸੀ
ਖੂਬ ਵਰ੍ਹਿਆ ਸੀ
ਮੀਂਹ ਲਹੂ ਦਾ
ਅਗਲੇ ਸਾਲ ਹੋਵੇਗੀ
ਭਰਵੀਂ ਫਸਲ
ਵੋਟਾਂ ਦੀ।

ਕੁਰਸੀਨਾਮਾ

ਕੁਰਸੀ ਖ਼ਤਰੇ ‘ਚ ਹੈ ਤਾਂ
ਲੋਕਤੰਤਰ ਖ਼ਤਰੇ ‘ਚ ਹੈ
ਕੁਰਸੀ ਖ਼ਤਰੇ ‘ਚ ਹੈ ਤਾਂ
ਦੇਸ਼ ਖ਼ਤਰੇ ‘ਚ ਹੈ
ਕੁਰਸੀ ਖ਼ਤਰੇ ‘ਚ ਹੈ ਤਾਂ
ਦੁਨੀਆਂ ਖ਼ਤਰੇ ‘ਚ ਹੈ
ਕੁਰਸੀ ਨਾ ਬਚੇ ਤਾਂ
ਢੱਠੇ ਖੂਹ ‘ਚ ਪਏ
ਲੋਕਤੰਤਰ, ਦੇਸ਼ ਤੇ ਦੁਨੀਆਂ।

ਹਿੰਦੀ ਤੋਂ ਉਲੱਥਾ:
ਯਸ਼ ਪਾਲ,ਵਰਗ ਚੇਤਨਾ

ਸਾਂਝਾ ਕਰੋ